ਕੀ ਰਾਹੁਲ ਕਾਂਗਰਸ ਦਾ ਖੁਸਿਆ ਰਾਜਨੀਤਕ ਵਕਾਰ ਬਹਾਲ ਕਰ ਸਕੇਗਾ?
Published : Dec 15, 2017, 11:45 pm IST
Updated : Dec 15, 2017, 6:15 pm IST
SHARE ARTICLE

ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਤੋਂ ਬਾਅਦ ਇਸ ਪ੍ਰਵਾਰ ਦੇ 6ਵੇਂ ਵਿਅਕਤੀ ਦਾ ਦੇਸ਼  ਦੀ ਆਜ਼ਾਦੀ ਲਈ ਜੂਝਣਾ ਅਤੇ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਸੱਤਾ ਵਿਚ ਰਹਿਣ ਵਾਲੀ ਇਸ ਸ਼ਾਨਾਂਮੱਤੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨਾ, ਇਸ ਉਤੇ ਨਹਿਰੂ-ਗਾਂਧੀ ਪ੍ਰਵਾਰ ਦੇ ਗ਼ਲਬੇ ਦਾ ਪ੍ਰਤੱਖ ਸਬੂਤ ਹੈ। ਖੈਰ! ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਪਾਰਟੀ ਦੇ ਕੱਦਾਵਰ ਆਗੂ ਅਤੇ ਵਰਕਰ ਸਵੀਕਾਰ ਕਰਦੇ ਹਨ। ਭਾਵੇਂ ਇਸ ਸਿਆਸੀ ਕਮਜ਼ੋਰੀ ਅਤੇ ਲੋਕਤੰਤਰੀ ਸਿਸਟਮ ਅੰਦਰ ਵੱਡੀ ਸਿਧਾਂਤਹੀਣਤਾ ਕਰ ਕੇ ਪਾਰਟੀ ਇਸ ਦੀ ਬਹੁਤ ਵੱਡੀ ਕੀਮਤ ਚੁਕਾ ਚੁੱਕੀ ਹੈ ਅਤੇ ਚੁਕਾ ਰਹੀ ਹੈ। ਇਸ ਪ੍ਰਵਾਰ ਨਾਲ ਸਬੰਧਤ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਨਹਿਰੂ ਤੇ ਤੀਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਗੇ ਕੱਦਾਵਰ ਨੀਤੀਵਾਨ, ਦੂਰਅੰਦੇਸ਼ ਅਤੇ ਪ੍ਰਤਿਭਾਸ਼ਾਲੀ ਆਗੂਆਂ ਵਰਗਾ ਹੋਰ ਕੋਈ ਆਗੂ ਨਹੀਂ ਉਭਰ ਸਕਿਆ।ਰਾਹੁਲ ਗਾਂਧੀ ਨੂੰ ਅਪਣੀ ਮਾਂ ਸੋਨੀਆ ਗਾਂਧੀ ਵਾਂਗ ਵਿਰਸੇ ਵਿਚ ਕਮਜ਼ੋਰ ਅਤੇ ਮਧੋਲੀ ਹੋਈ ਪਾਰਟੀ ਮਿਲੀ ਹੈ ਪਰ ਸੰਨ 1998 ਵਿਚ ਜਦੋਂ ਸੋਨੀਆ ਗਾਂਧੀ ਪ੍ਰਧਾਨ ਬਣੀ ਸੀ ਤਾਂ ਪਾਰਟੀ ਨੂੰ ਦੇਸ਼ ਦੇ 28 ਫ਼ੀ ਸਦੀ ਵੋਟਰਾਂ ਦੀ ਹਮਾਇਤ ਹਾਸਲ ਸੀ। ਲੋਕ ਸਭਾ ਵਿਚ ਇਸ ਪਾਰਟੀ ਕੋਲ 114 ਸੀਟਾਂ ਸਨ ਅਤੇ 16 ਰਾਜਾਂ ਵਿਚ ਇਸ ਦਾ ਰਾਜ ਸੀ। ਸ਼ਰਦ ਪਵਾਰ ਅਤੇ ਪੀ.ਏ. ਸੰਗਮਾ ਵਰਗੇ ਤਾਕਤਵਰ ਆਗੂਆਂ ਵਲੋਂ ਪ੍ਰਵਾਰਵਾਦ ਦੇ ਸਵਾਲ ਤੇ ਪਾਰਟੀ ਵਿਚੋਂ ਲਾਂਭੇ ਹੋਣ ਦੇ ਬਾਵਜੂਦ ਸੋਨੀਆ ਗਾਂਧੀ ਦੀ ਅਗਵਾਈ ਵਿਚ ਸਾਲ 2004 ਵਿਚ ਯੂ.ਪੀ.ਏ. ਗਠਜੋੜ ਰਾਹੀਂ ਪਾਰਟੀ ਨੇ ਕੇਂਦਰ ਵਿਚ ਸੱਤਾ ਵਾਪਸੀ ਕੀਤੀ ਅਤੇ 10 ਸਾਲ ਲਗਾਤਾਰ ਡਾ. ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਵਾਲੀ ਸਰਕਾਰ ਦੇ ਅਧੀਨ ਰਾਜ ਚਲਾਇਆ। ਦੇਸ਼ ਨੂੰ ਮਨਰੇਗਾ, ਸੂਚਨਾ ਅਧਿਕਾਰ, ਸਿਖਿਆ ਦਾ ਅਧਿਕਾਰ ਵਰਗੇ ਵਧੀਆ ਕਾਨੂੰਨ ਦਿਤੇ। ਇਹ ਵਖਰੀ ਗੱਲ ਹੈ ਕਿ ਟੈਲੀਕਾਮ, ਕੋਲਾ, ਰਾਸ਼ਟਰਮੰਡਲ ਖੇਡਾਂ ਵਰਗੇ ਵੱਡੇ ਭ੍ਰਿਸ਼ਟਾਚਾਰੀ ਘਪਲੇ ਵੀ ਦਿਤੇ।
ਹੁਣ ਜਦੋਂ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲੀ ਗਈ ਹੈ, ਇਸ ਨੂੰ ਸਿਰਫ਼ 19.3 ਫ਼ੀ ਸਦੀ ਵੋਟਰਾਂ ਦੀ ਹਮਾਇਤ ਹਾਸਲ ਹੈ। 5 ਰਾਜਾਂ ਵਿਚ ਇਸ ਦੀ ਹਕੂਮਤ ਹੈ ਜਿਨ੍ਹਾਂ ਵਿਚੋਂ ਹਿਮਾਚਲ ਪ੍ਰਦੇਸ਼ ਖੁੱਸ ਰਿਹਾ ਹੈ। ਲੋਕ ਸਭਾ ਵਿਚ 46 ਸੀਟਾਂ ਹਾਸਲ ਹਨ। ਸਦਨ ਵਿਚ 10 ਫ਼ੀ ਸਦੀ ਸੀਟਾਂ ਨਾ ਹੋਣ ਕਰ ਕੇ ਵਿਰੋਧੀ ਧਿਰ ਦਾ ਅਹੁਦਾ ਵੀ ਹਾਸਲ ਨਹੀਂ ਹੋਇਆ।ਪਾਰਟੀ ਦਾ ਸੰਗਠਨਾਤਮਕ ਢਾਂਚਾ ਬੁਰੀ ਤਰ੍ਹਾਂ ਬਿਖਰਿਆ ਪਿਆ ਹੈ। ਕਈ ਰਾਜਾਂ ਅੰਦਰ ਤਾਕਤਵਰ ਸਤਰਾਪ (ਆਗੂ) ਕੇਂਦਰੀ ਲੀਡਰਸ਼ਿਪ ਨੂੰ ਚੁਨੌਤੀ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਹਿਮਾਚਲ ਪ੍ਰਦੇਸ਼ ਅੰਦਰ ਵੀਰਭੱਦਰ ਸਿੰਘ, ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ, ਛੱਤੀਸਗੜ੍ਹ ਵਿਚ ਅਜੀਤ ਜੋਗੀ ਆਦਿ ਨੇ ਬਾਗ਼ੀਆਨਾ ਤੇਵਰ ਤਿੱਖੇ ਕਰ ਕੇ ਪਾਰਟੀ ਲੀਡਰਸ਼ਿਪ ਹਾਸਲ ਕੀਤੀ। ਕੈਪਟਨ ਅਮਰਿੰਦਰ ਦਾ ਰਾਹੁਲ ਗਾਂਧੀ ਨਾਲ ਕਈ ਅਹਿਮ ਮੌਕਿਆਂ ਤੇ ਬੇਰੁਖ਼ੀ ਵਾਲਾ ਸਲੂਕ ਕੌਣ ਨਹੀਂ ਜਾਣਦਾ ਜੋ ਅੱਜ ਅਪਣੀ ਰਾਜਨੀਤਕ ਅਗਵਾਈ ਪੁਖ਼ਤਾ ਕਰਨ ਲਈ ਉਸ ਦੇ ਗੁਣਗਾਨ ਕਰ ਰਹੇ ਹਨ।ਕਾਂਗਰਸ ਪਾਰਟੀ ਅੱਜ ਨਹਿਰੂ, ਪਟੇਲ, ਰਾਜਿੰਦਰ ਪ੍ਰਸਾਦ, ਕੇ.ਐਮ. ਮੁਨਸ਼ੀ, ਮੁਰਾਰਜੀ ਦੇਸਾਈ, ਕੇ. ਕਾਮਰਾਜ, ਵੀ.ਐੱਨ. ਗਾਡਗਿਲ, ਲਾਲ ਬਹਾਦੁਰ ਸ਼ਾਸਤਰੀ, ਅਚਾਰੀਆ ਕ੍ਰਿਪਲਾਨੀ, ਜੀ.ਬੀ. ਪੰਤ, ਸਰਵਪੱਲੀ ਰਾਧਾਕ੍ਰਿਸ਼ਨਨ, ਮੌਲਾਨਾ ਅਬੁਲ ਕਲਾਮ ਆਜ਼ਾਦ ਆਦਿ ਵਰਗੇ ਹੰਢੇ ਹੋਏ, ਧਰਤੀ ਨਾਲ ਜੁੜੇ, ਬੇਬਾਕ ਮਹਾਰਥੀਆਂ ਦੀ ਪਾਰਟੀ ਨਹੀਂ ਰਹੀ। ਅੱਜ ਇਹ ਚਾਪਲੂਸਾਂ, ਭ੍ਰਿਸ਼ਟਾਚਾਰੀ ਚੌਕੜੀਬਾਜ਼ਾਂ ਅਤੇ ਅਪਰਾਧੀ ਅਨਸਰਾਂ ਨਾਲ ਭਰਪੂਰ ਪਾਰਟੀ ਬਣ ਚੁੱਕੀ ਹੈ। ਇਸ ਪਾਰਟੀ ਅੰਦਰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਚੁਨੌਤੀ ਦੇਣ ਵਾਲੇ ਪਟੇਲ, ਇੰਦਰਾ ਗਾਂਧੀ ਨੂੰ ਚੁਨੌਤੀ ਦੇਣ ਵਾਲੇ ਮੁਰਾਰਜੀ ਦੇਸਾਈ, ਨਿਜਲਿੰਗਪਾ, ਰਾਜੀਵ ਗਾਂਧੀ ਨੂੰ ਚੁਨੌਤੀ ਦੇਣ ਵਾਲੇ ਵੀ.ਪੀ. ਸਿੰਘ ਆਦਿ ਆਗੂ ਨਹੀਂ ਰਹੇ। ਅੱਜ ਪਾਰਟੀ ਸਿਧਾਂਤਾਂ, ਵਿਚਾਰਧਾਰਾ ਅਤੇ ਸੰਗਠਨ ਪ੍ਰਤੀ ਵਫ਼ਾਦਾਰੀ ਨਾਲੋਂ ਆਗੂ ਪ੍ਰਤੀ ਚਾਪਲੂਸ ਵਫ਼ਾਦਾਰੀ ਨੂੰ ਪਹਿਲ ਦਿਤੀ ਜਾਂਦੀ ਹੈ।ਸੋਨੀਆ ਗਾਂਧੀ ਅਪਣੇ ਸੱਭ ਤੋਂ ਲੰਮੇ 19 ਸਾਲਾਂ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਚਾਪਲੂਸ ਚੌਕੜੀ 'ਚ ਘਿਰੀ ਰਹੀ। ਉਸ ਨੇ ਇੰਦਰਾ ਗਾਂਧੀ ਦੀ ਲੀਡਰਸ਼ਿਪ ਦੀ ਨਕਲ ਤਾਂ ਕਰਨੀ ਚਾਹੀ ਪਰ ਕਰ ਨਾ ਸਕੀ। ਇਸ ਕਰ ਕੇ ਇਸ ਵਿਰਾਟ ਅਤੇ ਸ਼ਾਨਾਂਮੱਤੀ ਪਾਰਟੀ ਦੀ ਹਾਲਤ ਵੇਖੋ। ਦੇਸ਼ ਦੇ ਕੁਲ ਕਰੀਬ 3896 ਅਸੈਂਬਲੀ ਹਲਕਿਆਂ ਵਿਚੋਂ ਇਸ ਕੋਲ ਸਿਰਫ਼ 732 ਹਨ ਜਦਕਿ ਸੱਤਾਧਾਰੀ ਭਾਜਪਾ ਕੋਲ 1706 ਅਤੇ ਇਲਾਕਾਈ ਪਾਰਟੀਆਂ ਕੋਲ 1858 ਹਨ। ਸੰਨ 2014 ਦਾ ਜਨਤਕ ਅਧਾਰ 19.3 ਤੋਂ ਖੁਰ ਕੇ 17.6 ਫ਼ੀ ਸਦੀ ਰਹਿ ਗਿਆ ਹੈ।47 ਸਾਲਾਂ ਦੇ ਪ੍ਰਧਾਨ ਰਾਹੁਲ ਗਾਂਧੀ, ਜਿਸ ਨੂੰ ਤਨਜ਼ ਕਰਦੇ ਵਿਰੋਧੀ ਅਤੇ ਰਾਸ਼ਟਰੀ ਪ੍ਰੈੱਸ ਕਦੇ 'ਯੁਵਰਾਜ' ਤੋਂ ਬਣਿਆ 'ਸੁਲਤਾਨ' ਅਤੇ ਰਾਜਨੀਤਕ ਦੂਰਅੰਦੇਸ਼ੀ ਦੇ ਖੇਤਰ ਸਬੰਧੀ 'ਪੱਪੂ' ਕਹਿੰਦੇ ਹਨ, ਜਿਸ ਨੂੰ ਇਸ ਅਹੁਦੇ ਤਕ ਦੇ ਸਫ਼ਰ ਲਈ ਬੀਮਾਰ ਮਾਂ ਨੇ ਕਈ ਸਾਲ ਲਾ ਦਿਤੇ, ਨੂੰ ਹੁਣ ਸਿਆਸੀ ਖੇਤਰ ਵਿਚ ਅਪਣੀ ਸਿਆਸੀ ਸੂਝ, ਦਲੇਰੀ ਅਤੇ ਦੂਰਅੰਦੇਸ਼ੀ ਵਿਖਾਉਣ ਦਾ ਸਮਾਂ ਆ ਗਿਆ ਹੈ। ਪਾਰਟੀ ਅੰਦਰ ਸੰਨ 2007 ਵਿਚ ਉਸ ਨੂੰ ਜਨਰਲ ਸਕੱਤਰ ਦਾ ਅਹੁਦਾ, ਯੂਥ ਕਾਂਗਰਸ ਪ੍ਰਧਾਨ ਦੇ ਨਾਲ ਸੌਂਪਿਆ। ਸੰਨ 2013 ਵਿਚ ਪਾਰਟੀ ਦੇ ਉਪ ਪ੍ਰਧਾਨ ਬਣਾਇਆ ਗਿਆ। ਸੰਨ 2004 ਤੋਂ ਉਹ ਅਮੇਠੀ (ਉਤਰ ਪ੍ਰਦੇਸ਼) ਤੋਂ ਸੰਸਦ ਮੈਂਬਰ ਚੁਣੇ ਜਾ ਰਹੇ ਹਨ, ਜਿਥੋਂ ਹਾਲ ਵਿਚ ਹੋਈਆਂ ਸਥਾਨਕ ਸਰਕਾਰਾਂ ਚੋਣਾਂ ਵਿਚ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਮੂੰਹ ਵੇਖਣਾ ਪਿਆ। ਉੱਤਰ ਪ੍ਰਦੇਸ਼ ਅੰਦਰ ਉਹ ਕਾਂਗਰਸ ਪਾਰਟੀ ਨੂੰ ਮੁੜ ਸੰਗਠਤ ਕਰਨ ਵਿਚ ਨਾਕਾਮ ਰਹੇ ਹਨ। ਬਿਹਾਰ, ਗੋਆ, ਅਸਾਮ, ਉਤਰਾਖੰਡ, ਯੂ.ਪੀ. ਚੋਣਾਂ ਵਿਚ ਸਿਆਸੀ ਮਹਾਰਤ ਦਾ ਮੁਜ਼ਾਹਰਾ ਨਹੀਂ ਕਰ ਸਕਿਆ। ਪੰਜਾਬ ਵਿਚ ਕਾਂਗਰਸ ਦੀ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਨਿਜੀ ਸ਼ਖ਼ਸੀਅਤ ਦੀ ਵੱਡੀ ਜਿੱਤ ਸੀ।ਪਹਿਲੀ ਵਾਰ ਗੁਜਰਾਤ ਅੰਦਰ ਜਾਤੀਵਾਦੀ ਨੌਜਵਾਨ ਲੀਡਰਸ਼ਿਪ ਜਿਵੇਂ ਖੱਤਰੀ ਆਗੂ ਅਪਲੇਸ਼ ਠਾਕੁਰ, ਪਾਟੀਦਾਰ ਜਾਤੀ ਆਗੂ ਹਾਰਦਿਕ ਪਟੇਲ, ਦਲਿਤ ਜਾਤੀਆਂ ਸਬੰਧੀ ਆਗੂ ਜਿਗਨੇਸ਼ ਸਿਵਾਨੀ ਨਾਲ  ਸਿਆਸੀ ਗਠਜੋੜ ਕਰ ਕੇ, 22 ਸਾਲਾਂ ਦੇ ਭਾਜਪਾ ਰਾਜ ਵਿਰੁਧ ਜਨਤਕ ਗੁੱਸੇ ਨੂੰ ਭੁਲਾ ਕੇ ਹਮਲਾਵਰ ਚੋਣ ਮੁਹਿੰਮ ਚਲਾ ਕੇ ਇਕ ਵਾਰ ਤਾਂ ਉਸ ਨੇ ਭਾਜਪਾ ਅਤੇ ਇਸ ਦੇ ਕੱਦਾਵਰ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਨੂੰ ਪੜ੍ਹਨੇ ਪਾ ਦਿਤਾ। ਪਰ ਅਪਣੇ ਪਿਤਾ ਮਰਹੂਮ ਰਾਜੀਵ ਗਾਂਧੀ ਵਾਂਗ ਵੱਡੀ ਸਿਆਸੀ ਭੁੱਲ ਕਰ ਬੈਠਾ।ਧਰਮਨਿਰਪੱਖ ਸਿਧਾਂਤ ਨਾਲ ਪ੍ਰਣਾਈ ਕਾਂਗਰਸ ਨੀਤੀ ਨੂੰ ਦਰਕਿਨਾਰ ਕਰ ਕੇ ਰਾਜੀਵ ਗਾਂਧੀ ਨੇ ਬਾਬਰੀ ਮਸਜਿਦ ਦੇ ਦਰਵਾਜ਼ੇ ਖੁਲ੍ਹਵਾਏ ਜਿਥੇ ਰਾਮਲੱਲ੍ਹਾ ਦੀਆਂ ਮੂਰਤੀਆਂ ਸਥਾਪਤ ਕੀਤੀਆਂ। ਸ਼ਾਹਬਾਨੋ ਕੇਸ ਵਿਚ ਮੁਲਾਣਿਆਂ ਅੱਗੇ ਹਥਿਆਰ ਸੁੱਟੇ। ਸੰਨ 1984 ਵਿਚ ਲੋਕ ਸਭਾ ਚੋਣਾਂ ਵਿਚ 414 ਰੀਕਾਰਡ ਲੋਕ ਸਭਾ ਚੋਣਾਂ ਜਿੱਤਣ ਵਾਲੀ ਕਾਂਗਰਸ ਸੰਨ 1989 ਵਿਚ ਅੱਧੀਆਂ ਵੀ ਨਾ ਜਿੱਤ ਸਕੀ। ਹੁਣ ਹਿੰਦੂ ਪੱਤਾ ਖੇਡਣ ਲਈ ਫਿਰ ਰਾਹੁਲ ਗਾਂਧੀ  ਸੋਮਨਾਥ ਮੰਦਰ ਅਤੇ ਹੋਰਨਾਂ ਮੰਦਰਾਂ ਵਿਚ ਜਨੇਊ ਦਾ ਵਿਖਾਵਾ ਕਰ ਕੇ 'ਸ਼ਿਵ ਭਗਤ' ਕਹਾਉਂਦੇ ਅਪਣੀ ਤਾਕਤਵਰ ਸਿਆਸੀ ਲੜਾਈ ਨੂੰ ਪੁੱਠਾ ਗੇੜਾ ਦਿੰਦੇ ਵਿਖਾਈ ਦਿਤੇ। ਪਾਰਟੀ ਪ੍ਰਧਾਨ ਵਜੋਂ ਗੁਜਰਾਤ ਚੋਣਾਂ ਉਨ੍ਹਾਂ ਦਾ ਪਹਿਲਾ ਸਿਆਸੀ ਲਿਟਮਸ ਟੈਸਟ ਹੁੰਦਾ ਵਿਖਾਈ ਦਿੰਦਾ ਹੈ।ਅਗਲੇ ਸਾਲ 8 ਰਾਜਾਂ ਵਿਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ। ਉਸ ਤੋਂ ਬਾਅਦ ਸੰਨ 2019 ਵਿਚ ਲੋਕ ਸਭਾ ਚੋਣਾਂ ਹੋਣਗੀਆਂ। ਕਾਂਗਰਸ ਪਾਰਟੀ ਅੰਦਰ ਉਨ੍ਹਾਂ ਦੀ ਲੀਡਰਸ਼ਿਪ ਦੀ ਮਕਬੂਲੀਅਤ ਦਾ ਫ਼ੈਸਲਾ ਯਕੀਨੀ ਤੌਰ ਤੇ ਇਹ ਚੋਣਾਂ ਕਰਨਗੀਆਂ ਅਤੇ ਇਸ ਨਾਲ ਹੀ ਉਨ੍ਹਾਂ ਦੇ ਸਿਆਸੀ ਭਵਿੱਖ ਦਾ।ਰਾਹੁਲ ਗਾਂਧੀ ਨੂੰ ਨੋਟਬੰਦੀ, ਜੀ.ਐੱਸ.ਟੀ. ਦੇ ਵਾਵੇਲੇ ਭਰੇ ਵਿਰੋਧ ਤੋਂ ਉੱਠ ਕੇ ਸੱਭ ਤੋਂ ਪਹਿਲਾਂ ਪਾਰਟੀ ਅਤੇ ਇਸ ਦੀਆਂ ਬ੍ਰਾਂਚਾਂ ਦੇ ਸੰਗਠਨਾਂ ਨੂੰ ਤਾਕਤਵਰ ਬਣਾਉਣਾ ਚਾਹੀਦਾ ਹੈ। ਪਾਰਟੀ ਅੰਦਰਲੀ ਲੋਕਤੰਤਰੀ ਪ੍ਰਕ੍ਰਿਆ, ਜੋ ਉਨ੍ਹਾਂ ਸ਼ੁਰੂ ਕੀਤੀ ਸੀ, ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਕਾਂਗਰਸ ਦੇ ਸੂਬਾਈ ਅਤੇ ਇਲਾਕਾਈ ਪੱਧਰ ਦੇ ਤਾਕਤਵਰ ਆਗੂ, ਜਿਨ੍ਹਾਂ ਕੋਲ ਸੰਗਠਨਾਤਮਕ ਅਤੇ ਸ਼ਾਸਨ ਸਬੰਧੀ ਲੰਮਾ ਤਜਰਬਾ ਹੈ, ਉਵੇਂ ਹੀ ਅੱਗੇ ਲਿਆਂਦੇ ਜਾਣ ਜਿਵੇਂ ਨਹਿਰੂ ਕਾਲ ਵੇਲੇ ਬੀ.ਸੀ. ਰਾਏ, ਮੁਰਾਰਜੀ ਦਿਸਾਈ, ਸੰਜੀਵਾ ਰੈੱਡੀ, ਵਾਈ.ਬੀ. ਚਵਾਨ ਲਿਆਂਦੇ ਸਨ। ਕਾਂਗਰਸ ਲੀਡਰਸ਼ਿਪ ਵਿਚ ਬਜ਼ੁਰਗਾਂ ਅਤੇ ਨੌਜੁਆਨਾਂ ਦਾ ਸੰਤੁਲਨ ਕਾਇਮ ਰਖਿਆ ਜਾਵੇ। ਜਨਤਾ ਨਾਲ ਸਿੱਧਾ ਸੰਵਾਦ ਪੈਦਾ ਕੀਤਾ ਜਾਵੇ। ਨੌਜੁਆਨਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਸਮਝਿਆ ਜਾਏ।ਹਰ ਵਰਗ, ਜਾਤੀਆਂ, ਧਰਮਾਂ, ਫ਼ਿਰਕਿਆਂ, ਕਾਮਿਆਂ, ਪਛੜਿਆਂ ਨੂੰ ਬਰਾਬਰੀ ਦੇ ਅਧਾਰ ਤੇ ਪਾਰਟੀ ਨਾਲ ਜੋੜਿਆ ਜਾਵੇ। ਖ਼ਾਸ ਕਰ ਕੇ ਸਿੱਖ ਘੱਟ ਗਿਣਤੀ ਨੂੰ ਦਿਤੇ ਦਾਗ਼ ਧੋ ਦਿਤੇ ਜਾਣ। ਇਕੋ ਜਿਹੇ ਵਿਚਾਰਾਂ ਵਾਲੀਆਂ ਪਾਰਟੀਆਂ ਨੂੰ ਸੁੰਗੜ ਰਹੇ ਯੂ.ਪੀ.ਏ. ਗਠਜੋੜ ਨਾਲ ਜੋੜਿਆ ਜਾਵੇ।ਪੰਚਮੜੀ ਤੇ ਸ਼ਿਮਲਾ ਸੰਮੇਲਨਾਂ ਦੇ ਨਵੇਂ ਵਿਚਾਰਾਂ ਉਤੇ ਅਮਲ ਕੀਤਾ ਜਾਵੇ। 'ਆਮ ਆਦਮੀ' ਦਾ ਵਿਚਾਰ ਮੂਲ ਰੂਪ ਵਿਚ ਕਾਂਗਰਸ ਦਾ ਹੈ, ਇਸ ਨੂੰ ਮੁੜ ਅਪਣਾਇਆ ਜਾਵੇ। ਭ੍ਰਿਸ਼ਟਾਚਾਚਾਰ ਨੂੰ ਪਾਰਟੀ ਅਤੇ ਸਾਸ਼ਨ ਅੰਦਰ ਲੋਹੇ ਦੇ ਹੱਥਾਂ ਨਾਲ ਨਿਪਟਿਆ ਜਾਵੇ। ਇਹ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਕਾਂਗਰਸ ਪਾਰਟੀ ਦਾ 'ਲਾਡਲਾ' ਇਸ ਦਾ ਖੁਸਿਆ ਰਾਜਨੀਤਕ ਵਕਾਰ ਬਹਾਲ ਕਰ ਪਾਉਂਦਾ ਹੈ ਕਿ ਨਹੀਂ ਕਿਉਂਕਿ ਉਸ ਦਾ ਸਿੱਧਾ ਸਿਆਸੀ ਟਕਰਾਅ  ਨਰਿੰਦਰ ਮੋਦੀ ਵਰਗੇ ਦੇਸ਼-ਵਿਦੇਸ਼ ਅੰਦਰ ਕਦਾਵਰ, ਨਵੇਂ ਵਿਚਾਰਾਂ ਵਾਲੇ ਉੱਚ ਕੋਟੀ ਦੇ ਬੁਲਾਰੇ ਅਤੇ ਵੋਟ ਅਤੇ ਵੋਟਰਾਂ ਨੂੰ ਖਿੱਚਣ ਦੀ ਲਾਸਾਨੀ ਸਮਰੱਥਾ ਰਖਣ ਵਾਲੇ ਆਗੂ ਨਾਲ ਹੈ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement