ਪੁੰਗਰਦੀ ਜਵਾਨੀ ਨੂੰ ਸਮਝਣ ਦੀ ਲੋੜ ਵਾਧੂ ਦੀ ਸਜ਼ਾ ਤੇ ਨਾਰਾਜ਼ਗੀ, ਇਨ੍ਹਾਂ ਦਾ ਜੀਵਨ ਤਬਾਹ ਕਰ ਸਕਦੀ ਹੈ ਤੇ ਅਪਣੇ ਮਨ ਦਾ ਚੈਨ ਵੀ!
Published : Dec 20, 2017, 10:32 pm IST
Updated : Dec 20, 2017, 5:02 pm IST
SHARE ARTICLE

ਤਰੀਵੇਂਦਰਮ ਦੇ ਐਸ. ਟੀ. ਥੌਮਸ ਸਕੂਲ ਵਿਚ ਦੋ ਬਚਿਆਂ ਨੂੰ ਖ਼ੁਸ਼ੀ ਮਨਾਉਂਦੇ ਕੁੱਝ ਪਲਾਂ ਵਾਸਤੇ ਜੱਫੀ ਪਾਉਣ ਕਰ ਕੇ ਸਕੂਲੋਂ ਕੱਢ ਦਿਤਾ ਗਿਆ ਹੈ। ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਸਟੇਜ ਉਤੇ ਇਕ ਚੰਗਾ ਗੀਤ ਗਾ ਕੇ ਆਈ ਤਾਂ ਉਸ ਦੇ 12ਵੀਂ ਜਮਾਤ ਦੇ ਇਕ ਦੋਸਤ ਨੇ ਉਸ ਨੂੰ ਵਧਾਈ ਦੇਣ ਲਈ ਜੱਫੀ ਪਾ ਲਈ। ਬਚਿਆਂ ਦਾ ਕਹਿਣਾ ਹੈ ਕਿ ਜੱਫੀ ਕੁੱਝ ਪਲਾਂ ਦੀ ਸੀ ਪਰ ਸਕੂਲ ਦੀ ਇਕ ਅਧਿਆਪਕ ਮੁਤਾਬਕ ਜੱਫੀ ਕੁੱਝ ਮਿੰਟਾਂ ਤਕ ਚਲੀ ਤੇ ਉਸ ਦੇ ਝਿੜਕਣ ਉਤੇ ਹੀ ਬੱਚੇ ਅਲੱਗ ਹੋਏ।

13 ਤੋਂ 18 ਸਾਲ ਦੇ ਅੱਲ੍ਹੜਪੁਣੇ ਦੇ ਸਾਲ ਬੜੇ ਔਕੜਾਂ ਭਰੇ ਹੁੰਦੇ ਹਨ। ਪੁੰਗਰਦੀ ਜਵਾਨੀ ਇਨ੍ਹਾਂ ਬੱਚਿਆਂ ਅੰਦਰ ਇਕ ਤੂਫ਼ਾਨ ਖੜਾ ਕਰੀ ਰਖਦੀ ਹੈ ਜਦਕਿ ਮਾਂ-ਬਾਪ, ਅਪਣੀ ਜਵਾਨੀ ਦਾ ਸਮਾਂ ਤਾਂ ਭੁੱਲ ਗਏ ਹੁੰਦੇ ਹਨ ਤੇ ਇਨ੍ਹਾਂ ਛੋਟੇ ਭੁਝੰਗੀਆਂ ਨੂੰ ਸਮਝ ਨਹੀਂ ਪਾਉਂਦੇ। ਮਾਂ-ਬਾਪ ਨੂੰ ਅਕਸਰ ਇਨ੍ਹਾਂ ਸਾਲਾਂ ਵਿਚ ਸਿਰ ਦਰਦ ਦੀਆਂ ਦਵਾਈਆਂ ਜ਼ਿਆਦਾ ਖਾਣੀਆਂ ਪੈਂਦੀਆਂ ਹਨ।ਪਰ ਇਕ ਸਕੂਲ ਨੇ ਇਸ ਭੁਝੰਗੀ ਦੌਰ ਨੂੰ ਇਕ ਸਖ਼ਤ ਸਜ਼ਾ ਸੁਣਾ ਕੇ ਸਿੱਧ ਕਰ ਦਿਤਾ ਹੈ ਕਿ ਅੱਜ ਦੀ ਪੀੜ੍ਹੀ ਬਹੁਤ ਤੇਜ਼ ਰਫ਼ਤਾਰ ਨਾਲ ਚਲ ਰਹੀ ਹੈ ਤੇ ਪੁਰਾਣੀ ਪੀੜ੍ਹੀ ਇਸ ਤਬਦੀਲੀ ਨੂੰ ਸਮਝ ਹੀ ਨਹੀਂ ਪਾ ਰਹੀ। ਤਰੀਵੇਂਦਰਮ ਦੇ ਐਸ.ਟੀ. ਥੌਮਸ ਸਕੂਲ ਵਿਚ ਦੋ ਬਚਿਆਂ ਨੂੰ ਖ਼ੁਸ਼ੀ ਮਨਾਉਂਦੇ ਕੁੱਝ ਪਲਾਂ ਵਾਸਤੇ ਜੱਫੀ ਪਾਉਣ ਕਰ ਕੇ ਸਕੂਲੋਂ ਕੱਢ ਦਿਤਾ ਗਿਆ ਹੈ। ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ ਜੋ ਸਟੇਜ ਉਤੇ ਇਕ ਚੰਗਾ ਗੀਤ ਗਾ ਕੇ ਆਈ ਤਾਂ ਉਸ ਦੇ 12ਵੀਂ ਜਮਾਤ ਦੇ ਇਕ ਦੋਸਤ ਨੇ ਉਸ ਨੂੰ ਵਧਾਈ ਦੇਣ ਲਈ ਜੱਫੀ ਪਾ ਲਈ। ਬਚਿਆਂ ਦਾ ਕਹਿਣਾ ਹੈ ਕਿ ਜੱਫੀ ਕੁੱਝ ਪਲਾਂ ਦੀ ਸੀ ਪਰ ਸਕੂਲ ਦੀ ਇਕ ਅਧਿਆਪਕ ਅਨੁਸਾਰ, ਜੱਫੀ ਕੁੱਝ ਮਿੰਟਾਂ ਤਕ ਚਲੀ ਤੇ ਉਸ ਦੇ ਝਿੜਕਣ ਉਤੇ ਹੀ ਬੱਚੇ ਅਲੱਗ ਹੋਏ। ਜੱਫੀ ਭਾਵੇਂ ਕਿੰਨਾ ਵੀ ਸਮਾਂ ਪਈ ਰਹੀ, ਸਕੂਲ ਵਲੋਂ ਬਚਿਆਂ ਨੂੰ ਕੱਢਣ ਦਾ ਫ਼ੈਸਲਾ ਗ਼ਲਤ ਸੀ ਤੇ ਚਾਈਲਡ ਰਾਈਟਸ ਯੂਨੀਅਨ ਨੇ ਇਸ ਫ਼ੈਸਲੇ ਨੂੰ ਵਾਪਸ ਲੈਣ ਦਾ ਹੁਕਮ ਵੀ ਦਿਤਾ ਹੈ ਪਰ ਹਾਈ ਕੋਰਟ ਨੇ ਸਕੂਲ ਦੇ ਇਸ ਫ਼ੈਸਲੇ ਨੂੰ ਸਹੀ ਦਸਦੇ ਹੋਏ ਇਹ ਵੀ ਕਿਹਾ ਕਿ ਮੁੰਡੇ ਦੇ ਮਾਂ-ਬਾਪ ਨੂੰ ਇਸ ਜੱਫੀ ਲਈ ਜੁਰਮਾਨਾ ਵੀ ਭਰਨਾ ਚਾਹੀਦਾ ਹੈ। ਸਕੂਲ ਨੇ ਇਸ ਜੱਫੀ ਨੂੰ ਦੋ ਦੋਸਤਾਂ ਦੀ ਮਿੱਤਰਤਾ ਤੋਂ ਵੱਧ ਆਖਦੇ ਹੋਏ, ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉਤੇ ਜਾ ਕੇ, ਬੱਚਿਆਂ ਦੀਆਂ ਹੋਰ ਤਸਵੀਰਾਂ ਵੀ ਕਢੀਆਂ, ਜੋ ਉਨ੍ਹਾਂ ਦੀ ਆਪਸੀ ਨੇੜਤਾ ਬਿਆਨ ਕਰਦੀਆਂ ਹਨ। 


ਸਵਾਲ ਇਹ ਉਠਦਾ ਹੈ ਕਿ ਕੀ ਸਕੂਲ ਵਿਚ ਪੈਂਦੀ ਵੇਖੀ ਗਈ ਇਸ ਛੋਟੀ ਜਹੀ ਜੱਫੀ ਦੀ ਏਨੀ ਵੱਡੀ ਸਜ਼ਾ ਹੋ ਸਕਦੀ ਹੈ?  ਜੇਕਰ ਬੱਚਿਆਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਉਹ 12ਵੀਂ ਦੇ ਇਮਤਿਹਾਨ ਨਹੀਂ ਦੇ ਸਕਣਗੇ ਤੇ ਉਨ੍ਹਾਂ ਦਾ ਇਕ ਸਾਲ ਬਰਬਾਦ ਹੋ ਜਾਵੇਗਾ। ਦੂਜਾ ਸਵਾਲ ਇਹ ਉਠਦਾ ਹੈ ਕਿ ਸਕੂਲੀ ਅਨੁਸ਼ਾਸਨ ਦਾ ਦਾਇਰਾ ਸਕੂਲ ਦੀ ਹੱਦ ਤਕ ਸੀਮਤ ਹੈ ਜਾਂ ਸਕੂਲ ਤੋਂ ਬਾਹਰ ਵੀ ਬਚਿਆਂ ਦੀ ਜ਼ਿੰਦਗੀ ਉਤੇ ਨਜ਼ਰ ਰੱਖ ਸਕਦਾ ਹੈ? ਇਹ ਬਹੁਤ ਹੀ ਜ਼ਰੂਰੀ ਸਵਾਲ ਹੈ ਕਿ ਅੱਜ ਅਸੀ ਬਚਿਆਂ ਦੀ ਅਲ੍ਹੜ ਜਵਾਨੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਵੀ ਸਮਝ ਕਿਉਂ ਨਹੀਂ ਪਾ ਰਹੇ? ਜੇ ਅਪਣੇ ਪਿਛੋਕੜ ਵਲ ਵੀ ਵੇਖੀਏ ਤਾਂ ਮੁਹੱਬਤ ਤਾਂ ਅਲ੍ਹੜ ਜਵਾਨੀ ਵੇਲੇ ਹੀ ਹੁੰਦੀ ਸੀ। ਮਿਰਜ਼ਾ-ਸਾਹਿਬਾਂ, ਸੱਸੀ-ਪੰਨੂ ਕੋਈ 40 ਸਾਲ ਦੇ ਨਹੀਂ ਸਨ। ਹੀਰ ਤਾਂ ਵਿਆਹੀ ਹੋਈ ਸੀ ਜਦ ਰਾਂਝੇ ਨਾਲ ਇਸ਼ਕ ਕਰਦੀ ਸੀ। ਭਾਵਨਾਵਾਂ ਅੱਜ ਵੀ ਉਹੀ ਹਨ। ਅਲ੍ਹੜ ਜਵਾਨੀ ਦਾ ਤੂਫ਼ਾਨ ਤਾਂ ਪਹਿਲਾਂ ਵੀ ਆਉਂਦਾ ਸੀ ਤੇ ਅੱਜ ਵੀ ਤੂਫ਼ਾਨ ਉਸੇ ਤਰ੍ਹਾਂ ਆਉਂਦਾ ਹੈ। ਪਰ ਫ਼ਰਕ ਅੱਜ ਦੇ ਜ਼ਮਾਨੇ ਦੇ ਪਰਦੇ ਦਾ ਹੈ। ਅੱਜ ਦੀ ਪੀੜ੍ਹੀ ਖੁੱਲ੍ਹੀ ਸੋਚ ਵਾਲੀ ਹੈ ਤੇ ਉਹ ਅਪਣੀਆਂ ਭਾਵਨਾਵਾਂ ਦਾ ਇਜ਼ਹਾਰ ਬੜੀ ਬੇਬਾਕੀ ਨਾਲ ਕਰਦੀ ਹੈ। ਭਾਰਤ ਵਿਚ ਚਾਰ ਦੀਵਾਰੀ ਵਿਚ ਬਹੁਤ ਕੁੱਝ ਹੁੰਦਾ ਆਇਆ ਹੈ ਪਰ ਜੇ ਪਰਦੇ ਪਿੱਛੇ ਹੋਇਆ ਹੈ ਤਾਂ ਸੱਭ ਠੀਕ ਹੈ। ਬੱਸ ਕਿਸੇ ਹੋਰ ਨੂੰ ਤੁਹਾਡੇ ਚੋਰੀ ਦੇ ਪਿਆਰ ਦਾ ਪਤਾ ਨਹੀਂ ਲਗਣਾ ਚਾਹੀਦਾ। ਅੱਜ ਦੀ ਪੀੜ੍ਹੀ, ਹੋਰ ਤਰ੍ਹਾਂ ਸੋਚਦੀ ਹੈ। ਉਹ ਅਪਣੇ ਜਜ਼ਬਿਆਂ ਦਾ ਗਲਾ ਨਹੀਂ ਘੁਟਣਾ ਚਾਹੁੰਦੀ ਤੇ ਨਾ ਹੀ ਛੁਪਾ-ਛੁਪਾ ਕੇ ਗ਼ਲਤ ਸੋਚ ਨੂੰ ਵਧਾਉਂਦੀ ਹੈ। ਸੋਸ਼ਲ ਮੀਡੀਆ ਸਦਕੇ, ਇਸ ਦਾ ਵੀ ਕੁੱਝ ਜ਼ਿਆਦਾ ਹੀ ਪ੍ਰਚਾਰ ਹੋਇਆ ਹੈ ਤੇ ਨਿਜੀ ਰਿਸ਼ਤਿਆਂ ਤੇ ਜਿਸਮਾਨੀ ਵਖਰੇਵਿਆਂ ਦੀਆਂ ਸੀਮਾਵਾਂ ਬਦਲ ਰਹੀਆਂ ਹਨ। ਪਰ ਇਹ ਇਨ੍ਹਾਂ ਦਾ ਕਸੂਰ ਨਹੀਂ। ਜਦ ਅਸੀ ਮੀਡੀਆ ਨੂੰ ਖੁਲ੍ਹ ਦੇ ਦਿਤੀ ਹੈ ਤੇ ਇਨ੍ਹਾਂ ਨੂੰ ਭੈੜੀ ਦੁਨੀਆਂ ਨਾਲ ਜੁੜਨ ਦੀ ਆਜ਼ਾਦੀ ਦੇ ਦਿਤੀ ਹੈ, ਫਿਰ ਤਬਦੀਲੀਆਂ ਦਾ ਆਉਣਾ ਤਾਂ ਕੁਦਰਤੀ ਹੀ ਹੈ। ਸ਼ਰਮ ਦੇ ਪਰਦੇ ਕਦੇ ਜ਼ਿਆਦਾ ਡਿੱਗ ਜਾਂਦੇ ਹਨ ਪਰ ਕਦੇ ਇਨ੍ਹਾਂ ਦੀ ਸੱਚੀ ਦੋਸਤੀ ਦੀਆਂ ਭਾਵਨਾਵਾਂ ਤੇ ਜ਼ਿੰਦਗੀ ਜਿਊਣ ਦੇ ਅੰਦਾਜ਼ ਨੂੰ ਵੇਖ ਅਪਣੀ ਦਿਲੀ ਸੋਚ ਤੇ ਪਛਤਾਵਾ ਵੀ ਹੁੰਦਾ ਹੈ। ਪਰ ਇਹੀ ਤਾਂ ਸਮੇਂ ਦੀ ਚਾਲ ਹੈ ਜਿਹੜੀ ਹਰ ਪੀੜ੍ਹੀ ਨੂੰ ਵਖਰੀਆਂ-ਵਖਰੀਆਂ ਤਕਦੀਰਾਂ ਤੇ ਦੁਨੀਆਂ ਵਿਖਾਉਂਦੀ ਹੈ। ਇਹ ਗੱਲ ਸਮਝਣ ਦੀ ਲੋੜ ਹੈ ਕਿ ਪੁੰਗਰਦੀ ਜਵਾਨ ਨੂੰ ਕਟਿਹਰੇ ਵਿਚ ਖੜੀ ਕਰ ਕੇ ਕੀ ਅਸੀ ਇਹ ਸਿਖਾਉਣਾ ਚਾਹੁੰਦੇ ਹਾਂ ਕਿ ਜੋ ਫੜਿਆ ਗਿਆ, ਉਹ ਗ਼ਲਤ ਤੇ ਜੋ ਬਚ ਗਿਆ, ਉਹ ਠੀਕ? ਵੱਡੇ ਸਿਆਣਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਕਿ ਉਹ ਇਨ੍ਹਾਂ ਬੱਚਿਆਂ ਨੂੰ ਸਮਝਣ ਖ਼ਾਤਰ ਇਕ ਨਵੀਂ ਤੇ ਖੁੱਲ੍ਹੀ ਸੋਚ ਲਈ ਬੂਹੇ ਬਾਰੀਆਂ ਬੰਦ ਨਾ ਹੋਣ ਦੇਣ। -ਨਿਮਰਤ ਕੌਰ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement