ਪਿਛਲੇ 33 ਸਾਲਾਂ ਦੌਰਾਨ ਕੇਂਦਰ ਵਿਚ 7 ਗ਼ੈਰ-ਕਾਂਗਰਸ ਸਰਕਾਰਾਂ
Published : Dec 12, 2017, 11:14 pm IST
Updated : Dec 12, 2017, 5:44 pm IST
SHARE ARTICLE

ਪਰ 1984 ਦੇ ਸਿੱਖ ਪੀੜਤਾਂ ਲਈ ਕਿਸੇ ਨੇ ਕੁੱਝ ਨਾ ਕੀਤਾ
ਅੱਜ ਤੋਂ ਠੀਕ 33 ਸਾਲ ਪਹਿਲਾਂ 31 ਅਕਤੂਬਰ 1984 ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਫ਼ੌਜਾਂ ਟੈਂਕਾਂ, ਤੋਪਾਂ ਤੇ ਹਵਾਈ ਫ਼ੌਜਾਂ ਨਾਲ ਹਮਲਾ ਕਰ ਕੇ ਢਹਿ ਢੇਰੀ ਕਰਨ ਵਾਲੀ ਕਾਂਗਰਸ ਦੀ ਵੱਡੀ ਨੇਤਾ ਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਹੀ ਦੋ ਅਣਖੀਲੇ ਅਤੇ ਗ਼ੈਰਤਮੰਦ ਸੁਰੱਖਿਆ ਕਰਮਚਾਰੀਆਂ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਉਪਰ ਫ਼ੌਜਾਂ ਨਾਲ ਕੀਤੇ ਹਮਲੇ ਦਾ ਬਦਲਾ ਲੈਣ ਲਈ ਗੋਲੀਆਂ ਨਾਲ ਭੁੰਨ ਸੁਟਿਆ ਸੀ। ਇਹ ਇਤਿਹਾਸਕ ਸੱਚਾਈ ਹੈ ਜਿਸ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ ਕਿ ਜਿਸ ਨੇ ਵੀ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਉਹ ਅਪਣੀ ਜ਼ਿੰਦਗੀ ਦੇ ਬਾਕੀ 153 ਦਿਨ ਹੀ ਜਿਊਂਦਾ ਰਿਹਾ। ਜਿਵੇਂ ਇਤਿਹਾਸਕ ਤੱਥ ਹਨ ਕਿ ਮੱਸਾ ਰੰਘੜ ਨੇ 3 ਅਗੱਸਤ 1740 ਨੂੰ ਪਹਿਲਾ ਹਮਲਾ ਕੀਤਾ ਅਤੇ ਉਹ 3 ਜਨਵਰੀ 1741 ਨੂੰ ਮਾਰਿਆ ਗਿਆ। ਦੂਜਾ ਹਮਲਾ ਯਾਹੀਆ ਖ਼ਾਨ ਨੇ 13 ਨਵੰਬਰ 1746 ਨੂੰ ਕੀਤਾ ਅਤੇ ਉਹ 13 ਅਪ੍ਰੈਲ 1747 ਨੂੰ ਮਾਰਿਆ ਗਿਆ। ਤੀਜਾ ਹਮਲਾ ਜਹਾਨ ਖ਼ਾਨ ਨੇ 18 ਜਨਵਰੀ 1757 ਨੂੰ ਕੀਤਾ ਅਤੇ ਉਹ 19 ਜੂਨ 1757 ਨੂੰ ਮਾਰਿਆ ਗਿਆ। ਚੌਥਾ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ 5 ਫ਼ਰਵਰੀ 1762 ਨੂੰ ਹਮਲਾ ਕੀਤਾ ਅਤੇ ਉਹ 8 ਜੁਲਾਈ ਨੂੰ ਮਾਰਿਆ ਗਿਆ। ਇਸੇ ਤਰ੍ਹਾਂ ਇੰਦਰਾ ਗਾਂਧੀ ਨੇ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਉਤੇ ਪੰਜਵਾਂ ਹਮਲਾ ਕਰਵਾਇਆ ਜਿਸ ਨੂੰ ਕੌਮੀ ਪ੍ਰਵਾਨਿਆਂ ਨੇ 31 ਅਕਤੂਬਰ 1984 ਨੂੰ ਠੀਕ 153ਵੇਂ ਦਿਨ ਯਮਪੁਰੀ ਪਹੁੰਚਾਇਆ। ਇਹ ਜਗਤ ਪ੍ਰਸਿੱਧ ਹੈ ਕਿ ਗੁਰੂ ਕਾ ਸਿੱਖ ਸੱਭ ਕੁੱਝ ਸਹਾਰ ਸਕਦਾ ਹੈ ਪਰ ਅਪਣੀ ਜਾਨ ਤੋਂ ਵੱਧ ਪਿਆਰੇ ਗੁਰਦਵਾਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਿਰਾਦਰੀ ਨਹੀਂ ਸਹਾਰ ਸਕਦਾ। ਪਰ ਵੇਖਿਆ ਗਿਆ ਹੈ ਕਿ 2015 ਵਿਚ 1 ਜੂਨ ਨੂੰ ਬਰਗਾੜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ ਹੈ ਅਤੇ ਐਲਾਨੀਆ 24 ਜੂਨ ਨੂੰ ਕੰਧਾਂ ਉਪਰ ਇਸ਼ਤਿਹਾਰ ਲਗਾ ਕੇ ਕਿਹਾ ਜਾਂਦਾ ਹੈ ਕਿ 'ਸਿੱਖੋ ਅਸੀ ਤੁਹਾਡਾ ਗੁਰੂ ਚੋਰੀ ਕਰ ਲਿਆ ਹੈ। ਜੇਕਰ ਤੁਸੀ ਗੁਰੂ ਕੇ ਸਿੱਖ ਹੋ ਤਾਂ ਲੱਭ ਕੇ ਵਿਖਾਉ। ਜੇਕਰ ਤੁਸੀ ਅਪਣਾ ਗੁਰੂ ਲੱਭ ਲਿਆ ਤਾਂ ਅਸੀ ਤੁਹਾਨੂੰ 10 ਲੱਖ ਰੁਪਏ ਇਨਾਮ ਵੀ ਦਿਆਂਗੇ, ਨਹੀਂ ਤਾਂ ਬੇਅਦਬੀ ਕਰਾਂਗੇ।' ਇਹ ਸੱਚਾਈ ਹੈ ਕਿ ਗੁਰੂ ਮਹਾਰਾਜ ਦਾ ਸਰੂਪ ਤਾਂ ਲਭਿਆ ਨਹੀਂ। ਗੁਰੂ ਮਹਾਰਾਜ ਦੀ ਥਾਂ-ਥਾਂ ਤੇ ਰੱਜ ਕੇ ਬੇਅਦਬੀ ਹੋਈ। ਬੇਅਦਬੀ ਵਿਰੁਧ ਰੋਸ ਧਰਨੇ ਮੁਜ਼ਾਹਰੇ ਵੀ ਹੋਏ, ਦੋ ਸ਼ਹੀਦੀਆਂ ਵੀ ਹੋਈਆਂ, ਪਰ ਬੇਅਦਬੀ ਵਾਲੇ ਫੜੇ ਨਹੀਂ ਗਏ। ਇਹ ਸਾਰਾ ਕੁੱਝ ਹੋਇਆ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਨੱਕ ਹੇਠ। ਅਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਅਖਵਾਉਣ ਵਾਲੇ ਪਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਦੀ ਕੁਰਸੀ ਦੇ ਹੇਠ ਇਹ ਬੇਅਦਬੀ ਹੋਈ ਹੈ। ਬੇਅਦਬੀ ਕਰਨ ਵਾਲਿਆਂ ਨੂੰ ਗੁਰੂ ਮਹਾਰਾਜ ਦਾ ਸਰੂਪ ਚੋਰੀ ਕਰਨ ਵਾਲਿਆਂ ਨੇ ਬਕਾਇਦਾ ਇਸ਼ਤਿਹਾਰ ਕੰਧਾਂ ਉਪਰ ਲਗਵਾਏ ਜਿਨ੍ਹਾਂ ਉਪਰ ਪਹਿਲਾਂ ਇਹ ਲਿਖਿਆ ਸੀ, ''ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ।'' ਉਨ੍ਹਾਂ ਅੱਗੇ ਲਿਖਿਆ ਕਿ 'ਸਾਡੇ ਬਾਬੇ ਦੀ ਤੁਸਾਂ ਫ਼ਿਲਮ ਨਹੀਂ ਚੱਲਣ ਦਿਤੀ, ਅਸੀ ਤੁਹਾਡਾ ਗੁਰੂ ਚੁੱਕ ਲਿਆ ਹੈ।' ਇਹ ਸਾਰਾ ਕੁੱਝ ਸੌਦਾ ਸਾਧ ਦੇ ਚੇਲਿਆਂ ਨੇ ਕੀਤਾ। ਸੌਦਾ ਸਾਧ, ਜਿਸ ਨੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚ ਕੇ ਪਾਵਨ ਅੰਮ੍ਰਿਤ ਦੀ ਬੇਅਦਬੀ ਕੀਤੀ। ਸੌਦਾ ਸਾਧ ਵਿਰੁਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਾਇਆ ਗਿਆ, ਪਰਕਾਸ਼ ਸਿੰਘ ਬਾਦਲ ਨੇ ਉਸੇ ਹੁਕਮਨਾਮੇ ਨੂੰ ਵੋਟਾਂ ਲੈਣ ਖ਼ਾਤਰ 24 ਸਤੰਬਰ ਨੂੰ ਵਾਪਸ ਕਰਵਾ ਕੇ, ਮਾਫ਼ੀਨਾਮਾ ਦਿਵਾ ਦਿਤਾ। ਬਾਦਲਾਂ ਦੇ ਅਕਾਲੀ ਦਲ ਨੇ ਸਿਰਸੇ ਜਾ ਕੇ ਸੌਦਾ ਸਾਧ ਦੇ ਪੈਰ ਫੜ ਕੇ ਵੋਟਾਂ ਦੀ ਮੰਗ ਕੀਤੀ, ਜਿਸ ਦੀਆਂ ਤਸਵੀਰਾਂ ਸੱਭ ਅਖ਼ਬਾਰਾਂ ਵਿਚ ਛੱਪ ਚੁਕੀਆਂ ਹਨ। ਇਹ ਪਿਉ-ਪੁੱਤਰ ਦੋਵੇਂ ਹੱਥ ਜੋੜ ਕੇ ਬਲਾਤਕਾਰੀ ਸਾਧ ਸਾਹਮਣੇ ਖੜੇ ਹਨ। ਫਿਰ ਇਨ੍ਹਾਂ ਪਾਪੀਆਂ ਨੇ ਸਿੱਖ ਸੰਗਤਾਂ ਦੇ ਰੌਲਾ ਪਾਉਣ ਤੇ ਇਸ ਦਾ ਮਾਫ਼ੀਨਾਮਾ ਰੱਦ ਕਰਵਾਇਆ। ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਸਾਰਾ ਸੱਚ ਸੰਗਤਾਂ ਸਾਹਮਣੇ ਲਿਆਂਦਾ ਕਿ ਗੁਰੂ ਦੋਖੀ ਪਰਕਾਸ਼ ਸਿੰਘ ਬਾਦਲ ਗਿ. ਗੁਰਬਚਨ ਸਿੰਘ ਸਣੇ ਸਾਨੂੰ ਅਪਣੀ ਰਿਹਾਇਸ਼ ਚੰਡੀਗੜ੍ਹ ਬੁਲਾ ਕੇ ਮੁਆਫ਼ੀਨਾਮਾ ਦਿਤਾ ਕਿ ਇਸ ਨੂੰ ਤੁਸੀ ਮਾਫ਼ ਕਰੋ। ਸੌਦਾ ਸਾਧ ਮੁਜਰਮ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ੀ ਨਹੀਂ ਹੋਈ ਅਤੇ ਉਸ ਨੂੰ ਮਾਫ਼ੀ ਦੇ ਦਿਤੀ ਗਈ। ਸਰਕਾਰ ਅਕਾਲੀਆਂ ਦੀ ਹੋਵੇ, ਸ਼੍ਰੋਮਣੀ ਕਮੇਟੀ ਤੇ ਕਬਜ਼ਾ ਅਕਾਲੀਆਂ ਦਾ ਹੋਵੇ, ਪੁਲਿਸ ਤੇ ਖੁਫ਼ੀਆ ਤੰਤਰ ਸਰਕਾਰ ਦਾ ਹੋਵੇ ਅਤੇ ਫਿਰ ਵੀ ਬੇਅਦਬੀ ਕਰਨ ਵਾਲੇ ਨਾ ਫੜੇ ਜਾਣ, ਕਿੰਨੇ ਦੁੱਖ ਦੀ ਗੱਲ ਹੈ। ਇਥੇ ਹੀ ਬੱਸ ਨਹੀਂ, ਜਦ ਚੋਰੀ ਕਰਨ ਵਾਲੇ ਸਾਫ਼-ਸਾਫ਼ ਇਸ਼ਤਿਹਾਰ ਅਤੇ ਸੌਦਾ ਸਾਧ ਸਿਰਸੇ ਵਾਲੇ ਦੇ ਚੇਲੇ ਲਿਖ ਰਹੇ ਹਨ ਕਿ 'ਤੁਸੀ ਸਾਡੇ ਬਾਬੇ ਦੀ ਫ਼ਿਲਮ ਨਹੀਂ ਚੱਲਣ ਦਿਤੀ, ਅਸੀ ਤੁਹਾਡਾ ਗੁਰੂ ਚੁਰਾ ਲਿਆ ਹੈ।' ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਸਾਰਾ ਕੁੱਝ ਸਿਰਸੇ ਵਾਲੇ ਸਾਧ ਨੇ ਕਰਵਾਇਆ ਹੈ। ਫਿਰ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਕਾਹਦੇ ਅਕਾਲੀ ਹਨ? ਕਾਹਦੇ ਸਿੰਘ ਅਤੇ ਸਿੱਖ ਹਨ ਜੋ ਅਪਣੇ ਸਰਕਾਰ ਦੇ ਹੁੰਦਿਆਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਿਰਸੇ ਸਾਧ ਨੂੰ ਫੜ ਨਹੀਂ ਸਕੇ? ਇਹ ਸਿਰਫ਼ ਵੋਟਾਂ ਖ਼ਾਤਰ ਇਨ੍ਹਾਂ ਬਾਦਲਾਂ ਨੇ ਸੌਦਾ ਸਾਧ ਨਾਲ ਅਪਣੀ ਯਾਰੀ ਨਿਭਾਈ ਹੈ। ਸੋ ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਪੰਥ ਦੋਖੀਆਂ ਅਤੇ ਨਿੰਦਕਾਂ ਨੂੰ ਮੂੰਹ ਨਾ ਲਾਇਆ ਜਾਵੇ। ਇਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਪਿਛੋਂ ਸਾਰੇ ਦੇਸ਼ ਵਿਚ ਜਿਥੇ ਕਿਤੇ ਵੀ ਸਿੱਖ ਸਨ, ਉਨ੍ਹਾਂ ਨੂੰ ਮਾਰ ਮੁਕਾਉਣ ਅਤੇ ਖ਼ਤਮ ਕਰਨ ਲਈ ਉਨ੍ਹਾਂ ਦੇ ਘਰ, ਵਪਾਰਕ ਅਦਾਰੇ ਸੱਭ ਨੂੰ ਪਹਿਲਾਂ ਲੁਟਿਆ ਅਤੇ ਮਗਰੋਂ ਸਾੜ ਦਿਤਾ ਗਿਆ। ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਜਿਊਂਦਿਆਂ ਸਾੜਿਆ ਗਿਆ। ਸਿੱਖਾਂ ਦੇ ਘਰਾਂ ਦੇ ਨਕਸ਼ੇ ਅਤੇ ਪਤੇ ਕਿਵੇਂ ਤੇ ਕਿਥੋਂ ਪ੍ਰਾਪਤ ਹੋਏ, ਇਹ ਅੱਜ ਵੀ ਬੁਝਾਰਤ ਹੀ ਬਣੀ ਹੋਈ ਹੈ। ਦਿੱਲੀ ਦੇ ਸਿੱਖਾਂ ਨੂੰ ਮਾਰ ਮੁਕਾਉਣ ਦੀਆਂ ਵਿਉਂਤਾਂ ਯਕਦਮ ਬਣ ਗਈਆਂ ਅਤੇ ਅਮਲ ਵੀ ਸ਼ੁਰੂ ਹੋ ਗਿਆ। ਇਹ ਅਟੱਲ ਸੱਚਾਈ ਹੈ ਕਿ ਜਦੋਂ 30 ਜਨਵਰੀ 1948 ਨੂੰ ਮੋਹਨ ਦਾਸ ਕਰਮ ਚੰਦ ਗਾਂਧੀ (ਮਹਾਤਮਾ ਗਾਂਧੀ) ਨੂੰ ਨੱਥੂ ਰਾਮ ਗੋਡਸੇ ਨੇ ਗੋਲੀ ਮਾਰ ਕੇ ਮਾਰ ਦਿਤਾ ਸੀ ਤਾਂ ਉਸ ਸਮੇਂ ਕਿਸੇ ਕਾਂਗਰਸੀ ਜਾਂ ਗਾਂਧੀ ਸਮਰਥਕ ਨੇ ਮਰਾਠਾ ਕੌਮ ਦੇ ਕਿਸੇ ਵੀ ਵਿਅਕਤੀ ਉਪਰ ਕੋਈ ਹਮਲਾ ਨਹੀਂ ਸੀ ਕੀਤਾ ਪਰ ਸਿੱਖ ਸੁਰੱਖਿਆ ਕਰਮਚਾਰੀਆਂ ਵਲੋਂ ਇੰਦਰਾ ਗਾਂਧੀ ਦੇ ਕਤਲ ਪਿਛੋਂ ਸਮੁੱਚੀ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਜੰਗੀ ਪੱਧਰ ਤੇ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਸਮੇਂ ਪੁਲਿਸ ਵੀ ਮੌਜੂਦ ਸੀ ਜੋ ਸਿੱਖਾਂ ਨੂੰ ਜਿਊਂਦੇ ਸੜਦੇ ਵੇਖਦੀ ਰਹੀ। ਸਿਰਫ਼ ਦਿੱਲੀ ਵਿਚ ਹੀ ਨਹੀਂ, ਗੁੜਗਾਉਂ, ਕਰਨਾਲ, ਕੈਥਲ, ਰਿਵਾੜੀ, ਹੋਂਦ ਚਿਲੜ, ਕਸਬਾ ਪਟੌਦੀ, ਪਲਵਲ, ਜੀਂਦ, ਕੁਰੂਕਸ਼ੇਤਰ, ਲਖਨਊ, ਕਾਨਪੁਰ, ਮਥਰਾ, ਲਖੀਮਪੁਰ, ਸਹਾਰਨਪੁਰ, ਬਰੇਲੀ, ਰਾਮਪੁਰ ਤੇ ਹੋਰ ਕਈ ਥਾਵਾਂ ਉਤੇ ਸਿੱਖਾਂ ਨੂੰ ਜਿਊਂਦਿਆਂ ਪਟਰੌਲ ਤੇਲ ਪਾ ਕੇ ਅਤੇ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ। ਦਿੱਲੀ ਤੇ ਕਾਨਪੁਰ ਵਿਚ ਕਾਰਿੰਦਿਆਂ ਨੇ ਸਿੱਖਾਂ ਦੀਆਂ ਬੱਚੀਆਂ ਤੇ ਨੂੰਹਾਂ ਨਾਲ ਸ਼ਰੇਆਮ ਬਲਾਤਕਾਰ ਕੀਤੇ। ਕਾਨਪੁਰ ਤੋਂ 120 ਦੇ ਲਗਭਗ ਨੌਜਵਾਨ ਸਿੱਖ ਬੱਚੀਆਂ ਗੁੰਡੇ ਚੁੱਕ ਕੇ ਲੈ ਗਏ, ਜੋ ਅਜੇ ਤਕ ਨਹੀਂ ਮਿਲੀਆਂ। ਇਥੋਂ ਤਕ ਹੋਇਆ ਕਿ ਸਿੱਖਾਂ ਦੀਆਂ ਲੜਕੀਆਂ ਨਾਲ ਬਲਾਤਕਾਰ ਕਰ ਕੇ ਜਾਨ ਤੋਂ ਮਾਰ ਮੁਕਾਇਆ ਗਿਆ। ਇਹ ਸਿਤਮ ਸੀ ਉਸ ਕੌਮ ਨਾਲ ਜਿਸ ਕੌਮ ਨੇ 1947 ਦੀ ਦੇਸ਼ ਦੀ ਆਜ਼ਾਦੀ ਸਮੇਂ 85 ਫ਼ੀ ਸਦੀ ਕੁਰਬਾਨੀਆਂ ਕਰ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਸੀ। ਇਹ ਉਸ ਕੌਮ ਨਾਲ ਹੋਇਆ ਜਿਸ ਕੌਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਇਨ੍ਹਾਂ ਹਿੰਦੂਆਂ ਦੇ ਧਰਮ, ਤਿਲਕ, ਬੋਦੀ ਅਤੇ ਜਨੇਊ ਦੀ ਰਾਖੀ ਲਈ ਅਪਣਾ ਸੀਸ ਬਲੀਦਾਨ ਕਰ ਦਿਤਾ। ਉਨ੍ਹਾਂ ਹੀ ਹਿੰਦੂਆਂ ਤੇ ਹਿੰਦੁਸਤਾਨੀਆਂ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸਿੱਖਾਂ ਨਾਲ ਅਜਿਹੇ ਕਾਰਨਾਮੇ ਕੀਤੇ ਜੋ ਵੇਖ ਸੁਣ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ :ਗੈਰੋਂ ਪਰ ਕਿਆ ਗਿਲਾ, ਅਪਨੋ ਨੇ ਜ਼ੁਲਮ ਢਾਹੇ,ਇਸ ਹਸਰਤ ਪਰ ਦੁਨੀਆਂ ਕਿਉਂ ਨਾ ਮੁਸਕਰਾਏ।ਜਿਸ ਸਮੇਂ ਜਿਊਂਦੇ ਸਿੱਖ ਸੜ ਰਹੇ ਸਨ ਤਾਂ ਅੱਗ ਲਾਉਣ ਵਾਲੇ ਤੜਪ ਰਹੇ ਸਿੱਖਾਂ ਨੂੰ ਸੜਦਿਆਂ ਵੇਖ ਕੇ ਤਾੜੀਆਂ ਮਾਰ ਕੇ, ਭੰਗੜੇ ਪਾ ਰਹੇ ਸਨ। ਉਸ ਘੱਲੂਘਾਰੇ ਵਿਚ ਸਿੱਖਾਂ ਅਤੇ ਬੱਚੀਆਂ ਦੀ ਫ਼ਰਿਆਦ ਸੁਣਨ ਵਾਲਾ ਵੀ ਕੋਈ ਨਹੀਂ ਸੀ। ਦਿੱਲੀ ਵਿਚ ਤਿੰਨ ਦਿਨ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਕਾਂਗਰਸ ਦੇ ਲੀਡਰਾਂ ਜਿਨ੍ਹਾਂ ਵਿਚ ਐਚ.ਕੇ. ਐਲ ਭਗਤ, ਜਗਦੀਸ਼ ਟਾਈਟਲਰ, ਕਸਾਈ ਕਿਸ਼ੋਰੀ ਲਾਲ, ਅਰਜਨ ਦਾਸ, ਸੱਜਣ ਕੁਮਾਰ, ਕਮਲ ਨਾਥ, ਸਤਬੀਰ, ਅਸ਼ੋਕ ਕੁਮਾਰ, ਲਲਿਤ ਮਾਕਨ ਅਤੇ ਹੋਰ ਕਾਂਗਰਸੀ ਸ਼ਾਮਲ ਸਨ ਜੋ ਗੁੰਡਿਆਂ ਨੂੰ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨਦੇਹੀਆਂ ਦੇ ਰਹੇ ਸਨ। ਭਾੜੇ ਦੇ ਗੁੰਡਿਆਂ ਅਤੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਟਰੈਕਟਰ, ਟਰਾਲੀਆਂ, ਸਰਕਾਰੀ ਬੱਸਾਂ-ਟਰੱਕਾਂ ਵਿਚ ਭਰ-ਭਰ ਕੇ ਲਿਆਂਦਾ ਗਿਆ ਸੀ। ਇਨ੍ਹਾਂ ਗੁੰਡਿਆਂ ਨੇ ਸਿੱਖਾਂ ਦੇ ਕਤਲੇਆਮ ਦੇ ਨਾਲ ਨਾਲ ਸੈਂਕੜੇ ਗੁਰਦਵਾਰੇ ਵੀ ਸਾੜੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ। ਸਿਰਫ਼ ਮੁੰਬਈ ਵਿਚ ਸਿੱਖਾਂ ਨੂੰ ਕੁੱਝ ਨਹੀਂ ਹੋਇਆ ਕਿਉਂਕਿ ਉਥੋਂ ਦੇ ਬਾਲ ਠਾਕਰੇ (ਜੋ ਮਰਾਠਿਆਂ ਦਾ ਵੱਡਾ ਲੀਡਰ ਸੀ ਅਤੇ ਅੱਜ ਦੀ ਸ਼ਿਵ ਸੈਨਾ ਦਾ ਬਾਨੀ ਸੀ) ਨੇ ਸਿੱਖਾਂ ਨੂੰ ਬੁਲਾ ਕੇ ਕਿਹਾ ਸੀ ਕਿ ਜੇ ਤੁਸੀ ਚਾਹੁੰਦੇ ਹੋ ਕਿ ਮੁੰਬਈ ਵਿਚ ਵਸ ਰਹੇ ਸਿੱਖ ਪ੍ਰਵਾਰ ਅਤੇ ਉਨ੍ਹਾਂ ਦੇ ਘਰ ਸੁਰੱਖਿਅਤ ਰਹਿਣ ਤਾਂ ਤੁਹਾਨੂੰ ਇਸ ਦੇ ਬਦਲੇ ਕਰੋੜਾਂ ਰੁਪਏ ਦੇਣੇ ਪੈਣਗੇ ਅਤੇ ਆਖ਼ਰ ਉਨ੍ਹਾਂ ਚੰਗੇ ਅਤੇ ਦਰਦਮੰਦ ਅਤੇ ਗੁਰੂ ਕੇ ਸਿੱਖਾਂ ਨੇ ਕਈ ਕਰੋੜ (ਇਹ ਗਿਣਤੀ ਜ਼ਾਹਰ ਨਹੀਂ ਹੋਈ) ਰੁਪਏ ਬਾਲ ਠਾਕਰੇ ਨੂੰ ਦਿਤੇ ਜਿਸ ਕਰ ਕੇ ਮੁੰਬਈ ਦੇ ਕਿਸੇ ਵੀ ਸਿੱਖ ਪ੍ਰਵਾਰ ਜਾਂ ਉਨ੍ਹਾਂ ਦੀਆਂ ਜਾਇਦਾਦਾਂ ਦਾ ਨੁਕਸਾਨ ਨਹੀਂ ਸੀ ਹੋਇਆ। ਇਹ ਚੰਗੀ ਗੱਲ ਹੋਈ ਕਿ ਅਮੀਰ ਅਤੇ ਸਿਆਣੇ ਸਿੱਖਾਂ ਨੇ ਦੂਰਅੰਦੇਸ਼ੀ ਤੋਂ ਕੰਮ ਲਿਆ ਅਤੇ ਹਜ਼ਾਰਾਂ ਜਾਨਾਂ ਨੂੰ ਬਚਾਅ ਲਿਆ ਅਤੇ ਅਰਬਾਂ-ਖਰਬਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ। ਅੱਜ 33 ਸਾਲ ਬੀਤ ਚੁੱਕੇ ਹਨ। ਇਨ੍ਹਾਂ ਸਾਲਾਂ ਵਿਚ ਕੇਂਦਰ ਵਿਚ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਵੀ.ਪੀ. ਸਿੰਘ, ਚੌਧਰੀ ਚਰਨ ਸਿੰਘ, ਚੰਦਰ ਸ਼ੇਖ਼ਰ, ਇੰਦਰ ਕੁਮਾਰ ਗੁਜਰਾਲ, ਦੇਵਗੌੜਾ, ਅਟੱਲ ਬਿਹਾਰੀ ਵਾਜਪਾਈ ਅਤੇ ਹੁਣ ਸ੍ਰੀ ਨਰੇਂਦਰ ਮੋਦੀ ਦੀ ਸਰਕਾਰ ਹੈ। ਇਨ੍ਹਾਂ 7 ਸਰਕਾਰਾਂ ਵਿਚ ਅਪਣੇ ਆਪ ਨੂੰ ਸਿੱਖ ਕੌਮ ਦੇ ਅਖੌਤੀ ਰਹਿਨੁਮਾ ਅਖਵਾਉਣ ਵਾਲੀ ਅਕਾਲੀ ਦਲ ਪਾਰਟੀ ਦੇ ਮੰਤਰੀ ਰਹੇ ਅਤੇ ਅੱਜ ਵੀ ਬਾਦਲ ਦੀ ਨੂੰਹ ਹਰਸਿਮਰਤ ਕੌਰ ਮੰਤਰੀ ਹੈ ਪਰ ਇਨ੍ਹਾਂ ਪੰਥ ਦੇ ਰਖਵਾਲੇ, ਫ਼ਖ਼ਰੇ ਕੌਮ ਅਤੇ ਅਖੌਤੀ ਪੰਥ ਰਤਨ ਪਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦਾ ਕੋਈ ਮਸਲਾ ਹੱਲ ਨਹੀਂ ਕਰਵਾਇਆ। 1966 ਵਿਚ ਬਣੇ ਅਧੂਰੇ ਪੰਜਾਬੀ ਸੂਬੇ ਦੇ ਜਸ਼ਨ ਇਨ੍ਹਾਂ ਨੇ ਮਨਾਏ ਪਰ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦਿਵਾ ਸਕੇ, ਨਾ ਹੀ ਪਾਣੀ ਦਾ ਮਸਲਾ ਹੱਲ ਕਰਵਾ ਸਕੇ, ਨਾ ਪੰਜਾਬੀ ਬੋਲੀ ਨੂੰ ਉਸ ਦੀ ਬਣਦੀ ਥਾਂ ਦਿਵਾ ਸਕੇ, ਨਾ ਹੀ ਇਨ੍ਹਾਂ 1984 ਵਿਚ ਦਰਬਾਰ ਸਾਹਿਬ ਤੇ ਹਮਲੇ ਸਮੇਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਚੁਕਿਆ ਸਿੱਖ ਇਤਿਹਾਸ ਦਾ ਖ਼ਜ਼ਾਨਾ ਵਾਪਸ ਲਿਆਂਦਾ, ਨਾ ਹੀ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਸਮੇਂ ਹੋਏ ਨੁਕਸਾਨ ਦੀ ਭਰਪਾਈ ਕਰਵਾ ਸਕੇ, ਨਾ ਹੀ ਇੰਦਰਾ ਗਾਂਧੀ ਦੇ ਕਤਲ ਪਿਛੋਂ ਸਿੱਖ ਕੌਮ ਦੇ ਮਾਲੀ ਤੇ ਜਾਨੀ ਨੁਕਸਾਨ ਪੂਰਾ ਕਰਵਾ ਸਕੇ, ਨਾ ਹੀ ਸਿੱਖ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੇ ਪ੍ਰਵਾਰਾਂ ਦੇ ਮੁੜ ਵਸੇਬੇ ਲਈ ਕੁੱਝ ਕਰ ਸਕੇ। 31 ਅਕਤੂਬਰ 1984 ਤੋਂ 4 ਨਵੰਬਰ ਵਿਚਕਾਰ ਹੋਈਆਂ ਸਿੱਖ ਵਿਧਵਾਵਾਂ, ਯਤੀਮ ਹੋਈਆਂ ਬੱਚੀਆਂ ਅਤੇ ਬੱਚੀਆਂ ਦੇ ਮੁੜ ਵਸੇਬੇ ਲਈ ਦਰ-ਦਰ ਧੱਕੇ ਖਾ ਰਹੇ ਪ੍ਰਵਾਰ ਅੱਜ ਵੀ ਰੁਲ ਰਹੇ ਹਨ। ਬਾਦਲਾਂ ਦੀ ਸ਼੍ਰੋਮਣੀ ਕਮੇਟੀ ਅਤੇ ਇਨ੍ਹਾਂ ਦੇ ਅਕਾਲੀ ਦਲ ਨੇ 1984 ਦੇ ਉਜੜੇ-ਪੁਜੜੇ ਸਿੱਖ ਪ੍ਰਵਾਰਾਂ ਲਈ ਕੁੱਝ ਵੀ ਨਹੀਂ ਕੀਤਾ, ਸਗੋਂ ਹਰ ਚੋਣ ਮੌਕੇ 1984 ਦੇ ਕਤਲੇਆਮ ਦੇ ਮੁੱਦੇ ਉਠਾ ਕੇ ਇਹ ਵੋਟਾਂ ਹਾਸਲ ਕਰ ਕੇ ਰਾਜ ਸੱਤਾ ਦਾ ਸੁੱਖ ਮਾਣ ਲੈਂਦੇ ਹਨ। ਕੌਮ ਨਾਲ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅੱਜ ਵੀ ਨਸਲਕੁਸ਼ੀ ਦੇ ਜ਼ਿੰਮੇਵਾਰ ਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕ ਸ਼ਰੇਆਮ ਘੁੰਮ ਰਹੇ ਹਨ ਅਤੇ ਇਹ ਉਨ੍ਹਾਂ ਨੂੰ ਪਨਾਹ ਵੀ ਦੇਂਦੇ ਹਨ ਤੇ ਉਨ੍ਹਾਂ ਦੀ ਰਾਖੀ ਕਰਦੇ ਹਨ। ਸਾਰੀ ਸਿੱਖ ਕੌਮ ਨੂੰ ਸੋਚਣਾ ਪਵੇਗਾ ਕਿ ਅਜਿਹੇ ਕੌਮ ਘਾਤਕਾਂ ਨਾਲ ਅੱਗੋਂ ਕੀ ਸਲੂਕ ਕਰਨਾ ਹੈ ਅਸੀ ਸਿੱਖ ਨਸਲਕੁਸ਼ੀ ਵਿਚ ਹੋਏ ਸ਼ਹੀਦ ਸਿੱਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅਪਰਾਧੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕਰਦੇ ਹਾਂ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement