ਹਿੰਦ-ਪਾਕਿ ਰਿਸ਼ਤਿਆਂ ਵਿਚ ਜਾਧਵ ਮਾਮਲੇ ਨੇ ਹੋਰ ਜ਼ਿਆਦਾ ਕਸ਼ੀਦਗੀ ਪੈਦਾ ਕਰ ਦਿਤੀ
Published : Dec 28, 2017, 4:09 pm IST
Updated : Dec 28, 2017, 10:39 am IST
SHARE ARTICLE

ਸਿਆਣਪ ਵਰਤ ਕੇ ਕਸ਼ੀਦਗੀ ਘੱਟ ਕਰਨੀ ਚਾਹੀਦੀ ਹੈ

'ਜਾਧਵ' ਭਾਰਤ ਲਈ ਕੁੱਝ ਹੋਰ ਹੈ ਪਰ ਪਾਕਿਸਤਾਨ ਲਈ ਉਹ, ਉਹ ਨਹੀਂ ਜੋ ਸਾਡੇ ਲਈ ਹੈ। ਸਿਆਣਪ ਅਤੇ ਦੂਰਦ੍ਰਿਸ਼ਟੀ ਨਾਲ ਨੀਤੀ ਤਿਆਰ ਕਰਨੀ ਚਾਹੀਦੀ ਹੈ।

ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਸਾਡੇ ਵਿਚਕਾਰ ਪਈਆਂ ਦਰਾੜਾਂ ਏਨੀਆਂ ਡੂੰਘੀਆਂ ਹੋ ਚੁਕੀਆਂ ਹਨ ਕਿ ਹਰ ਛੋਟੀ ਜਿਹੀ ਠੇਸ ਪੁਰਾਣੇ ਜ਼ਖ਼ਮਾਂ ਨੂੰ ਮੁੜ ਤੋਂ ਉਚੇੜ ਦੇਂਦੀ ਹੈ। ਭਾਰਤ-ਪਾਕਿਸਤਾਨ ਵਿਚਕਾਰ 70 ਸਾਲਾਂ ਤੋਂ ਚਲਦੀ ਸੀਤ ਜੰਗ ਸਰਹੱਦਾਂ ਉਤੇ ਰਹਿੰਦੇ ਲੋਕਾਂ ਉਤੇ ਅਤੇ ਦੋਹਾਂ ਪਾਸਿਆਂ ਦੇ ਫ਼ੌਜੀ ਜਵਾਨਾਂ ਉਤੇ ਬਹੁਤ ਭਾਰੀ ਪੈ ਰਹੀ ਹੈ। ਸ਼ਾਂਤੀ ਅਤੇ ਮਿੱਤਰਤਾ ਵਾਸਤੇ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲ ਸਕਿਆ ਕਿਉਂਕਿ ਹਰ ਪ੍ਰਧਾਨ ਮੰਤਰੀ ਦੀ ਸੋਚ ਵਖਰੀ ਹੁੰਦੀ ਹੈ ਅਤੇ ਰਿਸ਼ਤਿਆਂ ਦੀ ਸ਼ਕਲ, ਹਰ ਨਵੇਂ ਪ੍ਰਧਾਨ ਮੰਤਰੀ ਦੀ ਆਮਦ ਨਾਲ ਬਦਲ ਜਾਂਦੀ ਹੈ। 


ਨਵੀਂ ਸੋਚ, ਭਾਰਤ ਵਿਚ ਗੁਆਂਢੀ ਦੇਸ਼ਾਂ ਨਾਲ ਰਿਸ਼ਤਿਆਂ ਵਿਚ ਨਿੱਘਾਪਨ ਲਿਆਉਣ ਦੇ ਠੋਸ ਕਦਮਾਂ ਨਾਲ ਸ਼ੁਰੂ ਹੋਈ ਸੀ। ਪਰ ਜਿਸ ਤਰ੍ਹਾਂ ਅੱਜ ਅਸੀ ਸ਼ਰੀਕਾਂ ਵਾਂਗ ਕੋਮਾਂਤਰੀ ਫ਼ੋਰਮਾਂ ਵਿਚ ਲੜਦੇ ਹਾਂ ਅਤੇ ਆਪਸੀ ਮਸਲੇ, ਗੋਲੀ ਬੰਦੂਕ ਨਾਲ ਹੱਲ ਕਰਨ ਦੇ ਬਿਆਨ ਦਾਗ਼ ਰਹੇ ਹਾਂ ਅਤੇ ਸਰਹੱਦਾਂ ਤੇ ਇਕ ਦੂਜੇ ਦੇ ਸਿਪਾਹੀ ਹਲਾਕ ਕਰ ਰਹੇ ਹਾਂ, ਇਕ ਦੂਜੇ ਨੂੰ ਜੰਗ ਦੀਆਂ ਧਮਕੀਆਂ ਦੇ ਰਹੇ ਹਾਂ, ਉਨ੍ਹਾਂ ਵਲ ਵੇਖ ਕੇ 1972 ਦੀ ਜੰਗ ਦੇ ਦਿਨ ਯਾਦ ਆ ਜਾਂਦੇ ਹਨ।

1972 ਦੀ ਜੰਗ ਹੋਵੇ ਜਾਂ ਕਾਰਗਿਲ ਜਾਂ ਖ਼ੁਫ਼ੀਆ ਸਰਜੀਕਲ ਸਟਰਾਈਕ ਦੀ ਗੱਲ, ਇਨ੍ਹਾਂ ਨਾਲ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿਚ ਕੋਈ ਸੁਧਾਰ ਨਹੀਂ ਆਇਆ। ਨਾ ਭਾਰਤ ਦੀ ਛਾਤੀ ਚੌੜੀ ਹੋਈ ਅਤੇ ਨਾ ਪਾਕਿਸਤਾਨ ਦੀ। ਸਿਰਫ਼ ਸਾਡੇ ਫ਼ੌਜੀਆਂ ਦੀਆਂ ਛਾਤੀਆਂ ਹੀ ਛਲਣੀ ਹੋਈਆਂ। 


70 ਸਾਲਾਂ ਵਿਚ ਸਥਿਤੀ ਸੁਧਰਨੀ ਚਾਹੀਦੀ ਸੀ ਪਰ ਇਹ ਦਿਨ-ਬ-ਦਿਨ ਵਿਗੜਦੀ ਹੀ ਜਾ ਰਹੀ ਹੈ। 70 ਸਾਲਾਂ ਵਿਚ ਕਈ ਵਾਰ ਭਾਰਤ-ਪਾਕਿ ਸਰਹੱਦ ਤੇ ਇਕ-ਦੂਜੇ ਉਤੇ ਛੁਪ ਕੇ ਵਾਰ ਹੁੰਦੇ ਸਨ ਪਰ ਅੱਜ ਉਨ੍ਹਾਂ ਹਮਲਿਆਂ ਦਾ ਪ੍ਰਚਾਰ ਖੁਲੇਆਮ ਕੀਤਾ ਜਾਂਦਾ ਹੈ ਅਤੇ ਅਪਣੀ ਪਿੱਠ ਠੋਕੀ ਜਾਂਦੀ ਹੈ। ਹੁਣ ਵੀ ਮੀਡੀਆ ਚੈਨਲਾਂ ਨੂੰ ਪਾਕਿਸਤਾਨ ਸਰਕਾਰ ਵਿਰੁਧ ਫ਼ਤਵੇ ਦੇਣ ਦੀ ਖੁਲ੍ਹੀ ਛੁੱਟੀ ਦੇ ਦਿਤੀ ਗਈ ਹੈ। ਕੁੱਝ ਟੀ.ਵੀ. ਚੈਨਲ ਇਹੋ ਜਿਹੇ ਵੀ ਹਨ ਜਿਹੜੇ ਭਾਰਤ ਦੇ ਸਾਬਕਾ ਫ਼ੌਜੀਆਂ ਅਤੇ ਪਾਕਿਸਤਾਨ ਦੇ ਫ਼ੌਜੀਆਂ ਨੂੰ ਆਪਸੀ ਬਹਿਸ ਵਿਚ ਉਲਝਾਉਂਦੇ ਹਨ। ਉਨ੍ਹਾਂ ਨੂੰ ਸ਼ਾਇਦ 'ਰਾਸ਼ਟਰਵਾਦ' ਦਾ ਨਾਂ ਲੈ ਕੇ ਇਕ ਖ਼ਾਸ ਵਾਤਾਵਰਣ ਤਿਆਰ ਕਰਨ ਦੀਆਂ ਹਦਾਇਤਾਂ ਹਨ ਪਰ ਇਸ ਨੀਤੀ ਦੇ ਅਸਰ ਬੜੇ ਹੀ ਸੰਗੀਨ ਨਿਕਲ ਸਕਦੇ ਹਨ। 

ਤਿੰਨ ਸਾਲ ਪਹਿਲਾਂ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਕ-ਦੂਜੇ ਦੀਆਂ ਮਾਤਾਵਾਂ ਨੂੰ ਸ਼ਾਲਾਂ ਅਤੇ ਅੰਬ ਭੇਜ ਰਹੇ ਸਨ ਪਰ ਅੱਜ ਉਹ ਦੋਵੇਂ ਇਕ-ਦੂਜੇ ਨੂੰ ਦੁਆ-ਸਲਾਮ ਵੀ ਨਹੀਂ ਕਰਦੇ। ਮੁਸ਼ੱਰਫ਼ ਨੇ ਤਾਂ ਭਾਰਤ ਵਿਚ 26/11 ਦਾ ਮੁੰਬਈ ਹਮਲਾ ਕਰਵਾਉਣ ਵਾਲੇ ਅਤਿਵਾਦੀ ਦੀ ਸਿਆਸੀ ਪਾਰਟੀ ਦੀ ਹਮਾਇਤ ਦਾ ਐਲਾਨ ਵੀ ਕਰ ਦਿਤਾ ਹੈ। ਹਾਫ਼ਿਜ਼ ਸਈਦ ਦੀ ਚੜ੍ਹਤ ਵਿਚ ਭਾਰਤ ਅੰਦਰ ਮੁਸਲਮਾਨਾਂ ਵਿਰੁਧ ਪੈਦਾ ਕੀਤੀ ਜਾ ਰਹੀ ਨਫ਼ਰਤ ਇਕ ਵੱਡਾ ਕਾਰਨ ਬਣਦੀ ਜਾ ਰਹੀ ਹੈ।


ਜਾਧਵ ਨੂੰ ਮਿਲਣ ਗਈ ਉਸ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਨੂੰ ਸਿਆਣਪ ਨਾਲ ਪੇਸ਼ ਕਰਨ ਦੀ ਬਜਾਏ ਸਰਕਾਰ ਅਤੇ ਸਾਡੇ ਕੁੱਝ ਮੀਡੀਆ ਚੈਨਲਾਂ ਨੇ ਉਸ ਮੁਲਾਕਾਤ ਨੂੰ ਉਛਾਲ ਉਛਾਲ ਕੇ ਅਤੇ ਭਾਰਤੀ ਸਭਿਆਚਾਰ ਉਤੇ ਹਮਲਾ ਕਰਨ ਦੇ ਇਲਜ਼ਾਮ ਲਾ ਕੇ ਸਥਿਤੀ ਨੂੰ ਹੋਰ ਵਿਗਾੜ ਦਿਤਾ ਹੈ। ਕੁਲਭੂਸ਼ਨ ਜਾਧਵ, ਪਾਕਿਸਤਾਨ ਵਾਸਤੇ ਉਹ ਕੁੱਝ ਨਹੀਂ ਜੋ ਉਹ ਸਾਡੇ ਲਈ ਹੈ ਤੇ ਜਿਸ ਨੇ ਉਨ੍ਹਾਂ ਦੇ ਆਖੇ ਮੁਤਾਬਕ, ਪਾਕਿਸਤਾਨ ਦੀ ਜ਼ਮੀਨ ਉਤੇ ਖ਼ੂਨੀ ਹਮਲੇ ਕੀਤੇ ਹਨ। ਕੁਲਭੂਸ਼ਨ ਜਾਧਵ ਪਾਕਿਸਤਾਨ ਦੀ ਨਜ਼ਰ ਵਿਚ ਸਾਡਾ 'ਹਾਫ਼ਿਜ਼ ਸਈਦ' ਹੈ। ਫ਼ਰਕ ਸਿਰਫ਼ ਇਹ ਹੈ ਕਿ ਹਾਫ਼ਿਜ਼ ਪਾਕਿਸਤਾਨ ਸਰਕਾਰ ਦਾ ਹਿੱਸਾ ਨਹੀਂ ਅਤੇ ਜਾਧਵ ਨੂੰ ਭਾਰਤ ਸਰਕਾਰ ਦਾ ਏਜੰਟ ਮੰਨਿਆ ਜਾਂਦਾ ਹੈ। ਭਗਤ ਸਿੰਘ ਵਰਗੇ ਦੇਸ਼-ਭਗਤਾਂ ਨੂੰ 'ਹਿੰਸਾਵਾਦੀ' ਕਹਿ ਕੇ ਉਨ੍ਹਾਂ ਦੀਆਂ ਲਾਸ਼ਾਂ ਵੀ ਉਨ੍ਹਾਂ ਦੇ ਪ੍ਰਵਾਰਾਂ ਨੂੰ ਨਸੀਬ ਨਹੀਂ ਸਨ ਕਰਵਾਈਆਂ ਗਈਆਂ। ਅਜਮਲ ਕਸਾਬ ਨੂੰ ਤਾਂ ਪਾਕਿਸਤਾਨ ਨੇ ਅਪਨਾਉਣ ਤੋਂ ਵੀ ਇਨਕਾਰ ਕਰ ਦਿਤਾ ਅਤੇ ਫਾਂਸੀ ਤੋਂ ਬਾਅਦ ਉਸ ਨੂੰ ਭਾਰਤ ਵਿਚ ਹੀ ਦਫ਼ਨਾਇਆ ਗਿਆ। ਅਮਰੀਕਾ ਵਿਚ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਹਵਾਈ ਅੱਡੇ ਉਤੇ ਹੀ ਅਪਣੇ ਜਿਸਮ ਦੇ ਹਰ ਕੋਨੇ ਦੀ ਤਲਾਸ਼ੀ ਦੇਣੀ ਪੈ ਜਾਂਦੀ ਹੈ, ਸਿਰਫ਼ ਇਸ ਕਰ ਕੇ ਕਿ ਅਮਰੀਕਾ ਕਿਸੇ ਤਰ੍ਹਾਂ ਦੇ ਅਤਿਵਾਦੀ ਨੂੰ ਅਪਣੇ ਦੇਸ਼ ਵਿਚ ਆਉਣ ਨਹੀਂ ਦੇਣਾ ਚਾਹੁੰਦਾ।


ਅੱਜ ਜੇ ਜਾਧਵ ਪ੍ਰਵਾਰ ਨੂੰ ਕਪੜੇ ਬਦਲਣ ਲਈ ਆਖਿਆ ਗਿਆ, ਉਨ੍ਹਾਂ ਦੇ ਗਹਿਣੇ ਉਤਾਰ ਲਏ ਗਏ ਤਾਂ ਇਸ ਨੂੰ ਭਾਰਤ ਦੀ ਬੇਇੱਜ਼ਤੀ ਨਹੀਂ ਕਹਿਣਾ ਚਾਹੀਦਾ ਸਗੋਂ ਸਬਰ ਅਤੇ ਸੰਜਮ ਨਾਲ ਸਥਿਤੀ ਨੂੰ ਸੰਭਾਲਣ ਦੀ ਜ਼ਰੂਰਤ ਹੈ। ਆਖ਼ਰ ਕਟਹਿਰੇ ਵਿਚ ਖੜਾ ਬੰਦਾ ਇਕ ਭਾਰਤੀ ਹੈ ਅਤੇ ਉਸ ਨੂੰ ਬਚਾਉਣਾ ਸਾਡਾ ਮੁੱਖ ਮੰਤਵ ਹੋਣਾ ਚਾਹੀਦਾ ਹੈ। ਇਹ ਕੰਮ ਗਰਮੀ ਖਾ ਕੇ ਤੇ ਵਾਧੂ ਬਹਿਸ ਛੇੜ ਕੇ ਨਹੀਂ ਕੀਤਾ ਜਾ ਸਕਦਾ।

ਹਿੰਦ-ਪਾਕਿ ਨੀਤੀ ਨੂੰ ਬੜੀ ਸੋਝੀ ਨਾਲ ਤਿਆਰ ਕਰਨ ਦੀ ਜ਼ਰੂਰਤ ਹੈ ਤਾਕਿ ਸਾਡੇ ਫ਼ੌਜੀ, ਹਰ ਰੋਜ਼ 'ਸੀਤ ਜੰਗ' ਦੌਰਾਨ ਹੀ ਜਾਨਾਂ ਨਾ ਗਵਾਉਂਦੇ ਰਹਿਣ। ਪਰ ਸਾਡੇ ਕੁੱਝ ਟੀ.ਵੀ. ਚੈਨਲ ਤਾਂ 'ਰਾਸ਼ਟਰਵਾਦ' ਦੇ ਨਾਂ ਤੇ ਦੇਸ਼ ਦੇ ਬਹਾਦਰ ਫ਼ੌਜੀਆਂ ਦਾ ਭਲਾ ਵੀ ਭੁੱਲ ਜਾਂਦੇ ਹਨ ਤੇ ਉਹ ਕੜਵਾਹਟ ਪੈਦਾ ਕਰਨ ਲੱਗ ਜਾਂਦੇ ਹਨ ਜਿਸ ਦਾ ਦੇਸ਼ ਨੂੰ ਨੁਕਸਾਨ ਜ਼ਿਆਦਾ ਹੋ ਸਕਦਾ ਹੈ। -ਨਿਮਰਤ ਕੌਰ

SHARE ARTICLE
Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement