
ਮਾ ਲਵੇ ਦੇ ਕਿਸੇ ਪਿੰਡ ਦੀ ਖ਼ਬਰ ਸੀ। ਵਿਚ ਗੁਰੂ ਘਰ ਦਾ ਵੀ ਜ਼ਿਕਰ ਸੀ। ਕੁੜੀ ਦਲਿਤ ਸੀ-ਨੰਨ੍ਹੀ ਤਾਂ ਸੀ। ਕੁੜੀ ਤੇ ਇਲਜ਼ਾਮ ਸੀ ਕਿ ਉਹ 'ਲੰਗਰ' ਦੀ ਦਾਲ ਚੋਰੀ ਕਰਦੀ ਫੜੀ ਗਈ। ਲੰਗਰ ਦੀ ਦਾਲ ਸੁਆਦ ਹੁੰਦੀ ਹੈ। ਖਾਣ ਲਈ ਹੁੰਦੀ ਹੈ। ਹਰ ਕੋਈ ਖਾਣਾ ਚਾਹੁੰਦਾ ਹੈ। ਪਈ ਪਈ ਦਾ ਸਵਾਦ ਬਦਲ ਜਾਂਦਾ ਹੈ। ਜਿੰਨੀ ਛੇਤੀ ਖਾਧੀ ਜਾਵੇ, ਚੰਗਾ ਹੈ। ਉਸ ਕੁੜੀ ਦੇ ਘਰ ਉਸ ਦੀ ਦਲਿਤ ਮਾਂ ਸੀ। ਗ਼ਰੀਬ ਸੀ। ਸ਼ਰਧਾ ਆਈ ਹੋਵੇਗੀ ਕਿ ਉਹ ਲੰਗਰ ਦੀ ਦਾਲ ਅਪਣੀ ਮਾਂ ਵਾਸਤੇ ਵੀ ਲੈ ਜਾਵੇ। ਲਾਲਚ ਵੀ ਆਇਆ ਹੋਵੇਗਾ ਕਿ ਇਕ ਡੰਗ ਦੀ ਦਾਲ ਸਬਜ਼ੀ ਨਾ ਬਣਾਉਣੀ ਪਵੇਗੀ। ਖ਼ਬਰ ਵਿਚ ਕਿਹਾ ਗਿਆ ਹੈ ਕਿ ਪ੍ਰਬੰਧਕਾਂ ਨੇ ਲੜਕੀ ਨੂੰ ਬੁਰਾ ਭਲਾ ਕਿਹਾ। 'ਜਾਤੀ ਸੂਚਕ' ਸ਼ਬਦ ਬੋਲੇ। ਮਾਮਲਾ ਪੁਲਿਸ ਕੋਲ ਚਲਾ ਗਿਆ। ਮਾਮਲਾ ਗੰਭੀਰ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਕੋਲ ਗੱਲ ਪਹੁੰਚੀ। ਮਾਮਲਾ ਅਕਾਲੀ ਦਲ ਦੇ ਲੀਡਰਾਂ ਤਕ ਪਹੁੰਚਿਆ। ਪੁਲਿਸ ਵਾਲਿਆਂ ਮਾਮਲਾ ਐਸ.ਸੀ./ਐਸ.ਟੀ ਐਕਟ ਅਧੀਨ ਦਰਜ ਕੀਤਾ। ਮਾਮਲਾ ਵਿਗੜਿਆ ਹੋਇਆ ਚਰਚਾ ਵਿਚ ਆ ਗਿਆ। ਨਿਮਾਣੀ 'ਦਾਲ' ਦਾ। ਦਾਲ ਤਾਂ ਪਵਿੱਤਰ ਦਾਲ ਸੀ। ਲੰਗਰ ਦੀ ਦਾਲ ਸੀ। ਲੰਗਰ ਤਾਂ ਵਰਤਾਇਆ ਜਾਂਦਾ ਹੈ। ਵੰਡਿਆ ਜਾਂਦਾ ਹੈ। ਅਜੀਬ ਲਗਦਾ ਹੈ ਕਿ ਲੰਗਰ ਦੀ ਦਾਲ ਦਾ ਮਾਮਲਾ ਪੁਲਿਸ ਤਕ ਕਿਉਂ ਪੁੱਜਾ? ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਕ ਕਹਾਣੀ, ਚੇਤੇ ਆਉਂਦੀ ਹੈ ਕਿ ਉਸ ਦੇ ਰਾਜ ਵਿਚ ਕਾਲ ਪੈ ਗਿਆ ਸੀ। ਮਹਾਰਾਜਾ ਨੇ ਅਨਾਜ ਦੇ ਭੰਡਾਰ ਖੋਲ੍ਹ ਦਿਤੇ ਕਿ ਜਿਸ ਤੋਂ ਜਿੰਨੀ ਕਣਕ ਚੁੱਕੀ ਹੁੰਦੀ ਹੈ, ਚੁੱਕ ਕੇ ਲੈ ਜਾਵੇ। ਇਕ ਬੁੱਢੇ ਆਦਮੀ ਨੇ ਕਣਕ ਬੋਰੀ ਵਿਚ ਪਾ ਲਈ, ਫਿਰ ਚੁੱਕੀ ਨਾ ਜਾਵੇ। ਮਹਾਰਾਜਾ ਖੜੇ ਵੇਖ ਰਹੇ ਸਨ। ਉਹ ਮੁਸਕੁਰਾ ਰਹੇ ਸਨ। ਫਿਰ ਉਹ ਅੱਗੇ ਹੋਏ ਤੇ ਕਣਕ ਦੀ ਭਰੀ ਬੋਰੀ ਆਪ ਚੁੱਕੀ। ਉਸ ਗ਼ਰੀਬ ਬੁੱਢੇ ਦੇ ਘਰ ਛੱਡ ਕੇ ਆਏ। ਗੁਰੂ ਸਾਹਿਬ ਨਾਲ ਸਬੰਧਤ ਸੱਚੇ ਸੌਦਾ ਵਾਲੀ ਸਾਖੀ ਵੀ ਇਹੀ ਉਪਦੇਸ਼ ਦੇਂਦੀ ਹੈ, ਭੁੱਖੇ, ਗ਼ਰੀਬ ਲੋਕਾਂ ਦੀ ਪੂਰੀ ਮਦਦ। ਲੰਗਰ ਦਾ ਸਹੀ ਅਰਥ ਵੀ ਇਹੀ ਹੈ, ਲੋੜਵੰਦ ਨੂੰ ਰੋਟੀ। ਪਰ ਲਗਦਾ ਹੈ ਲੰਗਰ ਦੇ ਅਰਥ ਬਦਲ ਗਏ ਹਨ। ਰੱਜਿਆਂ ਦੇ ਅੱਗੇ ਭੋਜਨ ਰਖਣਾ ਹੀ 'ਲੰਗਰ' ਮੰਨਿਆ ਜਾ ਰਿਹਾ ਹੈ। ਜੋ ਘਰ ਵਿਚੋਂ 'ਮਨਮਰਜ਼ੀ' ਦਾ ਖਾ ਕੇ ਆਏ ਹੁੰਦੇ ਹਨ, ਉਹੀ ਲੰਗਰ ਖਾਣ ਦੇ ਪਾਤਰ ਸਮਝੇ ਜਾਂਦੇ ਹਨ। ਜਿਹੜੇ ਹੱਥ ਜੋੜ ਕੇ 'ਲੰਗਰ' ਮੰਗਦੇ ਹਨ ਉਨ੍ਹਾਂ ਨੂੰ ਦਬਕਾ ਕੇ ਪਰੇ ਬਿਠਾ ਦਿਤਾ ਜਾਂਦਾ ਹੈ। ਇਕ ਦਲਿਤ ਕੰਨਿਆ ਉਤੇ ਦਾਲ ਚੋਰੀ ਦੇ ਇਲਜ਼ਾਮ ਮੰਦਭਾਗੇ ਹਨ, ਨਹੀਂ ਲਗਣੇ ਚਾਹੀਦੇ ਸਨ। ਮਾਮਲਾ ਪੁਲਿਸ ਕੋਲ ਨਹੀਂ ਸੀ ਜਾਣਾ ਚਾਹੀਦਾ। ਮਾਮਲਾ ਮੀਡੀਆ ਵਿਚ ਨਹੀਂ ਸੀ ਜਾਣਾ ਚਾਹੀਦਾ। ਗੁਨਾਹਗਾਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉਠਣ ਲੱਗੀ ਪਰ ਜਿਵੇਂ ਕਿ ਅਕਸਰ ਹੁੰਦਾ ਹੈ, ਗੱਲ ਸ਼ਾਂਤ ਹੋ ਗਈ। ਰਾਜ਼ੀਨਾਮਾ ਹੋ ਗਿਆ। ਕੇਸ ਵਾਪਸ ਹੋ ਗਏ। ਅੰਨ ਬੁਰਾ ਨਹੀਂ ਹੁੰਦਾ, ਮਨ ਬੁਰਾ ਹੁੰਦਾ ਹੈ। ਚੌਲਾਂ ਦੀ ਬੁਰਕੀ-ਰੋਟੀ ਹੋਵੇ, ਦਾਲ ਹੋਵੇ, ਇਹ ਲੰਗਰ ਤਾਂ ਗ਼ਰੀਬਾਂ ਲਈ ਹੁੰਦਾ ਹੈ। ਪਰ ਲੰਗਰ ਤਿਆਰ ਕਰ ਕੇ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਰਖਿਆ ਜਾਂਦਾ ਹੈ। ਲੰਗਰ ਬਚਾਇਆ ਜਾਂਦਾ ਹੈ ਜਾਂ ਬਚ ਜਾਂਦਾ ਹੈ। ਲੰਗਰ ਦਾ ਮਕਸਦ ਤਾਂ ਪੰਗਤ ਵਿਚ ਬੈਠ ਕੇ ਖਾਣਾ ਹੁੰਦਾ ਹੈ। ਘਟਨਾ ਵਾਪਰ ਗਈ, ਖ਼ਤਮ ਹੋ ਗਈ-ਪਰ ਯਾਦ ਰਹੇਗੀ। ਕੁੜੀ ਦਲਿਤ ਸੀ। ਲੰਗਰ ਦੀ ਦਾਲ ਸੀ। ਇਸ ਤੋਂ ਕੁੱਝ ਸਮਾਂ ਪਹਿਲਾਂ ਮੋਗੇ ਦੇ ਨੇੜੇ ਵੀ ਕੁੜੀ ਦਲਿਤ ਸੀ ਪਰ ਇਕ 'ਮਾਲਕਾਂ' ਦੀ ਬੱਸ ਸੀ। ਖ਼ਬਰ ਆਈ ਕਿ ਬੱਸ ਦੇ ਅੰਦਰ ਬੱਸ ਦੇ ਕਰਮਚਾਰੀ ਨੇ ਕੁੜੀ ਨਾਲ ਬਦਸਲੂਕੀ ਕੀਤੀ। ਅਪਣੀ ਇੱਜ਼ਤ ਬਚਾਉਂਦੀ ਬਚਾਉਂਦੀ ਕੁੜੀ ਨੇ ਚਲਦੀ ਬੱਸ ਵਿਚੋਂ ਛਾਲ ਮਾਰ ਦਿਤੀ। ਫਿਰ ਕੁੜੀ ਦੀ ਜਾਨ ਚਲੀ ਗਈ। ਮੀਡੀਆ ਵਿਚ ਮਾਮਲਾ ਪਹੁੰਚਿਆ। ਕੁੜੀ ਦੇ ਮਾਪੇ ਦਲਿਤ ਸਨ। ਦੂਜੇ ਪਾਸੇ ਬੱਸ ਦੇ ਮਾਲਕ ਸਨ। ਮਾਲਕ ਕਹਿਣ ਪਤਾ ਕਰਦੇ ਹਾਂ ਕਿ ਇਹ ਬੱਸ ਹੈ ਕਿਸ ਦੀ। ਫਿਰ ਪਤਾ ਲੱਗਾ ਰਾਜ਼ੀਨਾਮਾ ਹੋ ਗਿਆ। ਪਹਿਲਾਂ ਰਾਜ਼ੀ ਹੋ ਗਏ। ਫਿਰ ਨਾਮਾ ਲੈ ਲਿਆ। ਜਾਂ ਪਹਿਲਾਂ ਨਾਮਾ ਲੈ ਲਿਆ ਫਿਰ ਰਾਜ਼ੀ ਹੋ ਗਏ, ਇਹੀ ਰਾਜ਼ੀਨਾਮਾ ਹੁੰਦਾ ਹੈ। ਰਾਜ਼ੀ ਜਮ੍ਹਾਂ ਨਾਮਾ, ਰਾਜ਼ੀ+ਨਾਮਾ। ਸੁਣਿਆ ਹੈ ਕਿ 22 ਲੱਖ ਦਲਿਤ ਕੁੜੀ ਦੇ ਵਾਰਸਾਂ ਨੂੰ ਦਿਤਾ ਗਿਆ। ਮਾਮਲਾ ਸ਼ਾਂਤ ਹੋ ਗਿਆ। ਅਦਾਲਤ ਵਿਚ ਜਿਹੜਾ ਕੇਸ ਚਲਿਆ ਉਥੇ ਕੁੜੀ ਦੇ ਮਾਂ-ਬਾਪ ਗਵਾਹੀ ਦੇਣ ਨਹੀਂ ਆਏ। ਜੱਜ ਨੇ ਦੋਸ਼ੀਆਂ ਨੂੰ ਬਰੀ ਕਰ ਦਿਤਾ। ਕੁੜੀ ਦਲਿਤ ਸੀ। ਕੁੜੀ ਮਰ ਗਈ ਪਰ ਮਰਦੀ-ਮਰਦੀ ਚੰਗੀ ਮੋਟੀ ਰਕਮ ਅਪਣੀ ਮਾਂ ਦੀ ਝੋਲੀ ਵਿਚ ਪਾ ਗਈ। ਕੁੜੀ ਦਲਿਤ ਸੀ। ਕੁੜੀ ਦੀ ਮਾਂ ਦੇ ਹੱਥ ਵਿਚ 22 ਲੱਖ ਦੇ ਨੋਟ ਸਨ। ਮਾਮਲਾ ਸ਼ਾਂਤ।
ਮੋਗੇ ਤੋਂ ਤਰਨ ਤਾਰਨ ਚਲਦੇ ਹਨ। ਪਿਛਲੇ ਸਾਲਾਂ ਦੀਆਂ ਸੁਰਖ਼ੀਆਂ ਹਨ। ਨਾ ਲੰਗਰ ਦੀ ਦਾਲ ਸੀ, ਨਾ ਮਾਲਕਾਂ ਦੀ ਬੱਸ ਸੀ। ਜਵਾਨ ਕੁੜੀ ਸੀ, ਕੁੜੀ ਦਲਿਤ ਸੀ, ਅਪਣੇ ਪਿਉ ਨਾਲ ਜਾ ਰਹੀ ਸੀ। ਕਿਧਰੇ ਵਿਆਹ ਤੋਂ ਪਰਤੇ ਸਨ। ਪਿੰਡ ਉਸਮਾਂ (ਤਰਨ ਤਾਰਨ) ਦੀ ਰਹਿਣ ਵਾਲੀ। ਮਾਮਲਾ ਕੁੱਝ ਹੋਰ ਸੀ, ਬਣ ਕੁੱਝ ਹੋਰ ਗਿਆ। ਛੇੜਖਾਨੀ ਦਾ ਮਾਮਲਾ ਸੀ, ਪੁਲਿਸ ਵਾਲੇ ਨੇ ਲੜਕੀ ਨੂੰ ਕੁਟਣਾ ਸ਼ੁਰੂ ਕਰ ਦਿਤਾ। ਲੜਕੀ ਦੇ ਭਰਾ ਨੇ ਫਟਾ-ਫਟਾ ਵੀਡੀਉ ਬਣਾ ਲਈ। ਵੀਡੀਉ ਪੂਰੇ ਦੇਸ਼ ਵਿਚ ਟੀ.ਵੀ. ਉਤੇ ਨਸ਼ਰ ਹੋਈ। ਬਾਰਾਂ ਸਕਿੰਟ ਦੀ ਮੂਵੀ ਦਾ ਨੋਟਿਸ ਮਾਣਯੋਗ ਸੁਪਰੀਮ ਕੋਰਟ ਨੇ ਲਿਆ। ਸਰਕਾਰ ਨੂੰ ਅਦਾਲਤ ਵਿਚ ਪੇਸ਼ ਹੋਣਾ ਪਿਆ ਪੁਲਿਸ ਵਾਲਿਆਂ ਦੀ ਬਰਖ਼ਾਸਤਗੀ ਦੀ ਮੰਗ ਉਠੀ ਪਰ ਸਰਕਾਰ ਸਾਰੇ ਕੁੱਝ ਤੇ ਪਰਦਾ ਪਾ ਗਈ। ਨਾ ਪੁਲਿਸ ਵਾਲਿਆਂ ਵਿਰੁਧ ਕਾਰਵਾਈ ਹੋਈ, ਨਾ ਕੁੜੀ ਨੂੰ ਪੁਲਿਸ ਦਾ ਮੁਕਾਬਲਾ ਕਰਨ ਦਾ ਕੋਈ ਇਨਾਮ ਮਿਲਿਆ। ਕੁੜੀ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਪੀਆਂ, ਖ਼ਬਰਾਂ ਵਿਚ ਨਾਂ ਛਪਿਆ। ਖ਼ਬਰ ਵਿਚ ਲੰਗਰ ਦੀ ਦਾਲ ਨਹੀਂ ਸੀ। ਖ਼ਬਰ ਵਿਚ ਦਲਿਤ ਕੁੜੀ ਦੀ ਬਹਾਦਰੀ ਸੀ। ਦਲਿਤ ਕੁੜੀ ਵੀਰਾਂਗਣਾ ਸੀ। ਦਲਿਤਾਂ ਦੀਆਂ ਕੁੜੀਆਂ ਤੇ ਵਧੀਕੀਆਂ ਦੇ ਕਿੱਸੇ ਹਜ਼ਾਰਾਂ ਹਨ। ਵਿਤਕਰੇਬਾਜ਼ੀ ਹੈ, ਲੁੱਟ ਖੋਹ ਤੇ ਛੇੜਖਾਨੀ ਦੀਆਂ ਬੇਹੂਦਾ ਘਟਨਾਵਾਂ। 'ਦਲਿਤਾਂ ਦੀਆਂ ਕੁੜੀਆਂ ਨੇ, ਬੈਠ ਕੇ ਜੁੜੀਆਂ ਨੇ, ਕਰਨ ਵਿਚਾਰਾਂ।' ਇਹ ਵੀ ਖ਼ਬਰ ਕਿਸੇ ਪਾਸੇ ਤੋਂ ਆਈ ਹੈ ਕਿ ਕਾਲਜਾਂ ਵਿਚ ਪੜ੍ਹਦੀਆਂ ਦਲਿਤਾਂ ਦੀਆਂ ਕੁੜੀਆਂ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਨੇ ਵਿਚਾਰ ਕੀਤਾ ਕਿ ਅਜਿਹਾ ਕਿਉਂ ਹੋ ਰਿਹਾ ਹੈ? ਮਾਮਲਾ ਵਿਤਕਰੇਬਾਜ਼ੀ ਦਾ ਹੈ, ਮਾਮਲਾ ਦਲਿਤਾਂ ਦੀਆਂ ਕੁੜੀਆਂ ਅਤੇ ਮੁੰਡਿਆਂ ਦਾ ਹੈ। ਸਰਕਾਰ ਕਹਿੰਦੀ ਹੈ ਦਲਿਤਾਂ ਦੀਆਂ ਕੁੜੀਆਂ/ਮੁੰਡਿਆਂ ਤੋਂ ਫ਼ੀਸ ਨਹੀਂ ਲੈਣੀ, ਮੁਫ਼ਤ ਪੜ੍ਹਾਉਣਾ ਹੈ। ਇਸ ਦਾ ਖ਼ਰਚਾ ਸਰਕਾਰ ਦੇਵੇਗੀ ਪਰ ਫਿਰ ਵੀ ਗ਼ੈਰ-ਸਰਕਾਰੀ ਅਦਾਰਿਆਂ ਵਲੋਂ ਦਲਿਤ ਕੁੜੀਆਂ ਤੋਂ ਫ਼ੀਸਾਂ ਮੰਗੀਆਂ ਜਾ ਰਹੀਆਂ ਹਨ। ਉਮੀਦ ਕੀਤੀ ਜਾਂਦੀ ਹੈ ਕਾਲਜ/ਯੂਨੀਵਰਸਟੀ ਵਿਚ ਪੜ੍ਹਦੀਆਂ ਦਲਿਤ ਕੁੜੀਆਂ ਜਾਗਰੂਕ ਹੋ ਗਈਆਂ ਹੋਣਗੀਆਂ। ਯੂਨੀਵਰਸਟੀ ਵਲੋਂ ਕਿਸੇ ਵੀ ਵਧੀਕੀ ਜਾਂ ਵਿਰੋਧ ਨੂੰ ਸਮਝਣ ਦੇ ਯੋਗ ਹੋ ਗਈਆਂ ਹਨ ਜਾਂ ਹੋ ਜਾਣਗੀਆਂ। ਪਿਛਲੇ ਦਿਨੀਂ ਜਲੰਧਰ ਦੇ ਸਿਖਿਆ ਦੇ ਖੇਤਰ ਵਿਚ ਕਈ ਅਦਾਰਿਆਂ ਨੇ ਦਾਖ਼ਲੇ ਦੇ ਫ਼ਾਰਮ ਰੋਕ ਲਏ। ਦਲਿਤਾਂ ਦੀਆਂ ਕੁੜੀਆਂ ਨੇ ਇਸ ਦਾ ਵਿਰੋਧ ਕੀਤਾ, ਕੁੜੀਆਂ ਫਿਰ ਜੁੜੀਆਂ। ਇਕੱਠੀਆਂ ਹੋਈਆਂ ਕੁੜੀਆਂ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਜਾ ਵੜੀਆਂ। ਅਪਣੀ ਸਮੱਸਿਆ ਡੀ.ਸੀ. ਨੂੰ ਦਸੀ। ਅਪਣੀ ਸਮੱਸਿਆ ਜ਼ਿਲ੍ਹੇ ਦੇ ਸਮਾਜ ਭਲਾਈ ਵਿਭਾਗ ਦੇ ਅਫ਼ਸਰਾਂ ਨੂੰ ਵੀ ਦੱਸੀ। ਪੋਸਟ ਮੈਟਰਿਕ ਸਕਾਲਰਸ਼ਿਪ ਦੇ ਤਹਿਤ 500 (ਦਲਿਤ) ਵਿਦਿਆਰਥੀਆਂ ਦੇ ਫ਼ਾਰਮ ਰੱਦ ਕਰ ਦਿਤੇ ਹਨ। ਪੜ੍ਹੇ ਲਿਖੇ ਦਲਿਤ ਬੱਚਿਆਂ ਉਤੇ ਤਸ਼ੱਦਦ ਦੀ ਹੱਦ ਹੈ। ਸਰਕਾਰ ਬਣਦਾ ਪੈਸਾ ਨਿਜੀ ਸਿਖਿਆ ਦੇ ਅਦਾਰਿਆਂ ਨੂੰ ਨਹੀਂ ਦੇ ਰਹੀ। ਬਦਲੇ ਵਿਚ ਨਿਜੀ ਅਦਾਰੇ ਦਲਿਤ ਬੱਚਿਆਂ ਉਤੇ ਤਸ਼ੱਦਦ ਕਰ ਰਹੇ ਹਨ। ਫ਼ਾਰਮ ਰੋਕੇ ਜਾ ਰਹੇ ਹਨ। ਅਸੈਸਮੈਂਟ ਦੇ ਨੰਬਰ ਘੱਟ ਲਾਏ ਜਾ ਰਹੇ ਹਨ। ਮਾਮਲਾ ਗੰਭੀਰ ਹੈ। ਦਲਿਤਾਂ ਦੇ ਚੁਣੇ ਹੋਏ ਨੁਮਾਇੰਦੇ ਚੁੱਪ ਬੈਠੇ ਹਨ, ਮੰਤਰੀ ਚੁੱਪ ਹਨ। ਸਰਕਾਰ ਵਿਚ ਬੈਠੇ ਆਈ.ਏ.ਐਸ.-ਪੀ.ਸੀ.ਐਸ. ਅਧਿਕਾਰੀ ਚੁੱਪ ਹਨ। ਧਰਮ ਦੇ ਖੇਤਰ ਵਿਚ ਪ੍ਰਚਾਰ ਕਰ ਰਹੇ ਧਾਰਮਕ ਆਗੂ ਚੁੱਪ ਹਨ। ਜਗਰਾਤਿਆਂ ਵਿਚ ਭੇਟਾਂ ਗਾਉਣ ਵੇਲੇ ਇਨ੍ਹਾਂ ਪਹਿਲੂਆਂ ਵਲ ਕਿਉਂ ਧਿਆਨ ਨਹੀਂ ਦਿਤਾ ਜਾਂਦਾ? ਕੰਜਕਾਂ ਨੂੰ ਭੋਜਨ ਖੁਆਇਆ ਗਿਆ, ਪੈਰ ਧੋਭੇ ਗਏ, ਪੈਸੇ ਦਿਤੇ ਗਏ। ਕੰਜਕਾਂ ਲੱਭ-ਲੱਭ ਲੋਕੀ ਥੱਕ ਗਏ ਕੰਜਕਾਂ ਨਾ ਮਿਲੀਆਂ ਤਾਂ ਪ੍ਰਵਾਸੀ (ਦਲਿਤ) ਮਜ਼ਦੂਰਾਂ ਦੀਆਂ ਕੁੜੀਆਂ ਨੂੰ ਲਿਆਂਦਾ ਗਿਆ। ਕੰਜਕਾਂ (ਦਲਿਤ ਕੁੜੀਆਂ) ਨੂੰ ਭੋਜਨ ਕਰਵਾ ਕੇ ਅਪਣੇ ਘਰ ਪੁੱਤਰ ਹੋਣ ਦੀਆਂ ਦੁਆਵਾਂ ਕੀਤੀਆਂ ਗਈਆਂ। ਕੁੜੀਆਂ ਤਾਂ ਕੁੜੀਆਂ ਨੇ। ਕੁੜੀਆਂ ਦਾ ਕੀ ਏ? ਕਿਸੇ ਗ਼ਰੀਬ-ਗੁਰਬੇ ਦੀ ਪੀ.ਏ. ਹੋਰ ਕਿਸੇ ਦੀ ਕੀ ਏ? ਕੁੜੀਆਂ ਖ਼ੂਬਸੂਰਤ ਹੋਣੀਆਂ ਚਾਹੀਦੀਆਂ ਨੇ, ਕੁੜੀਆਂ ਪੜ੍ਹੀਆਂ-ਲਿਖੀਆਂ ਹੋਣੀਆਂ ਚਾਹੀਦੀਆਂ ਹਨ, ਕੁੜੀਆਂ ਕਾਬਲ ਹੋਣੀਆਂ ਚਾਹੀਦੀਆਂ ਹਨ। ਕੁੜੀਆਂ ਰੁਜ਼ਗਾਰ ਤੇ ਕਾਬਜ਼ ਹੋਣੀਆਂ ਚਾਹੀਦੀਆਂ ਹਨ, ਪਰ ਹੈ ਕੀ? ਇਹ ਸਮਾਜ ਤੇ ਕਲੰਕ ਹੈ ਕਿ ਇਕ ਗ਼ਰੀਬ ਦਲਿਤ ਪ੍ਰਵਾਰ ਦੀ ਲੜਕੀ ਉਤੇ ਲੰਗਰ ਦੀ ਦਾਲ ਚੋਰੀ ਕਰਨ ਦਾ ਇਲਜ਼ਾਮ ਲਗਿਆ। ਸਾਰਾ ਦਲਿਤ ਸਮਾਜ ਕਲੰਕਤ ਹੋ ਗਿਆ। ਉਸ ਕੁੜੀ ਦੀ ਦਾਲ ਮੰਗਣ ਦੀ ਹੀ ਹੈਸੀਅਤ ਸੀ। ਮੁਫ਼ਤ ਜਾਂ ਸਸਤੇ ਭਾਅ ਦਾ ਆਟਾ-ਦਾਲ ਦੇ ਕੇ ਦਲਿਤ ਕੁੜੀਆਂ ਨੂੰ ਦਾਲ-ਆਟੇ ਵਿਚ ਹੀ ਉਲਝਾ ਰਖਿਆ ਹੈ। ਜਿਹੜੀਆਂ ਧੀਆਂ ਦੇ ਮਾਪੇ ਜ਼ਰਾ ਜਾਗਰੂਕ ਹੋਏ, ਕੁੜੀਆਂ ਕਾਲਜ ਜਾਂ ਯੂਨੀਵਰਸਟੀ ਜਾਣ ਜੋਗੀਆਂ ਹੋਈਆਂ ਹਨ, ਉਹ ਅਪਣੇ ਹੱਥਾਂ ਵਿਚ ਵਜ਼ੀਫ਼ੇ ਦੇ ਫ਼ਾਰਮੂਲੇ ਲੈ ਕੇ ਘੁੰਮ ਰਹੀਆਂ ਹਨ। ਇਹ ਭਿਖਾਰੀਪੁਣਾ ਹੈ। ਹੱਥਾਂ ਵਿਚ ਫ਼ਾਰਮ ਫੜ ਕੇ ਦਲਿਤ ਕੁੜੀਆਂ ਕਾਲਜ ਮੁਖੀ ਕੋਲ ਜਾਂਦੀਆਂ ਹਨ। ਨਾਂਹ ਸੁਣ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਜਾਂਦੀਆਂ ਹਨ। ਉਥੋਂ ਵੀ ਨਾਂਹ ਸੁਣ ਕੇ ਮੀਡੀਆ ਕੋਲ ਜਾਂਦੀਆਂ ਹਨ। ਸਿਖਿਆ ਮੰਤਰੀ ਪਹੁੰਚ ਤੋਂ ਪਰੇ ਹਨ। ਸਮਾਜ ਭਲਾਈ ਮੰਤਰੀ ਵੀ ਧਿਆਨ ਨਹੀਂ ਦੇਂਦੇ। ਖ਼ਜ਼ਾਨਾ ਮੰਤਰੀ ਨੂੰ ਪੈਸਿਆਂ ਦੀ ਤੰਗੀ ਹੈ। ਨੰਨ੍ਹੀ ਛਾਂ ਵਾਲੇ ਦਿੱਲੀ ਬੈਠੇ ਹਨ। ਅਜਿਹੀ ਹਾਲਤ ਵਿਚ ਪੰਜਾਬ ਦੀਆਂ ਦਲਿਤ ਕੁੜੀਆਂ ਉਤੇ ਦਾਲ ਚੋਰੀ ਕਰਨ ਦੇ ਇਲਜ਼ਾਮ ਬੇਬੁਨਿਆਦ ਹਨ। ਸਰਕਾਰ ਕੋਈ ਵੀ ਆਵੇ ਰਾਜ਼ੀ ਰਹੇ। ਸਰਕਾਰ ਕੋਈ ਵੀ ਜਾਵੇ ਰਾਜ਼ੀ ਜਾਵੇ। ਪਰ ਅਸਲੀ ਰਾਜ ਕਰਨ ਵਾਲਿਆਂ ਨੇ ਇਥੇ ਹੀ ਰਹਿਣਾ ਹੈ। ਸਮਾਜ ਦੇ ਪ੍ਰਤੀਨਿਧ ਚੁਣੇ ਹੋਏ ਪ੍ਰਤੀਨਿਧਾਂ ਨੇ ਕਦੇ ਇਸ ਪਾਸੇ ਧਿਆਨ ਹੀ ਨਹੀਂ ਦਿਤਾ। ਇਹ ਇਕ ਸਮਾਜਕ ਮਸਲਾ ਹੈ। ਇਕ ਕੁੜੀ ਦਲਿਤ ਸੀ, ਲੰਗਰ ਦੀ ਦਾਲ ਸੀ ਜਾਂ ਫਿਰ ਕੁੜੀਆਂ ਦਲਿਤ ਹਨ, ਹੱਥਾਂ ਵਿਚ ਵਜ਼ੀਫ਼ੇ ਦਾ ਫ਼ਾਰਮ ਹਨ।