ਕਿਰਨ ਖੇਰ ਨੇ ਕੁੜੀਆਂ ਨੂੰ ਗ਼ਲਤ ਨਸੀਹਤ ਤਾਂ ਕੋਈ ਨਹੀਂ ਦਿਤੀ...
Published : Dec 1, 2017, 9:18 pm IST
Updated : Dec 1, 2017, 4:58 pm IST
SHARE ARTICLE

ਕਿਰਨ ਖੇਰ ਨੇ ਚੰਡੀਗੜ੍ਹ ਵਿਚ ਬਲਾਤਕਾਰ ਪੀੜਤ ਕੁੜੀ ਨੂੰ ਨਸੀਹਤ ਦੇ ਕੇ ਇਕ ਵਿਵਾਦ ਛੇੜ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਰ ਰਾਤ ਨੂੰ ਇਕ ਆਟੋ ਰਿਕਸ਼ਾ ਵਿਚ ਤਿੰਨ ਅਨਜਾਣ ਮਰਦਾਂ ਨਾਲ ਨਹੀਂ ਬੈਠਣਾ ਚਾਹੀਦਾ ਸੀ ਅਤੇ ਅਹਿਤਿਆਤ ਵਰਤਣੀ ਚਾਹੀਦੀ ਸੀ। ਲੋਕਾਂ ਨੂੰ ਉਨ੍ਹਾਂ ਦੀ ਨਸੀਹਤ ਚੰਗੀ ਨਹੀਂ ਲੱਗੀ। ਪਰ ਉਨ੍ਹਾਂ ਨੇ ਗ਼ਲਤ ਵੀ ਕੀ ਕਹਿ ਦਿਤਾ ਹੈ? ਭਾਵੇਂ ਅੱਜ ਅਸੀ ਔਰਤਾਂ ਦੀ ਬਰਾਬਰੀ ਦੀ ਗੱਲ ਕਰ ਰਹੇ ਹਾਂ, ਪਰ ਔਰਤਾਂ ਅਪਣੇ ਆਪ ਨੂੰ ਮਰਦਾਂ ਦੇ ਬਰਾਬਰ ਸਮਝਣ ਦੀ ਗ਼ਲਤੀ ਨਾ ਕਰ ਲੈਣ। ਕੌਮੀ ਅਪਰਾਧ ਬਿਊਰੋ ਵਲੋਂ 2016 ਦੇ ਅੰਕੜੇ ਕਿਰਨ ਖੇਰ ਦੀ ਨਸੀਹਤ ਦੀ ਹਮਾਇਤ ਕਰਦੇ ਹਨ। 2016 ਵਿਚ ਹਰ ਰੋਜ਼ 106 ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਪਤਾ ਨਹੀਂ ਕਿੰਨੇ ਹੋਣਗੇ ਜੋ ਅੰਦਰ ਹੀ ਡੁਸਕਦੇ ਅਪਣਾ ਦਰਦ ਪੀ ਗਏ ਹੋਣਗੇ ਕਿਉਂਕਿ ਕੁੜੀਆਂ ਅਜੇ ਵੀ ਸ਼ਰਮ ਦੀਆਂ ਬੇੜੀਆਂ ਵਿਚ ਕੈਦ ਹਨ।
ਔਰਤਾਂ ਵਾਸਤੇ ਬੜੀ ਅਜੀਬ ਸਥਿਤੀ ਹੈ। ਇਕ ਪਾਸੇ ਪੜ੍ਹਾਇਆ ਲਿਖਾਇਆ ਜਾ ਰਿਹਾ ਹੈ, ਅਪਣੀ ਕਮਾਈ ਦੀ ਯੋਗਤਾ ਪੈਦਾ ਹੋ ਰਹੀ ਹੈ, ਦਿਮਾਗ਼ ਵਿਚ ਅਪਣੀ ਬਰਾਬਰੀ ਦਾ ਬੀਜ ਬੋਇਆ ਜਾ ਰਿਹਾ ਹੈ, ਖ਼ਾਸ ਕਰ ਕੇ ਮਾਤਾ-ਪਿਤਾ ਦੇ ਘਰ ਤਕ ਤਾਂ ਇਸ ਬੀਜ ਨੂੰ ਇਕ ਦਰੱਖ਼ਤ ਹੀ ਬਣਾ ਦਿਤਾ ਜਾਂਦਾ ਹੈ ਪਰ ਜਦੋਂ ਹਕੀਕਤ ਨਾਲ ਸਾਹਮਣਾ ਹੁੰਦਾ ਹੈ ਤਾਂ ਅਹਿਸਾਸ ਹੁੰਦਾ ਹੈ ਕਿ ਅਜੇ ਬਰਾਬਰੀ ਕਿੰਨੀ ਦੂਰ ਹੈ।
ਔਰਤਾਂ ਕੰਮ ਕਰਨ ਲਈ ਬਾਹਰ ਜਾ ਰਹੀਆਂ ਹਨ ਪਰ ਉਨ੍ਹਾਂ ਦੀ ਸੁਰੱਖਿਆ ਅਜੇ ਸੰਪੂਰਨਤਾ ਹਾਸਲ ਨਹੀਂ ਕਰ ਸਕੀ। ਇਸ ਵਿਚ ਸਰਕਾਰਾਂ ਦੀ ਕੋਈ ਗ਼ਲਤੀ ਨਹੀਂ ਸਗੋਂ ਅਜੇ ਸਮਾਜ ਦੀ ਸੋਚ ਹੀ ਨਹੀਂ ਬਦਲੀ। ਅੱਜ ਦਾ ਸਮਾਜ ਇਹੀ ਨਹੀਂ ਸਮਝ ਪਾ ਰਿਹਾ ਕਿ ਔਰਤ ਆਖ਼ਰ ਹੈ ਕੀ? ਕੀ ਉਹ ਬੱਚਿਆਂ ਨੂੰ ਸੰਭਾਲਣ ਦੇ ਕੰਮ ਲਈ ਹੀ ਘੜੀ ਗਈ ਹੈ? ਆਖ਼ਰ ਮਾਂ ਤੋਂ ਬਿਹਤਰ ਬੱਚੇ ਨੂੰ ਕੌਣ ਪਾਲ ਸਕਦਾ ਹੈ? ਪਰ ਮਾਂ/ਔਰਤ, ਇਨਸਾਨ ਵੀ ਤਾਂ ਹੈ ਅਤੇ ਉਸ ਦੇ ਅਪਣੇ ਸੁਪਨੇ ਵੀ ਤਾਂ ਹੁੰਦੇ ਹਨ। ਉਹ ਅਪਣੇ ਆਪ ਕਮਾਈ ਕਰ ਕੇ ਖ਼ੁਦ ਨੂੰ ਤਾਕਤਵਰ ਮੰਨਦੀ ਹੈ, ਪਰ ਜਿਵੇਂ ਉਸ ਪੀੜਤ ਨੇ ਇਸ ਦਰਦਨਾਕ ਬਲਾਤਕਾਰ ਨਾਲ ਸਿਖਿਆ ਕਿ ਉਸ ਦੀ ਤਾਕਤ ਅਜੇ ਕੁੱਝ ਆਦਮੀਆਂ ਦੀ ਤਾਕਤ ਸਾਹਮਣੇ ਮਿੱਟੀ ਹੋ ਜਾਂਦੀ ਹੈ।
ਔਰਤਾਂ ਅਪਣੀ ਕਮਾਈ, ਅਪਣੇ ਆਪ ਨੂੰ ਸਿਹਤਮੰਦ ਬਣਾਈ ਰੱਖਣ ਲਈ ਅਤੇ ਅਪਣੇ ਸ਼ਿੰਗਾਰ ਤੇ ਲਾਉਂਦੀਆਂ ਹਨ ਪਰ ਉਹੀ ਖ਼ੂਬਸੂਰਤੀ ਉਨ੍ਹਾਂ ਦੀ ਦੁਸ਼ਮਣ ਬਣ ਜਾਂਦੀ ਹੈ। ਜ਼ਿਆਦਾ ਚੰਗਾ ਲਗਣਾ ਵੀ ਇਕ ਗੁਨਾਹ ਬਣ ਜਾਂਦਾ ਹੈ। ਹੁਣ ਵਿਚਾਰੀ ਕੀ ਕਰੇ, ਅਪਣੇ ਆਪ ਨੂੰ ਖ਼ੁਦ ਭੱਦੀ ਬਣਾਵੇ?
ਜਿਹੜੀ ਪੜ੍ਹ ਲਿਖ ਕੇ ਕਾਬਲ ਬਣਦੀ ਵੀ ਹੈ, ਉਹ ਅਕਸਰ ਪਿਆਰ ਅੱਗੇ ਹਾਰ ਜਾਂਦੀ ਹੈ। ਇੰਗਲੈਂਡ ਦੇ ਛੋਟੇ ਰਾਜਕੁਮਾਰ ਹੈਰੀ ਦੀ ਮੰਗਣੀ ਇਕ ਵੱਡੀ ਅਮਰੀਕਨ ਅਦਾਕਾਰਾ ਨਾਲ ਹੋਈ। ਮੇਗਨ ਮਾਰਕਲ ਨੇ ਵਿਆਹ ਤੋਂ ਬਾਅਦ ਕੰਮ ਨਾ ਕਰਨ ਦਾ ਐਲਾਨ ਕਰ ਦਿਤਾ ਹੈ। ਹੁਣ ਕੀ ਔਰਤਾਂ ਪਿਆਰ ਕਰਨਾ ਬੰਦ ਕਰ ਦੇਣ ਜਾਂ ਪੜ੍ਹਾਈ ਕਰਨੀ ਬੰਦ ਕਰ ਦੇਣ?


ਮਾਨੁਸ਼ੀ ਛਿੱਲਰ ਮਿਸ ਵਰਲਡ ਬਣੀ ਤਾਂ ਡਾਕਟਰੀ ਕਰ ਰਹੀ ਸੀ। ਉਸ ਨੇ ਜਦ ਅਪਣੀ ਜਿੱਤ ਦਾ ਵੀਡੀਉ ਵੇਖਿਆ ਤਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ 'ਕਾਸ਼ ਮੇਰਾ ਖ਼ੁਸ਼ੀ ਦਾ ਇਜ਼ਹਾਰ 'ਔਰਤਾਂ ਲਾਇਕ' ਹੁੰਦਾ।' ਔਰਤਾਂ ਲਾਇਕ ਯਾਨੀ ਕਿ ਸਹਿਮੀ, ਘਬਰਾਈ, ਸ਼ਰਮੀਲੀ? ਇਸ ਕੁੜੀ ਨੂੰ ਨਵੀਂ ਔਰਤ ਦੀ ਆਜ਼ਾਦ ਔਰਤ ਦਾ ਪ੍ਰਤੀਕ ਆਖਿਆ ਜਾ ਰਿਹਾ ਹੈ, ਪਰ ਇਹ ਕੁੜੀ ਤਾਂ ਖੁੱਲ੍ਹ ਕੇ ਖ਼ੁਸ਼ੀ ਪ੍ਰਗਟ ਕਰਨ ਵਿਚ ਵੀ ਸ਼ਰਮ ਮਹਿਸੂਸ ਕਰ ਰਹੀ ਹੈ। ਜਿਹੜੀ ਕੁੜੀ ਕਰੋੜਾਂ ਸਾਹਮਣੇ ਅਪਣੇ ਆਪ ਨੂੰ ਵੱਖ-ਵੱਖ ਕਪੜਿਆਂ ਵਿਚ ਪੇਸ਼ ਕਰ ਸਕੀ, ਜਿਸ ਵਿਚ ਭਾਰਤੀ ਸਭਿਆਚਾਰ ਵਿਰੁਧ ਮੰਨਿਆ ਜਾਂਦਾ ਸਵਿੱਮ ਸੂਟ ਵੀ ਸ਼ਾਮਲ ਹੈ, ਉਹ ਅਪਣੀ ਖ਼ੁਸ਼ੀ ਵਿਚ ਨਿਕਲੀ ਚੀਕ ਨੂੰ ਗ਼ਲਤ ਮੰਨ ਸਕਦੀ ਹੈ?
ਕਿਸ ਤਰ੍ਹਾਂ ਦੀ ਔਰਤ ਦੀ ਸ਼ਕਤੀ ਦੀ ਗੱਲ ਕਰ ਰਹੇ ਹਾਂ ਜੋ ਸਹਿਮੀ, ਸ਼ਰਮਾਉਂਦੀ ਅਪਣੀ ਤਾਕਤ ਦਾ ਪ੍ਰਦਰਸ਼ਨ ਕਰੇਗੀ? ਇਕ 'ਬਿਊਟੀ ਕੁਈਨ' ਸ਼ਕਤੀ ਦੀ ਪ੍ਰਤੀਕ ਨਹੀਂ, ਪਰ ਉਸ ਲੜਕੀ ਦੀ ਮਾਨਸਿਕਤਾ ਅੱਜ ਦੀ ਔਰਤ ਦੇ ਮਨ ਵਿਚ ਚਲ ਰਹੇ ਯੁੱਧ ਦੀ ਪ੍ਰਤੀਕ ਹੈ।
ਪੜ੍ਹੀ-ਲਿਖੀ ਨਾ ਵੀ ਹੋਵੇ, ਇਕ ਔਰਤ ਇਕ ਪ੍ਰਵਾਰ ਨੂੰ ਸੰਭਾਲ ਸਕਣ ਦੀ ਕਾਬਲੀਅਤ ਤਾਂ ਰਖਦੀ ਹੈ ਪਰ ਫਿਰ ਵੀ ਉਸ ਦੀ ਆਵਾਜ਼ ਮਰਦ ਸਾਹਮਣੇ ਛੋਟੀ ਪੈ ਜਾਂਦੀ ਹੈ। ਕਾਬਲੀਅਤ ਤੇ ਖ਼ੂਬਸੂਰਤੀ, ਕਿਸੇ ਵੀ ਤਾਕਤਵਰ ਮਰਦ ਦੀ ਹਵਸ ਸਾਹਮਣੇ ਫਿੱਕੀ ਪੈ ਜਾਂਦੀ ਹੈ। ਤੱਥਾਂ ਉਤੇ ਮਰਦ ਦੀ ਤਾਕਤ ਹਾਵੀ ਹੋ ਜਾਂਦੀ ਹੈ। ਰੱਬ ਅਤੇ ਧਰਮ ਵਿਚ ਬਰਾਬਰੀ, ਆਦਮ ਸਮਾਜ ਸਾਹਮਣੇ, ਭੁਲਾ ਦਿਤੀ ਜਾਂਦੀ ਹੈ।
ਉਸ ਬਲਾਤਕਾਰ ਪੀੜਤਾ ਨੇ ਰਾਤ ਵਿਚ ਆਟੋ ਲਿਆ ਕਿਉਂਕਿ ਉਹ ਅਪਣੇ ਆਪ ਨੂੰ ਕਾਬਲ ਮੰਨਦੀ ਸੀ ਪਰ ਅਜੇ ਜ਼ਮਾਨਾ ਔਰਤ ਦੀ ਸੋਚ ਨਾਲ ਕਦਮ ਨਹੀਂ ਮਿਲਾ ਸਕਿਆ। ਉਥੇ ਕਿਰਨ ਖੇਰ ਦੀ ਨਸੀਹਤ ਠੀਕ ਸੀ ਕਿਉਂਕਿ ਉਹ ਸ਼ਾਇਦ ਮਾਂ ਦੇ ਦਰਦ ਅਤੇ ਤਜਰਬੇ ਦੀ ਬੋਲੀ ਬੋਲ ਰਹੇ ਸਨ। ਜਦੋਂ ਤਕ ਸੋਚ ਨਹੀਂ ਬਦਲਦੀ, ਅਪਣੇ ਆਪ ਨੂੰ ਉਸ ਪੁਰਾਣੇ ਢਾਂਚੇ ਵਿਚੋਂ ਵੀ ਕਢਣਾ ਹੈ ਪਰ ਨਾਲ ਹੀ ਅਪਣੇ ਆਪ ਨੂੰ ਬਚਾਅ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਕਿਸੇ ਦੂਜੇ ਤੇ ਨਹੀਂ ਸੁਟਣੀ, ਆਪ ਚੁਕਣੀ ਹੈ।  -ਨਿਮਰਤ ਕੌਰ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement