ਰਾਹੁਲ ਗਾਂਧੀ ਬਣੇ ਕਾਂਗਰਸ ਦੇ ਪ੍ਰਧਾਨ ਪਰ ਕਿਸ ਕਾਂਗਰਸ ਦੇ¸ਸੈਕੂਲਰ ਕਾਂਗਰਸ ਦੇ ਜਾਂ ਮੌਕੇ ਅਨੁਸਾਰ ਰੰਗ ਬਦਲ ਲੈਣ ਵਾਲੀ ਕਾਂਗਰਸ ਦੇ?
Published : Dec 12, 2017, 11:10 pm IST
Updated : Dec 12, 2017, 5:40 pm IST
SHARE ARTICLE

ਰਾਹੁਲ ਗਾਂਧੀ ਅਖ਼ੀਰ ਕਾਂਗਰਸ ਦੇ ਪ੍ਰਧਾਨ ਬਣਾ ਦਿਤੇ ਗਏ ਹਨ। ਇਹ ਆਵਾਜ਼ਾਂ ਬਾਹਰੋਂ ਵੀ ਤੇ ਪਾਰਟੀ ਦੇ ਅੰਦਰੋਂ ਵੀ ਉੱਚੀਆਂ ਹੋ ਰਹੀਆਂ ਸਨ ਕਿ ਪਾਰਟੀ ਨੂੰ ਨਹਿਰੂ-ਪ੍ਰਵਾਰ ਦੇ ਕਬਜ਼ੇ ਵਿਚੋਂ ਬਾਹਰ ਕੱਢ ਕੇ, ਦੂਜੀਆਂ ਪਾਰਟੀਆਂ ਵਾਂਗ ਹੀ ਕੁਦਰਤੀ ਅਤੇ ਲੋਕ-ਰਾਜੀ ਢੰਗ ਦੇ ਵਿਕਾਸ ਦੇ ਰਾਹ ਤੇ ਪੈਣ ਦੇਣਾ ਚਾਹੀਦਾ ਹੈ। ਪਰ ਦੂਜੀ ਧਿਰ ਦੀ ਆਵਾਜ਼ ਵੀ ਬੜੇ ਕੜਕਵੇਂ ਰੂਪ ਵਿਚ ਸਾਹਮਣੇ ਆ ਰਹੀ ਸੀ ਕਿ ਅੱਜ ਦੇ ਹਾਲਾਤ ਵਿਚ, ਨਹਿਰੂ ਪ੍ਰਵਾਰ ਤੋਂ ਬਾਹਰ ਵਾਲਾ ਕੋਈ ਬੰਦਾ, ਇਸ ਪਾਰਟੀ ਨੂੰ ਸੰਭਾਲ ਨਹੀਂ ਸਕੇਗਾ। ਇਸ ਦੂਜੀ ਧਿਰ ਦੀ ਗੱਲ, ਅਖ਼ੀਰ ਪਾਰਟੀ ਨੂੰ ਪ੍ਰਵਾਨ ਕਰਨੀ ਪਈ। ਰਾਹੁਲ ਗਾਂਧੀ, ਨਹਿਰੂ-ਪ੍ਰਵਾਰ ਦੇ ਛੇਵੇਂ ਫ਼ਰਜ਼ੰਦ ਹਨ ਜਿਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ, ਵੱਖ ਵੱਖ ਸਮਿਆਂ ਤੇ ਸੰਭਾਲੀ। ਕਲ ਜਦ ਕਾਂਗਰਸ ਸੱਤਾ ਵਿਚ ਆ ਗਈ ਤਾਂ ਨਹਿਰੂ ਪ੍ਰਵਾਰ ਦਾ ਚੌਥਾ ਬੰਦਾ, ਪ੍ਰਧਾਨ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਵੀ ਬਣ ਜਾਵੇਗਾ। ਪਰ ਦੇਸ਼ ਨੂੰ ਇਸ ਵੇਲੇ ਇਸ ਸਵਾਲ ਦਾ ਜਵਾਬ ਨਹੀਂ ਚਾਹੀਦਾ ਕਿ ਕਿਹੜੀ ਪਾਰਟੀ ਕਿਸ ਨੇਤਾ ਨੂੰ ਅਪਣਾ ਪ੍ਰਧਾਨ ਬਣਾਉਂਦੀ ਹੈ ਸਗੋਂ ਹਰ ਦੇਸ਼-ਵਾਸੀ ਇਹ ਜਾਣਨਾ ਚਾਹੁੰਦਾ ਹੈ ਕਿ ਕਿਹੜੀ ਪਾਰਟੀ ਭਾਰਤ ਦੇਸ਼ ਨੂੰ ਕਿਹੜੇ ਪਾਸੇ ਵਲ ਲਿਜਾਣ ਦਾ ਫ਼ੈਸਲਾ ਕਰੀ ਬੈਠੀ ਹੈ। ਇੰਗਲੈਂਡ ਦੀ ਦੋ-ਪਾਰਟੀ ਪ੍ਰਣਾਲੀ ਦੀ ਨਕਲ, ਆਜ਼ਾਦ ਭਾਰਤ ਵਿਚ ਕੀਤੀ ਗਈ। ਇੰਗਲੈਂਡ ਵਿਚ ਇਹ ਦੋ-ਪਾਰਟੀ ਪ੍ਰਣਾਲੀ ਇਸ ਲਈ ਸਫ਼ਲ ਹੋਈ ਕਿਉਂਕਿ ਉਥੇ ਦੋ ਪਾਰਟੀਆਂ, ਦੋ ਵਿਚਾਰਧਾਰਾਵਾਂ ਦੀ ਪ੍ਰਤੀਨਿਧਤਾ ਕਰਨ ਲਈ ਬਣੀਆਂ ਸਨ ਤੇ ਉਹ ਚੋਣਾਂ ਹਾਰ ਵੀ ਜਾਂਦੀਆਂ ਸਨ ਪਰ ਅਪਣੀ ਵਿਚਾਰਧਾਰਾ ਵਿਚ ਤਬਦੀਲੀ ਨਹੀਂ ਸਨ ਕਰਦੀਆਂ। ਲੇਬਰ ਪਾਰਟੀ ਮਜ਼ਦੂਰ-ਪੱਖੀ ਪਾਰਟੀ ਵਜੋਂ ਦੇਸ਼ ਨੇ ਪ੍ਰਵਾਨ ਕੀਤੀ ਜਦਕਿ ਕੰਜ਼ਰਵੇਟਿਵ ਪਾਰਟੀ, ਆਜ਼ਾਦ ਸੋਚਣੀ ਤੇ ਖੁਲ੍ਹੇ ਵਪਾਰ ਰਾਹੀਂ ਦੌਲਤ ਵਿਚ ਵਾਧਾ ਕਰਨ ਵਾਲੀ ਵਿਚਾਰਧਾਰਾ ਦਾ ਝੰਡਾ ਚੁੱਕਣ ਵਾਲੀ ਪਾਰਟੀ ਬਣੀ। ਸਮਾਂ ਬਦਲਦਾ ਰਹਿੰਦਾ ਹੈ ਤੇ ਲੋਕਾਂ ਦੇ ਵਿਚਾਰ ਵੀ ਬਦਲਦੇ ਰਹਿੰਦੇ ਹਨ। ਕਿਸੇ ਸਮੇਂ ਇੰਗਲੈਂਡ ਦੇ ਲੋਕ ਸੋਚਦੇ ਹਨ ਕਿ ਕੰਜ਼ਰਵੇਟਿਵ ਵਿਚਾਰਧਾਰਾ ਦੇਸ਼ ਲਈ ਇਸ ਸਮੇਂ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦੀ ਹੈ ਤੇ ਅਗਲੀ ਵਾਰੀ ਉਹੀ ਲੋਕ ਸੋਚਦੇ ਹਨ ਕਿ ਹੁਣ ਲੇਬਰ ਪਾਰਟੀ ਦੀ ਵਿਚਾਰਧਾਰਾ, ਦੇਸ਼ ਦੇ ਲੋਕਾਂ ਲਈ ਜ਼ਿਆਦਾ ਲਾਹੇਵੰਦੀ ਹੈ। ਲੋਕਾਂ ਵਲ ਵੇਖ ਕੇ, ਨਾ ਲੇਬਰ ਪਾਰਟੀ ਅਪਣੀ ਵਿਚਾਰਧਾਰਾ ਬਦਲਦੀ ਹੈ, ਨਾ ਕੰਜ਼ਰਵੇਟਿਵ ਪਾਰਟੀ। ਦੋਵੇਂ ਪਾਰਟੀਆਂ ਅਪਣੀ ਅਪਣੀ ਵਿਚਾਰਧਾਰਾ ਤੇ ਅਡਿੱਗ ਖੜੀਆਂ ਰਹਿੰਦੀਆਂ ਹਨ। ਇਸੇ ਲਈ ਉਥੇ ਦੋ-ਪਾਰਟੀ ਸਿਸਟਮ ਬੜੀ ਕਾਮਯਾਬੀ ਨਾਲ ਚਲ ਰਿਹਾ ਹੈ।


ਆਜ਼ਾਦ ਭਾਰਤ ਵਿਚ ਇੰਗਲੈਂਡ ਦੇ ਦੋ-ਪਾਰਟੀ ਸਿਸਟਮ ਦੀ ਨਕਲ ਕਰਦਿਆਂ, ਕਾਂਗਰਸ ਪਾਰਟੀ ਦੀ ਵਿਚਾਰਧਾਰਾ 'ਸੈਕੂਲਰਿਜ਼ਮ' ਮਿਥੀ ਗਈ ਸੀ ਅਰਥਾਤ ਕੁੱਝ ਵੀ ਹੋ ਜਾਵੇ, ਇਹ ਸਾਰੇ ਭਾਰਤੀਆਂ ਦੀ ਸਾਂਝੀ ਪਾਰਟੀ ਬਣੀ ਰਹੇਗੀ ਤੇ ਫ਼ਿਰਕੂ ਰਾਜਨੀਤੀ ਨੂੰ ਕਦੇ ਪ੍ਰਵਾਨਗੀ ਨਹੀਂ ਦੇਵੇਗੀ¸ਬੇਸ਼ੱਕ ਹਾਰਨਾ ਕਿਉਂ ਨਾ ਪਵੇ। ਜਵਾਹਰ ਲਾਲ ਨਹਿਰੂ ਦੇ ਜੀਵਨ-ਕਾਲ ਵਿਚ ਤਾਂ ਕਾਂਗਰਸ ਲਗਭਗ 'ਸੈਕੂਲਰ' ਹੀ ਰਹੀ ਭਾਵੇਂ ਕਿ ਸਰਦਾਰ ਪਟੇਲ ਨੇ ਉਦੋਂ ਵੀ ਕਾਂਗਰਸ ਨੂੰ 'ਹਿੰਦੂ' ਦੇਸ਼ ਦੀ ਵੱਡੀ ਪਾਰਟੀ ਬਣਾਉਣ ਦਾ ਕੰਮ ਸ਼ੁਰੂ ਕਰ ਦਿਤਾ ਸੀ। ਜਵਾਹਰ ਲਾਲ ਨਹਿਰੂ ਪੂਰੀ ਤਰ੍ਹਾਂ ਤਾਂ ਨਾ ਬਦਲੇ ਪਰ ਪਟੇਲ ਦਾ ਅਸਰ, ਪੰਜਾਬ ਬਾਰੇ ਤਾਂ ਉਨ੍ਹਾਂ ਨੇ ਵੀ ਕਬੂਲ ਕਰ ਹੀ ਲਿਆ। ਪਹਿਲਾਂ ਸਿੱਖਾਂ ਦੇ ਲੀਡਰ ਨੂੰ ਇਹ ਕਹਿ ਦਿਤਾ ਕਿ ''ਆਜ਼ਾਦੀ ਤੋਂ ਪਹਿਲਾਂ ਵਾਲੇ ਵਾਅਦੇ ਭੁਲ ਜਾਉ ਹੁਣ ਕਿਉਂਕਿ ਵਕਤ ਬਦਲ ਚੁੱਕੇ ਹਨ ਤੇ ਤੁਸੀ ਅਜੇ ਬੀਤੇ ਸਮੇਂ ਵਿਚ ਹੀ ਖੜੇ ਹੋ।'' ਇਸ ਮਗਰੋਂ ਉਨ੍ਹਾਂ ਨੇ ਰਾਏਪੇਰੀਅਨ ਕਾਨੂੰਨ ਨੂੰ ਪੰਜਾਬ ਦੇ ਮਾਮਲੇ ਵਿਚ, ਪੈਰਾਂ ਥੱਲੇ ਰੋਲ ਕੇ, ਇਸ ਦਾ 70% ਪਾਣੀ ਦੂਜੇ ਰਾਜਾਂ ਨੂੰ ਮੁਫ਼ਤ ਦੇ ਦਿਤਾ ਜਦਕਿ ਅੰਗਰੇਜ਼ ਦੇ ਰਾਜ ਵਿਚ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਲੈਣ ਲਈ ਮੁਲ ਤਾਰਨਾ ਪੈਂਦਾ ਸੀ। ਉਸ ਮਗਰੋਂ ਉਨ੍ਹਾਂ ਨੇ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਰਾਜ ਬਣਾਉਣੇ ਤਾਂ ਪ੍ਰਵਾਨ ਕਰ ਲਏ ਪਰ ਸਿੱਖਾਂ ਨੂੰ ਕਿਹਾ, ''ਪੰਜਾਬੀ ਸੂਬਾ ਕਦੇ ਨਹੀਂ ਬਣੇਗਾ। ਇਹ ਤੁਹਾਡੇ ਦਿਮਾਗ਼ਾਂ ਵਿਚ ਹੀ ਬਣਿਆ ਰਹੇਗਾ।''ਯਕੀਨਨ ਕਾਂਗਰਸ ਦੀ 'ਸੈਕੁਲਰਿਜ਼ਮ' ਵਾਲੀ ਨੀਤੀ ਦੀ ਕਬਰ ਪਹਿਲੇ ਪ੍ਰਧਾਨ ਮੰਤਰੀ ਦੇ ਕਾਲ ਦੌਰਾਨ ਹੀ ਪੁਟਣੀ ਸ਼ੁਰੂ ਕਰ ਦਿਤੀ ਗਈ ਸੀ। ਉਸ ਮਗਰੋਂ ਲਾਲ ਬਹਾਦਰ ਸ਼ਾਸਤਰੀ, ਮੁਰਾਰਜੀ ਦੇਸਾਈ, ਵੀ.ਪੀ. ਸਿੰਘ, ਚੰਦਰ ਸ਼ੇਖਰ ਤੇ ਇੰਦਰ ਕੁਮਾਰ ਗੁਜਰਾਲ ਵਰਗੇ ਪ੍ਰਧਾਨ ਮੰਤਰੀ ਤਾਂ ਆਮ ਤੌਰ ਤੇ ਧਰਮ ਨਿਰਪੱਖ ਹੀ ਰਹੇ ਪਰ ਨਹਿਰੂ ਪ੍ਰਵਾਰ ਦੇ ਦੂਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਾਂ ਬੀ.ਜੇ.ਪੀ. ਦੇ 'ਫ਼ਿਰਕੂਵਾਦ' ਨੂੰ ਵੀ ਪਛਾੜ ਕੇ ਰੱਖ ਦਿਤਾ ਜਦ ਹਿੰਦੂ ਪੱਤਾ ਖੇਡ ਕੇ ਚੋਣਾਂ ਜਿੱਤਣ ਲਈ ਬਲੂ-ਸਟਾਰ 


ਆਪ੍ਰੇਸ਼ਨ (ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ) ਵੀ ਕਰ ਦਿਤਾ। ਨਹਿਰੂ ਪ੍ਰਵਾਰ ਦੇ ਤੀਜੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਤਾਂ ਨਵੰਬਰ '84 ਦਾ ਕਤਲੇਆਮ ਕਰਵਾ ਕੇ, ਫ਼ਿਰਕੂ ਰਾਜਨੀਤੀ ਦੇ ਸੱਭ ਹੱਦਾਂ ਬੰਨੇ ਹੀ ਤੋੜ ਦਿਤੇ ਤੇ ਇਸ ਕਤਲੇਆਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਕਿ ''ਜਦ ਵੱਡਾ ਦਰੱਖ਼ਤ ਡਿਗਦਾ ਹੈ ਤਾਂ ਧਰਤੀ ਹਿਲ ਹੀ ਜਾਂਦੀ ਹੈ।'' ਵੋਟਾਂ ਖ਼ਾਤਰ 'ਸੈਕੁਲਰਿਜ਼ਮ' ਦੀ ਵਿਚਾਰਧਾਰਾ ਹਰ ਸਾਲ ਤੇ ਹਰ ਵੋਟ-ਮੋਰਚੇ ਤੇ ਬਦਲ ਦਿਤੀ ਜਾਂਦੀ ਰਹੀ ਹੈ।ਬੀ.ਜੇ.ਪੀ. ਦੀ ਗੱਲ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਇਹ ਖੁਲ੍ਹ ਕੇ ਕਹਿੰਦੀ ਹੈ ਕਿ ਉਹ 'ਹਿੰਦੂਤਵ' ਅਤੇ 'ਰਾਮ ਮੰਦਰ' ਨੂੰ ਅਪਣੀ ਵਿਚਾਰਧਾਰਾ ਮੰਨਦੀ ਹੈ। ਵਾਜਪਾਈ ਸਰਕਾਰ ਵੀ ਇਕ ਪਾਰੀ ਮਗਰੋਂ ਹੀ 'ਆਊਟ' ਹੋ ਗਈ ਸੀ ਤੇ ਮੋਦੀ ਸਰਕਾਰ ਵੀ ਇਹੀ ਇਸ਼ਾਰੇ ਦੇ ਰਹੀ ਹੈ ਕਿ ਇਸ ਦੀ ਵਿਚਾਰਧਾਰਾ ਤੋਂ ਵੀ ਲੋਕ ਛੇਤੀ ਹੀ ਅੱਕ ਗਏ ਹਨ। ਫ਼ਰਕ ਸਿਰਫ਼ ਏਨਾ ਹੈ ਕਿ 'ਸੈਕੂਲਰ' ਫ਼ਰੰਟ ਉਤੇ ਲੋਕਾਂ ਨੂੰ ਕੋਈ ਮਜ਼ਬੂਤ ਬਦਲ ਪ੍ਰਾਪਤ ਨਹੀਂ ਹੋ ਰਿਹਾ। ਰਾਹੁਲ ਗਾਂਧੀ ਵੀ ਗੁਜਰਾਤ ਚੋਣਾਂ ਵਿਚ ਜਿਸ ਤਰ੍ਹਾਂ ਸੈਕੁਲਰਿਜ਼ਮ ਨੂੰ ਤਾਕ ਤੇ ਰੱਖ ਕੇ, ਅਪਣੇ ਆਪ ਨੂੰ ਜਨੇਊ-ਧਾਰੀ ਬ੍ਰਾਹਮਣ ਸਾਬਤ ਕਰਨ ਲਈ ਹਰ ਰੋਜ਼ ਕਿਸੇ ਨਵੇਂ ਮੰਦਰ ਦੀ ਯਾਤਰਾ ਕਰ ਕੇ ਵੋਟਾਂ ਮੰਗਦੇ ਰਹੇ, ਉਸ ਤੋਂ ਲਗਦਾ ਹੈ ਕਿ ਉਨ੍ਹਾਂ ਦਾ ਸੈਕੁਲਰਿਜ਼ਮ ਵੀ, ਸੋਨੀਆ ਗਾਂਧੀ ਦੇ ਸੈਕੁਲਰਿਜ਼ਮ ਨਾਲੋਂ ਵਖਰੀ ਕਿਸਮ ਦਾ ਹੈ ਜੋ ਵੋਟਾਂ ਖ਼ਾਤਰ ਲਿਫ਼ ਸਕਦਾ ਹੈ, ਝੁਕ ਸਕਦਾ ਹੈ, ਰੰਗ ਬਦਲ ਸਕਦਾ ਹੈ ਤੇ ਫ਼ਿਰਕੂਆਂ ਦੇ ਮੁਕਾਬਲੇ ਵੱਡਾ ਫ਼ਿਰਕੂ ਵੀ ਅਪਣੇ ਆਪ ਨੂੰ ਸਾਬਤ ਕਰਨ ਲਈ ਤਿਆਰ ਹੋ ਸਕਦਾ ਹੈ। ਹਿੰਦੁਸਤਾਨ ਨੂੰ ਅਜਿਹੀ 'ਸੈਕੁਲਰ' ਪਾਰਟੀ ਚਾਹੀਦੀ ਹੈ ਜੋ ਸੌ ਵਾਰ ਚੋਣਾਂ ਵਿਚ ਹਾਰ ਕੇ ਵੀ 100% 'ਸੈਕੁਲਰ' ਪਾਰਟੀ ਬਣੀ ਰਹੇ ਤੇ ਵਿਚਾਰਧਾਰਾ ਨੂੰ ਨਾ ਬਦਲੇ, ਲੋਕਾਂ ਦੇ ਵਿਚਾਰ ਬਦਲੇ। ਕੀ ਰਾਹੁਲ ਗਾਂਧੀ ਅਜਿਹੀ ਕਾਂਗਰਸ ਦੇ ਸਕਦੇ ਹਨ ਜਾਂ ਇੰਦਰਾ ਤੇ ਰਾਜੀਵ ਗਾਂਧੀ ਵਾਲੀ ਕਾਂਗਰਸ ਹੀ ਦੇ ਸਕਣਗੇ?

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement