 
          	25 ਅਪ੍ਰੈਲ, 1945 ਮਗਰੋਂ ਹਿਟਲਰ ਦੇ ਜੀਵਨ ਦਾ ਸਿਰਫ਼ ਇਕ ਹੀ ਮਕਸਦ ਸੀ ਖ਼ੁਦ ਅਪਣੀ ਮੌਤ ਦੀ ਤਿਆਰੀ ਕਰਨਾ। 25 ਅਪ੍ਰੈਲ ਨੂੰ ਹੀ ਉਸ ਨੇ ਅਪਣੇ ਅੰਗਰਖਿਅਕ ਹੀਂਜ਼ ਲਿੰਗੇ ਨੂੰ ਸੱਦ ਕੇ ਕਿਹਾ ਸੀ, ''ਜਿਉਂ ਹੀ ਮੈਂ ਅਪਣੇ ਆਪ ਨੂੰ ਗੋਲੀ ਮਾਰਾਂ ਤਾਂ ਤੁਸੀ ਮੇਰੇ ਮੁਰਦਾ ਜਿਸਮ ਨੂੰ ਚਾਂਸਲਰੀ ਦੇ ਬਗ਼ੀਚੇ ਵਿਚ ਲਿਜਾ ਕੇ ਉਸ ਨੂੰ ਅੱਗ ਲਗਾ ਦੇਣਾ। ਮੇਰੀ ਮੌਤ ਤੋਂ ਬਾਅਦ ਕੋਈ ਮੈਨੂੰ ਨਾ ਵੇਖ ਸਕੇ ਅਤੇ ਨਾ ਪਛਾਣ ਸਕੇ। ਇਸ ਤੋਂ ਬਾਅਦ ਤੁਸੀ ਮੇਰੇ ਕਮਰੇ ਵਿਚ ਵਾਪਸ ਜਾਣਾ ਅਤੇ ਮੇਰੀ ਵਰਦੀ, ਕਾਗ਼ਜ਼ ਅਤੇ ਹਰ ਉਹ ਚੀਜ਼ ਜਿਸ ਨੂੰ ਮੈਂ ਇਸਤੇਮਾਲ ਕੀਤਾ ਹੈ, ਇਕੱਠਿਆਂ ਕਰਨਾ ਅਤੇ ਬਾਹਰ ਆ ਕੇ ਉਨ੍ਹਾਂ ਨੂੰ ਅੱਗ ਲਗਾ ਦੇਣਾ। ਸਿਰਫ਼ ਅੰਟਨ ਗ੍ਰਾਫ਼ ਦੇ ਬਣਾਏ ਫ਼੍ਰੈਡਰਿਕ ਮਹਾਨ ਦੇ ਚਿੱਤਰ ਨੂੰ ਤੁਸੀ ਹੱਥ ਨਹੀਂ ਲਾਉਣਾ ਜਿਸ ਨੂੰ ਮੇਰਾ ਡਰਾਈਵਰ ਮੇਰੀ ਮੌਤ ਤੋਂ ਬਾਅਦ ਸੁਰੱਖਿਅਤ ਬਰਲਿਨ ਤੋਂ ਬਾਹਰ ਲੈ ਜਾਵੇਗਾ।ਅਪਣੇ ਜੀਵਨ ਦੇ ਆਖ਼ਰੀ ਦਿਨਾਂ ਵਿਚ ਹਿਟਲਰ ਧਰਤੀ ਤੋਂ 50 ਫ਼ੁਟ ਥੱਲੇ ਬਣਾਏ ਬੰਕਰ ਵਿਚ ਹੀ ਕੰਮ ਕਰਦਾ ਅਤੇ ਸੌਂਦਾ ਸੀ। ਅਪਣੀ ਚਹੇਤੀ ਕੁੱਤੀ ਬਲਾਂਡੀ ਨੂੰ ਕਸਰਤ ਕਰਾਉਣ ਲਈ ਉਹ ਕਦੀ-ਕਦੀ ਚਾਂਸਲਰੀ ਦੇ ਬਗ਼ੀਚੇ ਵਿਚ ਜਾਂਦਾ ਜਿਥੇ ਚਹੁੰ ਪਾਸੇ ਬੰਬਾਂ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਪਏ ਹੁੰਦੇ।ਹਿਟਲਰ ਸਵੇਰੇ ਪੰਜ ਜਾਂ ਛੇ ਵਜੇ ਸੌਣ ਜਾਂਦਾ ਸੀ ਅਤੇ ਦੁਪਹਿਰ ਦੇ ਆਸਪਾਸ ਸੌਂ ਕੇ ਉਠਦਾ ਸੀ। ਹਿਟਲਰ ਦੀ ਨਿਜੀ ਸੈਕਟਰੀ ਤ੍ਰਾਉਦੀ ਜੁੰਗਾ, ਆਖ਼ਰੀ ਪਲਾਂ ਤਕ ਉਸ ਬੰਕਰ ਵਿਚ ਹਿਟਲਰ ਦੇ ਨਾਲ ਸੀ। ਇਕ ਵਾਰ ਬੀ.ਬੀ.ਸੀ. ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਸੀ, ''ਆਖ਼ਰੀ ਦਸ ਦਿਨ ਅਸਲ ਵਿਚ ਸਾਡੇ ਲਈ ਬੁਰੇ ਸੁਪਨੇ ਵਰਗੇ ਸਨ। ਅਸੀ ਬੰਕਰ ਵਿਚ ਲੁਕੇ ਬੈਠੇ ਸੀ ਅਤੇ ਰੂਸੀ ਸਾਡੇ ਨੇੜੇ ਆ ਰਹੇ ਸਨ। ਅਸੀ ਉਨ੍ਹਾਂ ਦੀ ਗੋਲੀਬਾਰੀ, ਬੰਬਾਂ ਅਤੇ ਗੋਲਿਆਂ ਦੀ ਆਵਾਜ਼ ਸਾਫ਼ ਸੁਣ ਸਕਦੇ ਸੀ। ਹਿਟਲਰ ਬੰਕਰ ਵਿਚ ਬੈਠ ਕੇ ਉਡੀਕ ਕਰ ਰਿਹਾ ਸੀ ਕਿ ਕੋਈ ਆ ਕੇ ਉਸ ਨੂੰ ਬਚਾਏਗਾ। ਪਰ ਇਕ ਗੱਲ ਉਸ ਨੇ ਸ਼ੁਰੂ ਤੋਂ ਹੀ ਸਾਫ਼ ਕਰ ਦਿਤੀ ਸੀ ਕਿ ਜੇਕਰ ਲੜਾਈ ਵਿਚ ਉਸ ਦੀ ਜਿੱਤ ਨਹੀਂ ਹੁੰਦੀ ਤਾਂ ਉਹ ਬਰਲਿਨ ਛੱਡ ਕੇ ਕਦੀ ਨਹੀਂ ਜਾਵੇਗਾ ਅਤੇ ਅਪਣੇ ਹੀ ਹੱਥਾਂ ਨਾਲ ਅਪਣੀ ਜਾਨ ਲੈ ਲਵੇਗਾ। ਇਸ ਲਈ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਕੀ ਹੋਣ ਵਾਲਾ ਹੈ। ਜਦ 22 ਅਪ੍ਰੈਲ, 1945 ਨੂੰ ਹਿਟਲਰ ਨੇ ਸਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਜੇਕਰ ਤੁਸੀ ਚਾਹੋ ਤਾਂ ਬਰਲਿਨ ਤੋਂ ਬਾਹਰ ਜਾ ਸਕਦੇ ਹੋ ਤਾਂ ਉਨ੍ਹਾਂ ਦੀ ਪ੍ਰੇਮਿਕਾ ਈਵਾ ਬ੍ਰਾਊਨ ਸੱਭ ਤੋਂ ਪਹਿਲਾਂ ਬੋਲੀ 'ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਮੈਂ ਇੱਥੇ ਹੀ ਰਹਾਂਗੀ।' ਸਹਿਜ ਸੁਭਾਅ ਅਤੇ ਅਪਣੇ ਆਪ ਉਸ ਦੇ ਮੂੰਹ 'ਚੋਂ ਵੀ ਇਹੀ ਗੱਲ ਨਿਕਲੀ ਸੀ। ਉਸੇ ਦੌਰਾਨ ਹਿਟਲਰ ਦੇ ਯੁੱਧ ਉਤਪਾਦਨ ਮੰਤਰੀ ਅਲਬਰਟ ਸਪੀਅਰ ਉਸ ਨੂੰ ਮਿਲਣ ਅਤੇ ਅਲਵਿਦਾ ਕਹਿਣ ਬੰਕਰ ਵਿਚ ਆਇਆ ਸੀ।''ਬਾਅਦ ਵਿਚ ਸਪੀਅਰ ਨੇ ਯਾਦ ਕੀਤਾ, ''ਉਦੋਂ ਤਕ ਹਿਟਲਰ ਦੀ ਸ਼ਖ਼ਸੀਅਤ ਵਿਚ ਬਹੁਤ ਤਬਦੀਲੀਆਂ ਆ ਗਈਆਂ ਸਨ। ਅਪਣੇ ਜੀਵਨ ਦੇ ਆਖ਼ਰੀ ਹਫ਼ਤਿਆਂ ਵਿਚ ਹਿਟਲਰ ਦੀ ਹਾਲਤ ਇਹੋ ਜਿਹੀ ਹੋ ਗਈ ਸੀ ਕਿ ਉਸ ਤੇ ਸਿਰਫ਼ ਤਰਸ ਖਾਧਾ ਜਾ ਸਕਦਾ ਸੀ। ਉਸ ਦਾ ਪੂਰਾ ਸਰੀਰ ਹਿਲਣ ਲੱਗਾ ਸੀ ਅਤੇ ਉਸ ਦੇ ਮੋਢੇ ਝੁਕ ਗਏ ਸਨ। ਉਸ ਦੇ ਕਪੜੇ ਗੰਦੇ ਸਨ ਅਤੇ ਸੱਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਦਾ ਮੇਰੇ ਪ੍ਰਤੀ ਵਤੀਰਾ ਬਹੁਤ ਠੰਢਾ ਸੀ। ਮੈਂ ਉਸ ਤੋਂ ਵਿਦਾ ਲੈਣ ਆਇਆ ਸੀ। ਉਸ ਨੂੰ ਪਤਾ ਸੀ ਕਿ ਅਸੀ ਆਖ਼ਰੀ ਵਾਰ ਮਿਲ ਰਹੇ ਸੀ, ਪਰ ਮੈਨੂੰ ਨਹੀਂ ਯਾਦ ਆਉਂਦਾ ਕਿ ਉਸ ਨੇ ਮੈਨੂੰ ਕੋਈ ਇਹੋ ਜਿਹੀ ਕੋਈ ਚੀਜ਼ ਕਹੀ ਹੋਵੇ ਜੋ ਦਿਲ ਨੂੰ ਛੂਹਣ ਵਾਲੀ ਹੋਵੇ।''ਹਿਟਲਰ ਦੀ ਉਸ ਸਮੇਂ ਦੀ ਹਾਲਤ ਦਾ ਵਰਣਨ 'ਦ ਲਾਈਫ਼ ਐਂਡ ਡੈੱਥ ਆਫ਼ ਅਡੋਲਫ਼ ਹਿਟਲਰ' ਲਿਖਣ ਵਾਲੇ ਰਾਬਰਟ ਪੇਨ ਨੇ ਵੀ ਕੀਤਾ ਹੈ। ਪੇਨ ਲਿਖਦੇ ਹਨ, ''ਹਿਟਲਰ ਦਾ ਚਿਹਰਾ ਸੁੱਜ ਗਿਆ ਸੀ ਅਤੇ ਉਸ ਵਿਚ ਝੁਰੜੀਆਂ ਪੈ ਗਈਆਂ ਸਨ। ਉਸ ਦੀਆਂ ਅੱਖਾਂ 'ਚੋਂ ਜੀਵਨ ਜਾਂਦਾ ਰਿਹਾ ਸੀ। ਕਦੀ-ਕਦੀ ਉਸ ਦਾ ਸੱਜਾ ਹੱਥ ਬੁਰੀ ਤਰ੍ਹਾਂ ਨਾਲ ਕੰਬਣ ਲਗਦਾ ਸੀ ਅਤੇ ਉਸ ਕੰਬਣੀ ਨੂੰ ਰੋਕਣ ਲਈ ਉਹ ਉਸ ਨੂੰ ਅਪਣੇ ਖੱਬੇ ਹੱਥ ਨਾਲ ਫੜਦਾ ਸੀ। ਜਿਸ ਤਰ੍ਹਾਂ ਨਾਲ ਉਹ ਅਪਣੇ ਮੋਢਿਆਂ ਵਿਚ ਸਿਰ ਨੂੰ ਸਿਕੋੜ ਲੈਂਦੇ ਸਨ, ਉਸ ਤੋਂ ਕਿਸੇ ਬੁੱਢੇ ਗਿਰਝ ਦੀ ਝਲਕ ਮਿਲਦੀ ਸੀ। ਉਸ ਦੇ ਪੂਰੇ ਵਿਅਕਤਿਤਵ ਵਿਚ ਸੱਭ ਨਾਲੋਂ ਵੱਧ ਧਿਆਨ ਦੇਣ ਵਾਲੀ ਗੱਲ ਸੀ ਉਸ ਦੀ ਕਿਸੇ ਸ਼ਰਾਬੀ ਵਾਂਗ ਲੜਖੜਾਉਂਦੀ ਚਾਲ। ਇਹ ਸ਼ਾਇਦ ਇਕ ਬੰਬ ਧਮਾਕੇ ਵਿਚ ਉਸ ਦੇ ਇਕ ਕੰਨ ਦੀ ਇਕ ਬਰੀਕ ਝਿੱਲੀ ਨੂੰ ਹੋਏ ਨੁਕਸਾਨ ਕਾਰਨ ਹੋਇਆ ਸੀ। ਉਹ ਥੋੜ੍ਹੀ ਦੂਰ ਤੁਰਦਾ ਅਤੇ ਰੁਕ ਕੇ ਕਿਸੇ ਮੇਜ਼ ਦਾ ਸਿਰਾ ਫੜ ਲੈਂਦਾ। ਛੇ ਮਹੀਨਿਆਂ ਵਿਚ ਉਹ ਦਸ ਸਾਲ ਬੁੱਢਾ ਹੋ ਗਿਆ ਸੀ। ਬੰਕਰ ਵਿਚ ਅਪਣੇ ਆਖ਼ਰੀ ਦਿਨਾਂ ਦੌਰਾਨ ਹੀ ਹਿਟਲਰ ਨੇ ਤੈਅ ਕੀਤਾ ਕਿ ਉਹ ਈਵਾ ਬ੍ਰਾਊਨ ਨਾਲ ਵਿਆਹ ਕਰ ਕੇ ਅਪਣੇ ਰਿਸ਼ਤੇ ਨੂੰ ਮਾਨਤਾ ਦੇਵੇਗਾ।''ਅਪਣੀ ਕਿਤਾਬ 'ਚ ਰਾਬਰਟ ਪੇਨ ਹੋਰ ਲਿਖਦਾ ਹੈ, ''ਸਵਾਲ ਉਠਿਆ ਕਿ ਵਿਆਹ ਕਰਵਾਏਗਾ ਕੌਣ? ਗੋਏਬੇਲਜ਼ ਨੂੰ ਖ਼ਿਆਲ ਆਇਆ ਕਿ ਕਿਸੇ ਵਾਲਟਰ ਵੈਗਨਰ ਨੇ ਉਸ ਦਾ ਵਿਆਹ ਕਰਵਾਇਆ ਸੀ। ਮੁਸ਼ਕਲ ਇਹ ਸੀ ਕਿ ਉਸ ਨੂੰ ਲਭਿਆ ਕਿਵੇਂ ਜਾਵੇ? ਉਸ ਦੇ ਆਖ਼ਰੀ ਪਤੇ ਤੇ ਇਕ ਫ਼ੌਜੀ ਨੂੰ ਘਲਿਆ ਗਿਆ। ਸ਼ਾਮ ਨੂੰ ਬੜੀ ਮੁਸ਼ਕਲ ਨਾਲ ਉਸ ਨੂੰ ਹਿਟਲਰ ਦੇ ਬੰਕਰ ਵਿਚ ਲਿਆਂਦਾ ਗਿਆ। ਪਰ ਉਹ ਅਪਣੇ ਨਾਲ ਵਿਆਹ ਦਾ ਸਰਟੀਫ਼ੀਕੇਟ ਲਿਆਉਣਾ ਭੁੱਲ ਗਿਆ। ਉਸ ਨੂੰ ਲੈਣ ਉਹ ਮੁੜ ਅਪਣੇ ਘਰ ਗਿਆ। ਰੂਸੀਆਂ ਦੀ ਭਿਆਨਕ ਗੋਲੀਬਾਰੀ ਦੇ ਵਿਚਕਾਰ ਮਲਬੇ ਨਾਲ ਭਰੀਆਂ ਪਈਆਂ ਸੜਕਾਂ 'ਤੋਂ ਹੁੰਦੇ ਹੋਏ ਵੈਗਨਰ ਵਾਪਸ ਹਿਟਲਰ ਦੇ ਬੰਕਰ ਵਿਚ ਪਹੁੰਚਿਆ। ਉਸ ਸਮੇਂ ਵਿਆਹ ਦੀ ਦਾਅਵਤ ਸ਼ੁਰੂ ਹੋਣ ਵਾਲੀ ਸੀ ਅਤੇ ਹਿਟਲਰ ਤੇ ਈਵਾ ਬ੍ਰਾਊਨ ਬੜੀ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਹਿਟਲਰ ਨੇ ਗੋਏਬਲਜ਼ ਅਤੇ ਬ੍ਰਾਊਨ ਨੇ ਬੋਰਮਨ ਨੂੰ ਅਪਣਾ ਗਵਾਹ ਬਣਾਇਆ।''ਰਾਬਰਟ ਪੇਨ ਅੱਗੇ ਲਿਖਦੇ ਹਨ, ''ਵਿਆਹ ਦੇ ਸਰਟੀਫ਼ੀਕੇਟ ਉਤੇ ਹਿਟਲਰ ਦੇ ਹਸਤਾਖ਼ਰ ਇਕ ਮਰੇ ਹੋਏ ਕੀੜੇ ਦੀ ਤਰ੍ਹਾਂ ਦਿਸ ਰਹੇ ਹਨ। ਈਵਾ ਬ੍ਰਾਊਨ ਨੇ ਵਿਆਹ ਤੋਂ ਪਹਿਲਾਂ ਵਾਲਾ ਨਾਂ ਬ੍ਰਾਊਨ ਲਿਖਣਾ ਚਾਹਿਆ। ਉਨ੍ਹਾਂ ਨੇ 'ਬੀ' ਲਿਖ ਵੀ ਦਿਤਾ ਸੀ, ਪਰ ਫਿਰ ਉਸ ਨੇ ਇਸ ਨੂੰ ਕਟਿਆ ਅਤੇ ਫਿਰ ਸਾਫ਼ ਸਾਫ਼ ਈਵਾ ਹਿਟਲਰ ਲਿਖਿਆ। ਗੋਏਬਲਜ਼ ਨੇ ਮਕੜੀ ਦੇ ਜਾਲੇ ਨਾਲ ਮਿਲਦੇ-ਜੁਲਦੇ ਹਸਤਾਖ਼ਰ ਕੀਤੇ ਪਰ ਇਸ ਤੋਂ ਪਹਿਲਾਂ ਉਹ ਡਾਕਟਰ ਲਗਾਉਣ ਨਾ ਭੁੱਲੇ। ਸਰਟੀਫ਼ੀਕੇਟ ਤੇ ਤਰੀਕ ਲਿਖੀ ਸੀ 29 ਅਪ੍ਰੈਲ ਜੋ ਕਿ ਗ਼ਲਤ ਸੀ ਕਿਉਂਕਿ ਵਿਆਹ ਹੁੰਦੇ ਹੁੰਦੇ ਰਾਤ ਦੇ ਬਾਰਾਂ ਵਜ ਕੇ 25 ਮਿੰਟ ਹੋ ਚੁੱਕੇ ਸਨ। ਕਾਇਦੇ ਨਾਲ ਉਸ 'ਤੇ 30 ਅਪ੍ਰੈਲ ਲਿਖਿਆ ਜਾਣਾ ਸੀ। ਵਿਆਹ ਤੋਂ ਬਾਅਦ ਦੇ ਭੋਜ ਵਿਚ ਬੋਰਮਨ, ਗੋਏਬਲਜ਼, ਮਗਦਾ ਗੋਏਬਲਜ਼, ਜਨਰਲ ਕ੍ਰੇਬਜ਼, ਜਨਰਲ ਬਰਗਡਾਫ਼ਰ ਹਿਟਲਰ ਦੀਆਂ ਦੋ ਨਿੱਜੀ ਸੈਕੱਤਰਾਂ ਅਤੇ ਉਨ੍ਹਾਂ ਦਾ ਸਾਕਾਹਾਰੀ ਰਸੋਈਆ ਵੀ ਸ਼ਾਮਲ ਹੋਇਆ। ਈਵਾ ਹਿਟਲਰ ਦੀ ਸਿਹਤ ਲਈ ਸਭਨਾਂ ਨੇ ਜਾਮ ਚੁੱਕੇ। ਈਵਾ ਨੇ ਕਾਫ਼ੀ ਸ਼ੈਂਪੇਨ ਪੀ ਲਈ। ਹਿਟਲਰ ਨੇ ਵੀ ਸ਼ੈਂਪੇਨ ਦਾ ਇਕ ਘੁੱਟ ਪੀਤਾ ਅਤੇ ਪੁਰਾਣੇ ਦਿਨਾਂ ਬਾਰੇ ਗੱਲਾਂ ਕਰਨ ਲੱਗੇ। ਜਦ ਉਹ ਗੋਏਬਲਜ਼ ਦੇ ਵਿਆਹ ਵਿਚ ਸ਼ਾਮਲ ਹੋਏ ਸਨ। ਫਿਰ ਅਚਾਨਕ ਉਨ੍ਹਾਂ ਦਾ ਮੂਡ ਬਦਲ ਗਿਆ ਅਤੇ ਉਹ ਬੋਲੇ, ''ਸੱਭ ਖ਼ਤਮ ਹੋ ਗਿਆ। ਮੈਨੂੰ ਸਾਰਿਆਂ ਨੇ ਧੋਖਾ ਦਿਤਾ।'' ਅਪਣੇ ਜੀਵਨ ਦੇ ਆਖ਼ਰੀ ਦਿਨ ਹਿਟਲਰ ਨੇ ਕੁੱਝ ਘੰਟਿਆਂ ਦੀ ਨੀਂਦ ਲਈ ਅਤੇ ਤਰੋਤਾਜ਼ਾ ਹੋ ਉੱਠੇ। ਅਕਸਰ ਇਹ ਵੇਖਿਆ ਗਿਆ ਹੈ ਕਿ ਮੌਤ ਦੀ ਸਜ਼ਾ ਪਾਏ ਕੈਦੀ ਅਪਣੀ ਮੌਤ ਤੋਂ ਪਹਿਲਾਂ ਦੀ ਰਾਤ ਸੁੱਖ ਦੀ ਨੀਂਦ ਸੌਂਦੇ ਹਨ। ਨਹਾਉਣ ਅਤੇ ਸ਼ੇਵ ਕਰਨ ਤੋਂ ਬਾਅਦ ਹਿਟਲਰ ਅਪਣੇ ਜਰਨੈਲਾਂ ਨੂੰ ਮਿਲੇ। ਉਨ੍ਹਾਂ ਨੇ ਕਿਹਾ ਕਿ ਅੰਤ ਨੇੜੇ ਹੈ। ਸੋਵੀਅਤ ਫ਼ੌਜੀ ਕਿਸੇ ਵੀ ਪਲ ਉਨ੍ਹਾਂ ਦੇ ਬੰਕਰ ਵਿਚ ਵੜ ਸਕਦੇ ਹਨ।

ਰਾਬਰਟ ਪੇਨ ਲਿਖਦੇ ਹਨ ਕਿ ਹਿਟਲਰ ਨੇ ਪ੍ਰੋਫ਼ੈਸਰ ਹਾਸੇ ਨੂੰ ਬੁਲਾ ਕੇ ਪੁਛਿਆ ਕਿ ਸਾਇਨਾਈਡ ਦੇ ਕੈਪਸੂਲਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ? ਹਿਟਲਰ ਨੇ ਹੀ ਸਲਾਹ ਦਿਤੀ ਕਿ ਉਨ੍ਹਾਂ ਦੀ ਪਰਖ ਉਨ੍ਹਾਂ ਦੀ ਪਿਆਰੀ ਕੁੱਤੀ ਬਲਾਂਡੀ ਤੇ ਕੀਤੀ ਜਾਵੇ। ਪਰਖ ਤੋਂ ਬਾਅਦ ਹਾਸੇ ਨੇ ਹਿਟਲਰ ਨੂੰ ਰੀਪੋਰਟ ਦਿਤੀ, ਪਰਖ ਸਫ਼ਲ ਰਹੀ। ਬਲਾਂਡੀ ਨੂੰ ਮਰਨ ਵਿਚ ਕੁੱਝ ਸਕਿੰਟਾਂ ਤੋਂ ਵੱਧ ਨਹੀਂ ਲੱਗੇ।ਹਿਟਲਰ ਦੀ ਖ਼ੁਦ ਇਹ ਦ੍ਰਿਸ਼ ਵੇਖਣ ਦੀ ਹਿੰਮਤ ਨਾ ਹੋਈ। ਮਰਨ ਤੋਂ ਬਾਅਦ ਬਲਾਂਡੀ ਅਤੇ ਉਸ ਦੇ ਛੇ ਕਤੂਰਿਆਂ ਨੂੰ ਇਕ ਬਕਸੇ ਵਿਚ ਰੱਖ ਕੇ ਚਾਂਸਲਰੀ ਦੇ ਬਗ਼ੀਚੇ ਵਿਚ ਲਿਆਂਦਾ ਗਿਆ। ਕਤੂਰੇ ਅਜੇ ਤਕ ਵੀ ਅਪਣੀ ਮਾਂ ਦੇ ਦੁੱਧਾਂ ਨਾਲ ਚਿੰਬੜੇ ਹੋਏ ਸਨ। ਅੋਟੇ ਗਵੇਂਸ਼ੇ ਨੇ ਉਨ੍ਹਾਂ ਨੂੰ ਇਕ ਇਕ ਕਰ ਕੇ ਗੋਲੀ ਮਾਰੀ ਅਤੇ ਉਸ ਬਕਸੇ ਨੂੰ ਬਗੀਚੇ ਵਿਚ ਹੀ ਦਫ਼ਨਾ ਦਿਤਾ ਗਿਆ।
ਢਾਈ ਵਜੇ ਹਿਟਲਰ ਅਪਣਾ ਆਖ਼ਰੀ ਭੋਜਨ ਕਰਨ ਲਈ ਬੈਠਿਆ। ਅੋਟੇ ਗਵੇਂਜ਼ੇ ਨੂੰ ਹੁਕਮ ਮਿਲਿਆ ਕਿ ਉਹ 200 ਲੀਟਰ ਪਟਰੌਲ ਦਾ ਪ੍ਰਬੰਧ ਕਰੇ ਅਤੇ ਉਸ ਨੂੰ ਚੇਰੀ ਕੈਨੀਆਂ ਵਿਚ ਭਰ ਕੇ ਬੰਕਰ ਦੇ ਬਾਹਰਲੇ ਦਰਵਾਜ਼ੇ ਤਕ ਪਹੁੰਚਾਵੇ। ਹਿਟਲਰ ਦੇ ਜੀਵਨੀਕਾਰ ਏਰਿਕ ਕੈਂਪਕਾ ਨੂੰ ਇਸ ਬਾਰੇ ਫ਼ੋਨ ਕੀਤਾ ਗਿਆ ਤਾਂ ਕੈਂਪਕਾ ਹੱਸਣ ਲੱਗੇ। ਉਨ੍ਹਾਂ ਨੂੰ ਪਤਾ ਸੀ ਕਿ ਚਾਂਸਲਰੀ ਵਿਚ ਪਟਰੌਲ ਦੀ ਕਿੰਨੀ ਕਿੱਲਤ ਹੈ। ਉਹ ਬੋਲੇ, ''ਕਿਸੇ ਨੂੰ 200 ਲੀਟਰ ਪਟਰੌਲ ਦੀ ਕਿਉਂ ਜ਼ਰੂਰਤ ਹੋ ਸਕਦੀ ਹੈ?'' ਪਰ ਗਵੇਂਜ਼ੇ ਨੇ ਹੁਕਮ ਦੇ ਲਹਿਜ਼ੇ ਵਿਚ ਕਿਹਾ ਇਹ ਹੱਸਣ ਦਾ ਸਮਾਂ ਨਹੀਂ। ਕੈਂਪਕਾ ਨੇ ਬੜੀ ਮੁਸ਼ਕਿਲ ਨਾਲ 180 ਲੀਟਰ ਪਟਰੌਲ ਦਾ ਪ੍ਰਬੰਧ ਕੀਤਾ।ਭੋਜਨ ਖ਼ਤਮ ਹੋਣ ਤੇ ਹਿਟਲਰ ਆਖ਼ਰੀ ਵਾਰ ਅਪਣੇ ਸਾਥੀਆਂ ਨੂੰ ਮਿਲਣ ਆਇਆ। ਉਸ ਨੇ ਉਨ੍ਹਾਂ ਦੇ ਚਿਹਰੇ ਵੇਖੇ ਬਗ਼ੈਰ ਉਨ੍ਹਾਂ ਨਾਲ ਹੱਥ ਮਿਲਾਏ। ਉਸ ਦੀ ਪਤਨੀ ਈਵਾ ਬ੍ਰਾਊਨ ਵੀ ਉਸ ਨਾਲ ਹੀ ਸੀ। ਉਸ ਨੇ ਸੰਘਣੇ ਨੀਲੇ ਰੰਗ ਦੀ ਪੋਸ਼ਾਕ ਅਤੇ ਭੂਰੇ ਰੰਗ ਦੇ ਇਟਾਲੀਅਨ ਜੁੱਤੇ ਪਾਏ ਹੋਏ ਸਨ। ਉਸ ਦੇ ਗੁੱਟ 'ਤੇ ਹੀਰਿਆਂ ਨਾਲ ਜੜੀ ਪਲੇਟੀਨਮ ਦੀ ਘੜੀ ਬੱਝੀ ਹੋਈ ਸੀ। ਫਿਰ ਉਹ ਦੋਵੇਂ ਕਮਰੇ ਅੰਦਰ ਚਲੇ ਗਏ। ਉਸੇ ਵੇਲੇ ਅਚਾਨਕ ਸ਼ੋਰ ਸੁਣਾਈ ਦਿਤਾ। ਮਾਗਦਾ ਗੋਏਬਲਜ਼ ਦਰਵਾਜ਼ੇ ਤਕ ਚੀਕਦੀ ਹੋਈ ਆਈ ਕਿ ਹਿਟਲਰ ਨੂੰ ਆਤਮਹਤਿਆ ਨਹੀਂ ਕਰਨੀ ਚਾਹੀਦੀ। ਜੇਕਰ ਉਸ ਨੂੰ ਉਨ੍ਹਾਂ ਨਾਲ ਗੱਲ ਕਰਨ ਦਿਤੀ ਜਾਵੇ ਤਾਂ ਉਹ ਉਨ੍ਹਾਂ ਨੂੰ ਇਹੋ ਜਿਹਾ ਨਾ ਕਰਨ ਲਈ ਮਨਾ ਸਕਦੀ ਹੈ।ਗਰਹਾਰਡ ਬੋਲਟ ਅਪਣੀ ਕਿਤਾਬ 'ਇਨ ਦਾ ਸ਼ੈਲਟਰ ਵਿਦ ਹਿਟਲਰ' ਵਿਚ ਲਿਖਦੇ ਹਨ, ''ਹਿਟਲਰ ਦਾ ਸੁਰੱਖਿਆ ਗਾਰਡ ਗਵੇਂਜ਼ੇ ਛੇ ਫ਼ੁੱਟ ਦੋ ਇੰਚ ਲੰਮਾ ਸੀ ਅਤੇ ਬਿਲਕੁਲ ਗੁਰੀਲਾ ਜਿਹਾ ਲਗਦਾ ਸੀ। ਮਾਗਦਾ ਅਪਣੀ ਗੱਲ ਤੇ ਐਨਾ ਜ਼ੋਰ ਦੇ ਰਹੀ ਸੀ ਕਿ ਗਵੇਂਜ਼ੇ ਨੇ ਹਿਟਲਰ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦਾ ਫ਼ੈਸਲਾ ਕੀਤਾ। ਦਰਵਾਜ਼ਾ ਅੰਦਰ ਤੋਂ ਬੰਦ ਨਹੀਂ ਸੀ। ਗਵੇਂਜ਼ੇ ਨੇ ਹਿਟਲਰ ਤੋਂ ਪੁਛਿਆ, ''ਕੀ ਤੁਸੀ ਮਾਗਦਾ ਨਾਲ ਮਿਲਣਾ ਪਸੰਦ ਕਰੋਗੇ?'' ਈਵਾ ਦਾ ਕੋਈ ਪਤਾ ਨਹੀਂ ਸੀ। ਸ਼ਾਇਦ ਉਹ ਬਾਥਰੂਮ ਵਿਚ ਸੀ ਕਿਉਂਕਿ ਅੰਦਰੋਂ ਪਾਣੀ ਚੱਲਣ ਦੀ ਆਵਾਜ਼ ਆ ਰਹੀ ਸੀ। ਹਿਟਲਰ ਮੁੜਿਆ ਅਤੇ ਬੋਲਿਆ, ''ਮੈਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ।'' ਇਸ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ਾ ਬੰਦ ਕਰ ਲਿਆ।ਦਰਵਾਜ਼ੇ ਦੇ ਠੀਕ ਬਾਹਰ ਖੜੇ ਹੇਜ਼ ਲਿੰਗੇ ਨੂੰ ਪਤਾ ਹੀ ਨਾ ਲਗਿਆ ਕਿ ਹਿਟਲਰ ਨੇ ਕਦੋਂ ਅਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਸ ਨੂੰ ਇਸ ਦਾ ਪਹਿਲਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਦੇ ਨੱਕ ਵਿਚ ਬਾਰੂਦ ਦੀ ਹਲਕੀ ਜਿਹੀ ਮਹਿਕ ਗਈ।ਰੋਕਸ ਮਿਸਚ ਹਿਟਲਰ ਦੇ ਬੰਕਰ ਵਿਚ ਟੈਲੀਫ਼ੋਨ ਆਪਰੇਟਰ ਸੀ। ਕੁੱਝ ਸਾਲ ਪਹਿਲਾਂ ਉਸ ਨੇ ਬੀ.ਬੀ.ਸੀ. ਨਾਲ ਗੱਲ ਕਰਦੇ ਹੋਏ ਕਿਹਾ ਸੀ, ''ਅਚਾਨਕ ਮੈਂ ਸੁਣਿਆ ਕਿ ਕੋਈ ਹਿਟਲਰ ਦੇ ਅਟੈਂਡੈਂਟ ਤੋਂ ਉੱਚੀ ਉੱਚੀ ਕਹਿ ਰਿਹਾ ਸੀ, ''ਲਿੰਗੇ! ਲਿੰਗੇ! ਸ਼ਾਇਦ ਹਿਟਲਰ ਨਹੀਂ ਰਹੇ। ਸ਼ਾਇਦ ਉਨ੍ਹਾਂ ਨੇ ਗੋਲੀ ਦੀ ਆਵਾਜ਼ ਸੁਣੀ ਪਰ ਮੈਨੂੰ ਤਾਂ ਕੋਈ ਆਵਾਜ਼ ਸੁਣਾਈ ਨਹੀਂ ਦਿਤੀ। ਉਸੇ ਸਮੇਂ ਹਿਟਲਰ ਦੇ ਨਿਜੀ ਸੈਕੇਟਰੀ ਬੇਰਮਨ ਨੇ ਸਾਰਿਆਂ ਨੂੰ ਚੁੱਪ ਹੋਣ ਲਈ ਕਿਹਾ। ਹਰ ਕੋਈ ਫੁਸਫੁਸਾ ਕੇ ਗੱਲ ਕਰ ਰਿਹਾ ਸੀ। ਬੋਰਮਨ ਨੇ ਹਿਟਲਰ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦਾ ਹੁਕਮ ਦਿਤਾ। ਮੈਂ ਵੇਖਿਆ ਕਿ ਹਿਟਲਰ ਦਾ ਸਿਰ ਮੇਜ਼ ਤੇ ਮੂਧਾ ਪਿਆ ਸੀ। ਈਵਾ ਬ੍ਰਾਊਨ ਸੋਫ਼ੇ ਤੇ ਲੰਮੀ ਪਈ ਹੋਈ ਸੀ। ਉਸ ਦੇ ਗੋਡੇ ਛਾਤੀ ਤਕ ਮੁੜੇ ਹੋਏ ਸਨ। ਉਸ ਨੇ ਗਾੜ੍ਹੇ ਨੀਲੇ ਰੰਗ ਦੀ ਪੋਸ਼ਾਕ ਪਾਈ ਹੋਈ ਸੀ ਜਿਸ ਉਤੇ ਚਿੱਟੇ ਰੰਗ ਦੀ ਝਾਲਰ ਲੱਗੀ ਹੋਈ ਸੀ। ਮਰਦੇ ਮਰਦੇ ਸ਼ਾਇਦ ਉਨ੍ਹਾਂ ਨੇ ਅਪਣਾ ਹੱਥ ਫੈਲਾਇਆ ਸੀ ਜਿਸ ਕਰ ਕੇ ਉਥੇ ਰੱਖਿਆ ਫੁੱਲਾਂ ਦਾ ਗੁਲਦਸਤਾ ਹੇਠਾਂ ਡਿੱਗ ਗਿਆ ਸੀ। ਮੈਂ ਇਸ ਦ੍ਰਿਸ਼ ਨੂੰ ਕਦੀ ਨਹੀਂ ਭੁੱਲ ਸਕਦਾ।'' ਇਸ ਤੋਂ ਬਾਅਦ ਲਿੰਗੇ ਨੇ ਹਿਟਲਰ ਦੇ ਮੁਰਦਾ ਸਰੀਰ ਨੂੰ ਕੰਬਲ ਵਿਚ ਲਪੇਟ ਦਿਤਾ ਅਤੇ ਉਸ ਨੂੰ ਲੈ ਕੇ ਐਮਰਜੈਂਸੀ ਦਰਵਾਜ਼ੇ ਰਾਹੀਂ ਉੱਪਰ ਚਾਂਸਲਰੀ ਦੇ ਬਗ਼ੀਚੇ ਵਿਚ ਲਿਆਇਆ। ਬੋਰਮਨ ਨੇ ਈਵਾ ਬ੍ਰਾਊਨ ਦੇ ਸਰੀਰ ਨੂੰ ਅਪਣੇ ਹੱਥਾਂ ਨਾਲ ਚੁਕਿਆ।'' 
ਰੋਕਸ ਮਿਸਚ ਅੱਗੇ ਯਾਦ ਕਰਦੇ ਹੋਏ ਕਹਿੰਦੇ ਹਨ, ''ਜਦ ਉਹ ਹਿਟਲਰ ਦੇ ਮ੍ਰਿਤਕ ਸਰੀਰ ਨੂੰ ਮੇਰੇ ਕੋਲੋਂ ਲੈ ਕੇ ਲੰਘੇ ਤਾਂ ਉਨ੍ਹਾਂ ਦੇ ਪੈਰ ਲਮਕ ਰਹੇ ਸਨ। ਕਿਸੇ ਨੇ ਮੈਨੂੰ ਉੱਚੀ ਆਵਾਜ਼ ਵਿਚ ਕਿਹਾ 'ਜਲਦੀ ਉਪਰ ਆਉ। ਉਹ ਲੋਕ ਬੌਸ ਨੂੰ ਸਾੜ ਰਹੇ ਹਨ।' ਪਰ ਮੈਂ ਉਪਰ ਨਾ ਗਿਆ।''ਹਿਟਲਰ ਦੇ ਜੀਵਨੀਕਾਰ ਈਯਾਨ ਕਰਸ਼ਾਂ ਲਿਖਦੇ ਹਨ, ''ਇਸ ਦ੍ਰਿਸ਼ ਨੂੰ ਹਿਟਲਰ ਦੇ ਆਖ਼ਰੀ ਦਿਨਾਂ ਦੇ ਸਾਰੇ ਸਾਥੀ ਬੰਕਰ ਦੇ ਦਰਵਾਜ਼ੇ ਰਾਹੀਂ ਵੇਖ ਰਹੇ ਸਨ। ਜਿਉਂ ਹੀ ਉਨ੍ਹਾਂ ਦੇ ਮ੍ਰਿਤਕ ਸਰੀਰਾਂ ਨੂੰ ਅੱਗ ਵਿਖਾਈ ਗਈ, ਸਾਰਿਆਂ ਨੇ ਹੱਥ ਉੱਚੇ ਕਰ ਕੇ 'ਹੇਲ ਹਿਟਲਰ' ਕਿਹਾ ਅਤੇ ਵਾਪਸ ਬੰਕਰ ਵਿਚ ਚਲੇ ਗਏ। ਉਸ ਸਮੇਂ ਤੇਜ਼ ਹਵਾ ਚਲ ਰਹੀ ਸੀ। ਜਦ ਲਾਟਾਂ ਘੱਟ ਹੋਈਆਂ ਤਾਂ ਉਨ੍ਹਾਂ ਤੇ ਹੋਰ ਪਟਰੌਲ ਪਾਇਆ ਗਿਆ। ਢਾਈ ਘੰਟਿਆਂ ਤਕ ਲਾਟਾਂ ਉਠਦੀਆਂ ਰਹੀਆਂ। ਰਾਤ 11 ਵਜੇ ਗਵੇਂਜ਼ੇ ਨੇ ਐਸ.ਐਸ. ਜਵਾਨਾਂ ਨੂੰ ਉਨ੍ਹਾਂ ਸੜ ਚੁੱਕੇ ਸਰੀਰਾਂ ਨੂੰ ਦਫ਼ਨਾਉਣ ਲਈ ਭੇਜਿਆ। ਕੁੱਝ ਦਿਨਾਂ ਬਾਅਦ ਜਦ ਸੋਵੀਅਤ ਜਾਂਚਕਰਤਾਵਾਂ ਨੇ ਹਿਟਲਰ ਅਤੇ ਉਸ ਦੀ ਪਤਨੀ ਦੇ 'ਫੁੱਲਾਂ' ਨੂੰ ਬਾਹਰ ਕਢਿਆ ਤਾਂ ਸੱਭ ਕੁੱਝ ਖ਼ਤਮ ਹੋ ਗਿਆ ਸੀ। ਉਥੇ ਇਕ ਡੈਂਟਲ ਬ੍ਰਿਜ (ਨਕਲੀ ਦੰਦਾਂ ਦਾ ਜੋੜਾ) ਜ਼ਰੂਰ ਮਿਲਿਆ। 1938 ਤੋਂ ਹਿਟਲਰ ਦੇ ਦੰਦ ਡਾਕਟਰ ਨਾਲ ਕੰਮ ਕਰਨ ਵਾਲੇ ਇਕ ਸ਼ਖ਼ਸ ਨੇ ਪੁਸ਼ਟੀ ਕੀਤੀ ਕਿ ਉਹ ਡੈਂਟਲ ਬ੍ਰਿਜ ਹਿਟਲਰ ਦੇ ਹੀ ਸਨ। 
 
                     
                
 
	                     
	                     
	                     
	                     
     
     
     
     
     
                     
                     
                     
                     
                    