ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਨੇ ਹਾਲ ਹੀ ਵਿਚ ਇਕ ਰੀਪੋਰਟ ਦਿਤੀ ਹੈ ਕਿ 2017 ਦੌਰਾਨ ਵਿਦੇਸ਼ਾਂ ਵਿਚ ਪੜ੍ਹਦੇ 21 ਭਾਰਤੀ ਵਿਦਿਆਰਥੀਆਂ ਉਤੇ ਹਮਲੇ ਹੋਏ ਹਨ। ਇਹ ਘਟਨਾਵਾਂ ਵਖੋ-ਵਖਰੇ ਦਸ ਮੁਲਕਾਂ ਵਿਚ ਵਾਪਰੀਆਂ ਅਤੇ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਉਤੇ ਸੱਭ ਤੋਂ ਵੱਧ ਹਮਲੇ ਪੋਲੈਂਡ ਵਿਚ ਹੋਏ ਹਨ। ਸਾਰੀਆਂ ਦੀਆਂ ਸਾਰੀਆਂ 21 ਘਟਨਾਵਾਂ ਵਿਚੋਂ 9 ਘਟਨਾਵਾਂ ਤਾਂ ਪੋਲੈਂਡ ਵਿਚ ਹੀ ਵਾਪਰੀਆਂ ਹਨ। ਇਹ ਵੇਰਵੇ ਇਸ ਸਾਲ ਦੇ 19 ਦਸੰਬਰ ਤਕ ਦੇ ਹਨ। ਅੱਗੇ ਰੱਬ ਜਾਣੇ ਕੀ ਕੀ ਹੁੰਦਾ ਹੈ!ਹੁਣ ਸਮਾਂ ਏਨਾ ਭਿਆਨਕ ਲੰਘ ਰਿਹਾ ਹੈ ਕਿ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਪੰਜਾਬ ਤੋਂ ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਗਏ ਪੁੱਤਰਾਂ ਦੇ ਲਗਾਤਾਰ ਵੱਖ ਵੱਖ ਘਟਨਾਵਾਂ ਵਿਚ ਮਰਨ ਦੀਆਂ ਖ਼ਬਰਾਂ ਵਿਚ ਵਾਧਾ ਨਾ ਹੋ ਰਿਹਾ ਹੋਵੇ। ਅਜਿਹੀਆਂ ਖ਼ਬਰਾਂ ਪੜ੍ਹ ਕੇ ਮੈਂ ਕਈ ਵਾਰ ਬਹੁਤ ਹੀ ਉਦਾਸ ਹੁੰਦਾ ਹਾਂ ਤੇ ਅਪਣੇ ਇਕ ਕਰੀਬੀ ਦੋਸਤ ਨਾਲ ਰੋਜ਼ ਵਾਂਗ ਗੱਲਾਂ ਕਰਦਾ ਹਾਂ, ''ਮੇਰੇ ਮਿੱਤਰਾ, ਸਾਡੇ ਵਿਦੇਸ਼ਾਂ 'ਚ ਗਏ ਪੁੱਤਰਾਂ ਦੀਆਂ ਲਾਸ਼ਾਂ ਦੇ ਬਕਸੇ ਧੜਾਧੜ ਪੰਜਾਬ ਵਾਪਸ ਆ ਰਹੇ ਹਨ। ਕੀ ਬਣੇਗਾ ਸਾਡਾ ਹੁਣ ਮਿੱਤਰਾ?''ਮਿੱਤਰ ਨੇ ਅੱਗੋਂ ਆਖਿਆ, ''ਤੈਨੂੰ ਪਤੈ, 2017 ਦੇ ਸਾਲ ਵਿਚ ਕੀ ਹੋਇਐ? ਪੰਜਾਬ ਦੇ ਹਜ਼ਾਰਾਂ ਹੀ ਮੁੰਡੇ-ਕੁੜੀਆਂ ਅੱਗੜ-ਪਿਛੜ ਵਿਦੇਸ਼ਾਂ ਨੂੰ ਭੱਜ ਗਏ ਹਨ। ਉਨ੍ਹਾਂ ਪਲੱਸ-ਟੂ ਕਰਨ ਤੋਂ ਬਾਅਦ ਸਿਰਫ਼ ਤੇ ਸਿਰਫ਼ ਆਈਲੈਟਸ ਕੀਤੀ। ਚੰਗੇ ਬੈਂਡ ਲਏ ਤੇ ਜਹਾਜ਼ ਜਾ ਚੜ੍ਹੇ।” ਅੱਗੇ ਮੇਰਾ ਮਿੱਤਰ ਵਿਸਥਾਰ ਵਿਚ ਬੋਲਿਆ, ''ਤੈਨੂੰ ਪਤੈ ਕਿ ਪੰਜਾਬ ਦੇ ਬਹੁਤ ਸਾਰੇ ਕਾਲਜ ਅਜਿਹੇ ਹਨ, ਜਿੱਥੇ ਭੁਖਮਰੀ ਫੈਲਣ ਲੱਗੀ ਹੈ ਤੇ ਦਾਖ਼ਲੇ ਹੀ ਨਹੀਂ ਹੋਏ? ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਅਧਿਆਪਕ ਵੀ ਘਰੋਂ ਘਰੀਂ ਤੋਰ ਦਿਤੇ ਨੇ ਕਿ ਜਦ ਦਾਖ਼ਲਾ ਹੀ ਨਹੀਂ ਹੋਇਆ ਤਾਂ ਤੁਸੀ ਨੌਕਰੀ ਕਾਹਦੀ ਕਰੋਗੇ?” ਮੈਂ ਪ੍ਰੇਸ਼ਾਨ ਹੋ ਕੇ ਪੁਛਿਆ ਕਿ ਮਿੱਤਰਾ ਤੂੰ ਨਿਜੀ ਕਾਲਜਾਂ ਦੀ ਗੱਲ ਕਰ ਰਿਹਾ ਹੈ ਜਾਂ ਸਰਕਾਰੀ ਕਾਲਜਾਂ ਦੀ? ਉਸ ਆਖਿਆ ਕਿ ਇਹੋ ਹੀ ਹਾਲ ਸਰਕਾਰੀ ਕਾਲਜਾਂ ਦਾ ਹੈ, ਜੋ ਰੱਬ ਆਸਰੇ ਚਲ ਰਹੇ ਨੇ ਤੇ ਇਸ ਵਾਰ ਤਾ ਦਾਖ਼ਲਾ ਬਹੁਤ ਹੀ ਘੱਟ ਹੋਇਆ ਹੈ। ਬਾਰ੍ਹਵੀਂ ਜਮਾਤ ਤੋਂ ਬਾਅਦ, ਕਾਲਜਾਂ ਦੇ ਮਾਲਕ ਵਿਦਿਆਰਥੀਆਂ ਦੇ ਮੂੰਹਾਂ ਵਲ ਵੇਖਦੇ ਨੇ ਕਿ ਸਾਡੇ ਕਾਲਜ ਵਲ ਵੀ ਕੋਈ ਦਾਖ਼ਲਾ ਲੈਣ ਵਾਸਤੇ ਪਧਾਰੇ। ਸੋ ਮਿੱਤਰ ਦੀਆਂ ਗੱਲਾਂ ਸੋਚੀਂ ਪਾਉਣ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਸਨ।
ਪਾਠਕੋ, ਮੈਂ ਰੋਜ਼ਾਨਾ ਵਾਂਗ ਬਹੁਤ ਸਾਰੇ ਸਮਾਜਕ ਇਕੱਠਾਂ ਵਿਚ ਜਾਂਦਾ ਰਹਿੰਦਾ ਹਾਂ। ਉਥੇ ਜੋ ਵੀ ਜਾਣੂ ਮਿਲਦਾ ਹੈ, ਉਹ ਇਹੀ ਗੁਹਾਰ ਲਾਉਂਦਾ ਹੈ ਕਿ 'ਮੇਰੀ ਕੁੜੀ ਪਿਛਲੇ ਹਫ਼ਤੇ ਕੈਨੇਡਾ ਚਲੇ ਗਈ ਹੈ। ਉਥੇ ਹੁਣ ਉਸ ਨੂੰ ਕੰਮ ਨਹੀਂ ਮਿਲ ਰਿਹਾ। ਲੱਖਾਂ ਰੁਪਏ ਲਾ ਕੇ ਘਰੋਂ ਤੋਰੀ ਹੈ। ਜਦ ਕਮਾਵੇਗੀ, ਤਦ ਵੇਖੀ ਜਾਵੇਗੀ। ਫਿਰ ਲੱਖਾਂ ਰੁਪਏ ਵਿਆਹ ਉੱਤੇ ਖ਼ਰਚਾਂਗੇ ਤੇ ਲੱਖਾਂ ਰੁਪਏ ਉਥੇ ਉਸ ਦੀ ਪੜ੍ਹਾਈ ਉਤੇ ਵੀ ਖ਼ਰਚ ਰਹੇ ਹਾਂ। ਕਿਸੇ ਨੂੰ ਕਹਿ-ਕੁਹਾ ਕੇ ਉਸ ਨੂੰ ਕੰਮ ਦਿਵਾ ਦਿਉ।' ਫਿਰ ਕੋਈ ਹੋਰ ਕਹਿੰਦਾ ਹੈ ਕਿ 'ਮੇਰਾ ਮੁੰਡਾ ਮਹੀਨਾ ਪਹਿਲਾਂ ਟੋਰਾਂਟੋ ਗਿਆ ਹੈ। ਕੰਮ ਮਿਲ ਗਿਆ ਹੈ। ਪੜ੍ਹ ਵੀ ਰਿਹਾ ਹੈ। ਪਰ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਜਿਥੇ ਪਹਿਲਾਂ ਰਹਿੰਦਾ ਸੀ ਉਥੇ ਮੁੰਡਿਆਂ ਦੀ ਪਹਿਲਾਂ ਹੀ ਭਾਰੀ ਭੀੜ ਬੈਠੀ ਸੀ। ਇਕ ਕਮਰੇ ਵਿਚ ਸੱਤ ਸੱਤ ਮੁੰਡੇ ਰਹਿ ਰਹੇ ਸਨ। ਫਿਰ ਮੁੰਡੇ ਸ਼ਰਾਬ ਪੀ ਕੇ ਲੜ ਪਏ। ਪੁਲੀਸ ਨੇ ਛਾਪਾ ਮਾਰ ਲਿਆ। ਚੰਗੀ ਗੱਲ ਏ ਕਿ ਮੇਰਾ ਮੁੰਡਾ ਉਸ ਦਿਨ ਕੰਮ ਤੇ ਗਿਆ ਹੋਇਆ ਸੀ ਤੇ ਉਹ ਬਚ ਗਿਆ।' ਮੈਂ ਵਿਚੋਂ ਗੱਲ ਟੋਕ ਕੇ ਪੁਛਿਆ ਕਿ ਮੁੰਡੇ ਪੀਂਦੇ ਪੀਂਦੇ ਹੀ ਆਪਸ ਵਿਚ ਤਾਂ ਨਹੀਂ ਲੜ ਪਏ? ਉਸ ਬੰਦੇ ਨੇ ਗੱਲ ਉਤੇ ਪਰਦਾ ਪਾਇਆ ਤੇ ਕਿਹਾ, ''ਮੇਰਾ ਮੁੰਡਾ ਤਾਂ ਕੰਮ ਉਤੇ ਗਿਆ ਹੋਇਆ ਸੀ। ਮੇਰਾ ਮੁੰਡਾ ਤਾਂ ਨਾ ਖਾਂਦਾ ਹੈ, ਨਾ ਪੀਂਦਾ ਹੈ ਤੇ ਉਸ ਦੇ ਨਾਲ ਦੇ ਸਾਰੇ ਦੇ ਸਾਰੇ ਸਿਰੇ ਦੇ ਸ਼ਰਾਬੀ ਹਨ।” ਉਸ ਦੀ ਇਹ ਸਫ਼ਾਈ ਸੁਣ ਮੈਥੋਂ ਬੋਲੇ ਬਿਨਾਂ ਰਿਹਾ ਨਾ ਗਿਆ। ਮੈਂ ਕਿਹਾ, ''ਨਾ ਤੇਰਾ ਮੁੰਡਾ ਖਾਂਦਾ ਹੈ, ਨਾ ਪੀਂਦਾ ਹੈ, ਫਿਰ ਕਿਸ ਆਸਰੇ ਜਿਊਂਦਾ ਹੈ? ਫਿਰ ਉਹ ਅਜਿਹੇ ਮੁੰਡਿਆਂ ਵਿਚ ਕਿਵੇਂ ਚਲਾ ਗਿਆ? ਕੋਈ ਤਾਂ ਸੀਟੀ-ਸਿਗਨਲ ਰਲਦਾ ਹੋਵੇਗਾ?'' ਮੇਰੀ ਗੱਲ ਸੁਣ ਉਹ ਬੰਦਾ ਚੁੱਪ ਵੱਟ ਗਿਆ ਤੇ ਅੱਗੇ ਨੂੰ ਡਰ ਗਿਆ ਕਿ ਇਸ ਦੇ ਕੋਲ ਕੋਈ ਗੱਲ ਨਹੀਂ ਕਰਨੀ।
ਸੋ, ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬੀ ਮੁੰਡੇ ਕੁੜੀਆਂ ਦਾ ਹਾਲ ਤਾਂ ਮਾੜਾ ਹੀ ਹੈ, ਚਾਹੇ ਉਹ ਕਿਸੇ ਵੀ ਮੁਲਕ ਵਿਚ ਵਿਦਿਆਰਥੀ ਵੀਜ਼ੇ ਤੇ ਗਏ ਹਨ। ਘਰ ਕੁੱਝ ਦਸਦੇ ਹਨ, ਉਥੇ ਹੁੰਦਾ ਕੁੱਝ ਹੋਰ ਹੈ। ਕੁੱਝ ਦਾ ਮਨ ਚੋਰ ਹੈ।ਮੈਂ ਬਹੁਤ ਵਾਰ ਵਿਦੇਸ਼ ਗਿਆ ਹਾਂ। ਕਦੀ ਕੈਨੇਡਾ, ਕਦੀ ਲੰਦਨ, ਕਦੀ ਅਮਰੀਕਾ ਤੇ ਕਦੀ ਆਸਟਰੇਲੀਆ। ਸੱਭ ਤੋਂ ਵਧੇਰੇ ਉਥੇ ਰਹਿੰਦੇ ਵਿਦਿਆਰਥੀਆਂ ਬਾਰੇ ਅਪਣੀਆਂ ਲਿਖਤਾਂ ਵਿਚ ਲਿਖ ਲਿਖ ਕੇ ਪਾਠਕਾਂ ਨੂੰ ਪੇਸ਼ ਕੀਤਾ ਹੈ, ਪਰ ਲਗਦਾ ਹੈ ਕਿ ਜੋ ਮਰਜ਼ੀ ਮਗਜ਼ਖਪਾਈ ਕਰੀ ਚਲੋ, ਕਿਸੇ ਉਤੇ ਰਤਾ ਵੀ ਅਸਰ ਨਹੀਂ ਹੈ।ਇਕ ਖ਼ਬਰ ਹੁਣੇ ਜਿਹੇ ਆਈ ਕਿ ਜਲੰਧਰ ਜ਼ਿਲ੍ਹੇ ਦਾ ਵਿਦਿਆਰਥੀ ਮੁੰਡਾ ਵਿਚਾਰਾ ਕਮਾ ਕਮਾ ਕੇ ਪੈਸੇ ਅਪਣੇ ਬਾਪ ਨੂੰ ਭੇਜੀ ਗਿਆ ਤੇ ਨਾਲ ਨਾਲ ਰੋਜ਼ ਵਾਂਗ ਦੱਸੀ ਗਿਆ ਕਿ ਪਾਪਾ ਕੋਠੀ ਇਹੋ-ਜਹੀ ਬਣਾਵੀਂ, ਇਥੇ ਇਥੇ ਆਹ ਕੁੱਝ ਲਗਾਵੀਂ। ਕੋਠੀ ਵੀ ਸਿਰੇ ਦੀ ਬਣ ਗਈ। ਮਾਂ-ਪਿਉ ਪੁੱਤਰ ਦਾ ਅਤੇ ਭੈਣ ਵਿਚਾਰੀ ਅਪਣੇ ਭਰਾ ਦਾ ਮੂੰਹ ਵੇਖਣ ਨੂੰ ਤਰਸੀ ਜਾ ਰਹੇ ਸਨ ਕਿ ਅਪਣੀ ਕਿਰਤ ਨਾਲ ਬਣਾਈ ਕੋਠੀ ਵਿਚ ਉਨ੍ਹਾਂ ਦਾ ਲਾਡਲਾ ਜਲਦੀ ਹੀ ਆ ਰਿਹਾ ਹੈ ਪਰ ਲਾਡਲੇ ਦੀ ਥਾਂ ਬੰਦ ਬਕਸੇ ਵਿਚ ਉਸ ਦੀ ਲਾਸ਼ ਆਈ। ਇਕਲੌਤੀ ਭੈਣ ਨੇ ਵਿਰਲਾਪ ਕਰਦਿਆਂ ਅਪਣੇ ਮੋਏ ਵੀਰ ਨੂੰ ਰੱਖੜੀ ਵੀ ਬੰਨ੍ਹੀ। ਸਿਰ ਉਤੇ ਸਿਹਰਾ ਵੀ ਸਜਾਇਆ ਤੇ ਹੱਥਾਂ ਉਤੇ ਮਹਿੰਦੀ ਵੀ ਲਗਾਈ ਤੇ ਰੋ ਰੋ ਕੁਰਲਾਈ ਕਿ 'ਹੇ ਵੀਰਾ, ਮੇਰੀਆਂ ਆਸਾਂ-ਸੱਧਰਾਂ ਵੀ ਨਾਲ ਲੈ ਚਲਿਉਂ, ਲੈ ਵੇ ਵੀਰਾ, ਤੇਰੇ ਜਾਂਦੇ ਸਮੇਂ ਮੈਂ ਅਪਣੀਆਂ ਸਧਰਾਂ ਪੂਰ ਲਵਾਂ!'
ਇਹ ਖ਼ਬਰ ਪੜ੍ਹ ਕੇ ਮੈਂ ਡਾਹਢਾ ਉਦਾਸ ਹੋਇਆ। ਅਜਿਹੀਆਂ ਖ਼ਬਰਾਂ ਬਹੁਤ ਹਨ। ਰੋਜ਼ ਵਾਂਗ ਆ ਰਹੀਆਂ ਹਨ। ਕਿਤੇ ਕਿਸੇ ਪੰਜਾਬੀ ਮੁੰਡੇ ਦਾ ਟਰਾਲਾ ਖਾਈ ਵਿਚ ਡਿੱਗ ਪਿਆ, ਕਿਤੇ ਕਿਸੇ ਦਾ ਕਤਲ, ਕਿਤੇ ਕਿਸੇ ਨੂੰ ਦਿਲ ਦਾ ਦੌਰਾ, ਕਿਤੇ ਕੋਈ ਸੁੱਤੇ ਦਾ ਸੁੱਤਾ ਹੀ ਰਹਿ ਗਿਆ, ਕਿਤੇ ਕਿਸੇ ਨੇ ਖ਼ੁਦਕੁਸ਼ੀ ਕਰ ਲਈ। ਹੁਣੇ ਹੀ ਆਸਟਰੇਲੀਆ ਦੇ ਬ੍ਰਿਸਬਿਨ ਨੇੜੇ ਸਮੁੰਦਰ ਕੰਡੇ ਸਾਥੀਆਂ ਨਾਲ ਕ੍ਰਿਸਮਿਸ ਮਨਾਉਣ ਗਿਆ ਇਕ ਪੰਜਾਬੀ ਮੁੰਡਾ ਸਮੁੰਦਰ ਨੇ ਪੀ ਲਿਆ। ਉਸ ਦੀ ਲਾਸ਼ ਲੱਭੀ ਜਾ ਰਹੀ ਸੀ। ਖ਼ਬਰਾਂ ਸਾਰੇ ਪੜ੍ਹਦੇ ਹਾਂ, ਸੁਣਦੇ ਹਾਂ, ਵੇਖਦੇ ਹਾਂ ਪਰ ਫਿਰ ਵੀ ਕੋਈ ਅਸਰ ਨਹੀਂ। ਕੁੱਝ ਲੋਕ ਵੇਖੋ-ਵੇਖੀ ਅਪਣੇ ਬੱਚੇ ਬਾਹਰ ਭੇਜ ਰਹੇ ਹਨ। ਜੇ ਗੁਆਂਢੀਆਂ ਦਾ ਵਿਦੇਸ਼ ਗਿਆ ਤਾਂ ਸਾਡਾ ਘਰੇ ਕਿਉਂ ਬੈਠੇ? ਖ਼ਬਰਾਂ ਦੇ ਰੰਗ-ਰੂਪ ਕਈ ਹਨ ਪਰ ਦੁੱਖ ਸਭਨਾਂ ਦਾ ਇਕੋ ਜਿਹਾ ਹੈ। ਸਾਡੇ ਬੱਚੇ ਧੜਾਧੜ ਬਾਹਰ ਭੇਜੇ ਜਾ ਰਹੇ ਹਨ। ਸਰਕਾਰਾਂ ਨੂੰ ਕੋਈ ਫ਼ਿਕਰ ਨਹੀਂ। ਜੇ ਅਪਣੇ ਘਰ ਵਿਚ ਰੁਜ਼ਗਾਰ ਹੁੰਦਾ ਤਾਂ ਬਾਹਰ ਜਾ ਕੇ ਧੱਕੇ ਕਿਉਂ ਖਾਂਦੇ? ਇਹ ਇਸ ਵੇਲੇ ਇਕ ਵੱਡਾ ਸਵਾਲ ਸਾਡੇ ਸਾਹਮਣੇ ਹੈ। ਇਸ ਸਵਾਲ ਦਾ ਕੋਈ ਹੱਲ, ਕੌਣ, ਕਿਵੇਂ ਤੇ ਕਦੋਂ ਕਰੇਗਾ? ਸੋ, ਓਨੀ ਦੇਰ ਤਕ ਇਹ ਸਵਾਲ ਹਵਾ ਵਿਚ ਹੀ ਲਟਕਦਾ ਰਹੇਗਾ।