
ਨਿਆਂ ਪਾਲਿਕਾ ਅੱਜ ਮੁੜ ਤੋਂ ਕਟਹਿਰੇ ਵਿਚ ਖੜੀ ਹੈ। ਇਕ ਪਾਸੇ ਉਹ ਸਰਕਾਰੀ ਗ਼ਲਬੇ ਤੋਂ ਆਜ਼ਾਦੀ ਦੀ ਮੰਗ ਕਰ ਰਹੀ ਹੈ ਪਰ ਨਾਲ ਹੀ ਉਹ ਅਪਣੇ ਅੰਦਰ ਦੀਆਂ ਖ਼ਾਮੀਆਂ ਉਤੇ ਇਕ ਝਾਤ ਮਾਰਨ ਲਈ ਵੀ ਤਿਆਰ ਨਹੀਂ ਲਗਦੀ। ਅਜੇ ਪਿਛਲੇ ਹੀ ਹਫ਼ਤੇ ਸੁਪਰੀਮ ਕੋਰਟ ਨੇ ਇਕ ਕੇਸ ਵਿਚ 13 ਸਾਲ ਦੀ ਦੇਰੀ ਵਾਸਤੇ ਮਾਫ਼ੀ ਮੰਗੀ ਸੀ। ਮਾਫ਼ੀ ਮੰਗਣ ਨਾਲ ਪੀੜਤ ਨੂੰ ਨਿਆਂ ਤਾਂ ਨਾ ਮਿਲਿਆ ਪਰ ਉਸ ਮਾਫ਼ੀ ਦਾ ਅਦਾਲਤਾਂ ਦੇ ਰਵਈਏ ਤੇ ਫ਼ਰਕ ਜ਼ਰੂਰ ਪੈਣਾ ਚਾਹੀਦਾ ਸੀ। ਨਿਆਂ 'ਚ ਦੇਰੀ, ਪੀੜਤ ਦੇ ਦਰਦ ਨੂੰ ਵਧਾਉਂਦੀ ਹੀ ਹੈ ਪਰ ਸਾਡੀ ਨਿਆਂਪਾਲਿਕਾ ਦੇਰੀ ਦਾ ਹੱਲ ਕੱਢਣ ਵਾਸਤੇ ਕੋਈ ਕਦਮ ਨਹੀਂ ਚੁਕ ਰਹੀ।
ਅਮਰ ਕੌਰ, 100 ਸਾਲ ਦੀ ਉਮਰ 'ਚ ਅਪਣੇ ਆਖ਼ਰੀ ਸਾਹ ਲੈ ਗਈ ਅਤੇ ਆਖ਼ਰੀ ਪਲ ਤਕ ਉਹ ਨਿਆਂ ਲਈ ਤਰਸਦੀ ਰਹੀ। ਉਨ੍ਹਾਂ ਦੇ ਪੁੱਤਰ, ਜਵਾਈ ਅਤੇ ਡਰਾਈਵਰ ਨੂੰ ਪੁਲਿਸ ਨੇ ਚੰਡੀਗੜ੍ਹ-ਲੁਧਿਆਣਾ ਸੜਕ ਤੋਂ 1994 ਵਿਚ ਚੁਕ ਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਬਾਰੇ ਕੁੱਝ ਵੀ ਪਤਾ ਨਾ ਲੱਗ ਸਕਿਆ। ਅਮਰ ਕੌਰ ਦੀ ਸ਼ਿਕਾਇਤ ਨੂੰ ਲੈ ਕੇ, ਸੀ.ਬੀ.ਆਈ. ਵਲੋਂ ਸਾਬਕਾ ਡੀ.ਜੀ.ਪੀ. ਵਿਰੁਧ ਕੇਸ ਦਰਜ ਕੀਤਾ ਗਿਆ ਸੀ। ਅਮਰ ਕੌਰ ਦੀ ਅਪੀਲ ਅਤੇ ਕੇਸ ਨੂੰ ਦਿੱਲੀ ਹਾਈ ਕੋਰਟ ਵਿਚ ਲਿਜਾਇਆ ਗਿਆ ਸੀ ਤਾਕਿ ਡੀ.ਜੀ.ਪੀ. ਸੈਣੀ ਪੰਜਾਬ ਵਿਚ ਅਪਣੇ ਰੁਤਬੇ ਕਰ ਕੇ ਕਾਰਵਾਈ ਵਿਚ ਰੁਕਾਵਟਾਂ ਨਾ ਪਾ ਸਕਣ। ਪਰ ਦਿੱਲੀ ਹਾਈ ਕੋਰਟ ਵਿਚ 24 ਸਾਲ ਇਹ ਕੇਸ ਕਿਸੇ ਨਤੀਜੇ ਤੇ ਨਾ ਅੱਪੜ ਸਕਿਆ। 2011 ਵਿਚ 94 ਵਰ੍ਹਿਆਂ ਦੀ ਅਮਰ ਕੌਰ ਨੇ ਦਿੱਲੀ ਹਾਈ ਕੋਰਟ ਨੂੰ ਅਪਣੀ ਅਰਜ਼ੀ ਵੀ ਭੇਜੀ ਸੀ ਕਿ ਇਸ ਕੇਸ ਦੀ ਸੁਣਵਾਈ ਤੇਜ਼ੀ ਨਾਲ ਕਰਵਾਈ ਜਾਵੇ ਤਾਕਿ ਉਨ੍ਹਾਂ ਦੇ ਜਿਊਂਦੇ ਜੀਅ ਉਨ੍ਹਾਂ ਨੂੰ ਅਪਣੇ ਪੁੱਤਰ ਤੇ ਜਵਾਈ ਦੇ ਕਤਲ ਦਾ ਨਿਆਂ ਮਿਲ ਜਾਵੇ। ਪਰ ਅਦਾਲਤਾਂ ਨੇ ਇਕ 94 ਸਾਲ ਦੀ ਔਰਤ ਦੀ ਪੁਕਾਰ ਨੂੰ ਅਣਸੁਣਿਆ ਕਰ ਦਿਤਾ।ਦਿੱਲੀ ਹਾਈ ਕੋਰਟ ਨੇ 11 ਦਸੰਬਰ ਨੂੰ ਇਕ ਗ਼ੈਰਕਾਨੂੰਨੀ ਬਣੇ ਹਨੂਮਾਨ ਮੰਦਰ ਦੇ ਕੇਸ ਵਿਚ ਪੁਛਿਆ ਸੀ, ''ਕੀ ਤੁਹਾਡੀ ਦੁਆ ਕਿਸੇ ਗ਼ੈਰਕਾਨੂੰਨੀ ਮੰਦਰ ਰਾਹੀਂ ਰੱਬ ਕੋਲ ਪਹੁੰਚ ਜਾਵੇਗੀ?'' ਇਹ ਆਖਦੇ ਹੋਏ ਅਦਾਲਤ ਨੇ ਮੰਦਰ ਤਾਂ ਬਰਕਰਾਰ ਰਖਿਆ ਪਰ ਉਸ ਨੂੰ ਬਣਨ ਦੀ ਆਜ਼ਾਦੀ ਦੇਣ ਵਾਲੇ ਅਫ਼ਸਰਾਂ ਵਿਰੁਧ ਕਾਰਵਾਈ ਦੇ ਹੁਕਮ ਦਿਤੇ ਗਏ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਫ਼ਸਰਾਂ ਨੂੰ ਸਜ਼ਾ ਦੇਣਾ ਤਾਂ ਠੀਕ ਹੈ ਪਰ ਧਰਤੀ ਤੇ ਨਿਆਂ ਦੇ ਮੰਦਰ ਵਿਚ ਬੈਠੀਆਂ ਅਦਾਲਤਾਂ ਕੋਲੋਂ ਮਿਲਦੇ ਅਨਿਆਂ ਬਾਰੇ ਕੀ ਕੀਤਾ ਜਾਵੇ? 24 ਸਾਲਾਂ ਦੀ ਉਡੀਕ ਘੱਟ ਨਹੀਂ ਹੁੰਦੀ ਪਰ ਭਾਰਤੀ ਨਿਆਂਪਾਲਿਕਾ ਤੋਂ ਸਿੱਖ ਵੀ ਤਾਂ 33 ਸਾਲਾਂ ਤੋਂ ਨਿਆਂ ਦੀ ਉਮੀਦ ਲਾਈ ਬੈਠੇ ਹਨ ਅਤੇ ਨਿਆਂਪਾਲਿਕਾ ਇਸ ਕੌਮ ਦੀ ਆਵਾਜ਼ ਸੁਣਨੋਂ ਅਸਫ਼ਲ ਸਾਬਤ ਹੋ ਰਹੀ ਹੈ। ਕੀ ਇਹ ਭਾਰਤ ਸਰਕਾਰ ਦੀ ਸੋਚੀ ਸਮਝੀ ਨੀਤੀ ਹੈ ਕਿ ਸਿੱਖਾਂ ਨਾਲ ਹੋਏ ਵਿਤਕਰੇ ਵਿਚ ਕਿਸੇ ਅਪਰਾਧੀ ਨੂੰ ਸਜ਼ਾ ਨਹੀਂ ਮਿਲੇਗੀ? ਕੀ ਸਿੱਖ ਕੌਮ ਨਿਆਂਪਾਲਿਕਾ ਤੋਂ ਆਸ ਛੱਡ ਦੇਵੇ?
ਡਾ. ਮਨਮੋਹਨ ਸਿੰਘ ਨਾਲ ਮੋਦੀ ਜੀ ਦੀ ਭਾਰੀ ਬੇਇਨਸਾਫ਼ੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵਿਰੋਧੀਆਂ ਵਲੋਂ ਮਜ਼ਾਕ ਵਿਚ 'ਮੌਨਮੋਹਨ' ਆਖਿਆ ਜਾਂਦਾ ਹੈ। ਉਹ ਬੜੇ ਸਭਿਅਕ ਅਤੇ ਬੌਧਿਕ ਤਰ੍ਹਾਂ ਦੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਅਪਣੀ ਅਰਥ ਸ਼ਾਸਤਰ ਉਤੇ ਮੁਹਾਰਤ ਨਾਲ ਭਾਰਤ ਨੂੰ 10 ਸਾਲਾਂ ਵਿਚ 9% ਜੀ.ਡੀ.ਪੀ. ਪੱਧਰ ਤਕ ਲਿਆ ਪਹੁੰਚਾਇਆ। ਉਨ੍ਹਾਂ ਨੇ ਭਾਰਤ ਦੇ ਅਰਥਚਾਰੇ ਦੀ ਦਿਸ਼ਾ ਬਦਲ ਦਿਤੀ ਪਰ ਉਨ੍ਹਾਂ ਦੀ ਖ਼ਾਸੀਅਤ ਇਹੀ ਸੀ ਕਿ ਉਨ੍ਹਾਂ ਨੇ ਅਪਣੇ ਕੰਮ ਨੂੰ ਕਦੇ ਆਪ ਚੰਗਾ ਨਹੀਂ ਆਖਿਆ ਅਤੇ ਨਾ ਅਪਣੀ ਵਡਿਆਈ ਕਰਨ ਵਾਸਤੇ ਅਪਣੇ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਜਾਂ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਵਾਲਾ ਇਕ ਸ਼ਬਦ ਵੀ ਉਚਾਰਿਆ। ਉਨ੍ਹਾਂ ਨੂੰ ਅਪਣੀ ਸੋਚ ਅਤੇ ਮਹਾਰਤ ਤੇ ਏਨਾ ਵਿਸ਼ਵਾਸ ਸੀ ਕਿ ਰਾਹੁਲ ਗਾਂਧੀ ਵਲੋਂ ਅਪਣੀ ਆਲੋਚਨਾ ਸੁਣ ਕੇ ਵੀ ਉਹ ਚੁੱਪ ਰਹੇ। ਉਨ੍ਹਾਂ ਨੇ ਸਿਰਫ਼ ਅਪਣਾ ਅਤੇ ਅਪਣੇ ਅਹੁਦੇ ਦਾ ਮਾਣ ਵਧਾਇਆ ਅਤੇ ਭਾਰਤ ਨੂੰ ਉਸ ਤਰ੍ਹਾਂ ਦਾ ਵਿਕਾਸ ਵਿਖਾਇਆ ਜਿਸ ਬਾਰੇ ਉਨ੍ਹਾਂ ਨੇ ਸੋਚ ਰਖਿਆ ਸੀ। ਉਨ੍ਹਾਂ ਦੀ ਕਮਾਨ ਹੇਠ ਕਰੋੜਾਂ ਲੋਕ ਗ਼ਰੀਬੀ ਰੇਖਾ ਤੋਂ ਉੱਪਰ ਉਠ ਸਕੇ।ਗੁਜਰਾਤ ਚੋਣਾਂ ਨੂੰ ਜਿੱਤਣ ਦੀ ਸਿਆਸੀ ਜੰਗ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਹੋਰ ਸਾਰੀਆਂ ਹੱਦਾਂ ਤਾਂ ਪਾਰ ਕੀਤੀਆਂ ਹੀ ਪਰ ਡਾ. ਮਨਮੋਹਨ ਸਿੰਘ ਨੂੰ ਪਾਕਿਸਤਾਨ ਨਾਲ ਮਿਲ ਕੇ ਭਾਰਤ ਵਿਰੁਧ ਸਾਜ਼ਸ਼ ਕਰਨ ਦਾ ਉਨ੍ਹਾਂ ਦਾ ਇਲਜ਼ਾਮ, ਹਰ ਮਰਿਆਦਾ ਨੂੰ ਤਿਤਰ-ਬਿਤਰ ਕਰਦਾ ਹੈ। ਡਾ. ਮਨਮੋਹਨ ਸਿੰਘ ਨੇ ਆਖ਼ਰਕਾਰ ਅਪਣੀ ਚੁੱਪੀ ਤੋੜੀ ਪਰ ਉਹ ਅਪਣੀ ਨਰਮ ਆਵਾਜ਼ ਵਿਚ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਇੱਜ਼ਤ ਕਾਇਮ ਰੱਖਣ ਵਾਸਤੇ ਹੀ ਬੋਲ ਰਹੇ ਹਨ। ਉਨ੍ਹਾਂ ਦੀ ਨਰਮ ਆਵਾਜ਼ ਨੂੰ ਭਾਰਤ ਦੀ ਗਰਜਦੀ ਆਵਾਜ਼ ਦੇ ਸ਼ੋਰ ਦਾ ਸਾਥ ਮਿਲਣਾ ਚਾਹੀਦਾ ਹੈ ਤਾਕਿ ਮੋਦੀ ਜੀ ਅਪਣੀ ਗ਼ਲਤੀ ਦਾ ਅਹਿਸਾਸ ਕਰ ਸਕਣ। -ਨਿਮਰਤ ਕੌਰ