
ਪੰਜਾਬ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿਚ ਗੈਂਗਸਟਰਾਂ ਨੂੰ ਨੱਥ ਨਹੀਂ ਪਾਈ ਜਾ ਸਕੀ। ਗੈਂਗਸਟਰਾਂ ਦੀ ਕਰਨੀ, ਪੰਜਾਬ ਪੁਲਿਸ ਲਈ ਵੱਡੀ ਸਿਰਦਰਦੀ ਤਾਂ ਬਣੀ ਹੀ ਹੋਈ ਹੈ ਪਰ ਨਾਲ ਹੀ ਪੰਜਾਬ ਦੇ ਆਮ ਨੌਜੁਆਨਾਂ ਵਾਸਤੇ ਇਕ ਗ਼ਲਤ ਰਾਹ ਵੀ ਖੋਲ੍ਹ ਰਹੀ ਹੈ। ਪੰਜਾਬ ਪੁਲਿਸ ਵਲੋਂ ਇੰਗਲੈਂਡ ਵਿਚ ਰਹਿੰਦੇ ਇਕ ਸਿੱਖ, ਜਗਤਾਰ ਸਿੰਘ ਜੌਹਲ ਨੂੰ ਆਰ.ਐਸ.ਐਸ. ਆਗੂਆਂ ਦੇ ਕਤਲ ਦੇ ਦੋਸ਼ ਹੇਠ ਫੜੇ ਜਾਣ ਤੇ ਵੀ, ਇੰਗਲੈਂਡ ਵਿਚ ਰਹਿੰਦੇ ਸਿੱਖ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁਧ ਆਵਾਜ਼ ਉੱਚੀ ਕੀਤੀ ਹੈ। ਪਰ ਸੱਭ ਤੋਂ ਹੈਰਾਨੀਜਨਕ ਬਿਆਨ ਵਿੱਕੀ ਗੋਂਡਰ ਦਾ ਆਇਆ ਹੈ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ, ਮਦਦ ਲਈ ਸ. ਪਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ। ਇਕ ਨਾਮੀ ਗੈਂਗਸਟਰ ਵਲੋਂ ਸਾਬਕਾ ਮੁੱਖ ਮੰਤਰੀ ਕੋਲੋਂ ਮਦਦ ਮੰਗਣ ਦੇ ਕੀ ਅਰਥ ਹੋ ਸਕਦੇ ਹਨ?ਵਿੱਕੀ ਗੋਂਡਰ ਅਤੇ ਸੁੱਖਾ ਕਾਹਲਵਾਂ ਇਕੋ ਹੀ ਧੜਾ ਸੀ ਪਰ ਨਿਜੀ ਰੰਜਿਸ਼ ਕਰ ਕੇ ਦੋਵੇਂ ਵੱਖ ਹੋ ਗਏ ਸਨ। ਸੁੱਖਾ ਕਾਹਲਵਾਂ ਨੂੰ ਪੁਲਿਸ ਹਿਰਾਸਤ ਵਿਚ ਕਤਲ ਕਰ ਦਿਤਾ ਗਿਆ ਸੀ। ਵਿੱਕੀ ਗੋਂਡਰ ਪਿਛਲੇ ਸਾਲ ਚੋਣਾਂ ਤੋਂ ਕੁੱਝ ਅਰਸਾ ਪਹਿਲਾਂ ਨਾਭਾ ਜੇਲ ਵਿਚੋਂ ਦੌੜਿਆ ਸੀ ਅਤੇ ਅੱਜ ਤਕ ਫੜਿਆ ਨਹੀਂ ਜਾ ਸਕਿਆ। ਉਸ ਦਾ ਡਰ ਏਨਾ ਬਣਿਆ ਹੋਇਆ ਹੈ ਕਿ ਉਸ ਦੇ ਵਿਰੋਧੀ, ਜੋ ਜੇਲ ਵਿਚ ਬੰਦ ਹਨ, ਉਹ ਵੀ ਅਪਣੀ ਜਾਨ ਦੀ ਖ਼ੈਰ ਮੰਗਦੇ ਹਨ ਅਤੇ ਪੁਲਿਸ ਤੋਂ ਜੇਲ ਵਿਚ ਵੀ ਵਾਧੂ ਸੁਰੱਖਿਆ ਮੰਗਦੇ ਹਨ। ਵਿੱਕੀ ਗੋਂਡਰ ਨੇ ਕੁੱਝ ਦਿਨ ਪਹਿਲਾਂ ਹੋਏ ਪੁਲਿਸ ਮੁਕਾਬਲੇ ਵਿਚ ਮਾਰੇ ਗਏ 'ਗੈਂਗਸਟਰ' ਪ੍ਰਭਦੀਪ ਸਿੰਘ ਦੀਪ ਦੇ ਮਾਮਲੇ ਵਿਚ ਇਨਸਾਫ਼ ਮੰਗਿਆ ਹੈ। ਸੋਸ਼ਲ ਮੀਡੀਆ ਵਿਚ ਪਾਈ ਇਸ ਪੋਸਟ ਵਿਚ ਉਸ ਨੇ ਇਹ ਜ਼ਰੂਰ ਕਿਹਾ ਹੈ ਕਿ ਪ੍ਰਭਦੀਪ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ ਸੀ ਬਲਕਿ ਇਨਸਾਨੀਅਤ ਦੇ ਨਾਂ ਤੇ ਉਸ ਵਾਸਤੇ ਆਵਾਜ਼ ਬੁਲੰਦ ਕੀਤੀ ਗਈ ਹੈ। ਅਜੀਬ ਗੱਲ ਹੈ ਕਿ ਇਕ ਨਾਮੀ ਗੈਂਗਸਟਰ ਕਿਸੇ ਹੋਰ 'ਗੈਂਗਸਟਰ' ਵਾਸਤੇ ਇਨਸਾਨੀਅਤ ਦੇ ਨਾਤੇ ਇਨਸਾਫ਼ ਮੰਗ ਰਿਹਾ ਹੈ। ਸ. ਪਰਕਾਸ਼ ਸਿੰਘ ਬਾਦਲ ਤੋਂ ਇਨਸਾਫ਼ ਦੀ ਮੰਗ ਕਰਨ ਪਿੱਛੇ ਕਾਰਨ ਕਿਤੇ ਇਹ ਤਾਂ ਨਹੀਂ ਕਿ ਵੱਡੇ ਬਾਦਲ ਨੇ ਅਪਣੇ ਰਾਜ ਵਿਚ, ਗੈਂਗਸਟਰਾਂ ਨਾਲ ਏਨੀ ਸਖ਼ਤੀ ਕਦੇ ਨਹੀਂ ਸੀ ਕੀਤੀ? ਵਿੱਕੀ ਗੋਂਡਰ ਦੇ ਚੋਣਾਂ ਤੋਂ ਪਹਿਲਾਂ ਜੇਲ 'ਚੋਂ ਭੱਜ ਜਾਣ ਕਾਰਨ ਵੀ ਉਸ ਸਮੇਂ ਦੀ ਸਰਕਾਰ ਉਤੇ ਬੜੇ ਸਵਾਲ ਉਠੇ ਸਨ।ਅੱਜ ਦੋ ਧਿਰਾਂ ਹਨ ਜੋ ਪੰਜਾਬ ਦੀ ਹਕੀਕਤ ਨੂੰ ਸ਼ਾਇਦ ਸਮਝ ਨਹੀਂ ਪਾ ਰਹੀਆਂ। ਇਕ ਗੈਂਗਸਟਰ ਜੋ ਨਸ਼ੇ, ਕਤਲ ਵਰਗੇ ਕੰਮਾਂ ਨਾਲ ਪੈਸਾ ਕਮਾ ਕੇ ਇਕ ਅਜਿਹਾ ਜੀਵਨ ਬਤੀਤ ਕਰ ਰਹੇ ਸਨ ਜੋ ਦੂਰੋਂ ਸ਼ਾਇਦ ਬੜਾ ਸੁੱਖ, ਸ਼ਾਂਤੀ ਤੇ ਸ਼ਕਤੀ ਵਾਲਾ ਰਾਹ ਲਗਦਾ ਹੋਵੇ ਪਰ ਉਸ ਦੀ ਅਸਲੀਅਤ ਬੜੀ ਕਾਲੀ ਅਤੇ ਖ਼ੂਨੀ ਹੁੰਦੀ ਹੈ। ਪੰਜਾਬ ਵਿਚ ਗੈਂਗਸਟਰ ਰਾਜ ਦਾ ਜਨਮ ਸਿਆਸੀ ਪੁਸ਼ਤ-ਪਨਾਹੀ ਨਾਲ ਹੀ ਹੋਇਆ ਹੈ ਅਤੇ ਇਹ ਵਿਚਾਰੇ ਖ਼ੁਦ ਨਹੀਂ ਸਮਝਦੇ ਕਿ ਇਹ ਸਿਆਸੀ ਲੋਕਾਂ ਦੇ ਪਿਆਦੇ ਬਣ ਚੁੱਕੇ ਹਨ ਅਤੇ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਦਰਦਨਾਕ ਮੌਤ ਮਾਰੇ ਜਾਂਦੇ ਹਨ।

ਦੂਜੇ ਪਾਸੇ ਜਗਤਾਰ ਜੌਹਲ ਵਰਗੇ ਪੰਜਾਬੀ ਹਨ ਜਿਨ੍ਹਾਂ ਨੇ 80ਵਿਆਂ ਵਿਚ ਪੰਜਾਬ ਦੀ ਧਰਤੀ ਨੂੰ ਅਲਵਿਦਾ ਕਹਿ ਦਿਤਾ ਸੀ ਪਰ ਦਿਲ ਵਿਚ ਅਜੇ ਵੀ 'ਖ਼ਾਲਿਸਤਾਨ' ਦਾ ਸੁਪਨਾ ਸੰਜੋਈ ਬੈਠੇ ਹਨ। ਉਹ ਵੀ ਝੂਠੇ ਨਹੀਂ ਹਨ ਅਤੇ ਉਨ੍ਹਾਂ ਦੀਆਂ ਦਰਦਾਂ ਵੀ ਸੱਚੀਆਂ ਹਨ। 80ਵਿਆਂ ਦੀਆਂ ਖ਼ੂਨੀ ਚੀਕਾਂ ਸਾਰਿਆਂ ਦੇ ਦਿਲਾਂ ਨੂੰ ਅਜੇ ਵੀ ਚੀਰਦੀਆਂ ਹਨ ਪਰ ਉਹ ਅੱਜ ਦੀ ਜ਼ਮੀਨੀ ਹਕੀਕਤ ਬਾਰੇ ਪੂਰੀ ਜਾਣਕਾਰੀ ਨਹੀਂ ਰਖਦੇ।ਉਨ੍ਹਾਂ ਦੀ ਸੋਚ ਵਿਚੋਂ ਦੋ ਰਸਤੇ ਨਿਕਲਦੇ ਹਨ। ਇਕ ਤਾਂ ਲੜਾਈ, ਗੁੰਡਾਗਰਦੀ, ਸਿਆਸੀ ਦਾਅ-ਪੇਚ, ਅਤਿਵਾਦ, ਡਰ, ਖ਼ੂਨ, ਕਤਲ ਅਤੇ ਦੂਜਾ ਭਾਰਤ ਤੋਂ ਵੱਖ ਹੋਣ ਦੀ ਲਲਕਾਰ ਤਾਕਿ ਜ਼ਖ਼ਮੀ ਕੀਤੇ ਸਿੱਖ ਪੰਥ ਦੇ ਜ਼ਖ਼ਮਾਂ ਦਾ ਬਦਲਾ ਲਿਆ ਜਾ ਸਕੇ। ਪਰ ਪਾਕਿਸਤਾਨ ਨੇ ਵੱਖ ਹੋ ਕੇ ਵੇਖ ਲਿਆ ਹੈ। ਸਿਰਫ਼ ਅਮਰੀਕਾ ਦਾ ਫ਼ੌਜੀ ਬੇਸ ਬਣ ਕੇ ਤੇ ਅਮਰੀਕਾ ਅੱਗੇ ਕਟੋਰੇ ਲੈ ਕੇ ਬੈਠਾ ਪਾਕਿਸਤਾਨ, ਖ਼ੁਦ ਹੀ ਅਤਿਵਾਦ ਦੇ ਚਿੱਕੜ ਵਿਚ ਧਸੀ ਜਾ ਰਿਹਾ ਹੈ।ਦੂਜਾ ਰਸਤਾ ਇਹ ਹੈ ਕਿ ਅਸੀ ਅਪਣੇ ਆਪ ਨੂੰ ਇਸ ਕਦਰ ਬੁਲੰਦ ਕਰੀਏ ਕਿ ਫਿਰ ਤੋਂ ਕੋਈ ਸਰਕਾਰ ਸਾਡੇ ਹੱਕਾਂ ਨੂੰ ਰੋਲਣ ਦਾ ਸੁਪਨਾ ਵੀ ਨਾ ਲੈ ਸਕੇ। ਅਪਣੇ ਨੌਜੁਆਨਾਂ ਨੂੰ ਸਿੱਧੇ ਰਾਹ ਪਾ ਕੇ ਉਨ੍ਹਾਂ ਨੂੰ ਮੁੜ ਤੋਂ ਗੁਰੂ ਦੇ ਸਿੱਖ ਬਣਾਈਏ ਜੋ ਨਸ਼ੇ ਨੂੰ ਜ਼ਹਿਰ ਮੰਨਣ, ਜਿਨ੍ਹਾਂ ਦੀ ਸ਼ਾਨ ਬੰਦੂਕਾਂ ਅਤੇ ਗੱਡੀਆਂ ਦੇ ਸਹਾਰੇ ਦੀ ਮੁਥਾਜ ਨਾ ਹੋਵੇ ਬਲਕਿ ਸਾਡੇ ਉੱਚ ਕਿਰਦਾਰ 'ਚੋਂ ਨਿਕਲੇ। ਵਿੱਕੀ ਗੋਂਡਰ ਅਤੇ ਹੋਰਨਾਂ ਭਟਕੇ ਹੋਏ ਪੰਜਾਬੀ ਨੌਜੁਆਨਾਂ ਨੂੰ ਅਪੀਲ ਕੀਤੀ ਜਾਣੀ ਚਾਹੀਦੀ ਹੈ ਕਿ ਨਾ ਸਿਰਫ਼ ਇਹ ਕਿ ਉਹ ਨੌਜੁਆਨਾਂ ਨੂੰ ਠੀਕ ਰਾਹ ਵਿਖਾਉਣ ਬਲਕਿ ਗੁਰੂਆਂ ਦੀ ਧਰਤੀ ਦਾ ਮਾਣ ਰਖਦੇ ਹੋਏ, ਆਪ ਵੀ ਘਰ ਮੁੜ ਆਉਣ। -ਨਿਮਰਤ ਕੌਰ