.ਖੁਦ ਨੂੰ ਏਨਾ ਵੀ ਨਾ ਬਦਲੋ ਕਿ ਪਛਾਣ ਹੀ .ਖਤਮ ਹੋ ਜਾਵੇ
Published : Dec 18, 2017, 10:24 pm IST
Updated : Dec 18, 2017, 4:54 pm IST
SHARE ARTICLE

ਭਾਵੇਂ ਸਮੇਂ ਨਾਲ ਬਦਲਾਅ ਆਉਣਾ ਕੁਦਰਤ ਦਾ ਨਿਯਮ ਹੈ, ਪਰ ਜੇਕਰ ਇਹ ਬਦਲਾਅ ਦੁਨੀਆਂ ਵਿਚ ਵਿਚਰ ਰਹੇ ਲੋਕਾਂ ਨੂੰ ਮੁੱਖ ਰੱਖ ਕੇ ਵੇਖਿਆ ਜਾਵੇ ਤਾਂ ਇਹ ਬੜਾ ਹੀ ਘਾਤਕ ਸਿੱਧ ਹੋ ਰਿਹਾ ਹੈ। ਅਜੋਕੇ ਇਨਸਾਨ ਨੇ ਭਾਵੇਂ ਅੱਜ ਸੁੱਖ ਸਹੂਲਤਾਂ ਤੋਂ ਇਲਾਵਾ ਅਪਣੇ ਆਪ ਨੂੰ ਉਪਰੋਂ ਬਹੁਤ ਸੁੰਦਰ ਬਣਾ ਲਿਆ ਹੈ, ਪਰ ਉਹ ਇਨ੍ਹਾਂ ਅਸਥਾਈ ਸੁੱਖ ਸਹੂਲਤਾਂ ਅਤੇ ਸੁੰਦਰਤਾ ਦੇ ਨਸ਼ੇ 'ਚ ਅੰਨ੍ਹਾ ਹੋ ਕੇ ਅਪਣੇ ਅੰਦਰਲੇ ਮਨ ਦੀ ਸਥਾਈ ਸੁੰਦਰਤਾ ਨੂੰ ਬਿਲਕੁਲ ਹੀ ਭੁੱਲ ਗਿਆ ਹੈ। ਉਪਰੋਂ ਸੋਹਣਾ-ਸੁਣੱਖਾ ਵਿਖਾਈ ਦੇਣ ਵਾਲਾ ਅੱਜ ਦਾ ਮਨੁੱਖ ਅੰਦਰੋਂ ਏਨਾ ਕਰੂਪ ਅਤੇ ਕਾਲਾ ਹੋ ਗਿਆ ਹੈ ਕਿ ਉਸ ਨੂੰ ਅਪਣੀ ਪਤਨੀ, ਬੱਚੇ ਤੇ ਦੁਨਿਆਵੀ ਪਦਾਰਥਾਂ ਤੋਂ ਬਗ਼ੈਰ ਕੁੱਝ ਵੀ ਹੋਰ ਵਿਖਾਈ ਨਹੀਂ ਦੇ ਰਿਹਾ। ਇਸ ਤੋਂ ਇਲਾਵਾ ਉਸ ਲਈ ਬਾਕੀ ਰਿਸ਼ਤੇ ਆਦਿ ਮਨਫ਼ੀ ਹੋ ਗਏ ਹਨ। ਅੱਜ ਦਾ ਚਲਾਕ ਮਨੁੱਖ ਭਾਵੇਂ ਅਪਣੇ ਮਾਪਿਆਂ, ਭੈਣ ਭਰਾਵਾਂ ਤੇ ਹੋਰ ਸਕੇ ਸਬੰਧੀਆਂ ਨਾਲ ਮਨਫ਼ੀ ਹੋਏ ਰਿਸ਼ਤਿਆਂ ਬਾਰੇ ਸਮਾਜ ਤੋਂ ਛੁਪਾਉਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਉਪਰੋਂ ਅਪਣੀ ਭੋਲੀ-ਭਾਲੀ ਸ਼ਕਲ ਬਣਾ ਕੇ ਸਮਾਜ ਨੂੰ ਗੁਮਰਾਹ ਕਰਦਾ ਰਹਿੰਦਾ ਹੈ, ਪਰ ਅਜਿਹਾ ਕਰਦਿਆਂ ਉਹ ਇਹ ਭੁੱਲ ਜਾਂਦਾ ਹੈ ਕਿ ਮਨ ਦੀ ਕਰੂਪਤਾ ਅਸਮਾਨ ਨੂੰ ਜਾ ਰਹੇ ਉਸ ਧੂੰਏਂ ਵਰਗੀ ਹੁੰਦੀ ਹੈ ਜਿਹੜੀ ਕਦੇ ਵੀ ਛੁਪਾ ਕੇ ਨਹੀਂ ਰੱਖੀ ਜਾ ਸਕਦੀ ਅਤੇ ਇਕ ਨਾ ਇਕ ਦਿਨ ਬਾਹਰ ਆ ਹੀ ਜਾਂਦੀ ਹੈ। ਇਸ ਕਰੂਪਤਾ ਦਾ ਉਸ ਸਮੇਂ ਪਤਾ ਲਗਦਾ ਹੈ ਜਦੋਂ ਇਸ ਦਾ ਕਹਿਰ ਵਾਪਰ ਕੇ ਸਮਾਜ ਦੇ ਸਾਹਮਣੇ ਆਉਂਦਾ ਹੈ ਤੇ ਇਸ ਕਹਿਰ ਦੇ ਜ਼ਿਆਦਾਤਰ ਸ਼ਿਕਾਰ ਮਾਪੇ, ਭੈਣ-ਭਰਾ ਹੀ ਬਣਦੇ ਹਨ। ਕਹਿੰਦੇ ਹਨ ਕਿ ਜਿੰਨਾ ਚਿਰ ਮਨੁੱਖ ਅਪਣੇ ਮਾਪਿਆਂ ਤੇ ਨਿਰਭਰ ਹੁੰਦਾ ਹੈ, ਓਨਾ ਚਿਰ ਉਹ ਸਵਾਰਥ ਵੱਸ ਚੁੱਪ ਰਹਿੰਦਾ ਹੈ, ਪਰ ਜਦੋਂ ਉਹ ਪੜ੍ਹ-ਲਿਖ ਕੇ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਵਿਚ ਇਕਦਮ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਦਾ ਅਸਰ ਉਸ ਦੇ ਪ੍ਰਵਾਰ, ਸਕੇ ਸਬੰਧੀਆਂ ਦੋਸਤਾਂ ਮਿੱਤਰਾਂ ਉਤੇ ਜ਼ਰੂਰ ਪੈਂਦਾ ਹੈ। ਇਸ ਬਦਲਾਅ ਦੀ ਹੱਦ ਉਸ ਦੇ ਵਿਆਹ ਉਪਰੰਤ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਵਿਆਹ ਉਪਰੰਤ ਆਇਆ ਬਦਲਾਅ ਮਨੁੱਖ ਨੂੰ ਸਿਰਫ਼ ਅਪਣੀ ਪਤਨੀ ਅਤੇ ਬੱਚਿਆਂ ਤਕ ਹੀ ਸੀਮਤ ਕਰ ਦਿੰਦਾ ਹੈ ਤੇ ਮਾਪਿਆਂ, ਭੈਣ-ਭਰਾਵਾਂ ਤੇ ਸਕੇ ਸਬੰਧੀਆਂ ਨਾਲੋਂ ਪੂਰੀ ਤਰ੍ਹਾਂ ਵੱਖ ਕਰ ਦਿੰਦਾ ਹੈ। ਜਿਵੇਂ ਕਹਿੰਦੇ ਹਨ ਕਿ ਜੇਕਰ ਕਿਸੇ ਵਿਅਕਤੀ ਦਾ ਮੰਗਣਾ ਹੋ ਜਾਵੇ ਤਾਂ ਉਸ ਦੇ ਦੋਸਤ ਕਹਿਣ ਲੱਗ ਜਾਂਦੇ ਹਨ ਕਿ 'ਲਉ ਬਈ ਹੁਣ ਤੂੰ ਅਪਣੇ ਦੋਸਤਾਂ ਤੋਂ ਗਿਆ।' ਅਤੇ ਜੇਕਰ ਵਿਆਹ ਹੋ ਜਾਵੇ ਤਾਂ ਕਹਿੰਦੇ ਹਨ ਕਿ 'ਹੁਣ ਤੂੰ ਅਪਣੇ ਮਾਪਿਆਂ ਰਿਸ਼ਤੇਦਾਰਾਂ ਤੋਂ ਵੀ ਗਿਆ।'ਇਸ ਸੱਚਾਈ ਦਾ ਨਮੂਨਾ ਅੱਜ ਸਾਡੇ ਸਮਾਜ ਵਿਚ ਬਹੁਤ ਥਾਈਂ ਵੇਖਣ ਨੂੰ ਮਿਲ ਰਿਹਾ ਹੈ। ਅੱਜ ਕਈ ਵਿਅਕਤੀ ਵਿਆਹ ਕਰਵਾਉਣ ਉਪਰੰਤ ਏਨੇ ਬਦਲ ਜਾਂਦੇ ਹਨ ਕਿ ਉਨ੍ਹਾਂ ਨੂੰ ਅਪਣੀ ਪਤਨੀ ਤੇ ਬੱਚਿਆਂ ਤੋਂ ਇਲਾਵਾ ਹੋਰ ਕੁੱਝ ਵੀ ਵਿਖਾਈ ਨਹੀਂ ਦੇਂਦਾ। ਉਹ ਜੋ ਕੁੱਝ ਵੀ ਕਰਦੇ ਹਨ, ਅਪਣੀ ਪਤਨੀ ਦੀ ਮਨਮਰਜ਼ੀ ਨਾਲ  ਹੀ ਕਰਦੇ ਹਨ। ਅਜਿਹੇ ਇਕਪਾਸੜ ਵਿਅਕਤੀਆਂ ਤੋਂ ਜਿਥੇ ਉਸ ਦੇ ਮਾਪੇ ਦੁਖੀ ਹੁੰਦੇ ਹਨ, ਉਥੇ ਉਸ ਦੇ ਭਰਾ-ਭੈਣ ਤੇ ਰਿਸ਼ਤੇਦਾਰ ਵੀ ਖ਼ੁਸ਼ ਨਹੀਂ ਹੁੰਦੇ ਤੇ ਉਸ ਦੀ ਪਿੱਠ ਪਿਛੇ ਨਿੰਦਿਆ ਕਰਦੇ ਰਹਿੰਦੇ ਹਨ।ਅਜਿਹੇ ਵਿਅਕਤੀ ਇਹ ਗੱਲ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਸਮਾਜ ਵਿਚ ਪਛਾਣ ਉਨ੍ਹਾਂ ਦੇ ਮਾਪਿਆਂ ਭੈਣ-ਭਰਾਵਾਂ ਤੇ ਹੋਰ ਸਕੇ ਸਬੰਧੀਆਂ ਕਰ ਕੇ ਹੀ ਬਣੀ ਹੈ, ਪਰ ਅਪਣੀ ਪਤਨੀ ਦੇ ਮਗਰ ਲੱਗ ਕੇ ਜਿਥੇ ਉਹ ਮਾਪਿਆਂ ਦੇ ਮਨਾਂ ਵਿਚ ਨਫ਼ਰਤ ਦੇ ਪਾਤਰ ਬਣ ਜਾਂਦੇ ਹਨ, ਉਥੇ ਸਮਾਜ ਵਿਚ ਵੀ ਅਪਣੀ ਹੋਂਦ ਗਵਾ ਲੈਂਦੇ ਹਨ। ਅਜਿਹੇ ਇਕਪਾਸੜ ਵਿਅਕਤੀਆਂ ਨੂੰ ਭਲੀ-ਭਾਂਤ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਨੁੱਖੀ ਜੀਵਨ ਸਥਾਈ ਨਹੀਂ ਅਤੇ ਹਰ ਇਕ ਨੇ ਅਸਥਾਈ ਤੌਰ ਤੇ ਇਸ ਸੰਸਾਰ ਵਿਚ ਵਿਚਰ ਕੇ ਇਕ ਨਾ ਇਕ ਦਿਨ ਇਥੋਂ ਚਲੇ ਜਾਣਾ ਹੈ। ਪਤਨੀ ਤੇ ਬੱਚਿਆਂ ਨਾਲ ਤਾਂ ਹਰ ਕੋਈ ਜਿਊਂਦਾ ਹੈ, ਪਰ ਅਸਲ ਜਿਊਣਾ ਉਸ ਦਾ ਹੁੰਦਾ ਹੈ ਜੋ ਅਪਣੀ ਪਤਨੀ, ਅਪਣੇ ਬੱਚਿਆਂ ਤੋਂ ਇਲਾਵਾ ਅਪਣੇ ਮਪਿਆਂ, ਭੈਣ-ਭਰਾਵਾਂ, ਰਿਸ਼ਤੇਦਾਰਾਂ ਅਤੇ ਸਮਾਜ ਲਈ ਵੀ ਜਿਊਂਦਾ ਹੈ। ਅਜਿਹੇ ਵਿਅਕਤੀ ਨੂੰ ਮਰਨ ਤੋਂ ਪਿਛੋਂ ਵੀ ਸਮਾਜ ਵਲੋਂ ਯਾਦ ਰਖਿਆ ਜਾਂਦਾ ਹੈ ਤੇ ਅਜਿਹਾ ਵਿਅਕਤੀ ਸਮਾਜ ਵਿਚ ਮਰ ਕੇ ਵੀ ਜਿਊਂਦਾ ਰਹਿੰਦਾ ਹੈ। ਸੋ ਕੁਦਰਤੀ ਬਦਲਾਅ ਦੇ ਨਿਯਮ ਕਦੇ ਵੀ ਮਨੁੱਖ ਤੇ ਲਾਗੂ ਨਹੀਂ ਹੁੰਦੇ ਕਿਉਂਕਿ ਮਨੁੱਖ ਅਪਣੀ ਮਰਜ਼ੀ ਦਾ ਮਾਲਕ ਖ਼ੁਦ ਹੁੰਦਾ ਹੈ ਤੇ ਕੁਦਰਤ ਨੇ ਹੀ ਉਸ ਨੂੰ ਅਪਣੇ ਆਪ ਫ਼ੈਸਲੇ ਕਰਨ ਦੀ ਸੋਚ ਸ਼ਕਤੀ ਦਿਤੀ ਹੋਈ ਹੈ। ਸਿਰਫ਼ ਲੋੜ ਹੈ ਇਸ ਸੋਚਣ ਸ਼ਕਤੀ ਨੂੰ ਪਛਾਣ ਕੇ ਇਸ ਦੀ ਯੋਗ ਵਰਤੋਂ ਕਰਨ ਦੀ। ਇਸ ਲਈ ਆਉ ਸਾਰੇ ਅਪਣੀ ਸੋਚਣ ਸ਼ਕਤੀ ਨੂੰ ਪਛਾਣਦੇ ਹੋਏ ਚੰਗੀ ਸੋਚ ਪੈਦਾ ਕਰੀਏ ਤੇ ਅਪਣੀ ਜ਼ਿੰਦਗੀ ਵਿਚ ਇਕਪਾਸੜ ਫ਼ੈਸਲੇ ਕਰ ਕੇ ਕਦੇ ਵੀ ਅਪਣੀ ਜ਼ਿੰਦਗੀ ਨਾਲ ਜੁੜੇ ਕਿਸੇ ਦਾ ਵੀ ਦਿਲ ਨਾ ਦੁਖਾਈਏ ਸਗੋਂ ਸਮੁੱਚੇ ਤੌਰ ਉਤੇ ਅਪਣੇ ਪ੍ਰਵਾਰ ਵਿਚ ਅਪਣੀ ਪਤਨੀ ਅਪਣੇ ਬੱਚਿਆਂ ਤੋਂ ਇਲਾਵਾ ਅਪਣੇ ਮਾਪਿਆਂ, ਭੈਣ-ਭਰਾਵਾਂ ਆਦਿ ਨੂੰ ਸ਼ਾਮਲ ਕਰ ਕੇ ਸਾਰਿਆਂ ਨੂੰ ਬਰਾਬਰ ਤੇ ਬਣਦਾ ਮਾਣ-ਸਤਿਕਾਰ ਦੇ ਕੇ ਅਪਣਾ ਮਨੁੱਖੀ ਕਰਮ ਨਿਭਾਈਏ ਕਿਉਂਕਿ ਇਨ੍ਹਾਂ ਸਾਰਿਆਂ ਨਾਲ ਹੀ ਸਾਡੀ ਸਮਾਜ ਵਿਚ ਪਛਾਣ ਹੈ। ਇਸ ਪਛਾਣ ਨੂੰ ਕਾਇਮ ਰੱਖਣ ਲਈ ਕਿਸੇ ਇਕ ਜਾਂ ਕਿਸੇ ਖ਼ਾਸ ਲਈ ਬਦਲਾਅ ਸਾਡੇ ਲਈ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਅਜਿਹਾ ਕਰ ਕੇ ਅਸੀ ਕਦੇ ਵੀ ਸਮੁੱਚੇ ਪ੍ਰਵਾਰ/ਸਮਾਜ ਦੇ ਅੰਗ ਨਹੀਂ ਬਣ ਸਕਦੇ। ਸੋ ਪ੍ਰਵਾਰ/ਸਮਾਜ ਦੇ ਅੰਗਹੀਣ ਬਣਨ ਦੀ ਬਜਾਏ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀ ਅਪਣੇ ਆਪ ਨੂੰ ਇਨ੍ਹਾਂ ਵੀ ਨਾ ਬਦਲ ਲਈਏ ਤਾਕਿ ਸਾਡੀ ਸਮਾਜ ਵਿਚ ਪਛਾਣ ਹੀ ਖ਼ਤਮ ਹੋ ਜਾਵੇ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement