ਮਾਰਕ ਟਵੇਨ ਨੇ ਚੈਪਟਰਜ਼ ਫੌਰ ਮਾਈ ਆਟੋਬਾਇਉਗ੍ਰਾਫ਼ੀ ਵਿਚ ਉਨੀਵੀਂ ਸਦੀ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੇਂਜਾਮਿਨ ਡਿਜ਼ਰਾਈਲੀ ਦੇ ਹਵਾਲੇ ਨਾਲ ਕਿਹਾ ਸੀ ਕਿ 'ਡਿਜ਼ਰਾਈਲੀ ਕਿਹਾ ਕਰਦੇ ਸਨ ਕਿ ਝੂਠ ਤਿੰਨ ਤਰ੍ਹਾਂ ਦੇ ਹੁੰਦੇ ਹਨ, ਝੂਠ, ਸਫ਼ੇਦ ਝੂਠ ਅਤੇ ਅੰਕੜੇ।' ਅੰਕੜਿਆਂ ਦੀ ਮਹਿਮਾ ਉਪਰ ਵਾਲੇ ਤੋਂ ਵੀ ਜ਼ਿਆਦਾ ਹੈ। ਆਦਮੀ ਤਾਂ ਕੀ ਈਸ਼ਵਰ ਵੀ ਜੋ ਨਹੀਂ ਕਰ ਸਕਦਾ, ਉਹ ਕਮਾਲ ਅੰੰਕੜੇ ਕਰ ਵਿਖਾਉਂਦੇ ਹਨ। ਅੰਕੜੇ ਸਾਡੀ ਗਤੀ ਦੇ ਸੂਚਕ ਹਨ, ਪ੍ਰਗਤੀ ਦੇ ਪ੍ਰਤੀਕ ਹਨ। ਅੰਕੜੇ ਬੋਲਦੇ ਹਨ, ਬੋਲਦੇ ਕੀ, ਦਹਾੜਦੇ ਹਨ। ਅੰਕੜੇ ਸਾਡੀ ਤਰਫ਼ਦਾਰੀ ਵੀ ਕਰਦੇ ਹਨ ਅਤੇ ਕੁੱਝ ਇਸ ਤਰ੍ਹਾਂ ਕਰਦੇ ਹਨ ਕਿ ਸਾਡਾ ਬਾਪ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ। ਅੰਕੜੇ ਪੁਲਿਸ ਦੀ ਤਰ੍ਹਾਂ ਹੁੰਦੇ ਹਨ ਜਿਹੜੇ ਮਾਰਦੇ ਘੱਟ, ਘੜੀਸਦੇ ਜ਼ਿਆਦਾ ਹਨ।ਅੰਕੜਿਆਂ ਨੂੰ ਜਿਤਣਾ ਕਠਿਨ ਹੁੰਦਾ ਹੈ ਪਰ ਇਨ੍ਹਾਂ ਦੇ ਆਸਰੇ ਅਸੀ ਕਿਸੇ ਨੂੰ ਵੀ ਜਿੱਤ ਸਕਦੇ ਹਾਂ। ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਇਸੇ ਦੇ ਸਹਾਰੇ ਜਿੱਤਦੀਆਂ ਹਨ। ਅੰਕੜੇ ਵੱਡੇ ਵੱਡੇ ਕੰਮ ਕਰਦੇ ਹਨ। ਜੋ ਕੰਮ ਸਰਕਾਰ ਦੇ ਵੱਸ ਦਾ ਨਹੀਂ, ਉਹ ਕੰਮ ਅੰਕੜੇ ਕਰ ਵਿਖਾਉਂਦੇ ਹਨ। ਅੰਕੜੇ ਸਾਡੇ ਦੇਸ਼ ਦੀ ਆਮਦਨ ਵਧਾ ਰਹੇ ਹਨ। ਸਾਖਰਤਾ ਵਧਾ ਰਹੇ ਹਨ। ਉਤਪਾਦਨ ਵਧਾ ਰਹੇ ਹਨ, ਵਸੋਂ ਤਾਂ ਵਧਾ ਹੀ ਰਹੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅੰਕੜੇ ਸਿਰਫ਼ ਵਧਾ ਹੀ ਸਕਦੇ ਨੇ, ਘਟਾ ਨਹੀਂ ਸਕਦੇ। ਮਹਿੰਗਾਈ ਵਰਗੀਆਂ ਚੀਜ਼ਾਂ ਘਟਾਉਂਦੇ ਵੀ ਰਹਿੰਦੇ ਹਨ। ਅਸਲ ਵਿਚ ਮਹਿੰਗਾਈ ਵੱਧ ਰਹੀ ਹੈ ਪਰ ਅੰਕੜਿਆਂ ਵਿਚ ਘੱਟ ਰਹੀ ਹੈ। ਇਹੋ ਤਾਂ ਹੱਥ ਦੀ ਸਫ਼ਾਈ ਜਾਂ ਜਾਦੂਗਰੀ ਹੈ। ਉਂਜ ਜੇ ਪੰਜਾਹ ਦੀ ਚੀਜ਼ ਸੌ ਵਿਚ ਮਿਲਦੀ ਹੈ ਤਾਂ ਹਰਜ ਕੀ ਹੈ? ਕੀਮਤਾਂ ਵਧਦੀਆਂ ਨੇ ਤਾਂ ਅਸੀ ਵੀ ਵਿਚ ਦੇ ਰਸਤੇ ਤੋਂ ਅੱਗੇ ਵਧਦੇ ਹਾਂ। ਹੁਣ ਜੇ ਸਰਕਾਰ ਕੀਮਤਾਂ ਵਿਚ ਦਸ ਰੁਪਏ ਦੀ ਕਮੀ ਕਰ ਦਿੰਦੀ ਹੈ ਤਾਂ ਅੰਕੜੇ ਦੁਹਾਈ ਦੇਣ ਲਗਦੇ ਹਨ ਕਿ ਕੀਮਤ ਦਸ ਫ਼ੀ ਸਦੀ ਘੱਟ ਹੋ ਗਈ ਹੈ। ਚੋਰੀਆਂ, ਡਕੈਤੀਆਂ ਬਲਾਤਕਾਰ, ਭ੍ਰਿਸ਼ਟਾਚਾਰ, ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਵੱਧ ਰਹੀਆਂ ਹਨ ਪਰ ਅੰਕੜਿਆਂ ਦਾ ਤੁਲਨਾਤਮਕ ਫ਼ੀ ਸਦੀ ਇਨ੍ਹਾਂ 'ਚ ਕਮੀ ਵਿਖਾ ਰਿਹਾ ਹੈ। ਅੰਕੜਿਆਂ ਦੀ ਭਾਸ਼ਾ ਸਿਆਸਤਦਾਨਾਂ ਵਾਂਗ ਲਚਕਦਾਰ ਹੁੰਦੀ ਹੈ। ਉਹ ਸਮੇਂ ਅਤੇ ਸਥਾਨ ਅਨੁਸਾਰ ਬਦਲਦੀ ਰਹਿੰਦੀ ਹੈ। ਅੰਕੜਿਆਂ ਵਿਚ ਸਾਰੀ ਦੁਨੀਆਂ ਸਮਾਈ ਹੈ। ਇਸ ਲਈ ਇਥੇ ਦੁਨੀਆਂ ਭਰ ਦੇ ਅੰਕੜੇ ਵੇਖਣ ਨੂੰ ਮਿਲ ਜਾਂਦੇ ਨੇ। ਪੈਦਾ ਹੋਣ ਤੋਂ ਲੈ ਕੇ ਮਰਨ ਤਕ ਦੇ ਅੰਕੜੇ ਮਿਲ ਜਾਂਦੇ ਹਨ। ਕਈ ਮਹਿਕਮੇ ਤਾਂ ਚਲਦੇ ਹੀ ਅੰਕੜਿਆਂ ਦੇ ਸਹਾਰੇ ਹਨ, ਜਿਵੇਂ ਰਾਜ ਭਾਸ਼ਾ ਵਿਭਾਗ ਇਸ ਦਾ ਸੱਭ ਤੋਂ ਵਧੀਆ ਉਦਾਹਰਣ ਹੈ। ਉਂਜ ਤਾਂ ਅੰਕੜੇ ਕਈ ਤਰ੍ਹਾਂ ਦੇ ਹੁੰਦੇ ਹਨ ਪਰ ਮੋਟੇ ਤੌਰ ਤੇ ਉਨ੍ਹਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ : ਸਰਕਾਰੀ ਅਤੇ ਗ਼ੈਰ-ਸਰਕਾਰੀ।ਸਰਕਾਰੀ ਅੰਕੜੇ, ਸਰਕਾਰੀ ਕਰਮਚਾਰੀਆਂ ਦੀ ਤਰ੍ਹਾਂ ਹੁੰਦੇ ਹਨ ਜੋ ਸਰਕਾਰ ਦੀ ਬੁਰਾਈ ਨਹੀਂ ਕਰ ਸਕਦੇ ਕਿਉਂਕਿ ਉਹ ਸਰਕਾਰ ਦਾ ਖਾਂਦੇ ਹਨ। ਗ਼ੈਰ-ਸਰਕਾਰੀ ਅੰਕੜੇ ਗ਼ੈਰ-ਸਰਕਾਰੀ ਆਦਮੀ ਵਾਂਗ ਹੁੰਦੇ ਹਨ ਜੋ ਸਰਕਾਰ ਤੋਂ ਫ਼ਾਇਦਾ ਲੈ ਕੇ ਵੀ ਸਰਕਾਰ ਦੀ ਬੁਰਾਈ ਕਰਦੇ ਹਨ। ਸੋ ਸਰਕਾਰੀ ਅੰਕੜੇ ਬੋਲਦੇ ਹਨ ਤੇ ਸਰਕਾਰੀ ਆਦਮੀ ਚੁੱਪ ਰਹਿੰਦਾ ਹੈ। ਵਿਭਾਗੀ ਅੰਕੜੇ ਸਰਕਾਰੀ ਅੰਕੜਿਆਂ ਤੋਂ ਅੱਡ ਹੁੰਦੇ ਹਨ। ਮਹਾਂ ਲੇਖਾਕਾਰ ਵਲੋਂ ਐਲਾਨੇ ਅੰਕੜੇ ਕੁੱਝ ਹੋਰ। ਕੁੱਝ ਫ਼ਰਜ਼ੀ ਅੰਕੜੇ ਹੁੰਦੇ ਹਨ ਜੋ ਅਕਸਰ ਅਸਲੀ ਅੰਕੜਿਆਂ ਤੋਂ ਵੀ ਜ਼ਿਆਦਾ ਗੁਲ ਖਿਲਾਉਂਦੇ ਹਨ। ਕੁੱਝ ਅੰਕੜੇ ਮੱਛੀ ਦੇ ਕੰਡੇ ਵਰਗੇ ਹੁੰਦੇ ਹਨ, ਜਿਨ੍ਹਾਂ 'ਚ ਭੋਲੀ-ਭਾਲੀ ਜਨਤਾ ਫਸਦੀ ਹੈ। ਘਟਨਾਵਾਂ ਅਤੇ ਦੁਰਘਟਨਾਵਾਂ ਦੇ ਅੰਕੜੇ ਬੜੇ ਅਜੀਬ ਹੁੰਦੇ ਹਨ, ਆਪਸ ਵਿਚ ਕਦੇ ਮਿਲਦੇ ਹੀ ਨਹੀਂ। ਰੇਲ, ਬੱਸ ਜਾਂ ਹਵਾਈ ਜਹਾਜ਼ ਦੇ ਹਾਦਸਿਆਂ ਵਿਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਪੰਜ ਵਿਅਕਤੀਆਂ ਦੇ ਮਰਨ ਦੀ ਖ਼ਬਰ ਆਉਂਦੀ ਹੈ ਤਾਂ ਗ਼ੈਰ-ਸਰਕਾਰੀ ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਪੰਜਾਹ ਹੋ ਸਕਦੀ ਹੈ। ਰੇਲ ਵਿਭਾਗ ਤਾਂ ਵੈਸੇ ਵੀ ਵਿਕੇ ਹੋਏ ਟਿਕਟਾਂ ਤੋਂ ਮ੍ਰਿਤਕਾਂ ਦੀ ਗਿਣਤੀ ਕਰਦਾ ਹੈ। ਜਿਸ ਨੇ ਟਿਕਟ ਨਹੀਂ ਲਿਆ ਉਹ ਭਲਾ ਮ੍ਰਿ੍ਰਤਕ ਕਿਵੇਂ ਹੋ ਸਕਦਾ ਹੈ? ਲੋਕ ਜਿੰਨਾ ਮਰਜ਼ੀ ਕਹਿੰਦੇ ਰਹਿਣ ਕਿ ਸੈਂਕੜੇ ਮਰੇ ਹਨ, ਪਰ ਕਹਿਣ ਨਾਲ ਕੀ ਹੁੰਦਾ ਹੈ? ਸਰਕਾਰ ਅੰਕੜੇ ਜਿੰਨਿਆਂ ਨੂੰ ਮ੍ਰਿਤਕ ਦਸਣਗੇ ਓਨੇ ਹੀ ਮਰੇ ਹੋਏ ਮੰਨੇ ਜਾਣਗੇ। ਉਹੋ ਮੁਆਵਜ਼ੇ ਦੇ ਹੱਕਦਾਰ ਹੋਣਗੇ, ਚਾਹੇ ਉਹ ਸਹੀ ਸਲਾਮਤ ਅਤੇ ਜ਼ਿੰਦਾ ਹੋਣ। 
 
                     
                
 
	                     
	                     
	                     
	                     
     
     
     
     
     
                     
                     
                     
                     
                    