ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਉਨ੍ਹਾਂ ਦੇ ਪ੍ਰਵਾਰ ਨਾਲ ਸੋਸ਼ਲ ਮੀਡੀਆ ਜ਼ਿਆਦਤੀ ਕਰ ਗਿਆ?
Published : Jan 5, 2018, 10:51 pm IST
Updated : Jan 5, 2018, 5:21 pm IST
SHARE ARTICLE

ਪੂਰਾ ਸੱਚ ਬਾਹਰ ਆਉਣਾ ਚਾਹੀਦਾ ਹੈ
ਸੋਸ਼ਲ ਮੀਡੀਆ ਦੀ ਵੱਡੀ ਖ਼ੂਬੀ ਇਹ ਹੈ ਕਿ ਉਹ ਹਰ ਆਮ ਇਨਸਾਨ ਦੀ ਆਵਾਜ਼ ਨੂੰ ਸੁਣੇ ਜਾਣ ਦਾ ਇਕ ਆਸਾਨ ਸਾਧਨ ਬਣ ਕੇ ਸਾਹਮਣੇ ਆਇਆ ਹੈ ਪਰ ਇਹੀ ਖ਼ੂਬੀ ਉਸ ਦੀ ਸੱਭ ਤੋਂ ਵੱਡੀ ਖ਼ਾਮੀ ਵੀ ਸਾਬਤ ਹੋ ਰਹੀ ਹੈ। ਇੰਦਰਪ੍ਰੀਤ ਸਿੰਘ ਚੱਢਾ ਦੀ ਖ਼ੁਦਕੁਸ਼ੀ ਸੋਸ਼ਲ ਮੀਡੀਆ ਦੇ ਸਿਰ ਮੜ੍ਹੀ ਜਾ ਰਹੀ ਹੈ ਜਿਥੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਦੇ, ਇਕ ਲੇਡੀ ਪ੍ਰਿੰਸੀਪਲ ਨਾਲ ਸਬੰਧਾਂ ਬਾਰੇ ਜਾਰੀ ਕੀਤੀ ਗਈ ਇਕ ਵੀਡੀਉ ਨੇ ਪੰਜਾਬ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦਿਤਾ ਸੀ। ਪਹਿਲਾਂ ਸ. ਚਰਨਜੀਤ ਸਿੰਘ ਨੇ ਖ਼ੁਦ ਦਾਅਵਾ ਕੀਤਾ ਸੀ ਕਿ ਇਹ ਵੀਡੀਉ ਨਕਲੀ ਹੈ ਪਰ ਇੰਦਰਪ੍ਰੀਤ ਸਿੰਘ ਨੇ ਅਪਣੇ ਖ਼ੁਦਕੁਸ਼ੀ ਨੋਟ ਵਿਚ ਉਸ ਰਿਸ਼ਤੇ ਨੂੰ ਕਬੂਲ ਕਰਦਿਆਂ, ਇਹ ਵੀ ਕਿਹਾ ਹੈ ਕਿ ਇਹ ਇਕ ਡੂੰਘੀ ਸਾਜ਼ਸ਼ ਦਾ ਹਿੱਸਾ ਸੀ। ਪ੍ਰਵਾਰ ਅਤੇ ਜਾਇਦਾਦ ਦੀਆਂ ਸਾਜ਼ਸ਼ਾਂ ਸਮਾਜ ਵਾਸਤੇ ਨਵੀਆਂ ਨਹੀਂ ਪਰ ਨਵਾਂ ਹੈ ਸੋਸ਼ਲ ਮੀਡੀਆ ਜਿਸ ਦੀ ਬਦੌਲਤ 'ਨੀਚ' ਹਰਕਤਾਂ ਅੱਗ ਵਾਂਗ ਫੈਲਦੀਆਂ ਹਨ।ਸੋਸ਼ਲ ਮੀਡੀਆ ਤੇ ਇਹ ਵੀਡੀਉ ਚਲਾਉਣ ਵਾਲੇ ਜਾਂ ਚੱਢਾ ਜੀ ਤੇ ਟਿਪਣੀ ਕਰਨ ਵਾਲੇ ਲੋਕ ਅੱਜ ਸ਼ਰਮਸਾਰ ਹੋਏ ਮਹਿਸੂਸ ਕਰ ਰਹੇ ਹਨ। ਅੱਜ ਆਮ ਇਨਸਾਨ ਜਿਸ ਨੇ ਕਦੇ ਕਿਸੇ ਦੀ ਜ਼ਿੰਦਗੀ ਜਾਂ ਸੱਚ ਦੀ ਜਾਂਚ ਨਹੀਂ ਕੀਤੀ ਹੁੰਦੀ, ਉਸ ਨੂੰ ਏਨੀ ਤਾਕਤ ਮਿਲ ਚੁੱਕੀ ਹੈ ਜੋ ਕਦੇ ਕਿਸੇ ਅਖ਼ਬਾਰ ਦੇ ਸੰਪਾਦਕ ਕੋਲ ਵੀ ਨਹੀਂ ਸੀ ਹੋਇਆ ਕਰਦੀ। ਖ਼ਬਰ ਕਿਵੇਂ ਛਾਪਣੀ ਹੈ, ਕਿਸ ਤਰ੍ਹਾਂ ਸਾਰੀਆਂ ਧਿਰਾਂ ਨੂੰ ਥਾਂ ਦੇਣੀ ਹੈ, ਕਿਸ ਦਾ ਨਾਂ ਦਸਣਾ ਹੈ, ਕਿਸ ਦੀ ਤਸਵੀਰ ਵਿਖਾਉਣੀ ਹੈ, ਇਕ ਸੋਚਿਆ ਸਮਝਿਆ ਫ਼ੈਸਲਾ ਹੁੰਦਾ ਸੀ ਪਰ ਹੁਣ ਤਾਂ ਇਕ ਬਟਨ ਦੱਬ ਕੇ ਹੀ ਸੱਭ ਅਪਣੀ 'ਅਖ਼ਬਾਰ' ਦੇ ਸੰਪਾਦਕ ਬਣ ਜਾਂਦੇ ਹਨ।ਪਰ ਕੋਈ ਨਹੀਂ ਸੀ ਚਾਹੁੰਦਾ ਕਿ ਕਿਸੇ ਨੂੰ ਮੌਤ ਦਾ ਜਾਮ ਪੀਣਾ ਪੈ ਜਾਵੇ। ਹਾਂ ਪਰ ਅਪਣੀ ਤਾਕਤ ਦਾ ਦੁਰਉਪਯੋਗ ਵੀ ਕੋਈ ਨਹੀਂ ਸੀ ਚਾਹੁੰਦਾ। ਇੰਦਰਪ੍ਰੀਤ ਸਿੰਘ ਚੱਢਾ ਅਪਣੇ ਪਿਤਾ ਨਾਲ ਬਹੁਤ ਪਿਆਰ ਕਰਦੇ ਹੋਣਗੇ ਜੋ ਕਹਿ ਗਏ ਕਿ ਉਨ੍ਹਾਂ ਦੇ ਪਿਤਾ ਇਕ ਛੋਟੀ ਔਰਤ ਦੇ ਹੱਥਾਂ ਵਿਚ ਭਾਵੁਕ ਹੋ ਕੇ ਕਠਪੁਤਲੀ ਬਣ ਗਏ ਪਰ ਜਾਂਚ ਹੀ ਹੁਣ ਸਿੱਧ ਕਰੇਗੀ ਕਿ ਇਹ ਖੇਡ ਅਸਲ ਵਿਚ ਕੀ ਸੀ? ਇਕ ਪਾਸੇ ਉਸ ਔਰਤ ਨੇ ਮੀਡੀਆ ਸਾਹਮਣੇ ਆ ਕੇ ਅਪਣੇ ਤੇ ਪਾਏ ਗਏ ਦਬਾਅ ਦੀ ਦੁਹਾਈ ਦਿਤੀ ਹੈ ਅਤੇ ਦੂਜੇ ਪਾਸੇ ਮ੍ਰਿਤਕ ਇੰਦਰਪ੍ਰੀਤ ਸਿੰਘ ਚੱਢਾ ਦੀ ਅਪੀਲ ਅਤੇ ਦੋਹਾਂ ਵਿਚਕਾਰ ਟੰਗਿਆ ਗਿਆ ਹੈ ਸੋਸ਼ਲ ਮੀਡੀਆ।

ਇਸ ਤਰ੍ਹਾਂ ਦੇ ਕੇਸ ਅੱਜਕਲ ਵਧਦੇ ਜਾ ਰਹੇ ਹਨ ਜਿਥੇ ਨਿਜੀ ਰੰਜਿਸ਼ਾਂ ਨਿਪਟਾਉਣ ਵਾਸਤੇ ਸੋਸ਼ਲ ਮੀਡੀਆ ਨੂੰ ਜ਼ਰੀਆ ਬਣਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਲਿਖਤੀ ਪੱਤਰਕਾਰੀ ਨੇ ਲੋਕਾਂ ਦੀ ਨਿਜੀ ਜ਼ਿੰਦਗੀ ਦਾ ਸਤਿਕਾਰ ਰੱਖ ਕੇ, ਅਪਣੇ ਆਪ ਨੂੰ ਸਾਜ਼ਸ਼ਾਂ ਵਿਚੋਂ ਬਾਹਰ ਰਖਣਾ ਸਿਖਿਆ ਹੈ, ਸੋਸ਼ਲ ਮੀਡੀਆ ਨੂੰ ਵੀ ਪੱਤਰਕਾਰੀ ਦਾ ਘੱਟੋ ਘੱਟ ਮਿਆਰ ਅਪਨਾਉਣਾ ਪਵੇਗਾ ਨਹੀਂ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਧਦੀਆਂ ਜਾਣਗੀਆਂ ਅਤੇ ਕਮਜ਼ੋਰ ਲੋਕ ਇਸ ਭਾਰ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ। ਇੰਦਰਪ੍ਰੀਤ ਸਿੰਘ ਦੇ ਖ਼ੁਦਕੁਸ਼ੀ ਨੋਟ ਨੇ ਪਹਿਲਾ ਪ੍ਰਭਾਵ ਇਹੀ ਦਿਤਾ ਹੈ ਕਿ ਪੈਸੇ ਅਤੇ ਜਾਇਦਾਦ ਖ਼ਾਤਰ, ਇਕ ਚੰਗੇ ਨਾਂ ਵਾਲੇ ਨਾਮੀ ਪ੍ਰਵਾਰ ਨੂੰ, ਸਾਜ਼ਸ਼ੀ ਢੰਗ ਨਾਲ, ਸੋਸ਼ਲ ਮੀਡੀਆ ਦੀ ਮਦਦ ਨਾਲ, ਤਬਾਹ ਕਰਨ ਦਾ ਯਤਨ ਹੀ ਕੀਤਾ ਗਿਆ ਹੈ। ਪੁਲਿਸ ਤੇ ਸਰਕਾਰ ਨੂੰ ਇਸ ਮਾਮਲੇ ਦੀ, ਗੰਭੀਰਤਾ ਨਾਲ, ਤਹਿ ਤਕ ਜਾ ਕੇ ਪੜਤਾਲ ਕਰਨੀ ਚਾਹੀਦੀ ਹੈ।

500 ਰੁਪਏ ਵਿਚ ਆਧਾਰ ਕਾਰਡ ਵਿਚਲੀ ਜਾਣਕਾਰੀ ਖ਼ਰੀਦੀ ਜਾ ਸਕਦੀ ਹੈ!!!
ਟ੍ਰਿਬਿਊਨ ਅਖ਼ਬਾਰ ਵਲੋਂ ਆਧਾਰ ਕਾਰਡ ਦੀ ਸੁਰੱਖਿਆ ਉਤੇ ਕੀਤੇ ਸਟਿੰਗ ਨੂੰ ਯੂ.ਆਈ.ਡੀ.ਏ.ਆਈ. ਵਲੋਂ ਇਕ ਨਕਲੀ ਅਤੇ ਗ਼ਲਤ ਖ਼ਬਰ ਦਸਿਆ ਜਾ ਰਿਹਾ ਹੈ। ਪਰ ਇਹ ਸੱਚ ਤਾਂ ਕਿਸੇ ਨੇ ਨਹੀਂ ਨਕਾਰਿਆ ਕਿ 500 ਰੁਪਏ ਵਿਚ 10 ਮਿੰਟਾਂ ਅੰਦਰ ਯੂ.ਆਈ.ਡੀ.ਏ.ਆਈ. ਦੇ ਨੈੱਟਵਰਕ ਵਿਚ ਦਾਖ਼ਲਾ ਮਿਲ ਗਿਆ ਸੀ ਜਿਸ ਦਾ ਆਧਾਰ ਨੰਬਰ ਪਾਉਂਦਿਆਂ ਹੀ, ਉਸ ਇਨਸਾਨ ਬਾਰੇ ਸਾਰੀ ਜਾਣਕਾਰੀ ਹਾਸਲ ਹੋ ਜਾਂਦੀ ਹੈ। 300 ਰੁਪਏ ਹੋਰ ਦੇਣ ਤੇ ਇਕ ਸਾਫ਼ਟਵੇਅਰ ਵੀ ਰੀਪੋਰਟਰ ਨੂੰ ਦਿਤਾ ਗਿਆ ਜਿਸ ਨਾਲ ਉਹ ਸਾਰੀ ਜਾਣਕਾਰੀ ਛਾਪੀ ਜਾ ਸਕਦੀ ਸੀ।ਹੁਣ ਇਸ ਨਾਲ ਖ਼ਤਰਾ ਕਿੰਨਾ ਵੱਡਾ ਬਣ ਸਕਦਾ ਹੈ ਕਿਉਂਕਿ ਅੱਜ ਦੇ ਦਿਨ ਆਧਾਰ ਕਾਰਡ ਸਾਡੇ ਬੈਂਕ ਖਾਤੇ, ਜੀਵਨ ਭਰ ਦੀ ਜਮ੍ਹਾਂ ਪੂੰਜੀ, ਸਾਡੀ ਜਾਇਦਾਦ, ਜ਼ਿੰਦਗੀ ਦੀ ਲਗਭਗ ਹਰ ਨਿਜੀ ਜਾਣਕਾਰੀ ਨਾਲ ਜੁੜਿਆ ਹੋਇਆ ਹੈ। ਇਕ ਪਲ ਵਿਚ ਕਿਸੇ ਦੀ ਜ਼ਿੰਦਗੀ ਤਬਾਹ ਵੀ ਹੋ ਸਕਦੀ ਹੈ। ਆਧਾਰ ਦਾ ਮਕਸਦ ਸੀ ਕਿ ਉਹ ਆਮ ਜਨਤਾ ਨੂੰ ਸਰਕਾਰੀ ਸਹੂਲਤਾਂ ਮਿਲਣ ਵਿਚ ਆਸਾਨੀ ਦਿਵਾਏਗਾ ਅਤੇ ਇਹ ਨਾਗਰਿਕ ਦੀ ਅਪਣੀ ਚੋਣ ਹੋਣੀ ਸੀ ਕਿ ਉਹ ਇਸ ਵਾਸਤੇ ਰਜਿਸਟਰਡ ਹੋਣਾ ਚਾਹੁੰਦਾ ਹੈ ਕਿ ਨਹੀਂ। ਪਰ ਹੁਣ ਇਸ ਨੂੰ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ ਹੈ।ਆਧਾਰ ਕਾਰਡ ਵਿਚ ਖ਼ਾਮੀਆਂ ਵਾਰ ਵਾਰ ਅੱਗੇ ਆ ਰਹੀਆਂ ਹਨ। ਤਕਰੀਬਨ 10 ਮੌਤਾਂ ਹੋ ਚੁੱਕੀਆਂ ਹਨ ਜਦੋਂ ਆਧਾਰ ਦੀ ਸਹੀ ਤਰ੍ਹਾਂ ਜਾਣਕਾਰੀ ਨਾ ਭਰੇ ਜਾਣ ਨਾਲ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ। 2.54 ਲੱਖ ਲੋਕਾਂ ਨੂੰ ਝਾਰਖੰਡ ਵਿਚ ਰਾਸ਼ਨ ਨਾ ਮਿਲਣ ਦਾ ਕਾਰਨ ਵੀ ਆਧਾਰ ਦੀਆਂ ਖ਼ਾਮੀਆਂ ਹਨ। ਇਕ ਸੰਸਦ ਮੈਂਬਰ ਦੇ ਬੈਂਕ ਖਾਤੇ ਵਿਚੋਂ 27 ਹਜ਼ਾਰ ਰੁਪਏ, ਆਧਾਰ ਕਾਰਨ ਹੀ ਚੋਰੀ ਹੋ ਚੁੱਕੇ ਹਨ।ਇਹ ਤਾਂ ਸਾਫ਼ ਹੈ ਕਿ ਆਧਾਰ ਨੂੰ ਲਾਗੂ ਕਰਨ ਬਾਰੇ ਸਰਕਾਰ ਏਨੀ ਕਾਹਲ ਵਿਚ ਸੀ ਕਿ ਉਹ ਤਿਆਰੀ ਕੀਤੇ ਬਗ਼ੈਰ ਹੀ ਇਕ ਤੋਂ ਬਾਅਦ ਦੂਜੀ ਸਕੀਮ ਲਾਗੂ ਕਰਨ ਦੀ ਗ਼ਲਤੀ ਕਰਦੀ ਚਲੀ ਗਈ। ਆਧਾਰ ਦੀ ਜਾਣਕਾਰੀ ਜੇਕਰ 500 ਰੁਪਏ ਵਿਚ ਵਿਕਾਊ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਸਰਕਾਰ ਵਲੋਂ ਇਕ ਮਾਫ਼ ਨਾ ਕੀਤੇ ਜਾਣ ਵਾਲੀ ਗ਼ਲਤੀ ਸਾਬਤ ਹੋਵੇਗੀ।  -ਨਿਮਰਤ ਕੌਰ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement