
ਫ਼ਰਾਂਸੀਸੀ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਜੁੜੀ ਹੋਈ ਭਾਰਤ ਦੀ ਊਰਜਾ, ਸੁਰੱਖਿਆ ਅਤੇ ਚੀਨ ਤੇ ਅਮਰੀਕਾ ਨੂੰ ਖ਼ਾਸ ਤੌਰ ਤੇ ਵਿਖਾਈ ਜਾਣ ਵਾਲੀ ਇਕ ਦਿਖਾਵਟੀ ਜਿੱਤ ਜ਼ਰੂਰ ਲੁਪਤ ਹੈ ਪਰ ਪੰਜਾਬੀਆਂ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਨੇ ਪਿੱਠ ਵਿਖਾ ਦਿਤੀ ਹੈ। ਫ਼ਰਾਂਸ ਵਿਚ ਰਹਿੰਦੇ ਸਿੱਖਾਂ ਨੇ, ਪੱਗ ਦੇ ਮੁੱਦੇ ਤੇ ਭਾਰਤ ਨੂੰ ਆਵਾਜ਼ ਚੁੱਕਣ ਲਈ ਕਿਹਾ ਅਤੇ ਜਦੋਂ 58 ਹਜ਼ਾਰ ਕਰੋੜ ਦਾ ਮੁਨਾਫ਼ਾ ਫ਼ਰਾਂਸ ਨੂੰ ਮਿਲ ਰਿਹਾ ਸੀ, ਸਿੱਖਾਂ ਦੀ ਇੱਜ਼ਤ ਵਾਸਤੇ ਪ੍ਰਧਾਨ ਮੰਤਰੀ ਮੋਦੀ ਦਾ ਇਕ ਲਫ਼ਜ਼ ਵੀ ਬਹੁਤ ਮਦਦ ਕਰ ਸਕਦਾ ਸੀ। ਕੇਂਦਰ ਸਰਕਾਰ 'ਚ ਭਾਈਵਾਲ, ਅਕਾਲੀ ਦਲ ਦੀ ਪ੍ਰਤੀਨਿਧਤਾ ਕਰ ਰਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਮੁੱਦੇ ਤੇ ਆਵਾਜ਼ ਉੱਚੀ ਕੀਤੀ ਪਰ ਅਕਾਲੀ ਦਲ ਦੀ ਆਵਾਜ਼ ਨੂੰ ਅਣਸੁਣਿਆ ਕਰ ਦੇਣ ਦੀ ਰੀਤ ਬਰਕਰਾਰ ਰਹੀ। ਅਕਾਲੀ ਦਲ ਨੇ ਵੀ ਸਿਰ ਝੁਕਾ ਕੇ 'ਜੀ ਹਜ਼ੂਰ' ਕਹਿਣ ਦੀ ਪ੍ਰਥਾ ਜਾਰੀ ਰੱਖੀ।ਫ਼ਰਾਂਸ ਵਿਚ ਸਿੱਖਾਂ ਦੀ ਪੱਗ ਨੂੰ ਇਸ ਕਦਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਰਕਾਰੀ ਸ਼ਨਾਖਤੀ ਕਾਰਡ ਉਤੇ ਉਨ੍ਹਾਂ ਦੀ ਤਸਵੀਰ ਲੈਣ ਵੇਲੇ ਉਨ੍ਹਾਂ ਨੂੰ ਪੱਗ ਉਤਾਰ ਕੇ ਨੰਗੇ ਸਿਰ ਫ਼ੋਟੋ ਖਿਚਵਾਣੀ ਪੈਂਦੀ ਹੈ। ਇਸ ਨਿਰਾਦਰ ਤੋਂ ਸਿੱਖ ਦੁਖੀ ਹਨ ਅਤੇ ਅਪਣੀ ਜਨਮ ਭੂਮੀ ਵਾਲਿਆਂ ਤੋਂ ਮਦਦ ਦੀ ਆਸ ਕਰਦੇ ਹਨ ਪਰ ਉਨ੍ਹਾਂ ਨੂੰ ਭਾਰਤ ਦੇ ਦੇਸੀ ਹਾਕਮਾਂ ਨੇ ਅਣਗੌਲਿਆਂ ਕਰ ਦਿਤਾ।
ਸਿੱਖਾਂ ਦਾ ਇਤਿਹਾਸ ਏਨਾ ਸ਼ਾਨਦਾਰ ਰਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਨੈਪੋਲੀਅਨ ਦੇ ਦੋ ਸਾਬਕਾ ਫ਼ਰਾਂਸੀਸੀ ਜਨਰਲ ਭਰਤੀ ਕਰ ਲਏ ਗਏ ਸਨ ਅਤੇ ਇਸ ਰਿਸ਼ਤੇ ਸਦਕਾ ਫ਼ਰਾਂਸ ਦੇ ਇਕ ਸ਼ਹਿਰ ਸੇਂਟ ਟਰੋਪਸ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਲੱਗਾ ਹੋਇਆ ਹੈ। ਇੰਗਲੈਂਡ ਵਿਚ ਸਿੱਖ ਫ਼ੌਜੀਆਂ ਵਲੋਂ ਵਿਸ਼ਵ ਜੰਗ 'ਚ ਵਿਖਾਈ ਬੇਮਿਸਾਲ ਬਹਾਦਰੀ ਨੂੰ ਯਾਦ ਕਰ ਕੇ ਅੱਜ ਵੀ ਸ਼ਰਧਾਂਜਲੀਆਂ ਦਿਤੀਆਂ ਜਾਂਦੀਆਂ ਹਨ।ਜਦ ਦੁਨੀਆਂ ਇਕ-ਦੂਜੇ ਨਾਲ ਜੁੜੀ ਹੋਈ ਨਹੀਂ ਸੀ ਤਾਂ ਸਾਡੀ ਬਹਾਦਰੀ ਤੋਂ ਸਿੱਖਾਂ ਨੂੰ ਦੁਨੀਆਂ ਭਰ ਵਿਚ ਜਾਣੂ ਕਰਵਾ ਦਿਤਾ ਗਿਆ ਪਰ ਅੱਜ ਜਦ ਦੁਨੀਆਂ ਸੁੰਗੜਦੀ ਜਾ ਰਹੀ ਹੈ ਤਾਂ ਸਿੱਖਾਂ ਦੀ ਪਛਾਣ ਘਟਦੀ ਜਾਂਦੀ ਹੈ। ਕਦੇ ਉਨ੍ਹਾਂ ਨੂੰ ਮੁਸਲਮਾਨ ਸਮਝਿਆ ਜਾਂਦਾ ਹੈ ਅਤੇ ਕਦੇ ਪੱਗ ਕਰ ਕੇ ਮਾਰਿਆ ਜਾਂਦਾ ਹੈ। ਪੱਗ ਸਜਾਉਣ ਦੇ ਨਾਲ ਨਾਲ ਉਸ ਦਾ ਸਤਿਕਾਰ ਕਰਨਾ ਅਤੇ ਸਤਿਕਾਰ ਦਿਵਾਉਣਾ ਵੀ ਸਿੱਖਾਂ ਦਾ ਫ਼ਰਜ਼ ਹੈ। ਅੱਜ ਜਿੰਨੀ ਵੀ ਸਿੱਖਾਂ ਦੀ ਪਛਾਣ ਨੂੰ ਤਾਕਤਵਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਨਿਜੀ ਸਿੱਖ ਸੰਸਥਾਵਾਂ ਵਲੋਂ ਹੋ ਰਹੀ ਹੈ, ਭਾਵੇਂ ਉਹ ਖ਼ਾਲਸਾਲੈਂਡ ਹੋਵੇ ਜਾਂ ਨੈਸ਼ਨਲ ਸਿੱਖ ਕੋ-ਆਪਰੇਸ਼ਨ ਹੋਵੇ। ਪਰ ਸਾਡੀ ਕੇਂਦਰੀ ਧਰਮ ਸੰਸਥਾ ਇਸ ਬਾਰੇ ਚੁੱਪ ਖੜੀ ਹੈ ਜੋ ਉਨ੍ਹਾਂ ਦੀ ਰੀਤ ਹੀ ਬਣ ਗਈ ਹੈ। ਅੱਜ ਜੇ ਐਸ.ਜੀ.ਪੀ.ਸੀ. ਚਾਹੁੰਦੀ ਤਾਂ ਫ਼ਰਾਂਸ ਦੇ ਪ੍ਰਧਾਨ ਮੰਤਰੀ ਅੱਗੇ ਪੱਗ ਦੀ ਹੋ ਰਹੀ ਬੇਅਦਬੀ ਬਾਰੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਜ਼ਰੂਰ ਕਰਦੀ। ਦਫ਼ਤਰ ਵਿਚ ਬੈਠਿਆਂ ਹੀ ਇਕ ਬਿਆਨ ਦੇ ਕੇ ਅਖ਼ਬਾਰਾਂ ਵਿਚ ਛਪਵਾ ਦੇਣਾ ਐਸ.ਜੀ.ਪੀ.ਸੀ. ਦਾ ਕੰਮ ਨਹੀਂ। ਸਿੱਖਾਂ ਦੇ ਅਸਲ ਮੁੱਦੇ ਰੁਲਦੇ ਰਹਿਣਗੇ ਜਦੋਂ ਤਕ ਸਾਡੀ ਕੇਂਦਰੀ ਧਰਮ-ਸੰਸਥਾ ਨੂੰ ਅਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਹੁੰਦਾ।
-ਨਿਮਰਤ ਕੌਰ