ਸਭਿਆਚਾਰ ਵਿਚ ਫੈਲ ਰਿਹਾ ਅਤਿਵਾਦ
Published : Dec 5, 2017, 10:40 pm IST
Updated : Dec 5, 2017, 5:10 pm IST
SHARE ARTICLE

ਵੈ  ਸੇ ਤਾਂ ਦੁਨੀਆਂ ਦਾ ਹਰ ਦੇਸ਼ ਹੀ ਕਈ ਤਰ੍ਹਾਂ ਦੇ ਅਤਿਵਾਦ ਤੋਂ ਪੀੜਤ ਹੈ ਪਰ ਅਪਣੇ ਦੇਸ਼ ਵਿਚ ਖ਼ੂਨੀ ਅਤਿਵਾਦ ਤੋਂ ਬਿਨਾਂ ਵੀ ਕਈ ਤਰ੍ਹਾਂ ਦੇ ਅਤਿਵਾਦ ਨੇ ਆਮ ਨਾਗਰਿਕ ਨੂੰ ਨਪੀੜ ਕੇ ਰਖਿਆ ਹੋਇਆ ਹੈ। ਹਰ ਰੋਜ਼ ਅਖ਼ਬਾਰਾਂ ਚੈਨਲਾਂ ਤੇ ਬਣੀਆਂ ਸੁਰਖੀਆਂ ਵਿਚ ਖ਼ੂਨੀ ਅਤਿਵਾਦ, ਬਲਾਤਕਾਰ, ਭਰੁਣ ਹਤਿਆ, ਚੋਰੀ ਡਾਕੇ, ਲੁੱਟਾਂ-ਖੋਹਾਂ, ਬੇਰੁਜ਼ਗਾਰੀ, ਨਸ਼ੇੜੀਪੁਣਾ, ਫ਼ੈਸ਼ਨਪ੍ਰਤੀ, ਐਸ਼ਪ੍ਰਸਤੀ, ਬਾਲ ਮਜ਼ਦੂਰੀ, ਕਰਜ਼ੇ ਦੇ ਭਾਰ ਹੇਠ ਦਬੇ ਮਜ਼ਦੂਰਾਂ ਕਿਸਾਨਾਂ ਵਲੋਂ ਕੀਤੀਆਂ ਖ਼ੁਦਕੁਸ਼ੀਆਂ ਦਾਜ-ਦਹੇਜ, ਵਿਦੇਸ਼ ਭੇਜਣ ਵਿਚ ਠੱਗੀਆਂ ਕਰਨ, ਤਰ੍ਹਾਂ-ਤਰ੍ਹਾਂ ਦੇ ਅਤਿਵਾਦ ਦੇ ਸਤਾਏ ਲੋਕਾਂ ਦੀ ਬੇਵਸੀ ਸਾਫ਼ ਵਿਖਾਈ ਦਿੰਦੀ ਹੈ। ਇਸ ਦਾ ਅਜੇ ਤਕ ਕਿਸੇ ਸਰਕਾਰ ਵਲੋਂ ਸਹੀ ਇਲਾਜ-ਉਪਾਅ ਨਹੀਂ ਕੀਤਾ ਗਿਆ। ਨੌਜਵਾਨ ਦੇਸ਼ ਦਾ ਭਵਿੱਖ ਮੰਨੇ ਜਾਂਦੇ ਹਨ, ਜਿਨ੍ਹਾਂ ਨੂੰ ਸਹੀ ਰਾਹ ਵਿਖਾ ਕੇ ਸਾਡੇ ਅਮੀਰ ਸਭਿਆਚਾਰ ਦੀ ਆਨ-ਸ਼ਾਨ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਦੀ ਜ਼ਿੰਮੇਵਾਰੀ ਕਲਾਕਾਰ ਲੋਕਾਂ ਸਿਰ ਆਉਂਦੀ ਹੈ। ਕਿਸੇ ਕੌਮ ਦੀ ਵਿਰਾਸਤ ਬਾਰੇ ਜਾਣਨ ਲਈ ਉਸ ਦਾ ਅਤੀਤ ਫਰੋਲਣ ਤੇ, ਉਸ ਦੇ ਸਭਿਆਚਾਰ ਬਾਰੇ ਬਾਖ਼ੂਬੀ ਜਾਣਕਾਰੀ ਮਿਲ ਜਾਂਦੀ ਹੈ। ਸਾਡੇ ਪੰਜਾਬ ਦੇ ਕੁਰਬਾਨੀਆਂ ਭਰੇ ਸੁਨਿਹਰੀ ਵਿਰਸੇ ਤੇ ਸਖ਼ਤ ਮਿਹਨਤਾਂ ਕਰ ਕੇ ਮਿੱਟੀ ਵਿਚੋਂ ਸੋਨਾ ਉਗਾਉਣ ਤੋਂ ਅੱਗੇ ਅਣਖ਼, ਗ਼ੈਰਤ ਇੱਜ਼ਤ ਆਬਰੂ, ਖ਼ਾਸ ਕਰ ਔਰਤ ਨੂੰ ਗੁਰੂਆਂ ਵਲੋਂ ਬਖ਼ਸ਼ੇ ''ਜਗ ਜਨਨੀ ਤੇ ਖ਼ਿਤਾਬ'' ਦੀ ਮਿਸਾਲ ਦੁਨੀਆਂ ਵਿਚ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ। ਬੜੇ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਅਮੀਰ ਸਭਿਆਚਾਰ ਨੂੰ ਕਈ ਸਿਰ ਫਿਰੇ ਅਖੌਤੀ ਗੀਤਕਾਰਾਂ, ਗਾਇਕਾਂ, ਵੀਡੀਉ ਪ੍ਰਡਿਊਸਰ, ਡਾਇਰੈਕਟਰਾਂ, ਮਾਡਲਾਂ ਨੇ ਮਿੱਟੀ ਵਿਚ ਮਿਲਾਉਣ ਦੇ ਭਰਮ ਹੇਠ ਜੋ ਸਭਿਆਚਾਰਕ ਅਤਿਵਾਦ ਫੈਲਾਇਆ ਹੈ, ਇਸ ਨਾਲ ਸਾਡੇ ਵਰਤਮਾਨ ਅਤੇ ਭਵਿੱਖ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਦੁਨੀਆਂ ਦੇ ਵੱਡੇ-ਵੱਡੇ ਵਿਦਵਾਨਾਂ ਵਲੋਂ ਔਰਤ ਨੂੰ ਬਹੁਤ ਸਤਿਕਾਰ ਦਿੰਦਿਆਂ ਵਡਿਆਇਆ ਗਿਆ ਹੈ। ਆਮ ਲੋਕਾਂ ਨੇ ਹਰ ਖੇਤਰ ਵਿਚ ਔਰਤ ਨੂੰ ਸਵੀਕਾਰਦਿਆਂ ਦੇਸ਼ ਦੇ ਮਹਾਨ ਅਹੁਦਿਆਂ ਤੇ ਪਹੁੰਚਾਇਆ ਹੈ। ਹਰ ਖੇਤਰ ਵਿਚ ਔਰਤ, ਮਰਦਾਂ ਦੇ ਮੁਕਾਬਲੇ ਵਿਚ ਅੱਗੇ ਆ ਰਹੀ ਹੈ। ਪਰ ਸਭਿਆਚਾਰ ਦੇ ਨਾਂ ਤੇ ਕਲਾਕਾਰੀ ਕਰਨ ਵਾਲੇ ਸੌੜੀ ਸੋਚ ਦੇ ਮਾਲਕਾਂ ਨੇ ਗੀਤਾਂ ਵਿਚ ਔਰਤ ਨੂੰ ਇਕ ਭੋਗਣ ਵਾਲੀ ਵਸਤੂ ਬਣਾ ਕੇ ਅਜਕਲ ਜੋ ਆਡੀਉ-ਵੀਡੀਉ ਰਾਹੀਂ ਅੱਤ ਚੁੱਕੀ ਹੈ, ਉਹਦੇ ਤੋਂ ਹਰ ਕੋਈ ਜਾਣੂ ਹੈ। ਇਹ ਗਾਇਕ ਅਪਣੀ ਬੇਹੂਦਾ ਸ਼ਕਲ ਬਣਾ ਕੇ ਖੋਟੀ ਅਕਲ ਦਾ ਸਬੂਤ ਦਿੰਦੇ ਹੋਏ ਆਮ ਗੀਤਾਂ ਵਿਚ ਹੀ ਸਿਰਫ਼ ਕੁੜੀ ਤੇ ਟਾਂਚ ਕਰਦਿਆਂ ਉਸ ਨਾਲ ਘਟੀਆ-ਅਸ਼ਲੀਲ ਹਰਕਤਾਂ ਭਰੇ ਕਾਲੇ ਕਾਰਨਾਮੇ ਕਰ ਕੇ ਅਪਣਾ ਨਾਂ ਚਮਕਾਉਣ ਦੇ ਭੁਲੇਖੇ ਵਿਚ ਆਮ ਲੋਕਾਂ ਦੀਆਂ ਸਭਿਆਚਾਰਕ ਭਾਵਨਾਵਾਂ ਨੂੰ ਜ਼ਖ਼ਮੀ ਕਰ ਰਹੇ ਹਨ। ਇਹ ਸਭਿਆਚਾਰਕ ਅਤਿਵਾਦ ਫੈਲਾਉਣ ਖ਼ਾਤਰ ਜਣੇ-ਖਣੇ ਦੇ ਗੱਲ ਬਾਹਾਂ ਪਾਉਣ ਉਸ ਨਾਲ ਲਿਪਟਣ, ਚਿੰਬੜਨ ਤੋਂ ਅੱਗੇ ਪਤਾ ਨਹੀਂ ਕਿਥੋਂ ਤਕ ਗਿਰੇ ਹੋਏ ਕਿਰਦਾਰ ਨਿਭਾ ਕੇ ਦੰਦੀਆਂ ਕਢਦੀਆਂ, ਬੇਸ਼ਰਮੀ ਤੇ ਗਿੱਚੀ ਪਿੱਛੇ ਮੱਤ ਵਾਲੀ ਕਹਾਵਤ ਦਾ ਸਬੂਤ ਦਿੰਦੀਆਂ ਹਨ। ਸਮਝ ਨਹੀਂ ਆਉਂਦੀ ਇਹ ਸਭਿਆਚਾਰਕ ਅਤਿਵਾਦ ਫੈਲਾਉਣ ਵਾਲੇ ਟੋਲੇ-ਟੋਲੀਆਂ ਦਾ ਕੋਈ ਅੱਗੇ-ਪਿਛੇ, ਸਕਾ-ਸੋਦਰਾ, ਮਾਂ-ਬਾਪ, ਭੈਣÎ ਭਾਈ, ਦੂਰ ਨੇੜੇ ਦਾ ਰਿਸ਼ਤੇਦਾਰ ਹੈ ਹੀ ਨਹੀਂ। ਜੀਹਦੇ ਕਾਰਨ ਇਹ ਏਨੇ ਬੇ-ਸ਼ਰਮ, ਬੇ-ਹਿਆ ਹੋ ਚੁੱਕੇ ਹਨ ਜਾਂ ਫਿਰ ਇਨ੍ਹਾਂ ਦੇ ਸਕੇ- ਸ਼ਰੀਕ ਵੀ ਇਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਰਖਦੇ ਅਤੇ ਇਹ ਬਾਗ਼ੀ ਸਭਿਆਚਾਰਕ ਅਤਿਵਾਦੀ ਅਪਣੇ ਗੀਤਾਂ ਵਿਚ ਜ਼ੁਬਾਨੀ ਵਾਰ ਕਰਨ ਤੋਂ ਅੱਗੇ ਲੰਘਦਿਆਂ ਕਿਸੇ ਕਾਨੂੰਨ ਦੀ ਪ੍ਰਵਾਹ ਨਾ ਕਰਦਿਆਂ ਅਪਣੇ ਗੀਤਾਂ ਦੇ ਵੀਡੀਉ ਵਿਚ ਸ਼ਰੇਆਮ ਰਾਈਫਲਾਂ ਡਾਂਗਾਂ, ਗੰਡਾਸਿਆਂ, ਕਿਰਚਾਂ ਕਿਰਪਾਨਾਂ ਚਲਾਉਂਦੇ ਸਾਡੇ ਅਮੀਰ ਸਭਿਆਚਾਰ ਨੂੰ ਜ਼ਖ਼ਮੀ ਕਰਦੇ ਹੋਏ ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ, ਯੋਧਿਆਂ, ਸ਼ਹੀਦਾਂ ਦਾ ਨਿਰਾਦਰ ਕਰਦੇ ਹੋਏ ਹੱਦੋਂ ਅੱਗੇ ਲੰਘਦੇ ਜਾ ਰਹੇ ਹਨ। ਸਾਡੇ ਦੇਸ਼ ਦਾ ਸੰਵਿਧਾਨ ਜਿਥੇ ਵਿਸ਼ਾਲ ਹੈ, ਉਥੇ ਹੀ ਇਹਦੇ ਸਾਡੇ ਸਭਿਆਚਾਰ ਦਾ ਮਾਣ ਮਹੱਤਵ ਬਣਾਈ ਰੱਖਣ ਲਈ ਵੀ ਕਾਨੂੰਨੀ ਧਾਰਾਵਾਂ ਹਨ ਜਿਸ ਕਾਰਨ ਹੀ ਪੰਜਾਬ ਸਰਕਾਰ ਵਲੋਂ ਸਭਿਆਚਾਰਕ ਮਾਮਲੇ ਵਿਭਾਗ ਬਣਾ ਕੇ ਇਸ ਨੂੰ ਇਕ ਮੰਤਰੀ ਵੀ ਦਿਤਾ ਹੈ। ਪਰ ਕੀ ਇਹ ਮੰਤਰੀ ਸਾਹਿਬ ਇਸ ਸਭਿਆਚਾਰਕ ਅਤਿਵਾਦ ਤੋਂ ਬੇਖ਼ਬਰ ਹਨ? ਮੰਨਦੇ ਹਾਂ ਕਿ ਰੁਝੇਵਿਆਂ ਕਾਰਨ ਉਹ ਇਹ ਵੀਡੀਉਜ਼ ਵਗੈਰਾ ਨਹੀਂ ਵੇਖਦੇ ਪਰ ਕੀ ਕਦੇ ਵੀ ਕਿਸੇ ਨਿਜੀ ਜਾਂ ਸਰਕਾਰੀ ਸਟੇਜਾਂ ਤੋਂ ਉਤਰ ਉਨ੍ਹਾਂ ਨੇ ਕਦੇ ਸਾਡੇ ਸਭਿਆਚਾਰ ਨੂੰ ਛਲਣੀ ਕਰ ਰਹੇ ਅਤਿਵਾਦੀ ਕਲਾਕਾਰ ਨਹੀਂ ਵੇਖੇ? ਫਿਰ ਸਭਿਆਚਾਰਕ ਮੰਤਰੀ ਬਣਾਉਣ ਦਾ ਕੀ ਮਤਲਬ ਬਣਦਾ ਹੈ। ਸਿਰਫਿਰੇ ਅਖੌਤੀ ਕਲਾਕਾਰਾਂ ਨੂੰ ਅਪਣੇ ਨਿੱਜ ਲਈ ਥਲਾਂ ਵਿਚ ਮਚਦੀ ਸੱਮੀ ਦੀ ਹੂਕ ਤਾਂ ਸੁਣਦੀ ਹੈ ਪਰ ਸਮੁੱਚੀ ਕੌਮ ਲਈ ਤੱਤੀ ਤਵੀ ਤੇ ਬੈਠੇ ਅਪਣੇ ਸੀਸ ਤੇ ਤੱਤੀ ਰੇਤ ਪਵਾਉਣ ਵਾਲੇ ਸ਼ਹੀਦਾਂ ਦੇ ਸਿਰਤਾਜ 5ਵੇਂ ਪਾਤਸ਼ਾਹ ਦੀ ਕੁਰਬਾਨੀ ਯਾਦ ਕਰਦਿਆਂ ਜ਼ੁਬਾਨ ਥਥਲਾਉਂਦੀ ਹੈ। ਅਪਣੇ ਲਈ ਕੋਈ ਹੀਰ ਦੇ ਘਰ ਬਾਰਾਂ ਸਾਲ ਮੱਝਾਂ ਚਾਰਦਾ ਮਰ ਗਿਆ, ਕੋਈ ਸਕੇ ਮਾਮੇ ਦੀ ਕੁੜੀ ਨੂੰ ਰਾਤ ਨੂੰ ਕਾਇਰਾਂ ਵਾਂਗ ਕੱਢ ਕੇ ਲਿਆਇਆ ਤੇ ਅਗਲਿਆਂ ਨੇ ਜੰਡ ਹੇਠ ਵਢਤਾ, ਕੋਈ ਪੱਟ ਚੀਰ ਕੇ। ਮਰ ਗਿਆ ਤੇ ਕੋਈ ਮਰ ਗਈ ਝਨਾਅ ਵਿਚ ਡੁੱਬ ਕੇ ਇਹ ਸਾਰੇ ਅਪਣੇ ਨਿੱਜ ਸਵਾਰਥ ਲਈ ਮਰੇ ਜਿਨ੍ਹਾਂ ਦਾ ਆਮ ਲੋਕਾਂ ਦੀ ਜ਼ਿੰਦਗੀ ਨਾਲ ਜਾਂ ਦੇਸ਼ ਨਾਲ ਕੋਈ ਤਾਅੱਲੁਕ ਨਹੀਂ ਹੈ। ਇਨ੍ਹਾਂ ਦੀਆਂ ਉਦਾਹਰਣਾ ਦਿੰਦੇ ਹੋਏ ਕੋਈ ਕਹਿੰਦਾ ਮੈਂ ਮਿਰਜ਼ਾ ਜੱਟ ਬਣ ਜਾਊਂ, ਕੋਈ ਕਹਿੰਦਾ ਮੈਂ ਰਾਂਝਾ ਬਣ ਜਾਊਂ, ਕੋਈ ਮਹੀਵਾਲ ਜਾਂ ਮਜਨੂੰ, ਫਰਿਹਾਦ ਬਣ ਕੇ ਤੈਨੂੰ ਲਿਜਾਵਾਂਗਾ। ਫਿਰ ਕਈ ਇਨ੍ਹਾਂ ਦੀ ਚੁੱਕ ਵਿਚ ਆ ਕੇ ਅਪਣਾ ਮੱਕੂ ਠਪਵਾ ਬਹਿੰਦੇ ਹਨ। ਪਰ ਇਹ ਕੋਈ ਨਹੀਂ ਕਹਿੰਦਾ ਮੈਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸੁਖਦੇਵ, ਰਾਜਗੁਰੂ ਜਾਂ ਹੋਰ ਸ਼ਹੀਦਾਂ ਦੇ ਪਾਏ ਪੂਰਨਿਆਂ ਦੇ ਚਲ ਕੇ ਉਨ੍ਹਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ ਫਾਸੀ ਦੇ ਰੱਸੇ ਚੁੰਮ ਲਊਂਗਾ।ਸਿੱਖ ਸਭਿਆਚਾਰ ਦੇ ਪਹਿਲੇ ਗੁਰੂ ਸਾਹਿਬਾਂ ਤੋਂ ਲੈ ਕੇ ਦਸਮ ਪਿਤਾ ਤਕ ਦੀ ਅਣਮੁੱਲੀ ਦੇਣ ਨਾਲ ਸਿਰਜੇ ਗੌਰਵਮਈ ਪੰਜਾਬੀ ਸਭਿਆਚਾਰ ਤੇ ਅਸ਼ਲੀਲ ਲੱਚਰਤਾ ਦਾ ਘੱਟਾ ਪਾਉਣ ਵਾਲੇ ਇਨ੍ਹਾਂ ਦੋਗਲੀ ਨੀਤੀ ਵਾਲੇ ਕਲਾਕਾਰਾਂ ਨੂੰ ਸਬਕ ਸਿਖਾਉਣ ਲਈ ਇਸਤਰੀ ਜਾਗ੍ਰਿਤੀ ਮੰਚ, ਮਹਿਲਾ ਮੰਡਲ, ਧਾਰਮਕ ਜਥੇਬੰਦੀਆਂ, ਸਮਾਜ ਸੇਵਕ ਸੰਸਥਾਵਾਂ, ਸਾਹਿਤਕਾਰਾਂ ਤੋਂ ਅੱਗੇ ਹਰ ਚੇਤਨ ਨਾਗਰਿਕ ਨੂੰ ਸਭਿਆਚਾਰਕ ਅਤਿਵਾਦ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ ਨਹੀਂ ਤਾਂ ਬੁਰੇ ਕਲਾਕਾਰ ਪੰਜਾਬੀ ਸਭਿਆਚਾਰ ਵਿਚ ਘੜਮੱਸ ਮਚਾ ਕੇ ਸਾਡੇ ਸੁਨਹਿਰੀ ਵਿਰਸੇ ਤੇ ਅਸ਼ਲੀਲਤਾ, ਲੱਚਰਤਾ ਦੀ ਗਰਦ ਪਾ ਕੇ ਇਸ ਨੂੰ ਧੁੰਦਲਾ ਰੱਚ ਕੇ, ਮਨਸੂਬੇ ਰੱਚ ਕੇ ਕੁੱਝ ਵੀ ਕਰ ਸਕਦੇ ਹਨ। ਸਭਿਆਚਾਰਕ ਅਤਿਵਾਦ ਨੂੰ ਸ਼ਹਿ ਤੇ ਸਹਿਯੋਗ ਦੇਣ ਵਿਚ ਦੂਰਦਰਸ਼ਨ ਵੀ ਜ਼ਿੰਮੇਵਾਰ ਹੈ, ਪੰਜਾਬੀ ਚੈਨਲਾਂ ਉਪਰ ਵਿਖਾਏ ਜਾਂਦੇ ਸਭਿਆਚਾਰਕ ਪ੍ਰੋਗਰਾਮ ਵਿਚ ਤਾਂ ਹਰ ਰੋਜ਼ ਹੀ ਏਨੀ ਮਾੜੀ ਸ਼ਬਦਾਵਲੀ ਤੇ ਫ਼ਿਲਮਾਕਣ ਵਿਖਾਇਆ ਜਾ ਰਿਹਾ ਹੈ ਜਿਸ ਬਾਰੇ ਲਿਖਣਾ ਵੀ ਮੁਸ਼ਕਲ ਹੈ।ਸਦਕੇ ਜਾਈਏ ਰਾਗੀ ਢਾਡੀ ਕਵੀਸ਼ਰ ਕਥਾ ਵਾਚਕਾਂ ਦੇ ਜਿਹੜੇ ਸਾਡੇ ਪੰਜਾਬੀ ਵਿਰਸੇ ਦੇ ਅਮੀਰ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਨਾਮਾਤਰ ਭੇਟਾ ਦੇ ਜ਼ਰੀਏ ਵੀ ਇਸ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਨਾਮਾਤਰ ਇਸ ਸਭਿਆਚਾਰ ਵਿਚ ਅਤਿਵਾਦ ਫੈਲਾਉਣ ਵਾਲਿਆਂ ਨੂੰ ਸਹੀ ਰਾਹ ਅਤੇ ਸਭਿਅਤਾ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਅਪਣਾ ਯੋਗਦਾਨ ਪਾ ਰਹੇ ਹਨ। ਸਭਿਆਚਾਰ ਵਿਚ ਅਤਿਵਾਦ ਫੈਲਾ ਕੇ ਨਾਂ ਚਮਕਾਉਣ ਦੇ ਭੁਲੇਖੇ ਵਿਚ ਘਰਬਾਰ, ਜ਼ਮੀਨਾਂ ਜਾਇਦਾਦਾਂ ਵੇਚ ਕੇ ਕੁਰਾਹੇ ਪਏ ਗੀਤਕਾਰ ਗਾਇਕੋ, ਅਜੇ ਵੀ ਸਮਾਂ ਹੈ ਸੰਭਲਣ ਦਾ, ਅਪਣੇ ਸਭਿਆਚਾਰ ਨੂੰ ਸਹੀ ਰੂਪ ਵਿਚ ਪੇਸ਼ ਕਰ ਕੇ ਸਹੀ ਤਰੀਕੇ ਨਾਲ ਨਾਂ ਚਮਕਾਉਣ ਦਾ। ਨਹੀਂ ਤਾਂ ਜ਼ੁਲਮ ਕਰਨ ਵਾਲਿਆਂ ਦਾ ਅਤੇ ਜ਼ੁਲਮ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਵਾਲਿਆਂ ਦਾ ਨਾਂ ਦੁਨੀਆਂ ਲੈਂਦੀ ਹੈ ਪਰ ਨੇਕੀ ਤੇ ਕਲੰਕੀ ਵਿਚ ਫ਼ਕਰ ਹੁੰਦਾ ਹੈ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement