
ਭਾਜਪਾ ਅਪਣੀ ਕਾਂਗਰਸ-ਮੁਕਤ ਭਾਰਤ ਮੁਹਿੰਮ ਵਿਚ, ਕਾਂਗਰਸ ਕੋਲੋਂ ਦੋ ਹੋਰ ਸੂਬੇ ਜਿੱਤ ਕੇ 19 ਰਾਜਾਂ ਦੀ ਬਾਦਸ਼ਾਹੀ ਲੈ ਗਈ ਹੈ। ਪਰ ਗੁਜਰਾਤ ਵਿਚ ਜਿੰਨਾ ਸਫ਼ਾਇਆ ਉਹ ਕਾਂਗਰਸ ਦਾ ਕਰਨਾ ਲੋਚਦੀ ਸੀ, ਉਹ ਨਹੀਂ ਹੋ ਸਕਿਆ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਅਪਣੇ ਆਪ ਨੂੰ ਹਾਰ ਦੇ ਬਾਵਜੂਦ ਜਿੱਤਿਆ ਹੋਇਆ ਬਾਜ਼ਗੀਰ ਮੰਨ ਰਹੀ ਹੈ, ਅਤੇ ਭਾਜਪਾ ਅਪਣੇ ਆਪ ਨੂੰ ਜਿੱਤਿਆ ਹੋਇਆ ਸਿਕੰਦਰ। ਉਂਜ ਹਨ ਦੋਵੇਂ ਹੀ ਠੀਕ। ਭਾਜਪਾ 22 ਸਾਲ ਤੋਂ ਗੁਜਰਾਤ ਵਿਚ ਰਾਜ ਕਰਦੀ ਆ ਰਹੀ ਸੀ ਅਤੇ 6ਵੀਂ ਵਾਰ ਮੁੜ ਤੋਂ ਜਿਤਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਪਰ ਗੁਜਰਾਤ, ਜੋ ਭਾਜਪਾ ਦਾ ਗੜ੍ਹ ਹੈ, ਉਸ ਵਿਚ ਕਾਂਗਰਸ ਦਾ ਸਫ਼ਾਇਆ ਹੋਣਾ ਤਾਂ ਦੂਰ ਦੀ ਗੱਲ ਸੀ, ਕੁੱਝ ਪਲਾਂ ਵਾਸਤੇ ਤਾਂ ਜਿੱਤ ਦਾ ਤਾਜ ਵੀ ਉਸ ਦੇ ਸਿਰ ਤੇ ਸਜਦਾ ਲੱਗ ਰਿਹਾ ਸੀ। ਕਈ ਸੀਟਾਂ ਉਤੇ ਬੜੇ ਥੋੜ੍ਹੇ ਫ਼ਰਕ ਨਾਲ ਕਾਂਗਰਸ ਹਾਰੀ ਹੈ।ਅੱਜ ਭਾਵੇਂ ਦੋਹਾਂ ਸੂਬਿਆਂ ਵਿਚ ਹੀ ਕਾਂਗਰਸ ਹਾਰੀ ਹੈ, ਪਰ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਰਾਜਾਂ ਵਿਚ ਕਾਂਗਰਸ ਖ਼ਤਮ ਹੋ ਗਈ ਹੈ ਅਤੇ ਇਹ ਭਾਜਪਾ ਵਾਸਤੇ ਬੜੀ ਵੱਡੀ ਚਿੰਤਾ ਦੀ ਗੱਲ ਹੈ। ਭਾਵੇਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਉਹ ਜਿੱਤ ਗਏ ਹਨ ਪਰ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਵਾਸਤੇ, ਅਸਲ ਮਸਲਾ 2019 ਦੀਆਂ ਚੋਣਾਂ ਹਨ।ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀਆਂ ਵੋਟਾਂ ਤਕਰੀਬਨ 3.5% ਅਤੇ ਸੀਟਾਂ 19 ਵਧੀਆਂ ਹਨ। ਹਾਰਦਿਕ ਪਟੇਲ ਅਤੇ ਜਾਤ-ਪਾਤ ਦੇ ਚਲਾਏ ਗਏ ਸ਼ਸਤਰ, ਕਾਂਗਰਸ ਨੂੰ ਬਹੁਤੀ ਸਫ਼ਲਤਾ ਨਹੀਂ ਦਿਵਾ ਸਕੇ। ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਚ ਵੀ ਅਤੇ ਗੁਜਰਾਤ ਵਿਚ ਵੀ, ਅਪਣੇ ਦਮ ਤੇ ਨਹੀਂ, ਬਲਕਿ ਗਠਜੋੜ ਬਣਾ ਕੇ ਜਿੱਤਣ ਦੀ ਰਾਜਨੀਤੀ ਅਪਣਾਈ ਅਤੇ ਦੋਹਾਂ ਥਾਵਾਂ ਤੇ ਉਹ ਅਸਫ਼ਲ ਰਹੀ ਹੈ। ਜਿੱਤ ਸਿਰਫ਼ ਪੰਜਾਬ ਵਿਚ ਹਾਸਲ ਹੋਈ ਜਿੱਥੇ ਸੂਬੇ ਦਾ ਅਪਣਾ ਜੇਤੂ ਚਿਹਰਾ ਸੀ ਜੋ ਕਾਂਗਰਸ ਦਾ ਆਗੂ ਸੀ ਅਤੇ ਪੰਜਾਬ ਦੀ ਰਗ-ਰਗ ਤੋਂ ਵਾਕਫ਼ ਸੀ।
ਕਾਂਗਰਸ ਜੋ ਬਾਹਰ ਤੋਂ ਆਗੂ ਲੱਭ ਕੇ ਜਿੱਤਣ ਦੀ ਨੀਤੀ ਬਣਾ ਰਹੀ ਹੈ, ਉਹ ਠੀਕ ਸਾਬਤ ਨਹੀਂ ਹੋ ਰਹੀ। ਹਿਮਾਚਲ ਵਿਚ ਮੁੱਖ ਮੰਤਰੀ ਵਿਰੁਧ ਕਿੰਨਾ ਵੱਡਾ ਕੇਸ ਚਲਾਇਆ ਗਿਆ, ਕੇਂਦਰ ਸਰਕਾਰ ਉਸ ਨੂੰ ਡਰਾਵੇ ਦੇ ਰਹੀ ਸੀ ਅਤੇ ਉਪਰੋਂ ਕਾਂਗਰਸ ਨੇ ਆਪ ਹੀ ਹੱਥ ਖੜੇ ਕਰ ਦਿਤੇ ਸਨ। ਹਿਮਾਚਲ ਵਿਚ ਕੋਈ ਵੱਡਾ ਕਾਂਗਰਸੀ ਆਗੂ ਪ੍ਰਚਾਰ ਕਰਨ ਲਈ ਵੀ ਨਾ ਗਿਆ, ਪਰ ਫਿਰ ਵੀ ਵੀਰਭੱਦਰ ਸਿੰਘ ਇੱਜ਼ਤਦਾਰ ਵਿਰੋਧੀ ਧਿਰ ਬਣਾ ਸਕੇ।ਹੁਣ ਕਾਂਗਰਸ ਅਤੇ ਭਾਜਪਾ ਨੂੰ ਡੂੰਘੀ ਸੋਚ-ਵਿਚਾਰ ਕਰਨ ਦੀ ਜ਼ਰੂਰਤ ਹੈ। ਕਾਂਗਰਸ ਕੋਲ ਵਿਰੋਧੀ ਧਿਰ ਵਿਚ ਰਹਿ ਕੇ ਕੀਤੀ ਅਪਣੀ ਦਸ ਸਾਲ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਹੈ ਅਤੇ ਪੰਜ ਸਾਲ ਦੇ ਭਾਜਪਾ ਸ਼ਾਸਨ ਦੀਆਂ ਕਮਜ਼ੋਰੀਆਂ ਵੀ ਹਨ। ਇਨ੍ਹਾਂ ਦੋਹਾਂ ਦੇ ਸਿਰ ਤੇ ਰਾਹੁਲ ਗਾਂਧੀ ਅਪਣੀ ਪਾਰਟੀ ਦੇ ਵਰਕਰਾਂ ਵਿਚੋਂ ਹੀ ਆਗੂ ਕੱਢ ਕੇ ਅਪਣੀ ਪਾਰਟੀ ਨੂੰ ਮੁੜ ਤਾਕਤਵਰ ਬਣਾ ਸਕਦੇ ਹਨ। ਭਾਵੇਂ ਜਿੱਤ ਨਾ ਵੀ ਹੋਵੇ, ਇਕ ਤਾਕਤਵਰ ਵਿਰੋਧੀ ਧਿਰ ਦੀ ਭਾਰਤ ਨੂੰ ਸਖ਼ਤ ਜ਼ਰੂਰਤ ਹੈ।

ਦੂਜੇ ਪਾਸੇ ਭਾਜਪਾ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੇ ਨਵੇਂ ਨਵੇਂ ਨਾਹਰੇ ਹੁਣ ਬਹੁਤੀ ਦੇਰ ਕੰਮ ਨਹੀਂ ਕਰਨਗੇ। ਹੁਣ ਵਿਕਾਸ ਦੇ ਅੰਕੜੇ ਚਾਹੀਦੇ ਹਨ। ਗੁਜਰਾਤ ਚੋਣਾਂ ਜਿੱਤਣ ਵਿਚ ਭਾਜਪਾ ਨੇ ਪ੍ਰਧਾਨ ਮੰਤਰੀ ਤੋਂ ਪੂਰੇ ਦੇਸ਼ ਦਾ ਕੰਮ ਛੁਡਵਾ, ਕੈਬਨਿਟ ਅਤੇ 72 ਸੰਸਦ ਮੈਂਬਰਾਂ ਨੂੰ ਗੁਜਰਾਤ ਵਿਚ ਚੋਣਾਂ ਜਿੱਤਣ ਦੇ ਕੰਮ ਲਾ ਦਿਤਾ। ਇਕ ਬੁਲੇਟ ਟਰੇਨ, ਪਾਣੀ ਤੇ ਚੱਲਣ ਵਾਲੇ ਜਹਾਜ਼, ਪ੍ਰਧਾਨ ਮੰਤਰੀ ਦੀਆਂ 32 ਰੈਲੀਆਂ, ਪ੍ਰਧਾਨ ਮੰਤਰੀ ਵਲੋਂ 'ਗੁਜਰਾਤ ਦਾ ਪੁੱਤਰ' ਤੇ 'ਗੁਜਰਾਤ ਦਾ ਅਪਮਾਨ' ਵਰਗੇ ਭਾਵੁਕ ਭਾਸ਼ਣ ਅਤੇ ਅਰਬਾਂ ਰੁਪਏ ਦੀ ਕੇਂਦਰੀ ਮਦਦ ਤੋਂ ਬਾਅਦ ਇਹ ਜਿੱਤ ਮਸਾਂ ਹੀ ਹਾਸਲ ਹੋਈ ਹੈ। ਇਹੀ ਨਹੀਂ ਗੁਜਰਾਤ ਵਿਚ ਮੰਦਰ ਅਤੇ ਪਾਕਿਸਤਾਨ ਦੇ ਨਾਂ ਤੇ ਕੀਤੀ ਗਈ ਸਿਆਸਤ, ਚੋਣ ਕਮਿਸ਼ਨ ਦਾ ਦੁਰਉਪਯੋਗ ਤੇ ਸਾਬਕਾ ਪ੍ਰਧਾਨ ਮੰਤਰੀ ਉਤੇ ਦੇਸ਼ਧ੍ਰੋਹੀ ਦੇ ਇਲਜ਼ਾਮਾਂ ਦੀ ਝੜੀ ਵੀ ਲੱਗੀ ਰਹੀ। ਅਪਣੀ ਪੂਰੀ ਤਾਕਤ ਲਾਉਣ ਤੋਂ ਬਾਅਦ ਅਤੇ ਲੋਕਤੰਤਰ ਦੀ ਹਰ ਮਰਿਆਦਾ ਦਾ ਉਲੰਘਣ ਕਰਨ ਤੋਂ ਬਾਅਦ ਇਸ ਨੂੰ ਸਿਰਫ਼ ਭਾਜਪਾ ਹੀ ਜਿੱਤ ਕਹਿ ਸਕਦੀ ਹੈ।ਇਕ ਗੱਲ ਸਾਫ਼ ਹੈ ਕਿ 2019 ਵਿਚ ਦੋਹਾਂ ਪਾਰਟੀਆਂ ਦੀ ਜਿੱਤ ਉਸ ਤਿੰਨ ਫ਼ੀ ਸਦੀ ਵੱਸੋਂ ਉਤੇ ਨਿਰਭਰ ਕਰਦੀ ਹੈ ਜੋ ਅੱਜ ਵੋਟ ਪਾਉਣ ਲਈ ਬਾਹਰ ਨਹੀਂ ਆ ਰਹੀ। ਇਹ ਉਹ ਲੋਕ ਹਨ ਜੋ ਦੋਹਾਂ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਨ ਅਤੇ ਉਹ ਇਨ੍ਹਾਂ ਦੀ ਸਿਆਸਤ ਵਿਚ ਫ਼ਰਕ ਨਹੀਂ ਸਮਝ ਪਾ ਰਹੇ। ਜਿਹੜੀ ਪਾਰਟੀ ਇਨ੍ਹਾਂ ਨੂੰ ਅਪਣੀ ਸੋਚ ਅਤੇ ਰਾਜ ਪ੍ਰਬੰਧ ਚਲਾਉਣ ਦੇ ਢੰਗ ਤਰੀਕਿਆਂ ਵਿਚ ਫ਼ਰਕ ਵਿਖਾ ਸਕੇਗੀ, ਇਹ ਲੋਕ ਉਸੇ ਨੂੰ ਆਗੂ ਮੰਨ ਲੈਣਗੇ। ਇਹ ਉਹ ਹਨ ਜੋ ਨਾ ਨਫ਼ਰਤ ਚਾਹੁੰਦੇ ਹਨ ਅਤੇ ਨਾ ਜਾਤ-ਪਾਤ ਦੀ ਸਿਆਸਤ। ਉਹ ਵਿਕਾਸ ਚਾਹੁੰਦੇ ਹਨ ਤੇ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹੋਏ, ਇਕ ਸੱਚੀ ਕੋਸ਼ਿਸ਼ ਚਾਹੁੰਦੇ ਹਨ ਜੋ ਹਰ ਵਰਗ ਵਾਸਤੇ ਇਕ ਬਿਹਤਰ ਭਾਰਤ ਦਾ ਨਿਰਮਾਣ ਕਰ ਸਕੇ। -ਨਿਮਰਤ ਕੌਰ