ਫ਼ਿਲਮ 'ਟਾਈਗਰ ਜ਼ਿੰਦਾ ਹੈ' ਦੇ ਹੀਰੋ ਵਰਗੇ ਨੇਤਾ ਹੀ ਭਾਰਤ ਦੀ ਜਨਤਾ ਦੇ ਚਹੇਤੇ ਨੇਤਾ ਬਣੇ ਰਹੇ ਤਾਂ ਭਾਰਤ ਤਰੱਕੀ ਕਿਵੇਂ ਕਰੇਗਾ?
Published : Jan 8, 2018, 10:14 pm IST
Updated : Jan 8, 2018, 4:44 pm IST
SHARE ARTICLE

ਫ਼ਿਲਮ ਵੇਖਦੇ ਹੋਏ ਭਾਰਤੀ ਸਿਆਸਤ ਦੀ ਯਾਦ ਆਉਂਦੀ ਹੈ ਜੋ ਇਸੇ ਤਰ੍ਹਾਂ ਦੇ ਕੁੱਝ ਸਿਆਸੀ ਅਦਾਕਾਰਾਂ ਦੀ ਖੇਡ ਬਣ ਚੁੱਕੀ ਹੈ। ਭਾਰਤ ਦੀ ਜਨਤਾ ਨੇ ਵਾਰ ਵਾਰ ਸਿੱਧ ਕੀਤਾ ਹੈ ਕਿ ਉਨ੍ਹਾਂ ਨੂੰ ਦੂਰਅੰਦੇਸ਼ੀ ਵਾਲੀ ਸੋਚ ਵਾਲੇ ਨਹੀਂ ਬਲਕਿ ਬਿਆਨਬਾਜ਼ੀ ਕਰਨ ਵਾਲੇ ਅਤੇ ਛਾਤੀ ਠੋਕਣ ਦਾ ਨਾਟਕ ਕਰਨ ਵਾਲੇ ਨੇਤਾ ਚਾਹੀਦੇ ਹਨ। ਫਿਰ ਉਨ੍ਹਾਂ ਨੂੰ ਕੁੱਝ ਵੀ ਵੇਚਿਆ ਜਾ ਸਕਦਾ ਹੈ।

ਭਾਰਤ ਦੇ ਚਹੇਤੇ ਫ਼ਿਲਮ ਐਕਟਰ ਸਲਮਾਨ ਖ਼ਾਨ ਦੀ ਨਵੀਂ ਫ਼ਿਲਮ 'ਟਾਈਗਰ ਜ਼ਿੰਦਾ ਹੈ' ਪਿਛਲੇ 18 ਦਿਨਾਂ ਦੌਰਾਨ ਬਾਕਸ ਆਫ਼ਿਸ ਤੇ ਤਕਰੀਬਨ 300 ਕਰੋੜ ਦੀ ਕਮਾਈ ਕਰ ਚੁੱਕੀ ਹੈ ਅਤੇ ਦਿਨੋ-ਦਿਨ ਇਹ ਕਮਾਈ ਹੋਰ ਵੀ ਵੱਧ ਰਹੀ ਹੈ। ਜਦ ਇਸ ਫ਼ਿਲਮ ਦੀ ਸਮੀਖਿਆ ਕੀਤੀ ਗਈ ਸੀ ਤਾਂ ਕੁੱਝ ਮਾਹਰਾਂ ਨੇ ਲਿਖਿਆ ਸੀ ਕਿ ਇਸ ਫ਼ਿਲਮ ਨੂੰ ਸਲਮਾਨ ਖ਼ਾਨ ਵਾਸਤੇ ਵੀ ਅਪਣੇ ਮੋਢਿਆਂ ਉਤੇ ਚੁਕਣਾ ਔਖਾ ਹੋਵੇਗਾ, ਉਸ ਦੀ ਕੀਮਤ ਪੂਰੀ ਹੋਣੀ ਤਾਂ ਦੂਰ ਦੀ ਗੱਲ ਹੈ। ਫਿਰ ਵੀ ਸਲਮਾਨ ਖ਼ਾਨ ਦੀ ਫ਼ਿਲਮ ਉਨ੍ਹਾਂ ਕੁੱਝ ਗਿਣੀਆਂ ਚੁਣੀਆਂ ਫ਼ਿਲਮਾਂ ਵਿਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ 300 ਕਰੋੜ ਰੁਪਏ ਦੀ ਕਮਾਈ ਸਿਰਫ਼ ਬਾਕਸ ਆਫ਼ਿਸ ਤੋਂ ਕੀਤੀ ਹੈ। ਫ਼ਿਲਮ ਭਾਰਤੀ ਖ਼ੁਫ਼ੀਆ ਏਜੰਸੀ 'ਰਾਅ' ਦੇ ਇਕ ਅਜਿਹੇ ਏਜੰਟ ਉਤੇ ਆਧਾਰਤ ਹੈ ਜੋ ਇਕੋ ਇਕ ਭਾਰਤੀ ਹੈ ਜੋ ਕੁੱਝ ਵੀ ਕਰਨ ਦੇ ਸਮਰੱਥ ਹੈ। ਉਹ ਇਨਸਾਨ (ਵਿਖਾਇਆ ਤਾਂ ਰੱਬ ਦਾ ਦੂਤ ਹੀ ਗਿਆ ਹੈ) ਆਈ.ਐਸ.ਆਈ.ਐਸ. ਦੀ ਫ਼ੌਜ ਅਤੇ ਉਸ ਦੇ ਹਥਿਆਰਾਂ ਨੂੰ ਰਿਵਾਲਵਰ ਨਾਲ ਤਬਾਹ ਕਰ ਦੇਂਦਾ ਹੈ। ਕਈ ਵਾਰ ਜਾਪਦਾ ਹੈ ਕਿ ਫ਼ਿਲਮ ਕਿਸੇ ਬੱਚੇ ਨੇ ਬਣਾਈ ਹੈ ਜਿਸ ਨੂੰ ਨਿਯਮਾਂ ਜਾਂ ਮਨੁੱਖੀ ਤਾਕਤਾਂ ਦੀ ਹੱਦ ਬਾਰੇ ਜਾਣਕਾਰੀ ਨਹੀਂ। ਪਰ ਅਸਲ ਵਿਚ ਫ਼ਿਲਮ ਇਕ ਬੜੇ ਸ਼ਾਤਰ ਲੇਖਕ ਨੇ ਬਣਾਈ ਹੈ ਜੋ ਭਾਰਤੀਆਂ ਦੀ ਸੋਚ ਨੂੰ ਸਮਝਦਾ ਹੈ। ਸ਼ਖ਼ਸੀ ਪੂਜਾ ਕਰਨ ਲਈ ਬੇਵੱਸ, ਉਹ ਸਲਮਾਨ ਖ਼ਾਨ ਦੇ ਅਵਤਾਰ ਨੂੰ ਕੁੱਝ ਵੀ ਕਰਦਾ, ਠੀਕ ਮੰਨ ਲੈਂਦੇ ਹਨ ਕਿਉਂਕਿ ਉਨ੍ਹਾਂ ਵਾਸਤੇ ਉਹ ਰੱਬ ਦੇ ਬਰਾਬਰ ਹੈ ਅਤੇ ਕੁੱਝ ਵੀ ਕਰ ਸਕਦਾ ਹੈ। ਸੋ ਇਕ ਤਰਕਹੀਣ ਕਹਾਣੀ, ਵੱਡੇ ਵੱਡੇ ਕੁੱਝ ਹੰਝੂ, ਦਿਲ ਨੂੰ ਛੂੰਹਦੇ ਬਿਆਨ ਅਤੇ ਇਕ ਸ਼ਖ਼ਸੀਅਤ ਨਾਲ ਹੀ ਫ਼ਿਲਮ ਸੁਪਰਹਿੱਟ। ਸਲਮਾਨ ਖ਼ਾਨ ਤੇ ਰਜਨੀਕਾਂਤ ਇਸੇ ਤਰ੍ਹਾਂ ਦੇ ਹੀਰੋ ਹਨ। 


ਫ਼ਿਲਮ ਵੇਖਦੇ ਹੋਏ ਭਾਰਤੀ ਸਿਆਸਤ ਦੀ ਯਾਦ ਆਉਂਦੀ ਹੈ ਜੋ ਇਸੇ ਤਰ੍ਹਾਂ ਦੇ ਕੁੱਝ ਸਿਆਸੀ ਅਦਾਕਾਰਾਂ ਦੀ ਖੇਡ ਬਣ ਚੁੱਕੀ ਹੈ। ਭਾਰਤ ਦੀ ਜਨਤਾ ਨੇ ਵਾਰ ਵਾਰ ਸਿੱਧ ਕੀਤਾ ਹੈ ਕਿ ਉਨ੍ਹਾਂ ਨੂੰ ਦੂਰਅੰਦੇਸ਼ੀ ਵਾਲੀ ਸੋਚ ਵਾਲੇ ਨਹੀਂ ਬਲਕਿ ਬਿਆਨਬਾਜ਼ੀ ਕਰਨ ਵਾਲੇ ਅਤੇ ਛਾਤੀ ਠੋਕਣ ਦਾ ਨਾਟਕ ਕਰਨ ਵਾਲੇ ਨੇਤਾ ਚਾਹੀਦੇ ਹਨ। ਫਿਰ ਉਨ੍ਹਾਂ ਨੂੰ ਕੁੱਝ ਵੀ ਵੇਚਿਆ ਜਾ ਸਕਦਾ ਹੈ। ਸਿਰਫ਼ ਵੇਚਣ ਵਾਲੇ ਕੋਲ ਕਲਾ ਹੋਣੀ ਚਾਹੀਦੀ ਹੈ। 70 ਸਾਲਾਂ ਵਿਚ ਇਕ ਵਾਰ ਨਹੀਂ ਬਲਕਿ ਵਾਰ ਵਾਰ ਅਜਿਹੇ ਲੋਕ ਭਾਰਤ ਦੇ ਉੌੱਚ ਅਹੁਦਿਆਂ ਉਤੇ ਬਿਰਾਜਮਾਨ ਹੋ ਸਕੇ ਹਨ ਜਿਨ੍ਹਾਂ ਦੇ ਦਾਮਨ ਉਤੇ ਭਾਰਤ ਵਿਚ ਕਤਲਾਂ ਅਤੇ ਦੰਗਿਆਂ ਦੇ ਖ਼ੂਨੀ ਧੱਬੇ ਲੱਗੇ ਹੋਏ ਸਨ। ਜਿਸ ਨੇ ਹਸੀਨ ਸੁਪਨਾ ਵਿਖਾਇਆ, ਭਾਰਤ ਉਸੇ ਨੂੰ ਭੇਡਾਂ ਵਾਂਗ ਵੋਟ ਪਾਉਣ ਚਲਾ ਗਿਆ। ਭ੍ਰਿਸ਼ਟਾਚਾਰ ਅਤੇ ਪ੍ਰਵਾਰਵਾਦ ਤੋਂ ਮੁਕਤ ਕਰਵਾਉਣ ਦਾ ਸੁਪਨਾ ਵਿਖਾਇਆ ਗਿਆ ਅਤੇ 'ਆਪ' ਇਕ ਲਹਿਰ ਬਣ ਗਈ। ਪਰ ਅੱਜ ਸਾਫ਼ ਹੈ ਕਿ ਉਹ ਅਪਣੇ ਹੀ ਫ਼ਾਇਦੇ ਵਾਸਤੇ ਆਏ ਸਨ। ਜਿਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਦੀ ਕੁਰਸੀ ਮਿਲ ਗਈ, ਉਹ ਪਾਰਟੀ ਦੇ ਨਾਲ ਹਨ, ਬਾਕੀ ਬਗ਼ਾਵਤ ਕਰ ਰਹੇ ਹਨ ਜਾਂ ਵਾਪਸ ਸਰਕਾਰੀ ਰੋਜ਼ੀ-ਰੋਟੀ (ਮੱਖਣ-ਚੋਪੜੀ ਵੀ) ਦੇ ਸਾਧਨ ਲੱਭ ਰਹੇ ਹਨ।


ਭਾਜਪਾ ਵੀ ਦੇਸ਼ ਵਿਚ ਵੱਡੇ ਵਿਕਾਸ ਦੀ ਲਹਿਰ ਦਾ ਨਾਹਰਾ ਲੈ ਕੇ ਆਈ ਸੀ। ਪੁਰਾਣੇ ਜੁਮਲੇ ਅੱਜ ਸੱਭ ਭੁੱਲ ਚੁੱਕੇ ਹਨ, ਪਰ ਕਿਸੇ ਸਮੇਂ ਭਾਰਤ ਦੀ ਜਨਤਾ ਨੂੰ ਉਮੀਦ ਸੀ ਕਿ ਮੋਦੀ ਜੀ ਦੀ 56 ਇੰਚ ਦੀ ਛਾਤੀ (ਜੋ ਕਿ ਅਸਲ ਵਿਚ 40 ਇੰਚ ਦੀ ਹੈ) ਸਾਰੀ ਦੁਨੀਆਂ ਨਾਲ ਟੱਕਰ ਲਵੇਗੀ, ਵਿਦੇਸ਼ੀ ਬੈਂਕ ਕੰਬ ਜਾਣਗੇ ਅਤੇ ਭਾਰਤ ਦਾ ਕਾਲਾ ਧਨ ਵਾਪਸ ਆ ਜਾਵੇਗਾ। ਹਰ ਗ਼ਰੀਬ ਦੇ ਖਾਤੇ ਵਿਚ ਕੁੱਝ ਨਾ ਕੁੱਝ ਰਕਮ ਤਾਂ ਪਵੇਗੀ ਹੀ। ਇਸ ਚੱਕਰ ਵਿਚ ਬੜਿਆਂ ਨੇ ਜਨਧਨ ਖਾਤੇ ਵੀ ਖੁਲ੍ਹਵਾ ਲਏ ਪਰ ਅੱਜ ਚਾਰ ਸਾਲ ਬੀਤ ਜਾਣ ਤੇ ਵੀ, ਭਾਰਤ ਦੀ ਜਨਤਾ ਕੋਲ ਕੁੱਝ ਨਹੀਂ ਆਇਆ ਸਗੋਂ ਸਰਕਾਰ ਬਹੁਤ ਕੁੱਝ ਖੋਹ ਕੇ ਲੈ ਗਈ ਹੈ। ਹੁਣ 2016-17 ਦੀ ਸੈਂਟਰਲ ਸਟੇਟਿਸਟੀਕਲ ਆਫ਼ਿਸ ਦੀ ਰੀਪੋਰਟ ਦੇ ਅੰਕੜਿਆਂ ਨੇ ਨੋਟਬੰਦੀ ਅਤੇ ਜੀ.ਐਸ.ਟੀ. ਦਾ ਨਤੀਜਾ ਕੱਢ ਦਿਤਾ ਹੈ। ਅਰਥਚਾਰੇ ਨੂੰ ਜੀ.ਐਸ.ਟੀ. ਨੇ ਏਨਾ ਨੁਕਸਾਨ ਪਹੁੰਚਾਇਆ ਹੈ ਕਿ ਜਿਹੜਾ ਭਾਰਤ, ਪਿਛਲੇ ਸਾਲ ਦੁਨੀਆਂ ਦਾ ਸੱਭ ਤੋਂ ਤੇਜ਼ੀ ਨਾਲ ਵਿਕਾਸ ਕਰਦਾ ਅਰਥਚਾਰਾ ਸੀ, ਇਸ ਸਾਲ ਮੁੜ ਤੋਂ ਆਨੇ ਵਾਲੀ ਥਾਂ ਤੇ ਆ ਗਿਆ ਹੈ। ਸਰਕਾਰ ਦਾ ਟੀਚਾ ਸੀ ਕਿ ਉਹ ਇਸ ਸਾਲ 7% ਦੀ ਰਫ਼ਤਾਰ ਨਾਲ ਅੱਗੇ ਵਧਣਗੇ ਪਰ ਹੁਣ ਭਾਰਤ 6.5% 'ਤੇ ਆ ਡਿਗਿਆ ਹੈ। ਭਾਰਤ ਯੂ.ਪੀ.ਏ. ਦੀ ਸਰਕਾਰ ਵੇਲੇ ਦੀ ਵਿਕਾਸ ਦਰ ਤੋਂ ਵੀ ਹੇਠਾਂ ਡਿੱਗ ਗਿਆ ਹੈ ਹਾਲਾਂਕਿ ਡਾ. ਮਨਮੋਹਨ ਸਿੰਘ ਵੇਲੇ ਦੁਨੀਆਂ ਭਰ ਵਿਚ ਆਰਥਕ ਮੰਦੀ ਛਾਈ ਹੋਈ ਸੀ। ਅੱਜ ਚਿੰਤਾ ਇਸ ਗੱਲ ਦੀ ਹੈ ਕਿ ਜਦੋਂ ਸਾਰੀ ਦੁਨੀਆਂ ਅੱਗੇ ਵੱਧ ਰਹੀ ਹੈ, ਭਾਰਤ ਪਿੱਛੇ ਵਲ ਜਾਣ ਲੱਗ ਪਿਆ ਹੈ। ਯੂ.ਪੀ.ਏ. ਦੀ ਸਰਕਾਰ ਵੇਲੇ ਭਾਰਤ ਨੇ 9.57% ਦੀ ਵਿਕਾਸ ਦਰ ਵੀ ਵੇਖੀ ਸੀ ਜਿਸ ਕਾਰਨ ਭਾਰਤ 4.96% ਦੀ ਮਾਰ ਸਹਾਰ ਸਕਿਆ ਸੀ। ਐਨ.ਡੀ.ਏ. ਸਰਕਾਰ ਦੇ ਹੱਥ ਜਦੋਂ ਭਾਰਤ ਦੀ ਵਾਗਡੋਰ ਆਈ ਸੀ ਤਾਂ ਬਹੁਤ ਕੰਮ ਕੀਤਾ ਜਾ ਚੁਕਿਆ ਸੀ ਜਿਸ ਨਾਲ ਦੇਸ਼ ਦੀ ਰਫ਼ਤਾਰ ਮੁੜ ਤੋਂ 8-9% ਤੇ ਆ ਸਕਦੀ ਸੀ। ਪਰ ਜਦ ਸਲਮਾਨ ਖ਼ਾਨ ਵਾਂਗ ਇਕ ਪੂਰੀ ਫ਼ੌਜ ਨਾਲ ਨਿਹੱਥੇ ਹੋ ਕੇ ਟੱਕਰ  ਲੈਣ ਦਾ ਕੀੜਾ ਦਿਮਾਗ਼ ਵਿਚ ਵੜ ਗਿਆ ਤਾਂ ਤ੍ਰਿਦੇਵ - ਮੋਦੀ, ਸ਼ਾਹ ਅਤੇ ਜੇਤਲੀ ਨੇ ਪਹਿਲਾਂ ਨੋਟਬੰਦੀ ਅਤੇ ਫਿਰ ਕਮਜ਼ੋਰ ਜੀ.ਐਸ.ਟੀ. ਭਾਰਤ ਉਤੇ ਥੋਪ ਕੇ 'ਇਨਕਲਾਬ ਜ਼ਿੰਦਾਬਾਦ' ਅਤੇ 'ਭਾਰਤ ਮਾਤਾ ਦੀ ਜੈ' ਦਾ ਨਾਹਰੇ ਮਾਰਨੇ ਸ਼ੁਰੂ ਕਰ ਦਿਤੇ ਅਤੇ ਟਾਈਗਰ 'ਮੋਦੀ-ਮੋਦੀ' ਦੇ ਮੰਤਰ ਗੂੰਜਣੇ ਲਾ ਦਿਤੇ। ਅੱਜ ਦੇ ਦਿਨ ਨਾ ਨੌਕਰੀਆਂ ਹਨ ਅਤੇ ਨਾ ਭਾਰਤੀ ਅਰਥਚਾਰੇ ਦਾ ਕੋਈ ਖੇਤਰ ਵੱਧ ਰਿਹਾ ਹੈ। ਖੇਤੀ, ਉਦਯੋਗ, ਖ਼ਾਸ ਕਰ ਕੇ ਛੋਟਾ ਉਦਯੋਗ, ਇਨਫ਼ਰਮੇਸ਼ਨ ਤਕਨਾਲੋਜੀ ਸੈਕਟਰ ਅਤੇ ਨਿਰਯਾਤ ਘਾਟੇ ਵਲ ਜਾ ਰਹੇ ਹਨ। 6.5% ਦੀ ਵਿਕਾਸ ਦਾ ਅੰਕੜਾ ਹੋਰ ਵੀ ਘੱਟ ਜਾਣਾ ਸੀ ਜੇ ਸਰਕਾਰ ਨੇ ਨਿਤਿਨ ਗਡਕਰੀ ਰਾਹੀਂ, ਸੜਕਾਂ, ਸ਼ਾਹਰਾਹਾਂ ਵਿਚ ਪੈਸਾ ਨਾ ਲਗਾਇਆ ਹੁੰਦਾ। ਉਸ ਹਾਲਤ ਵਿਚ ਅੰਕੜੇ ਹੋਰ ਵੀ ਥੱਲੇ ਖਿਸਕ ਜਾਣੇ ਸਨ।ਜਦੋਂਂ ਤਕ ਭਾਰਤੀ ਜਨਤਾ 'ਟਾਈਗਰ ਜ਼ਿੰਦਾ ਹੈ' ਵਰਗੀ ਬਿਆਨਬਾਜ਼ੀ ਕਰਨ ਵਾਲੇ ਅਤੇ ਤੱਥਾਂ ਤੋਂ ਵਿਹੂਣੀਆਂ ਸ਼ਖ਼ਸੀਅਤਾਂ ਨੂੰ ਸਿਰ ਤੇ ਚੁੱਕੀ ਫਿਰੇਗੀ, ਭਾਰਤ ਦਾ ਵਿਕਾਸ ਡਾਵਾਂਡੋਲ ਹੀ ਰਹੇਗਾ ਕਿਉਂਕਿ 9.51% ਵਿਕਾਸ ਦਰ ਤਕ ਪਹੁੰਚਣ ਵਾਸਤੇ ਬਿਆਨਬਾਜ਼ੀ ਕਰਨ ਵਾਲੇ ਨਹੀਂ ਬਲਕਿ ਕੰਮ ਕਰਨ ਵਾਲੇ ਡਾ. ਮਨਮੋਹਨ ਸਿੰਘ ਚਾਹੀਦੇ ਹੁੰਦੇ ਹਨ।  -ਨਿਮਰਤ ਕੌਰ

SHARE ARTICLE
Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement