ਭਾਜਪਾ ਦੇ ਸਾਰੇ ਭਾਈਵਾਲ, ਮੋਦੀ ਨੂੰ ਛੱਡ ਸਕਦੇ ਹਨ ਪਰ 'ਸਿਆਣੇ' ਅਕਾਲੀ ਘੁਰਕੀ ਮਾਰਨ ਤੋਂ ਅੱਗੇ ਨਹੀ ਵਧਣਗੇ ਕਿਉਂਕਿ...
Published : Feb 7, 2018, 10:25 pm IST
Updated : Feb 7, 2018, 4:55 pm IST
SHARE ARTICLE

ਭਾਜਪਾ ਅਜੇ ਘਬਰਾਈ ਨਹੀਂ ਕਿਉਂਕਿ ਉਨ੍ਹਾਂ ਨੇ ਅਪਣੇ ਇਕ ਭਾਈਵਾਲ ਨੂੰ ਨਾਰਾਜ਼ ਨਹੀਂ ਕੀਤਾ। ਉਨ੍ਹਾਂ ਦਾ ਵੱਡੇ ਉਦਯੋਗਪਤੀਆਂ ਨਾਲ ਬੜਾ ਪੱਕਾ ਰਿਸ਼ਤਾ ਹੈ ਜਿਸ ਦੀਆਂ ਉਮੀਦਾਂ ਉਤੇ ਮੋਦੀ ਜੀ ਖਰੇ ਉਤਰੇ ਹਨ। ਦੂਜਾ ਭਾਈਵਾਲ ਅਕਾਲੀ ਦਲ ਹੈ ਜੋ ਸ਼ੋਰ ਤਾਂ ਕਰ ਰਿਹਾ ਹੈ ਪਰ ਨਿਜੀ ਸਰਦਾਰੀਆਂ ਛੱਡ ਕੇ ਭਾਜਪਾ ਤੋਂ ਦੂਰ ਹੋਣ ਦਾ ਮਤਲਬ ਸਮਝਦਾ ਹੈ। ਇਹ ਵੀ ਹੁਣ ਇਕ ਵੱਡਾ ਉਦਯੋਗ ਘਰਾਣਾ ਹੀ ਬਣ ਗਿਆ ਹੈ ਜਿਸ ਦੀਆਂ ਜੜ੍ਹਾਂ ਵਿਚ ਆਰ.ਐਸ.ਐਸ. ਦਾ ਪਾਣੀ ਬੜੀ ਦੇਰ ਤੋਂ ਦਿਤਾ ਜਾ ਰਿਹਾ ਹੈ। ਹੁਣ ਪਤਾ ਹੀ ਨਹੀਂ ਚਲਦਾ ਕਿ ਕਿਹੜਾ ਫ਼ੈਸਲਾ ਅਕਾਲੀ ਦਲ ਕਰ ਰਿਹਾ ਹੁੰਦਾ ਹੈ ਅਤੇ ਕਿਹੜਾ ਆਰ.ਐਸ.ਐਸ. ਜਾਂ ਭਾਜਪਾ।
ਰਾਜਸਥਾਨ 'ਚ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਮੁਸੀਬਤਾਂ ਵਧਦੀਆਂ ਹੀ ਜਾ ਰਹੀਆਂ ਹਨ। ਇਕ ਪਾਸੇ ਆਮ ਬਜਟ ਤੋਂ ਬਾਅਦ ਸੈਂਸੈਕਸ ਡਿਗਿਆ ਹੋਇਆ ਹੈ। ਬਜਟ ਨੇ ਆਰਥਕ ਸਥਿਤੀ ਵਿਚ ਸੁਧਾਰ ਦਾ ਕੋਈ ਰਾਹ ਪਿੱਛੇ ਨਹੀਂ ਛਡਿਆ ਅਤੇ ਹੁਣ ਰਿਜ਼ਰਵ ਬੈਂਕ ਵਲੋਂ ਕਰਜ਼ੇ ਦੀਆਂ ਵਿਆਜ ਦਰਾਂ ਨਾ ਘਟਾਉਣ ਦੇ ਫ਼ੈਸਲੇ ਨਾਲ ਮਹਿੰਗਾਈ ਵਧਣ ਦੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ। ਜੀ.ਡੀ.ਪੀ. ਦੇ ਹੇਠਾਂ ਡਿੱਗਣ ਤੋਂ ਬਾਅਦ ਸਰਕਾਰ ਵਿੱਤੀ ਸੰਕਟ ਨੂੰ ਸੰਭਾਲਣ ਲਈ ਅਪਣਾ ਪੂਰਾ ਜ਼ੋਰ ਲਾ ਰਹੀ ਹੈ ਪਰ ਉਸ ਦੀ ਕਮਜ਼ੋਰ ਹਾਲਤ ਵਲ ਵੇਖ ਕੇ ਸਰਕਾਰ ਦੇ ਭਾਈਵਾਲਾਂ ਨੇ ਉਸ ਉਤੇ ਵੀ ਵਾਰ ਕਰਨੇ ਸ਼ੁਰੂ ਕਰ ਦਿਤੇ ਹਨ।


ਸ਼ਿਵ ਸੈਨਾ ਨੇ ਦੇਸ਼ ਦੀ ਆਰਥਕ ਸਥਿਤੀ ਕਮਜ਼ੋਰ ਹੋਣ ਉਤੇ ਚਿੰਤਾ ਪ੍ਰਗਟ ਕਰਦਿਆਂ ਭਾਜਪਾ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਪਰ ਸੱਭ ਤੋਂ ਵੱਡਾ ਮੁੱਦਾ ਇਹ ਹੈ ਕਿ ਭਾਜਪਾ ਦੇ ਉਸ ਹੰਕਾਰ ਭਰੇ ਰਵਈਏ ਉਤੇ ਇਤਰਾਜ਼ ਕੀਤਾ ਜਾ ਰਿਹਾ ਹੈ ਜਿਸ ਅਧੀਨ ਭਾਜਪਾ ਅਪਣੇ ਭਾਈਵਾਲਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਆਂਧਰ ਪ੍ਰਦੇਸ਼ ਵਿਚ ਭਾਜਪਾ ਨੇ ਚੰਦਰਬਾਬੂ ਨਾਇਡੂ ਦੀਆਂ ਮੰਗਾਂ ਨੂੰ ਬਜਟ ਵਿਚ ਸਥਾਨ ਹੀ ਨਹੀਂ ਦਿਤਾ ਕਿਉਂਕਿ ਉਨ੍ਹਾਂ ਨੂੰ ਹੁਣ ਕਾਂਗਰਸ ਤੋਂ ਅਲੱਗ ਹੋਏ ਜਗਨਨਾਥ ਨਾਲ ਭਾਈਵਾਲੀ ਕਰਨਾ ਸਸਤਾ ਲੱਗ ਰਿਹਾ ਹੈ। ਇਸ ਸ਼ੋਰ ਵਿਚ ਪੰਜਾਬ ਦੇ ਭਾਈਵਾਲ ਵੀ ਅਪਣੀ ਰੋਲੀ ਜਾ ਰਹੀ ਇੱਜ਼ਤ ਦੀ ਗੁਹਾਰ ਲਾਉਣ ਲੱਗ ਪਏ ਹਨ ਕਿਉਂਕਿ ਅਕਾਲੀ ਦਲ ਤੋਂ ਬਗ਼ੈਰ ਪੰਜਾਬ ਵਿਚ ਭਾਜਪਾ ਦੀ ਹੋਂਦ ਮੁਮਕਿਨ ਹੀ ਨਹੀਂ। ਅੱਜ ਪੰਜਾਬ ਵਿਚ ਕਾਂਗਰਸ ਸਰਕਾਰ ਦਾ ਇਕ ਸਾਲ ਪੂਰਾ ਹੋਣ ਤੇ, ਪਹਿਲੀ ਪੋਲ ਖੋਲ੍ਹ ਰੈਲੀ ਕੀਤੀ ਗਈ ਜਿਸ ਵਿਚ ਇਕੱਠ ਤਾਂ ਕਾਫ਼ੀ ਵੱਡਾ ਸੀ ਪਰ ਪੰਜਾਬ ਵਿਚ ਅਕਾਲੀ ਦਲ ਦੀ ਵੱਡੀ ਵਾਪਸੀ ਅਜੇ ਮੁਮਕਿਨ ਨਹੀਂ ਜਾਪਦੀ। ਪਰ ਪਾਰਲੀਮੈਂਟ ਦੀਆਂ ਚੋਣਾਂ ਨੂੰ ਵੀ ਅਜੇ ਇਕ ਸਾਲ ਪਿਆ ਹੈ ਜਿਸ ਵਿਚ ਤਸਵੀਰ ਬਦਲ ਵੀ ਸਕਦੀ ਹੈ।


ਭਾਜਪਾ ਦੇ ਭਾਈਵਾਲਾਂ ਦੀ ਨਾਰਾਜ਼ਗੀ ਦੇ ਪਿੱਛੇ ਜੋ ਅਸਲ ਕਾਰਨ ਹੈ, ਉਹ ਤਾਂ ਸ਼ਿਵ ਸੈਨਾ ਦੇ ਸੰਜੇ ਰਾਊਤ ਨੇ ਸਾਫ਼ ਕਰ ਦਿਤਾ ਹੈ ਕਿ ਉਹ ਜਿਸ ਸੋਚ ਨਾਲ ਇਕੱਠੇ ਹੋਏ ਸਨ, ਉਹ ਮਕਸਦ ਹੁਣ ਭਾਜਪਾ ਖੁੱਲ੍ਹ ਕੇ ਲਾਗੂ ਨਹੀਂ ਕਰ ਸਕਦੀ। ਇਕਜੁਟ ਹੋਣ ਪਿਛੇ ਹਿੰਦੂਤਵ ਦੀ ਸੋਚ ਸੀ ਜਿਸ ਨੂੰ ਇਹ ਹਿੰਦੂ ਰਾਸ਼ਟਰ ਕਿਹਾ ਕਰਦੇ ਸਨ ਤੇ ਰਾਮ ਮੰਦਰ ਬਣਾਉਣਾ ਚਾਹੁੰਦੇ ਸਨ। ਜਿਸ ਬਹੁਮਤ ਨਾਲ ਭਾਜਪਾ ਦੇਸ਼ ਵਿਚ ਜਿੱਤ ਕੇ ਸੱਤਾ ਵਿਚ ਆਈ ਸੀ, ਉਸ ਦੇ ਸਹਾਰੇ ਉਨ੍ਹਾਂ ਵਾਸਤੇ ਅਪਣੀ ਸੋਚ ਨੂੰ ਲਾਗੂ ਕਰਨਾ ਮੁਸ਼ਕਲ ਨਹੀਂ ਸੀ।ਪਰ ਨਰਿੰਦਰ ਮੋਦੀ ਦੀਆਂ ਸ਼ਾਇਦ ਨਿਜੀ ਲਾਲਸਾਵਾਂ ਸਨ ਕਿ ਉਹ ਦੁਨੀਆਂ ਸਾਹਮਣੇ ਅਪਣੇ ਉਤੇ ਲੱਗੇ ਦਾਗ਼ ਧੋ ਸਕਣ ਅਤੇ ਅਪਣੇ ਆਪ ਨੂੰ ਇਕ ਅੰਤਰ-ਰਾਸ਼ਟਰੀ ਆਗੂ ਵਜੋਂ ਸਥਾਪਤ ਕਰ ਜਾਣ। ਉਨ੍ਹਾਂ ਵਿਰੁਧ ਸਾਰੇ ਮਾਮਲੇ ਗ਼ਾਇਬ ਹੋ ਗਏ ਅਤੇ ਉਨ੍ਹਾਂ ਨੇ ਵਿਦੇਸ਼ਾਂ ਦੀਆਂ ਜਿੰਨੀਆਂ ਯਾਤਰਾਵਾਂ ਕੀਤੀਆਂ, ਓਨੀਆਂ ਅੱਜ ਤਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤੀਆਂ। ਉਹ ਸ਼ਾਇਦ ਅਪਣਾ ਅਕਸ ਬਦਲਣਾ ਚਾਹੁੰਦੇ ਸਨ ਤਾਕਿ ਉਨ੍ਹਾਂ ਉਤੇ ਲੱਗੇ ਗੁਜਰਾਤ ਦੰਗਿਆਂ ਦੇ ਦਾਗ਼ ਉਤਰ ਜਾਣ। ਉਨ੍ਹਾਂ ਸੋਚਿਆ ਕਿ ਸ਼ਾਇਦ ਉਹ ਵਿੱਤੀ ਸਥਿਤੀ ਨਾਲ ਭਾਰਤ ਦਾ ਸਿਸਟਮ ਇਸ ਤਰ੍ਹ੍ਹਾਂ ਬਦਲ ਦੇਣ ਕਿ ਉਨ੍ਹਾਂ ਦੇ ਭਾਈਵਾਲ ਨਿਹੱਥੇ ਹੋ ਜਾਣ ਅਤੇ ਉਨ੍ਹਾਂ ਨੂੰ ਕਦੇ ਅਪਣੇ ਪੁਰਾਣੇ ਭਾਈਵਾਲਾਂ ਸਾਹਮਣੇ ਨੀਵਾਂ ਨਾ ਹੋਣਾ ਪਵੇ। ਇਹ ਉਨ੍ਹਾਂ ਦੀ ਗ਼ਲਤੀ ਸੀ ਜਾਂ ਉਹ ਅਪਣੇ ਪੜ੍ਹੇ ਲਿਖੇ ਚੇਲਿਆਂ ਉਤੇ ਵਾਧੂ ਭਰੋਸਾ ਕਰ ਬੈਠੇ ਜਿਸ ਸਦਕਾ ਉਨ੍ਹਾਂ ਦੀਆਂ ਆਰਥਕ ਨੀਤੀਆਂ ਹਾਰ ਗਈਆਂ।


ਭਾਜਪਾ ਜੇ ਹੁਣ ਅਪਣਾ ਕੱਟੜ ਹਿੰਦੂਤਵ ਦਾ ਰੂਪ ਅੱਗੇ ਲਿਆਉਂਦੀ ਹੈ ਤਾਂ ਨਾ ਕੇਵਲ ਉਹ ਘੱਟ ਗਿਣਤੀਆਂ ਦੀ ਬਲਕਿ ਸੰਤੁਲਿਤ ਹਿੰਦੂ ਵੋਟ ਵੀ ਗਵਾ ਬੈਠੇਗੀ। ਇਸ ਦਾ ਸਬੂਤ ਰਾਜਸਥਾਨ ਵਿਚ ਮਿਲ ਗਿਆ ਹੈ। ਪਰ ਹੁਣ ਕਮਜ਼ੋਰ ਭਾਜਪਾ ਬੜੀ ਮੁਸ਼ਕਲ ਵਿਚ ਹੈ। ਸ਼ਿਵ ਸੈਨਾ ਦੇ ਸੰਜੇ ਰਾਉਤ, ਮੋਦੀ ਦੇ ਮੁਕਾਬਲੇ ਵਾਜਪਾਈ ਨੂੰ ਯਾਦ ਕਰਦੇ ਹਨ ਜਿਨ੍ਹਾਂ ਦੀ ਅਗਵਾਈ ਹੇਠ, ਸ਼ਿਵ ਸੈਨਾ-ਭਾਜਪਾ ਗਠਜੋੜ 25 ਸਾਲ ਤਕ ਮਿਲ ਕੇ ਚਲਦਾ ਰਿਹਾ ਸੀ। ਰਾਉਤ ਆਖਦੇ ਹਨ ਕਿ ਵਾਜਪਾਈ ਕਦੇ ਵਿਚਾਰ ਵਟਾਂਦਰੇ ਤੋਂ ਪਿੱਛੇ ਨਹੀਂ ਸਨ ਹਟਦੇ ਪਰ ਮੋਦੀ ਤਾਨਾਸ਼ਾਹੀ ਸੋਚ ਦੇ ਮਾਲਕ ਹਨ ਜੋ ਅਪਣੀ ਤਾਂ ਸੁਣਾਈ ਚਲੀ ਜਾਂਦੇ ਹਨ, ਦੂਜੇ ਦੀ ਸੁਣਦੇ ਹੀ ਨਹੀਂ। ਟੀ.ਡੀ.ਪੀ., ਸ਼ਿਵ ਸੈਨਾ ਅਤੇ ਭਾਜਪਾ ਵਿਚਕਾਰ ਗਠਜੋੜ ਟੁੱਟ ਸਕਦੇ ਹਨ ਪਰ ਭਾਜਪਾ ਅਜੇ ਘਬਰਾਈ ਨਹੀਂ ਕਿਉਂਕਿ ਉਨ੍ਹਾਂ ਨੇ ਅਪਣੇ ਇਕ ਭਾਈਵਾਲ ਨੂੰ ਨਾਰਾਜ਼ ਨਹੀਂ ਕੀਤਾ। ਉਨ੍ਹਾਂ ਦਾ ਵੱਡੇ ਉਦਯੋਗਪਤੀਆਂ ਨਾਲ ਬੜਾ ਪੱਕਾ ਰਿਸ਼ਤਾ ਹੈ ਜਿਸ ਦੀਆਂ ਉਮੀਦਾਂ ਉਤੇ ਮੋਦੀ ਜੀ ਖਰੇ ਉਤਰੇ ਹਨ। ਦੂਜਾ ਭਾਈਵਾਲ ਅਕਾਲੀ ਦਲ ਹੈ ਜੋ ਸ਼ੋਰ ਤਾਂ ਕਰ ਰਿਹਾ ਹੈ ਪਰ ਨਿਜੀ ਸਰਦਾਰੀਆਂ ਛੱਡ ਕੇ ਭਾਜਪਾ ਤੋਂ ਦੂਰ ਹੋਣ ਦਾ ਮਤਲਬ ਸਮਝਦਾ ਹੈ। ਇਹ ਵੀ ਹੁਣ ਇਕ ਵੱਡਾ ਉਦਯੋਗ ਘਰਾਣਾ ਹੀ ਬਣ ਗਿਆ ਹੈ ਜਿਸ ਦੀਆਂ ਜੜ੍ਹਾਂ ਵਿਚ ਆਰ.ਐਸ.ਐਸ. ਦਾ ਪਾਣੀ ਬੜੀ ਦੇਰ ਤੋਂ ਦਿਤਾ ਜਾ ਰਿਹਾ ਹੈ। ਹੁਣ ਪਤਾ ਹੀ ਨਹੀਂ ਚਲਦਾ ਕਿ ਕਿਹੜਾ ਫ਼ੈਸਲਾ ਅਕਾਲੀ ਦਲ ਕਰ ਰਿਹਾ ਹੁੰਦਾ ਹੈ ਅਤੇ ਕਿਹੜਾ ਆਰ.ਐਸ.ਐਸ. ਜਾਂ ਭਾਜਪਾ। ਅਗਲੀਆਂ ਲੋਕ ਸਭਾ ਚੋਣਾਂ ਵਿਚ ਅਜੇ ਵੀ ਕੁੱਝ ਸਮਾਂ ਬਾਕੀ ਹੈ ਅਤੇ ਇਸ ਸਾਲ ਸਿਆਸਤ ਨੂੰ ਸੱਭ ਤੋਂ ਸ਼ਾਤਰ ਕੋਈ ਸ਼ਤਰੰਜ ਦਾ ਖਿਡਾਰੀ ਹੀ ਜਿੱਤ ਸਕੇਗਾ।  -ਨਿਮਰਤ ਕੌਰ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement