ਭਾਜਪਾ ਤੇ ਮੋਦੀ ਸਾਰੇ ਭਾਰਤ ਨੂੰ ਕੇਸਰੀਆ ਰੰਗ ਨਾਲ ਰੰਗਣ ਵਿਚ ਸਫ਼ਲ ਪਰ ਇਸ ਤੋਂ ਅੱਗੇ ਕੀ ਹੋਵੇਗਾ?
Published : Mar 6, 2018, 12:21 am IST
Updated : Mar 5, 2018, 6:51 pm IST
SHARE ARTICLE

ਜਦ ਤਕ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ, ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੇ ਨਾਂ 'ਸ਼ਹਿਜ਼ਾਦਾ' ਵਾਂਗ ਹੀ ਕੰਮ ਕਰਦਾ ਰਹੇਗਾ। ਜਦੋਂ ਕਾਂਗਰਸ ਅਪਣੀ ਹੋਂਦ ਵਾਸਤੇ ਜੂਝ ਰਹੀ ਹੈ, ਚਿਦਾਂਬਰਮ ਅਪਣੇ ਪੁੱਤਰ ਨੂੰ ਬਚਾਉਣ ਵਿਚ ਲੱਗੇ ਹਨ, ਰਾਹੁਲ ਅਪਣੀ ਨਾਨੀ ਦੇ ਵਿਹੜੇ ਵਿਚ ਖੇਡਣ ਲਈ ਇਟਲੀ ਚਲੇ ਗਏ ਹਨ। ਦਿਲ ਚੰਗਾ, ਸੋਚ ਚੰਗੀ ਪਰ ਮੁੰਡਪੁਣੇ ਵਾਲਾ ਸੁਭਾਅ ਛੁੱਟੀਆਂ ਬੜੀਆਂ ਮੰਗਦਾ ਹੈ।
ਭਾਰਤ ਨੂੰ ਕੇਸਰੀ ਰੰਗ ਵਿਚ ਰੰਗਣ ਦੇ ਭਾਜਪਾ ਅਤੇ ਆਰ.ਐਸ.ਐਸ. ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਵਧਾਈ ਦੀ ਹੱਕਦਾਰ ਹੈ। ਜੇ ਅੱਜ ਰਾਕੇਸ਼ ਸ਼ਰਮਾ ਮੁੜ ਤੋਂ ਪੁਲਾੜ 'ਚੋਂ ਭਾਰਤ ਵਲ ਵੇਖਦੇ ਤਾਂ ਉਹ ਇਕਬਾਲ ਦੀਆਂ ਸਤਰਾਂ 'ਸਾਰੇ ਜਹਾਂ ਸੇ ਅੱਛਾ' ਹੀ ਗੁਣਗੁਣਾ ਸਕਦੇ? ਭਾਜਪਾ ਦੀ ਚੜ੍ਹਤ ਲਈ ਭਾਜਪਾ ਲੀਡਰਾਂ ਤੇ ਵਰਕਰਾਂ ਦੀ ਹਿੰਮਤ ਅਤੇ ਮਿਹਨਤ ਨੂੰ ਸਲਾਮ। ਉਨ੍ਹਾਂ ਨੇ ਅਜੂਬਾ ਕਰ ਵਿਖਾਇਆ ਹੈ ਪਰ ਸਵਾਲ ਸਿਰਫ਼ ਇਹ ਹੈ ਕਿ ਉਨ੍ਹਾਂ ਦਾ ਸੁਪਨਾ ਤਿਰੰਗੇ ਦੀ ਸ਼ਾਨ ਵਧਾਉਣਾ ਹੈ ਜਾਂ ਆਉਣ ਵਾਲੇ ਸਮੇਂ ਵਿਚ ਉਸ ਨੂੰ ਵੀ ਕੇਸਰੀ ਰੰਗ ਵਿਚ ਰੰਗ ਦਿਤਾ ਜਾਵੇਗਾ?
ਮਾਮਲਾ ਜਿੱਤ ਤਕ ਹੀ ਸੀਮਤ ਨਹੀਂ ਸਗੋਂ ਵੇਖਣਾ ਇਹ ਹੈ ਕਿ ਉਸ ਤੋਂ ਬਾਅਦ ਕੀ ਹੁੰਦਾ ਹੈ? ਭਾਜਪਾ ਦੀ ਚੋਣ ਮੁਹਿੰਮ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਦੇ ਕਾਰਕੁਨ ਅਸਲ ਵਿਚ ਇਕ ਮਾਨਵ ਸੈਨਾ ਵਾਂਗ ਹਰ ਇਨਸਾਨ ਨੂੰ ਮਿਲ ਕੇ ਉਸ ਦੇ ਦਿਲ ਦੀ ਨਬਜ਼ ਨੂੰ ਪਛਾਣਨ ਵਿਚ ਮਾਹਰ ਹਨ। ਇਹ ਅਸੀ ਇਕ ਵਾਰ ਨਹੀਂ, ਵਾਰ ਵਾਰ ਵੇਖਿਆ ਹੈ ਕਿ ਚੋਣ ਮੁਹਿੰਮ ਵਿਚ ਜੁਟੀ ਭਾਜਪਾ ਕੁੱਝ ਵੀ ਕਰ ਕੇ ਵਿਖਾ ਸਕਦੀ ਹੈ। ਜੇ ਅੱਜ ਉੱਤਰ-ਪੂਰਬ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਨ੍ਹਾਂ ਸੂਬਿਆਂ ਦੀ ਦੁਖਦੀ ਰਗ ਨੂੰ ਪਛਾਣਿਆ ਹੀ ਨਹੀਂ ਬਲਕਿ ਉਸ ਦਾ ਹੱਲ ਵੀ ਕਢ ਵਿਖਾਇਆ ਹੈ। ਉੱਤਰ-ਪੂਰਬ ਨੂੰ ਭਾਰਤ ਦਾ ਹਿੱਸਾ ਸਿਰਫ਼ ਨਕਸ਼ੇ ਉਤੇ ਹੀ ਮੰਨਿਆ ਜਾਂਦਾ ਸੀ। ਨਾ ਉਨ੍ਹਾਂ ਨੂੰ ਸੰਸਦ ਵਿਚ ਨੁਮਾਇੰਦਗੀ ਮਿਲੀ ਅਤੇ ਨਾ ਹੀ ਭਾਰਤ ਵਿਚ ਉਨ੍ਹਾਂ ਨੂੰ ਭਾਰਤੀ ਮੰਨਿਆ ਗਿਆ। 2014 ਵਿਚ ਤ੍ਰਿਪੁਰਾ ਵਿਚ 1.5% ਵੋਟ ਹਿੱਸੇ ਤੋਂ ਭਾਜਪਾ ਦੇ ਅੱਜ ਤਕਰੀਬਨ 50% ਤਕ ਪਹੁੰਚਣ ਦਾ ਕਾਰਨ, ਭਾਜਪਾ ਵਲੋਂ ਦਿੱਲੀ ਵਿਚ ਚੁੱਕੇ ਗਏ ਠੋਸ ਕਦਮ ਸਨ ਜਿਨ੍ਹਾਂ ਨੇ ਇਥੋਂ ਦੇ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਸੀ.ਪੀ.ਐਮ. ਦਾ 25 ਸਾਲਾਂ ਦਾ ਰਾਜ ਖ਼ਤਮ ਕਰ ਦਿਤਾ, ਨਾਲ ਹੀ ਕਾਂਗਰਸ ਨੂੰ ਸਿਫ਼ਰ ਤੇ ਲਿਆ ਖੜਾ ਕੀਤਾ। ਪਰ ਜਿੱਤ ਤੋਂ ਬਾਅਦ ਤ੍ਰਿਪੁਰਾ ਵਿਚ ਹਿੰਸਾ ਦੀਆਂ 200 ਵਾਰਦਾਤਾਂ ਵਾਪਰ ਚੁਕੀਆਂ ਹਨ ਅਤੇ ਅਜੇ ਇਹ ਗਿਣਤੀ ਵਧਣ ਦੇ ਆਸਾਰ ਹਨ। ਜਿੱਤ ਤੋਂ ਬਾਅਦ ਭਾਜਪਾ ਦਾ ਦੂਜਾ ਰੂਪ ਜੋ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ, ਉਸ ਬਾਰੇ ਭਾਜਪਾ ਨੂੰ ਖ਼ੁਦ ਹੀ ਵਿਚਾਰ ਕਰਨ ਦੀ ਜ਼ਰੂਰਤ ਹੈ।


ਜਿਸ ਹੁੰਗਾਰੇ ਨਾਲ ਉਨ੍ਹਾਂ ਸਾਰੇ ਭਾਰਤ ਅਤੇ ਉਸ ਦੇ 20 ਸੂਬਿਆਂ ਵਿਚ ਜਿੱਤ ਹਾਸਲ ਕੀਤੀ ਹੈ, ਕੀ ਦੂਜੀ ਵਾਰ ਉਹੀ ਹੁੰਗਾਰਾ ਮਿਲ ਸਕੇਗਾ? ਬੀ.ਜੇ.ਪੀ., ਮੱਧ ਪ੍ਰਦੇਸ਼ ਵਿਚ ਦੋ ਸੀਟਾਂ ਕਾਂਗਰਸ ਅੱਗੇ ਹਾਰੀ ਹੈ। ਗੁਜਰਾਤ ਨੂੰ ਜਿੱਤਣ ਵਿਚ ਸਾਰੀ ਦੀ ਸਾਰੀ ਕੇਂਦਰ ਸਰਕਾਰ ਦਾ ਜ਼ੋਰ ਲੱਗ ਗਿਆ ਤੇ ਇਕ ਵੇਲੇ ਤਾਂ ਹਾਰ ਵੀ ਪ੍ਰਤੱਖ ਨਜ਼ਰ ਆ ਰਹੀ ਸੀ। ਹਰਿਆਣਾ ਵਿਚ ਮੁੱੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਦੂਜੀ ਵਾਰ ਆਉਣਾ ਮੁਸ਼ਕਲ ਜਾਪਦਾ ਹੈ। ਰਾਜਸਥਾਨ ਵਿਚ ਵਸੁੰਧਰਾ ਰਾਜੇ ਵੀ ਮੁਸ਼ਕਲ ਵਿਚ ਘਿਰੀ ਹੋਈ ਹੈ ਅਤੇ ਉੱਤਰ ਪ੍ਰਦੇਸ਼ ਦੀਆਂ ਦੋਹਾਂ ਜ਼ਿਮਨੀ ਚੋਣਾਂ ਵਿਚ ਹੀ ਪਾਰਟੀ ਦੀ ਹਾਰ ਮੁਮਕਿਨ ਲੱਗ ਰਹੀ ਹੈ।
ਭਾਜਪਾ, ਅਪਣੀ ਜਿੱਤ ਹਾਸਲ ਕਰਨ ਲਈ ਲੋਕਤੰਤਰ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਕਾਂਗਰਸ ਨਾਲ ਜੰਗ ਲੜਦੀ ਹੈ ਅਤੇ ਉਸ ਕਾਰਨ ਲੋਕਤੰਤਰ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ। ਭਾਵੇਂ ਕਾਂਗਰਸ ਮੇਘਾਲਿਆ ਵਿਚ ਸਰਕਾਰ ਨਾ ਬਣਾ ਪਾਉਂਦੀ ਪਰ ਗੋਆ ਵਾਂਗ ਇਥੇ ਵੀ ਕੇਸਰੀ ਝੰਡਾ (ਤਿਰੰਗਾ ਨਹੀਂ) ਲਹਿਰਾਉਣ ਦੀ ਕਾਹਲ ਹੀ ਵਿਖਾਈ ਗਈ।
ਹੁਣ ਅੱਗੇ ਕੀ ਹੋਵੇਗਾ? ਕੀ ਭਾਰਤ ਕੇਸਰੀਆ ਹੋ ਜਾਵੇਗਾ? ਪਰ ਇਹ ਤਾਂ ਅਸਲ ਵਿਚ ਇਕ ਅਣਐਲਾਨੀ ਐਮਰਜੈਂਸੀ ਹੋਵੇਗੀ ਕਿਉਂਕਿ ਭਾਜਪਾ ਵਿਚ ਸੱਤਾ ਦਾ ਜਨੂਨ ਹੈ ਪਰ ਇਕ ਬਰਾਬਰੀ ਵਾਲਾ ਸ਼ਾਸਨ ਦੇਣ ਦੇ ਜਜ਼ਬੇ ਦੀ ਅਣਹੋਂਦ ਵੀ ਹੈ। ਕੀ ਕਾਂਗਰਸ ਹੀ ਭਾਜਪਾ ਦਾ ਤੋੜ ਹੈ? ਨਹੀਂ, ਜਦ ਤਕ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ, ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੇ ਨਾਂ 'ਸ਼ਹਿਜ਼ਾਦਾ' ਵਾਂਗ ਹੀ ਕੰਮ ਕਰਦਾ ਰਹੇਗਾ। ਜਦੋਂ ਕਾਂਗਰਸ ਅਪਣੀ ਹੋਂਦ ਵਾਸਤੇ ਜੂਝ ਰਹੀ ਹੈ, ਚਿਦਾਂਬਰਮ ਅਪਣੇ ਪੁੱਤਰ ਨੂੰ ਬਚਾਉਣ ਵਿਚ ਲੱਗੇ ਹਨ, ਰਾਹੁਲ ਅਪਣੀ ਨਾਨੀ ਦੇ ਵਿਹੜੇ ਵਿਚ ਖੇਡਣ ਲਈ ਇਟਲੀ ਚਲੇ ਗਏ ਹਨ। ਦਿਲ ਚੰਗਾ, ਸੋਚ ਚੰਗੀ ਪਰ ਮੁੰਡਪੁਣੇ ਵਾਲਾ ਸੁਭਾਅ ਛੁੱਟੀਆਂ ਬੜੀਆਂ ਮੰਗਦਾ ਹੈ। ਪੰਜਾਬ ਦੇ ਮੁੱਖ ਮੰਤਰੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਠੀਕ ਟਿਪਣੀ ਕੀਤੀ ਹੈ। ਉਹ ਸੁਤੰਤਰ ਫ਼ੌਜੀ ਹਨ ਜੋ ਅਪਣੇ ਹੀ ਬਲਬੂਤੇ ਤੇ ਪੰਜਾਬ ਵਿਚ ਰਾਹੁਲ ਦੀ ਹਮਾਇਤ ਤੋਂ ਬਗ਼ੈਰ ਹੀ ਜਿੱਤ ਗਏ ਅਤੇ ਸਰਕਾਰ ਚਲਾ ਰਹੇ ਹਨ।
ਰਾਹੁਲ ਕੋਲ ਤਾਂ ਪੰਜਾਬ ਕੈਬਨਿਟ ਦੇ ਸੰਕਟ ਨੂੰ ਸੁਲਝਾਉਣ ਵਾਸਤੇ ਵੀ ਸਮਾਂ ਨਹੀਂ, ਉਹ ਦੇਸ਼ ਉਤੇ ਰਾਜ ਕਿਸ ਤਰ੍ਹਾਂ ਕਰ ਸਕਦਾ ਹੈ? ਜਿਨ੍ਹਾਂ ਸੂਬਿਆਂ ਵਿਚ ਕਾਂਗਰਸ ਕੋਲ ਸੂਬਾ ਪੱਧਰ ਦੇ ਵੱਡੇ ਆਗੂ ਹਨ, ਜਿਵੇਂ ਰਾਜੇਸ਼ ਪਾਇਲਟ, ਜਯੋਤੀਰਮਾਏ ਸਿੰਧੀਆ, ਉਥੇ ਉਹ ਬਚ ਜਾਏਗੀ। ਬਾਕੀ ਸੂਬਿਆਂ ਵਿਚ ਕਾਂਗਰਸ ਦਾ ਖ਼ਾਤਮਾ ਹੀ ਹੋਵੇਗਾ ਅਤੇ ਇਸ ਦੇ ਜ਼ਿੰਮੇਵਾਰ ਕਾਂਗਰਸੀ ਆਪ ਹੋਣਗੇ ਜੋ ਇਕ ਪ੍ਰਵਾਰ ਦੇ 'ਸ਼ਹਿਜ਼ਾਦੇ' ਪਿੱਛੇ ਲੱਗ ਕੇ ਅਪਣੇ ਕਾਬਲ ਆਗੂਆਂ ਨੂੰ ਪਿੱਛੇ ਧੱਕ ਰਹੇ ਹਨ। ਲੋਕਤੰਤਰ ਦੇ ਵਜੂਦ ਵਾਸਤੇ ਹੁਣ ਇਕ ਮਹਾਂਗਠਬੰਧਨ ਹੀ ਦੇਸ਼ ਨੂੰ ਸੰਭਾਲ ਸਕੇਗਾ ਕਿਉਂਕਿ ਭਾਜਪਾ ਅਜੇ ਕੇਸਰੀ ਰੰਗ ਤੋਂ ਅੱਗੇ ਨਹੀਂ ਵੇਖ ਪਾ ਰਹੀ ਅਤੇ ਕਾਂਗਰਸ ਗਾਂਧੀ ਪ੍ਰਵਾਰ ਦੇ ਪਿੰਜਰੇ ਵਿਚ ਡੱਕੀ ਹੋਈ ਮੈਨਾ ਹੈ।  -ਨਿਮਰਤ ਕੌਰ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement