ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ
Published : Dec 14, 2017, 10:51 pm IST
Updated : Dec 15, 2017, 3:01 am IST
SHARE ARTICLE

ਸਿੱਖੀ ਸਿਧਾਂਤ ਤੇ ਨਜ਼ਰ ਮਾਰੀਏ ਤਾਂ ਅਚਾਨਕ ਹੀ ਬਾਬੇ ਨਾਨਕ ਦਾ ਬਚਨ ਚੇਤੇ ਆ ਜਾਂਦਾ ਹੈ, ਕਿ 'ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ।' ਪਰ ਅੱਜ ਦੇ ਯੁੱਗ ਅਨੁਸਾਰ ਲੋਕ ਅਪਣੀ ਅੰਨ੍ਹੀ ਸ਼ਰਧਾ ਨਾਲ ਲੱਖਾਂ ਰੁਪਏ ਬਰਬਾਦ ਕਰ ਰਹੇ ਹਨ ਅਤੇ ਪਾਖੰਡੀ ਸਾਧੂਆਂ ਦੇ ਡੇਰਿਆਂ ਨੂੰ ਆਬਾਦ ਕਰ ਰਹੇ ਹਨ। ਇਨ੍ਹਾਂ ਡੇਰਿਆਂ ਦੇ ਪੈਰੋਕਾਰ ਅਪਣੀਆਂ ਸਾਰੀਆਂ ਮਾਣ-ਮਰਿਆਦਾ ਨੂੰ ਪਾਰ ਕਰ ਕੇ ਜਿਥੇ ਐਸ਼ ਭਰੀ ਜ਼ਿੰਦਗੀ ਜਿਊਂਦੇ ਹਨ, ਉਥੇ ਹੀ ਇਹ ਬਾਬੇ ਸਾਡੇ ਸਮਾਜ ਨੂੰ ਵੀ ਗੰਦਾ ਕਰਦੇ ਹਨ ਅਤੇ ਇਹ ਰਿਸ਼ੀ, ਮੁਨੀਆਂ, ਸਾਧੂ-ਸੰਤਾਂ ਦੀ ਜਾਣੀ ਜਾਂਦੀ ਧਰਤੀ ਨੂੰ ਕਲੰਕਿਤ ਵੀ ਕਰ ਰਹੇ ਹਨ। ਇਹ ਕਸੂਰ ਇਨ੍ਹਾਂ ਬਾਬਿਆਂ ਦਾ ਨਹੀਂ ਸਗੋਂ ਸਾਡਾ ਅਪਣਾ ਹੈ। 

ਅਸੀ ਕਦੇ ਵੀ ਸੋਚਿਆ ਹੀ ਨਹੀਂ ਕਿ ਜੋ ਅਸੀ ਦਾਨ ਕਰ ਰਹੇ ਹਾਂ, ਉਹ ਦਾਨ ਕਿਸ ਕੰਮ ਆ ਰਿਹਾ ਹੈ? ਕੀ ਹੋ ਗਿਐ ਸਾਡੀ ਮੱਤ ਨੂੰ? ਕੀ ਅਸੀ ਇਨ੍ਹਾਂ ਬਾਬਿਆਂ ਤੋਂ ਬਗ਼ੈਰ ਨਹੀਂ ਰਹਿ ਸਕਦੇ? ਸਾਨੂੰ ਪਤਾ ਵੀ ਹੈ ਕਿ ਜੋ ਕੁੱਝ ਵੀ ਹੋਣਾ ਹੈ, ਉਹ ਪਰਮਾਤਮਾ ਦੀ ਮਰਜ਼ੀ ਤੋਂ ਬਗ਼ੈਰ ਨਹੀਂ ਹੋਣਾ, ਫਿਰ ਵੀ ਅਸੀ ਡੇਰਿਆਂ ਨੂੰ ਪੂਜ ਕੇ ਡੇਰਿਆਂ ਦੀ ਰੌਸ਼ਨੀ ਨੂੰ ਚਾਰ ਚੰਨ ਲਾ ਰਹੇ ਹਾਂ। ਕਿਉਂ? ਇਹ ਸਾਧ ਸਾਨੂੰ ਹੀ ਵੇਚ ਕੇ ਸਾਡੇ ਉਤੇ ਰਾਜਨੀਤੀ ਖੇਡਦੇ ਹਨ ਅਤੇ ਸਾਡੀਆਂ ਵੋਟਾਂ ਬਦਲੇ ਲੀਡਰਾਂ ਤੋਂ ਖ਼ੂਬ ਕਮਾਈ ਕਰਦੇ ਹਨ। ਫਿਰ ਅਪਣੀ ਆਲੀਸ਼ਾਨ ਗੱਦੀ ਉਤੇ ਪਰਮਾਤਮਾ ਬਣ ਬੈਠ ਕੇ ਸਾਨੂੰ ਰੱਬ ਵਿਖਾਉਂਦੇ ਹਨ ਤੇ ਆਪ ਅਪਣੀ ਜ਼ਿੰਦਗੀ ਦੀਆਂ ਹੱਦਾਂ ਪਾਰ ਕਰ ਦਿੰਦੇ ਹਨ। 

ਜਦੋਂ ਇਨ੍ਹਾਂ ਦੀ ਕਰਤੂਤ ਸਾਹਮਣੇ ਆਉਂਦੀ ਹੈ ਤਾਂ ਸ਼ਰਮਿੰਦਗੀ ਵੀ ਸ਼ਰਮਿੰਦਾ ਹੋਣ ਤੇ ਮਜਬੂਰ ਹੋ ਜਾਂਦੀ ਹੈ। ਜ਼ਰਾ ਸੋਚੋ! ਅਸੀ ਕੀ ਕਰਨਾ ਸੀ ਤੇ ਕੀ ਕਰ ਰਹੇ ਹਾਂ। ਜਿਥੇ ਅਸੀ ਸਾਂਝੀਵਾਲਤਾ ਕਾਇਮ ਕਰਨੀ ਸੀ, ਉਥੇ ਅਸੀ ਇਕ-ਦੂਜੇ ਦੇ ਦੁਸ਼ਮਣ ਬਣ ਬੈਠੇ। ਅਸੀ ਅਪਣੀ ਸਾਰੀ ਸ਼ਕਤੀ ਦੂਜੇ ਧਰਮਾਂ ਨੂੰ ਨੀਵੇਂ ਵਿਖਾਉਣ ਉਤੇ ਲਗਾ ਦਿਤੀ। ਸਾਡੇ ਜਿੰਨੇ ਵੀ ਅਵਤਾਰ ਹੋਏ ਹਨ, ਸੱਭ ਨੇ ਕੁਦਰਤ ਦੀ ਕਾਇਨਾਤ ਨੂੰ ਕਾਇਮ ਰਖਿਆ ਤੇ ਕੁਦਰਤ ਦੀ ਸਾਰੀ ਖ਼ਲਕਤ ਨੂੰ ਪਿਆਰ ਕੀਤਾ। ਇਕ ਸਿਖਿਆ ਅਨੁਸਾਰ ਰਾਮ ਜੀ ਨੇ ਭੀਲਣੀ ਦੇ ਜੂਠੇ ਬੇਰ ਖਾ ਕੇ ਭੀਲਣੀ ਦੀ ਸ਼ਰਧਾ ਤੇ ਆਸਥਾ ਦੀ ਰਖਿਆ ਕੀਤੀ। 

ਸ੍ਰੀ ਕ੍ਰਿਸ਼ਨ ਨੇ ਵੀ ਦੁਰਯੋਧਨ ਦੇ ਘਰ ਦੀ ਬਜਾਏ ਇਕ ਗ਼ਰੀਬ ਦੇ ਘਰ ਜਾ ਕੇ ਭੋਜਨ ਖਾਧਾ ਅਤੇ ਉਸ ਦੇ ਪਿਆਰ ਵਿਚ ਭਿੱਜ ਕੇ ਉਸੇ ਘਰ ਰਾਤ ਗੁਜ਼ਾਰੀ। ਇਸੇ ਤਰ੍ਹਾਂ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਪੱਲੇ ਦੀ ਮਾਤਾ ਜੀ ਦੀ ਅਰਦਾਸ ਸੁਣ ਕੇ ਭਾਈ ਪੱਲਾ ਜੀ ਦੇ ਘਰ ਬੁਤਾਲਾ ਵਿਖੇ ਆ ਕੇ ਦਰਸ਼ਨ ਦਿਤੇ। ਅਸੀ ਕਦੇ ਸੋਚਿਐ ਕਿ ਜੋ ਬਾਬੇ ਅਪਣੇ ਆਪ ਨੂੰ ਗੁਰੂ ਦਸਦੇ ਹਨ, ਜਿਨ੍ਹਾਂ ਤੇ ਅਸੀ ਅਥਾਹ ਸ਼ਰਧਾ ਰਖਦੇ ਹਾਂ, ਇਹ ਸਾਡੇ ਘਰ ਆਉਣਗੇ? ਅੱਜ ਅਸੀ ਥਾਂ-ਥਾਂ ਭਟਕ ਰਹੇ ਹਾਂ, ਸਾਡੇ ਕੋਲ ਕੀ ਨਹੀਂ ਹੈ? ਹਿੰਦੂਆਂ ਕੋਲ ਗੀਤਾ, ਰਮਾਇਣ, ਵੇਦ ਪੁਰਾਣ ਹੈ। ਸਿੱਖਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ।

 ਕੀ ਇਨ੍ਹਾਂ ਨੂੰ ਪੜ੍ਹ ਕੇ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ? ਅੱਜ ਲੋੜ ਹੈ ਸਾਨੂੰ ਸਾਂਝੀਵਾਲਤਾ ਦੀ, ਲੋੜ ਹੈ ਸਾਨੂੰ ਚੰਗੇ ਸਮਾਜ ਦੀ। ਲੋੜ ਹੈ ਸਾਨੂੰ ਅਪਣੇ ਆਪ ਨੂੰ ਬਚਾਉਣ ਦੀ, ਸਾਨੂੰ ਲੋੜਵੰਦਾਂ ਦੀ ਮਦਦ ਕਰਨ ਦੀ, ਡੇਰਿਆਂ ਤੋਂ ਬਚਣ ਦੀ। ਆਉ ਅਸੀ ਸਾਰੇ ਰਲ ਕੇ ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ ਦੇ ਮਿਸ਼ਨ ਨੂੰ ਪੂਰਾ ਕਰੀਏ, ਦਾਨ ਸੋਚ-ਸਮਝ ਕੇ ਦੇਈਏ। ਜਿਥੇ ਜ਼ਰੂਰਤ ਹੈ ਉਥੇ ਦਾ ਦਿਤਾ ਜਾਵੇ। ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਈਏ, ਇਕ ਚੰਗਾ ਸਮਾਜ ਸਿਰਜੀਏ। ਬਾਬਿਆਂ ਕੋਲੋਂ ਬਚਦੇ ਹੋਏ ਇਕ ਸੱਚੇ ਰੱਬ ਨੂੰ ਮੰਨੀਏ ਅਤੇ ਇਨਸਾਨੀਅਤ ਨਾਲ ਪਿਆਰ ਕਰੀਏ। ਇਹੀ ਕੁਦਰਤ ਦਾ ਨਿਯਮ ਹੈ। ਅੰਤ ਵਿਚ ਇਹੀ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸੱਭ ਨੂੰ ਸੁਮੱਤ ਬਖ਼ਸ਼ੇ।

SHARE ARTICLE
Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement