ਸੱਚ ਬੋਲਣਾ ਇਸ ਦੇਸ਼ ਵਿਚ ਮਨ੍ਹਾਂ ਹੈ, ਖ਼ਾਸ ਤੌਰ ਤੇ ਖੋਜੀਆਂ, ਵਿਦਵਾਨਾਂ ਤੇ ਕਲਾਕਾਰਾਂ ਲਈ!
Published : Dec 12, 2017, 10:25 am IST
Updated : Dec 12, 2017, 4:55 am IST
SHARE ARTICLE

ਇਹ ਨਹੀਂ ਕਿ ਕੱਟੜਪੁਣਾ ਕਿਸੇ ਇਕ ਧਰਮ ਦੇ ਲੋਕਾਂ ਤਕ ਹੀ ਸੀਮਤ ਹੈ। ਨਹੀਂ, ਸਿੱਖ ਧਰਮ, ਸੱਭ ਤੋਂ ਨਵਾਂ ਧਰਮ ਹੋਣ ਦੇ ਬਾਵਜੂਦ, ਇਥੇ ਵੀ ਇਤਿਹਾਸ ਨੂੰ ਉਸ ਨਜ਼ਰ ਨਾਲ ਹੀ ਵੇਖਣ ਦੀ ਆਗਿਆ ਦਿਤੀ ਜਾਂਦੀ ਹੈ ਜਿਸ ਨਜ਼ਰ ਨਾਲ ਵੇਖਣ ਦੇ ਪੁਜਾਰੀ-ਲੋਕ ਆਦੀ ਹੋ ਚੁੱਕੇ ਹਨ¸ਅਰਥਾਤ ਬ੍ਰਾਹਮਣਵਾਦ ਦੀ ਐਨਕ ਲਾ ਕੇ। ਜਿਹੜਾ ਕੋਈ ਅਵੱਗਿਆ ਕਰਦਾ ਹੈ, ਉਸ ਵਿਰੁਧ ਬਰਛੀਆਂ ਤਾਣ ਲੈਂਦੇ ਹਨ 'ਸਿੱਖ ਪੁਜਾਰੀਵਾਦ' ਅਤੇ ਬ੍ਰਾਹਮਣਵਾਦ ਦੇ ਯਾਰ ਬੇਲੀ। ਇਸੇ ਲਈ ਇਕ ਸਿੱਖ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ ਨੂੰ ਮਾਮਲਾ ਅਦਾਲਤ ਵਿਚ ਲਿਜਾਣ ਲਈ ਮਜਬੂਰ ਹੋਣਾ ਪਿਆ ਹੈ।

ਇਤਿਹਾਸ ਕੀ ਹੁੰਦਾ ਹੈ? ਬੀਤ ਚੁੱਕੇ ਸਮੇਂ ਦੀਆਂ ਘਟਨਾਵਾਂ ਦਾ ਉਹ 'ਹਿਸਾਬ-ਨਾਮਾ' ਜੋ ਮਨੁੱਖ ਨੇ ਵੇਖਿਆ ਤੇ ਕਾਗ਼ਜ਼ਾਂ ਉਤੇ ਲਿਖ ਕੇ ਸਾਡੇ ਕੋਲ ਪਹੁੰਚਾ ਦਿਤਾ। ਪਰ ਹਲਵਾਈ ਦੀਆਂ ਚਮਚਮਾਉਂਦੀਆਂ ਵਰਕ ਲੱਗੀਆਂ ਮਠਿਆਈਆਂ ਦਾ ਅਸਲ ਸੱਚ ਉਹ ਨਹੀਂ ਹੁੰਦਾ ਜੋ ਤੁਸੀ ਉਸ ਦੀ ਦੁਕਾਨ ਦੇ ਸ਼ੋਅ-ਕੇਸਾਂ ਵਿਚ ਸਜਾਈਆਂ ਗਈਆਂ ਮਠਿਆਈਆਂ ਦਾ ਵੇਖਦੇ ਹੋ ਸਗੋਂ ਉਹ ਹੁੰਦਾ ਹੈ ਜੋ ਤੁਸੀ ਉਸ ਦੀ ਭੱਠੀ ਜਾਂ 'ਕਾਰਖ਼ਾਨੇ' ਅੰਦਰ ਮਠਿਆਈਆਂ ਬਣਾ ਰਹੇ ਮਜ਼ਦੂਰਾਂ ਦੇ ਪਸੀਨੇ ਦੀ ਬੋ-ਮਾਰਦੇ ਹਨੇਰੇ ਕਮਰੇ ਦੀ ਹਾਲਤ ਵੇਖ ਕੇ ਜਾਣ ਸਕਦੇ ਹੋ। ਕਈ ਲੋਕ, ਉਸ ਗੰਦੇ, ਹਨੇਰੇ ਕਮਰੇ ਵਿਚ ਇਕ ਵਾਰ ਮਠਿਆਈਆਂ ਬਣਦੀਆਂ ਵੇਖ ਕੇ, ਮੁੜ ਤੋਂ ਬਾਜ਼ਾਰ ਦੀ ਬਣੀ ਮਠਿਆਈ ਖਾਣ ਤੋਂ ਹੀ ਤੋਬਾ ਕਰ ਬੈਠਦੇ ਹਨ ਤੇ ਉਨ੍ਹਾਂ ਨੂੰ ਸ਼ੋਅ-ਕੇਸਾਂ ਅੰਦਰ ਚਮਚਮਾ ਰਹੀਆਂ ਮਠਿਆਈਆਂ ਅਪਣੇ ਵਲ ਖਿਚਣੋਂ ਹੱਟ ਜਾਂਦੀਆਂ ਹਨ। ਇਸੇ ਲਈ ਹਲਵਾਈ ਤੁਹਾਨੂੰ ਉਸ ਕਮਰੇ ਦੇ ਨੇੜੇ ਵੀ ਨਹੀਂ ਜਾਣ ਦੇਂਦੇ। ਠੀਕ ਇਹੀ ਹਾਲ ਇਤਿਹਾਸ ਦਾ ਹੈ। ਇਸ ਦੀਆਂ ਬਹੁਤੀਆਂ ਘਟਨਾਵਾਂ ਵੀ, ਗੰਦੇ ਮਾਹੌਲ ਵਿਚ ਤਿਆਰ ਕੀਤੀਆਂ ਮਠਿਆਈਆਂ ਵਾਂਗ ਹੀ, ਇਤਿਹਾਸਕਾਰਾਂ ਨੇ, ਰਾਜਿਆਂ ਮਹਾਰਾਜਿਆਂ ਜਾਂ ਧਾਰਮਕ ਆਗੂਆਂ ਦੇ ਅਸਰ ਹੇਠ, ਕਿਤਾਬਾਂ ਵਿਚ ਸਜਾ ਕੇ ਰੱਖ ਦਿਤੀਆਂ ਹੁੰਦੀਆਂ ਹਨ ਜੋ ਸਾਨੂੰ ਬਹੁਤ ਪ੍ਰਭਾਵਤ ਕਰਦੀਆਂ ਹਨ ਪਰ ਜਦ ਕੋਈ ਸਿਰ-ਸੜਿਆ ਖੋਜੀ, ਇਤਿਹਾਸਕਾਰ ਇਨ੍ਹਾਂ ਚਮਚਮਾਂਦੀਆਂ ਘਟਨਾਵਾਂ ਦਾ, 'ਬੰਦ ਤੇ ਹਨੇਰੇ ਕਮਰੇ' ਵਾਲਾ ਸੱਚ ਖੋਜ ਕੇ ਸਾਡੇ ਸਾਹਮਣੇ ਰਖਦਾ ਹੈ ਤਾਂ ਸਾਨੂੰ ਉਲਟੀਆਂ ਆਉਣ ਲਗਦੀਆਂ ਹਨ।

'ਪਦਮਾਵਤੀ' ਫ਼ਿਲਮ ਦੇ ਨਿਰਮਾਤਾਵਾਂ ਨੇ ਵੀ ਇਹੀ ਗ਼ਲਤੀ ਕੀਤੀ। ਉਸ ਵੇਲੇ ਦੇ ਸਾਡੇ ਵੱਡੀਆਂ ਮੁੱਛਾਂ ਵਾਲੇ ਰਾਜੇ, ਬਾਹਰੋਂ ਧਾੜਵੀ ਬਣ ਕੇ ਆਏ ਮੁਗ਼ਲਾਂ ਨੂੰ ਹੱਸ ਕੇ ਅਪਣੀਆਂ ਧੀਆਂ ਦੇ ਡੋਲੇ ਪੇਸ਼ ਕਰ ਕੇ ਖ਼ੁਸ਼ ਹੁੰਦੇ ਸਨ ਕਿਉਂਕਿ ਇਕ ਧੀ ਦੇ ਕੇ ਉਹ ਅਪਣੀ 'ਰਾਜਗੱਦੀ' ਨੂੰ ਸੁਰੱਖਿਅਤ ਤਾਂ ਕਰ ਲੈਂਦੇ ਸਨ। ਰਾਜੇ ਵਲੋਂ ਲਿਖਵਾਏ ਗਏ 'ਇਤਿਹਾਸ' ਨੂੰ ਜਿਵੇਂ ਦਰਬਾਰੀ ਲੋਕਾਂ ਨੇ ਲਿਖਿਆ, ਉਸ ਨੂੰ ਹੀ ਅਗਲੇ ਇਤਿਹਾਸਕਾਰ ਦੁਹਰਾਉਂਦੇ ਰਹੇ। ਪਰ 'ਪਦਮਾਵਤੀ' ਦੀ ਕਹਾਣੀ ਫ਼ਿਲਮਾਉਣ ਵਾਲਿਆਂ ਨੇ ਜਦ ਇਕ ਰਾਜੇ ਤੇ ਉਸ ਦੀ ਰਾਣੀ ਨੂੰ ਨਹੀਂ ਸਗੋਂ ਇਕ ਬੰਦੇ ਤੇ ਔਰਤ ਨੂੰ ਲੈ ਕੇ, ਉਨ੍ਹਾਂ ਦੇ ਰਿਸ਼ਤੇ ਨੂੰ ਫ਼ਿਲਮ ਦੇ ਪਰਦੇ ਉਤੇ ਯਥਾਰਥਵਾਦੀ ਢੰਗ ਨਾਲ ਪੇਸ਼ ਕੀਤਾ ਤਾਂ ਸ਼ੋਰ ਮੱਚ ਗਿਆ ਕਿ ਫ਼ਿਲਮਕਾਰ ਨੇ ਮੁਸਲਮਾਨ ਬਾਦਸ਼ਾਹ ਨੂੰ ਪਿਆਰ ਕਰਨ ਵਾਲੀ ਹਿੰਦੂ ਰਾਣੀ ਨੂੰ ਪੇਸ਼ ਕਰ ਕੇ ਸਾਡੀ ਮੁੱਛ ਨੀਵੀਂ ਕਰ ਦਿਤੀ ਹੈ, ਸੋ ਫ਼ਿਲਮ ਨਹੀਂ ਵਿਖਾਉਣ ਦਿਤੀ ਜਾਵੇਗੀ ਤੇ ਜਿਨ੍ਹਾਂ ਕਲਾਕਾਰਾਂ ਨੇ ਇਸ ਵਿਚ ਕੰਮ ਕੀਤਾ ਹੈ, ਉਨ੍ਹਾਂ ਨੂੰ ਮਾਰ ਦਿਤਾ ਜਾਵੇਗਾ, ਕਤਲ ਕਰ ਦਿਤਾ ਜਾਵੇਗਾ ਆਦਿ ਆਦਿ। ਬੰਬਈ ਹਾਈ ਕੋਰਟ ਨੇ ਇਨ੍ਹਾਂ 'ਧਮਕੀਆਂ' ਵਲ ਵੇਖ ਕੇ ਠੀਕ ਹੀ ਰੁਦਨ ਕੀਤਾ ਹੈ ਕਿ ''ਹਿੰਦੁਸਤਾਨ ਵਿਚ ਇਕ ਅਫ਼ਸੋਸਜਨਕ ਰੁਝਾਨ ਚਲ ਪਿਆ ਹੈ ਜਿਸ ਵਿਚ ਲੋਕਾਂ ਨੂੰ ਅਪਣੀ ਰਾਏ ਦਾ ਪ੍ਰਗਟਾਵਾ ਕਰਨ ਦਾ ਹੱਕ ਵੀ ਨਹੀਂ ਦਿਤਾ ਜਾਂਦਾ।''

ਜਸਟਿਸ ਧਰਮਾਧਿਕਾਰੀ ਅਤੇ ਭਾਰਤੀ ਡਾਂਗਰੇ ਨੇ ਲਗਾਤਾਰ ਦਿਤੀਆਂ ਜਾ ਰਹੀਆਂ ਧਮਕੀਆਂ ਉਤੇ ਡਾਢੀ ਪ੍ਰੇਸ਼ਾਨੀ ਪ੍ਰਗਟਾਉਂਦੇ ਹੋਏ ਕਿਹਾ, ''ਵੇਖੋ ਹਾਲਤ ਇਹ ਬਣ ਗਈ ਹੈ ਕਿ ਇਕ ਮੁੱਖ ਮੰਤਰੀ ਐਲਾਨ ਕਰਦਾ ਹੈ ਕਿ ਫ਼ਿਲਮ ਨਹੀਂ ਵਿਖਾਣ ਦਿਤੀ ਜਾਵੇਗੀ। ਕਲ ਲੋਕਾਂ ਨੂੰ ਸਭਾਵਾਂ ਨਹੀਂ ਕਰਨ ਦਿਤੀਆਂ ਜਾਣਗੀਆਂ ਤੇ ਅਪਣੇ ਵਿਚਾਰ ਰੱਖਣ ਤੋਂ ਰੋਕ ਦਿਤਾ ਜਾਵੇਗਾ।'' ਜੱਜਾਂ ਨੇ ਪੁਛਿਆ ਹੈ ਕਿ ''ਹੋਰ ਕਿਹੜੇ ਦੇਸ਼ ਵਿਚ ਇਸ ਦੇਸ਼ ਵਾਂਗ, ਕਲਾਕਾਰਾਂ ਤੇ ਐਕਟਰਾਂ ਨੂੰ ਇਸ ਤਰ੍ਹਾਂ ਕਤਲ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ?''
ਜੱਜਾਂ ਨੇ ਖੁਲ੍ਹ ਕੇ ਲਿਖਿਆ, ''ਅਸੀ ਕਿਥੇ ਪਹੁੰਚ ਗਏ ਹਾਂ?... ਅੱਜ ਕੋਈ ਐਲਾਨ ਕਰ ਦੇਂਦਾ ਹੈ ਕਿ ਜਿਹੜਾ ਕੋਈ ਐਕਟਰੈਸ ਦਾ ਸਿਰ ਕੱਟ ਕੇ ਲਿਆ ਦੇਵੇਗਾ, ਮੈਂ ਉਸ ਨੂੰ ਇਨਾਮ ਦੇਵਾਂਗਾ।... ਅਜਿਹਾ ਕਹਿਣ ਵਾਲੇ, ਅਜਿਹੇ ਕਥਨਾਂ ਉਤੇ ਫ਼ਖ਼ਰ ਮਹਿਸੂਸ ਕਰਦੇ ਹਨ। ... ਇਸ ਤੋਂ ਰਾਜ ਦੇ ਚੰਗੇ ਭਵਿੱਖ ਦੀ ਗਵਾਹੀ ਨਹੀਂ ਮਿਲਦੀ...।''

ਬਿਲਕੁਲ ਠੀਕ। ਜੋ ਕੁੱਝ ਜੱਜਾਂ ਨੇ ਕਿਹਾ ਹੈ, ਉਸ ਵਿਚ ਰੱਤੀ ਜਿੰਨੀ ਵੀ ਕੋਈ ਕਮੀ ਨਹੀਂ ਦੱਸੀ ਜਾ ਸਕਦੀ। ਧਰਮ ਦੇ ਨਾਂ ਤੇ ਕੱਟੜਪੁਣੇ ਦਾ ਪ੍ਰਚਾਰ ਕਰਨ ਵਾਲੇ, ਸਾਰੇ ਭਾਰਤ ਵਿਚ ਹੀ ਅਜਿਹਾ ਕਰ ਰਹੇ ਹਨ। ਜਿਹੜਾ ਕੋਈ ਵਖਰੇ ਵਿਚਾਰ ਰਖਦਾ ਹੈ, ਉਸ ਨੂੰ ਮਾਰ ਦਿਉ, ਛੇਕ ਦਿਉ, ਤਬਾਹ ਕਰ ਦਿਉ ਤੇ ਸੱਚ ਬੋਲਣ ਦੀ ਜ਼ਬਰਦਸਤ ਸਜ਼ਾ ਦੇ ਕੇ ਰਹੋ!! ਇਹ ਨਹੀਂ ਕਿ ਕੱਟੜਪੁਣਾ ਕਿਸੇ ਇਕ ਧਰਮ ਦੇ ਲੋਕਾਂ ਤਕ ਹੀ ਸੀਮਤ ਹੈ। ਨਹੀਂ, ਸਿੱਖ ਧਰਮ, ਸੱਭ ਤੋਂ ਨਵਾਂ ਧਰਮ ਹੋਣ ਦੇ ਬਾਵਜੂਦ, ਇਥੇ ਵੀ ਇਤਿਹਾਸ ਨੂੰ ਉਸ ਨਜ਼ਰ ਨਾਲ ਹੀ ਵੇਖਣ ਦੀ ਆਗਿਆ ਦਿਤੀ ਜਾਂਦੀ ਹੈ ਜਿਸ ਨਜ਼ਰ ਨਾਲ ਵੇਖਣ ਦੇ ਪੁਜਾਰੀ-ਲੋਕ ਆਦੀ ਹੋ ਚੁੱਕੇ ਹਨ¸ਅਰਥਾਤ ਬ੍ਰਾਹਮਣਵਾਦ ਦੀ ਐਨਕ ਲਾ ਕੇ। ਜਿਹੜਾ ਕੋਈ ਅਵੱਗਿਆ ਕਰਦਾ ਹੈ, ਉਸ ਵਿਰੁਧ ਬਰਛੀਆਂ ਤਾਣ ਲੈਂਦੇ ਹਨ 'ਸਿੱਖ ਪੁਜਾਰੀਵਾਦ' ਅਤੇ ਬ੍ਰਾਹਮਣਵਾਦ ਦੇ ਯਾਰ ਬੇਲੀ। ਇਸੇ ਲਈ ਇਕ ਸਿੱਖ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ ਨੂੰ ਮਾਮਲਾ ਅਦਾਲਤ ਵਿਚ ਲਿਜਾਣ ਲਈ ਮਜਬੂਰ ਹੋਣਾ ਪਿਆ ਹੈ।


ਇਨ੍ਹਾਂ 'ਬੋਲਣ ਨਹੀਂ ਦਿਆਂਗੇ' ਬ੍ਰੀਗੇਡ ਵਾਲਿਆਂ ਨੂੰ ਏਨੀ ਕੁ ਸਮਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਟੀ.ਵੀ. ਤੇ ਪ੍ਰੈੱਸ ਦੀਆਂ ਖੁਲ੍ਹੀਆਂ ਅੱਖਾਂ ਦੇ ਸਾਹਮਣੇ ਵੀ ਅੱਜ ਬੜਾ ਕੁੱਝ, ਇਤਿਹਾਸ ਦੀਆਂ ਕਿਤਾਬਾਂ ਵਿਚ ਲਿਖਿਆ ਜਾ ਰਿਹਾ ਹੈ ਜੋ 100% ਨਹੀਂ ਤਾਂ 90% ਤਕ ਜ਼ਰੂਰ ਹੀ ਝੂਠ ਹੁੰਦਾ ਹੈ ਪਰ ਕੋਈ ਕੁੱਝ ਨਹੀਂ ਕਰ ਸਕਦਾ। ਜ਼ਰਾ ਧਿਆਨ ਦਿਉ ਕਿ ਜਦ ਪ੍ਰੈੱਸ ਅਤੇ ਟੀ.ਵੀ. ਆਦਿ ਨਹੀਂ ਸਨ ਹੁੰਦੇ, ਉਦੋਂ ਕਿੰਨਾ ਝੂਠ, ਕਾਗ਼ਜ਼ ਦੀ ਛਾਤੀ ਉਤੇ ਲਿਖ ਕੇ ਸਾਡੇ ਉਤੇ ਮੜ੍ਹ ਦਿਤਾ ਗਿਆ ਹੋਵੇਗਾ। ਸਾਡਾ ਹੱਕ ਵੀ ਹੈ ਤੇ ਫ਼ਰਜ਼ ਵੀ ਹੈ ਕਿ ਜੇ ਅਸੀ ਖੋਜ ਕਰਨ ਦੀ ਸਮਰੱਥਾ ਰਖਦੇ ਹਾਂ ਤਾਂ ਬੀਤੇ ਦੇ ਹਰ ਝੂਠ ਨੂੰ ਰੱਦ ਕਰ ਕੇ ਸੱਚ ਨੂੰ ਪੇਸ਼ ਕਰੀਏ।

ਈਸਾਈ ਹੀ ਹੁਣ ਤਕ ਇਸ ਵਿਚ ਕਾਮਯਾਬ ਹੋਏ ਹਨ ਜਿਨ੍ਹਾਂ ਨੇ ਹਜ਼ਰਤ ਈਸਾ ਨੂੰ 'ਕੁਆਰੀ ਮਰੀਅਮ' ਦਾ ਪੁੱਤਰ ਦੱਸਣ ਵਾਲੀ ਗੱਲ ਨੂੰ ਸੱਚ ਨਾ ਮੰਨ ਕੇ, ਖੋਜ ਜਾਰੀ ਰੱਖੀ ਤੇ ਇਸ ਸੱਚ ਤੇ ਪਹੁੰਚ ਕੇ ਹੀ ਰੁਕੇ ਕਿ ਹਜ਼ਰਤ ਈਸਾ ਦਾ ਪਿਤਾ ਤੇ ਮਰੀਅਮ ਦਾ ਪਤੀ ਇਕੋ ਮਨੁੱਖ ਸੀ ਤੇ ਦੋਹਾਂ ਦੇ ਸਾਂਝੇ ਖ਼ੂਨ 'ਚੋਂ ਈਸਾ ਦਾ ਜਨਮ ਹੋਇਆ ਸੀ ਅਰਥਾਤ ਕਿਸੇ ਕੁਆਰੀ ਨੇ ਬੱਚਾ ਨਹੀਂ ਸੀ ਜਨਮਿਆ। ਭਾਰਤ ਵਿਚ ਧਾਰਮਕ ਹਸਤੀਆਂ ਨਾਲ ਜੁੜੇ ਗ਼ਲਤ ਤੱਥਾਂ ਨੂੰ ਵੰਗਾਰਨ ਦੀ ਤਾਂ ਛੱਡੋ, ਸਾਧਾਰਣ ਰਾਜੇ-ਰਾਣੀਆਂ ਨਾਲ ਜੁੜੇ ਝੂਠ ਨੂੰ ਵੀ ਉਜਾਗਰ ਕਰਨ ਵਾਲੇ ਵਿਰੁਧ ਛਵ੍ਹੀਆਂ ਗੰਡਾਸੇ ਚੁਕ ਲਏ ਜਾਂਦੇ ਹਨ ਤੇ 'ਸਾਡੇ ਜਜ਼ਬਾਤ ਜ਼ਖ਼ਮੀ ਕਰ ਦਿਤੇ' ਦਾ ਸ਼ੋਰ ਮਚਾ ਦਿਤਾ ਜਾਂਦਾ ਹੈ। ਸਾਰੇ ਧਰਮ, ਪੂਰਨ ਸੱਚ ਤਕ ਪੁੱਜਣ ਦਾ ਪ੍ਰਚਾਰ ਤਾਂ ਕਰਦੇ ਹਨ ਪਰ ਪਤਾ ਨਹੀਂ ਪੂਰਾ ਸੱਚ ਕਦੋਂ ਤਕ ਸਾਡੇ ਜਜ਼ਬਾਤ ਨੂੰ ਜ਼ਖ਼ਮੀ ਕਰਦਾ ਰਹੇਗਾ! ਜਿਵੇਂ ਕਿ ਹਾਈ ਕੋਰਟ ਨੇ ਵੀ ਕਿਹਾ ਹੈ, ਸਥਿਤੀ ਬੜੀ ਚਿੰਤਾਜਨਕ ਹੈ ਅਤੇ ਇਸ ਵਿਰੁਧ ਹਾਈ ਕੋਰਟ ਵਾਂਗ ਹੀ, ਸਾਰੇ ਅਕਲਮੰਦ ਲੋਕਾਂ ਨੂੰ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ।

SHARE ARTICLE
Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement