
ਇਸ ਤਰ੍ਹਾਂ ਲਗਦਾ ਹੈ ਜਿਵੇਂ ਕਾਗ਼ਜ਼ ਉਤੇ ਸਿਆਹੀ ਡੋਲ੍ਹੀ ਜਾਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਸ਼ਬਦਾਂ ਵਿਚ ਹੁਣ ਜਾਨ ਹੀ ਨਹੀਂ ਰਹੀ। ਪਰ ਜਦ ਗੁਰਮੇਹਰ ਕੌਰ, ਇਨਕਲਾਬ ਦਾ ਪ੍ਰਵਾਰ, ਹਿਊਮਨਜ਼ ਆਫ਼ ਹਿੰਦੂਤਵਾ, ਵਾਇਰ, ਐਨ.ਡੀ.ਟੀ.ਵੀ. ਵਰਗਿਆਂ ਵਲ ਵੇਖੀਦਾ ਹੈ ਤਾਂ ਲਗਦਾ ਹੈ ਕਿ ਨਹੀਂ, ਇਹ ਤਾਂ ਸਿਰਫ਼ ਦੁਨੀਆਂ ਦੀ ਰੀਤ ਹੈ ਜੋ ਕਈ ਵਾਰ ਅੱਗ ਵਿਚੋਂ ਵੀ ਲੰਘਣ ਲਈ ਮਜਬੂਰ ਕਰ ਦੇਂਦੀ ਹੈ ਪਰ ਕੁਠਾਲੀ ਵਿਚ ਪੈ ਕੇ ਹੀ ਤਾਂ ਸਮਾਜ ਵੀ ਉਸ ਤਰ੍ਹਾਂ ਹੀ ਖਰਾ ਬਣ ਸਕਦਾ ਹੈ ਜਿਵੇਂ ਸੋਨਾ, ਸ਼ੁੱਧ ਬਣ ਜਾਂਦਾ ਹੈ।
2018 ਵਲ ਕਦਮ ਤੇਜ਼ੀ ਨਾਲ ਉਠ ਰਹੇ ਹਨ ਤੇ ਲੋਕ ਨਵੇਂ ਸਾਲ ਤੋਂ ਇਸ ਤਰ੍ਹਾਂ ਆਸਾਂ ਲਾਉਣ ਲੱਗ ਪਏ ਹਨ ਜਿਵੇਂ ਉਸ ਦਰਵਾਜ਼ੇ ਦੇ ਪਰਲੇ ਪਾਸੇ ਸ਼ੋਰ ਨਹੀਂ, ਸ਼ਾਂਤੀ ਹੀ ਵੇਖਣ ਨੂੰ ਮਿਲੇਗੀ। 2017 ਇਕ ਇਹੋ ਜਿਹਾ ਸਾਲ ਸੀ ਜਿਥੇ ਆਵਾਜ਼ਾਂ ਨਾਲੋਂ ਜ਼ਿਆਦਾ, ਸੰਨਾਟੇ ਦਾ ਸ਼ੋਰ ਸੁਣਾਈ ਦਿੰਦਾ ਸੀ। ਇਸ ਸਾਲ ਵਿਚ ਅਸੀ ਬਹੁਤ ਨੀਵੇਂ ਡਿਗਦੇ ਮਿਆਰ ਵੇਖੇ। ਇਸ ਸਾਲ ਨੇ ਜ਼ੁਬਾਨ ਤੋਂ ਨਿਕਲੇ ਲਫ਼ਜ਼ਾਂ ਦੇ ਮਿਆਰ ਨੂੰ ਏਨਾ ਨੀਵਾਂ ਡੇਗ ਦਿਤਾ ਕਿ ਹੁਣ ਲਗਦਾ ਹੈ, ਕੋਈ ਵੀ ਪੱਧਰ ਇਨ੍ਹਾਂ ਤੋਂ ਨੀਵਾਂ ਨਹੀਂ ਹੋ ਸਕਦਾ। ਸਿਆਸਤਦਾਨਾਂ ਅੰਦਰ ਹੁਣ ਉਹ ਦੌਰ ਸ਼ੁਰੂ ਹੋ ਗਿਆ ਹੈ ਜਿਥੇ ਕੋਈ ਵੀ, ਕੁੱਝ ਵੀ ਕਹਿ ਸਕਦਾ ਹੈ, ਇਹ ਜਾਣਦੇ ਹੋਏ ਵੀ ਕਿ ਉਹ ਝੂਠ ਬੋਲ ਰਿਹਾ ਹੈ।ਇਸ ਸਾਲ ਦੇ ਅੰਤ ਤਕ ਆਉਂਦੇ ਆਉਂਦੇ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਇਹ ਕਹਿ ਦਿਤਾ ਕਿ ਉਹ ਤਾਂ ਆਏ ਹੀ ਸੰਵਿਧਾਨ ਨੂੰ ਬਦਲਣ ਵਾਸਤੇ ਹਨ ਜੋ ਦੇਸ਼ ਨੂੰ ਧਰਮ-ਨਿਰਪੱਖ (ਸੈਕੁਲਰ) ਬਣਾਉਂਦਾ ਹੈ। ਸਰਕਾਰ ਨੇ ਅਪਣੇ ਮੰਤਰੀ ਤੋਂ ਦੂਰੀ ਤਾਂ ਬਣਾ ਲਈ ਪਰ ਕੀ ਇਹ ਉਸ ਮੰਤਰੀ ਦੀ ਅਪਣੀ ਸੋਚ ਸੀ ਜਾਂ ਉਹ ਲਗਾਤਾਰ ਕਈ ਜਿੱਤਾਂ ਤੋਂ ਬਾਅਦ ਹੰਕਾਰ ਵਿਚ ਆ ਕੇ ਅਪਣੀ ਪਾਰਟੀ ਦੀ ਅੰਦਰੂਨੀ ਸੋਚ ਦਾ ਪ੍ਰਗਟਾਵਾ ਕਰ ਗਏ? ਕੀ ਸਾਡੇ ਸੰਵਿਧਾਨ ਵਿਚੋਂ ਧਰਮ ਨਿਰਪੱਖਤਾ (ਸੈਕੁਲਰਿਜ਼ਮ) ਨੂੰ ਕੱਢਣ ਦੀ ਜ਼ਰੂਰਤ ਸਚਮੁਚ ਮਹਿਸੂਸ ਕੀਤੀ ਜਾ ਰਹੀ ਹੈ?ਮੋਹਨ ਭਾਗਵਤ ਵਾਰ ਵਾਰ ਆਖਦੇ ਹਨ ਕਿ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾ ਦਿਤਾ ਜਾਵੇਗਾ। ਇਸ ਹਿੰਦੂ ਰਾਸ਼ਟਰ ਦੀਆਂ ਕੁੱਝ ਝਲਕੀਆਂ ਸਾਨੂੰ ਵੇਖਣ ਨੂੰ ਮਿਲ ਵੀ ਗਈਆਂ ਹਨ। ਆਧਾਰ ਕਾਰਡ ਨੂੰ, ਜਰਮਨੀ ਦੇ ਹਿਟਲਰ ਵਾਲੇ ਪੀਲੇ ਕਾਰਡਾਂ ਵਰਗੇ ਹੀ ਜਾਰੀ ਕੀਤਾ ਗਿਆ ਹੈ। ਆਧਾਰ ਕਾਰਡ ਦੀ ਬਦੌਲਤ ਕਈ ਗ਼ਰੀਬਾਂ ਨੂੰ ਰਾਸ਼ਨ ਨਹੀਂ ਮਿਲਿਆ ਅਤੇ ਕੁੱਝ ਲੋਕ ਭੁੱਖ ਨਾਲ ਵੀ ਮਰ ਗਏ ਦੱਸੇ ਜਾਂਦੇ ਹਨ। ਗਊ ਰਕਸ਼ਾ, ਲਵ ਜੇਹਾਦ ਹੁਣ ਸਿਰਫ਼ ਕੋਈ ਫ਼ਿਰਕੂ ਸੋਚ ਨਹੀਂ ਰਹੀ ਬਲਕਿ ਆਏ ਦਿਨ ਉਸ ਸੋਚ ਨੂੰ ਆਮ ਜਨਤਾ ਉਤੇ ਲਾਗੂ ਵੀ ਕੀਤਾ ਜਾ ਰਿਹਾ ਹੈ। ਜਿਸ ਦਾ ਮਨ ਕਰਦਾ ਹੈ ਉਹ ਕਿਸੇ ਵੀ ਵਿਆਹ ਨੂੰ ਰੁਕਵਾਉਣ ਦੀ ਹਿੰਮਤ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਪਸੰਦ ਨਹੀਂ ਕਿ ਦੋ ਵੱਖੋ-ਵੱਖ ਧਰਮਾਂ ਦੇ ਲੋਕ ਆਪਸ ਵਿਚ ਪ੍ਰੇਮ ਭਾਵ ਨਾਲ ਪੇਸ਼ ਆ ਰਹੇ ਹੋਣ।
ਸ਼ਾਇਦ ਇਸ ਸਾਲ ਦੀ ਸੱਭ ਤੋਂ ਵੱਡੀ ਤਰਾਸਦੀ ਇਹੀ ਰਹੀ ਹੈ ਕਿ ਅੱਜ ਭਾਰਤ ਦੀ ਆਮ ਜਨਤਾ ਆਪਸ ਵਿਚ ਹੀ ਭਿੜਨ ਲੱਗ ਪਈ ਹੈ। ਸਿਆਸਤ ਨੇ ਇਸ ਤਰ੍ਹਾਂ ਦੀਆਂ ਦਰਾੜਾਂ ਪਾਉਣੀਆਂ ਸ਼ੁਰੂ ਕਰ ਦਿਤੀਆਂ ਹਨ ਕਿ ਭਾਰਤ ਦਾ ਆਪਸੀ ਭਾਈਚਾਰਾ ਹੀ ਡਗਮਗਾ ਗਿਆ ਹੈ। ਪਹਿਲਾਂ ਜਦੋਂ ਵੀ ਡਗਮਗਾਇਆ ਸੀ ਤਾਂ ਕੁੱਝ ਫ਼ਿਰਕੂ ਤਾਕਤਾਂ ਕੁੱਝ ਸਮੇਂ ਲਈ ਹਾਵੀ ਹੋ ਜਾਂਦੀਆਂ ਸਨ ਪਰ ਫ਼ਿਰਕੂ ਸੋਚ, ਕਦੇ ਵੀ ਭਾਰਤ ਵਿਚ ਹਾਵੀ ਸੋਚ ਨਹੀਂ ਬਣ ਸਕੀ ਸੀ। ਘੁਰਨਿਆਂ ਵਿਚ ਬੈਠੀ, ਕਦੇ ਕਦੇ ਵਾਰ ਕਰਨ ਵਾਲੀ ਫ਼ਿਰਕੂ ਸੋਚ, ਅੱਜ ਹਵਾ ਵਿਚ ਉਡਾਰੀਆਂ ਲਾ ਰਹੀ ਹੈ।ਇਸ ਸੋਚ ਦੇ ਹਾਵੀ ਹੋ ਜਾਣ ਮਗਰੋਂ ਵੀ ਜਨਤਾ ਜਦ ਜਾਗਦੀ ਨਹੀਂ ਤੇ ਅੱਖਾਂ ਮੀਟੀ ਪਈ ਰਹਿੰਦੀ ਹੈ ਤਾਂ ਬੜੀ ਨਿਰਾਸ਼ਾ ਹੁੰਦੀ ਹੈ। ਜਦੋਂ ਸੱਚ ਲਿਖਣ ਵਾਲੇ ਲੇਖਕ ਮਾਰੇ ਜਾਂਦੇ ਹਨ ਜਾਂ ਜਦੋਂ ਇਕ 15 ਸਾਲਾਂ ਦਾ ਬੱਚਾ ਅਪਣੇ ਧਰਮ ਦੀ ਨਿਸ਼ਾਨੀ, ਮੁਸਲਿਮ ਟੋਪੀ ਕਰ ਕੇ ਇਕ ਫ਼ਿਰਕੂ ਭੀੜ ਹੱਥੋਂ ਅਪਣੀ ਜਾਨ ਗਵਾ ਬੈਠਦਾ ਹੈ ਜਾਂ ਜਦੋਂ ਇਕ ਗ਼ਰੀਬ ਅਪਣੀ ਪਤਨੀ ਦੀ ਲਾਸ਼ ਮੋਢੇ ਤੇ ਚੁੱਕ ਕੇ ਅਪਣੀ ਬੇਟੀ ਨਾਲ ਮੀਲਾਂ ਦਾ ਸਫ਼ਰ ਤੈਅ ਕਰਦਾ ਹੈ ਤਾਂ ਜਨਤਾ ਦੀ ਖ਼ਾਮੋਸ਼ੀ ਜਾਂ ਸੰਨਾਟੇ ਦੀ ਗੂੰਜ ਬਰਦਾਸ਼ਤ ਨਹੀਂ ਹੁੰਦੀ।ਉਸ ਵੇਲੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਕਾਗ਼ਜ਼ ਉਤੇ ਸਿਆਹੀ ਡੋਲ੍ਹੀ ਜਾਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਸ਼ਬਦਾਂ ਵਿਚ ਹੁਣ ਜਾਨ ਹੀ ਨਹੀਂ ਰਹੀ। ਪਰ ਜਦ ਗੁਰਮੇਹਰ ਕੌਰ, ਇਨਕਲਾਬ ਦਾ ਪ੍ਰਵਾਰ, ਹਿਊਮਨਜ਼ ਆਫ਼ ਹਿੰਦੂਤਵਾ, ਵਾਇਰ, ਐਨ.ਡੀ.ਟੀ.ਵੀ. ਵਰਗਿਆਂ ਵਲ ਵੇਖੀਦਾ ਹੈ ਤਾਂ ਲਗਦਾ ਹੈ ਕਿ ਨਹੀਂ, ਇਹ ਤਾਂ ਸਿਰਫ਼ ਦੁਨੀਆਂ ਦੀ ਰੀਤ ਹੈ ਜੋ ਕਈ ਵਾਰ ਅੱਗ ਵਿਚੋਂ ਵੀ ਲੰਘਣ ਲਈ ਮਜਬੂਰ ਕਰ ਦੇਂਦੀ ਹੈ ਪਰ ਕੁਠਾਲੀ ਵਿਚ ਪੈ ਕੇ ਹੀ ਤਾਂ ਸਮਾਜ ਵੀ ਉਸ ਤਰ੍ਹਾਂ ਹੀ ਖਰਾ ਬਣ ਸਕਦਾ ਹੈ ਜਿਵੇਂ ਸੋਨਾ, ਸ਼ੁੱਧ ਬਣ ਜਾਂਦਾ ਹੈ।ਜੇ ਸਦੀਆਂ ਪੁਰਾਣੇ ਸਮਾਜਾਂ ਵਲ ਵੇਖੀਏ ਤਾਂ ਸਾਰੇ ਅਧਿਕਾਰ ਸਿਰਫ਼ ਰਾਜਿਆਂ ਦੇ ਹੁੰਦੇ ਸਨ। ਉਸ ਵੇਲੇ ਤੋਂ ਅੱਜ ਤਕ ਕਈ ਤਬਦੀਲੀਆਂ ਆਈਆਂ ਹਨ। ਭਾਰਤ ਅਪਣੇ ਆਪ ਵਿਚ ਸੰਤੁਸ਼ਟ ਹੋ ਗਿਆ ਸੀ ਅਤੇ ਕਿਸੇ ਹੋਰ ਸੁਧਾਰ ਲਈ ਕਦਮ ਨਹੀਂ ਚੁਕ ਰਿਹਾ ਸੀ। ਪਰ ਅੱਜ ਨਫ਼ਰਤ ਦੇ ਦੈਂਤ ਵਲ ਝਾਕਦੇ ਝਾਕਦੇ ਕੁੱਝ ਲੋਕ ਜਾਗ ਰਹੇ ਹਨ ਅਤੇ ਕੁੱਝ ਅਜੇ ਵੀ ਵੇਖ ਸੁਣ ਰਹੇ ਹਨ। ਦਲਿਤ ਔਰਤਾਂ ਨੇ ਅਪਣਾ ਮੋਰਚਾ ਖੋਲ੍ਹਿਆ ਹੈ ਜਿਸ ਦੇ ਅੱਗੇ ਰੋਹਿਤ ਵੇਮੁਲਾ ਦੀ ਮਾਂ ਹੈ। ਉਨ੍ਹਾਂ ਨੇ ਸਮਾਜ ਵਿਚ ਅਪਣੀ ਸਹੀ ਥਾਂ ਬਣਾਉਣ ਦੀ ਜੰਗ ਸ਼ੁਰੂ ਕੀਤੀ ਹੈ। ਕਿਸੇ ਨੂੰ ਕਦੇ ਏਨਾ ਨਹੀਂ ਅਜ਼ਮਾਉਣਾ ਚਾਹੀਦਾ ਕਿ ਉਹ ਟੁੱਟ ਹੀ ਜਾਵੇ। ਭਾਰਤ ਵਿਚ ਬਰਦਾਸ਼ਤ ਕਰਨ ਦੀ ਸਮਰੱਥਾ ਬਹੁਤ ਹੈ ਪਰ ਹੁਣ ਸਮਾਂ ਆ ਗਿਆ ਹੈ ਜਦ ਨਫ਼ਰਤ ਫੈਲਾਉਣ ਵਾਲੇ ਅਪਣੇ ਕਦਮ ਖਿੱਚ ਲੈਣ ਜਾਂ ਚੁੱਪੀ ਵਿਚ ਮਗਨ ਬੈਠੇ ਦੇਸ਼-ਵਾਸੀ, ਅਪਣਾ ਖ਼ਾਮੋਸ਼ ਸੰਨਾਟਾ ਤੋੜ ਲੈਣ। ਜੋ ਮਾੜੇ ਬਣ ਕੇ ਆਏ ਹਨ, ਉਹ ਵੀ ਸਮਾਜ ਦਾ ਹਿੱਸਾ ਹਨ ਅਤੇ ਉਹ ਅਪਣਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਦੀ ਨਫ਼ਰਤ ਦੇ ਦਰਿਆ ਵਿਚੋਂ ਲੰਘ ਕੇ ਭਾਰਤ ਇਕ ਖਰੇ ਸਮਾਜ ਦੀ ਸਿਰਜਣਾ ਕਰੇਗਾ-ਚਾਹੇ ਅੱਜ, ਚਾਹੇ ਕੁੱਝ ਸਾਲਾਂ ਬਾਅਦ ਪਰ ਨਫ਼ਰਤ ਜ਼ਰੂਰ ਹਾਰੇਗੀ। -ਨਿਮਰਤ ਕੌਰ