ਸਾਕਾ ਚਮਕੌਰ ਸਾਹਿਬ ਦੁਨੀਆਂ ਦੇ ਜੰਗੀ ਇਤਿਹਾਸ ਦੀ ਇਕ ਬੇਮਿਸਾਲ ਘਟਨਾ
Published : Dec 19, 2017, 10:56 pm IST
Updated : Dec 19, 2017, 5:26 pm IST
SHARE ARTICLE

ਉਂਜ ਤਾਂ ਸਾਰਾ ਸਿੱਖ ਇਤਿਹਾਸ ਹੀ ਲਹੂ ਨਾਲ ਲਥਪਥ ਹੈ ਪਰ ਪਿਛਲੇ ਲਗਭਗ 300 ਸਾਲਾਂ ਦੌਰਾਨ ਜਿਹੜੇ ਕਹਿਰ ਸਿੱਖਾਂ ਉਤੇ ਇਕ ਕੌਮ ਦੇ ਰੂਪ ਵਿਚ ਢਾਹੇ ਗਏ ਹਨ, ਉਨ੍ਹਾਂ ਵਿਚ ਸਾਕਾ ਸਰਹਿੰਦ, ਸਾਕਾ ਚਮਕੌਰ ਸਾਹਿਬ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਤੇ ਸਾਕਾ ਨੀਲਾ ਤਾਰਾ ਮੁੱਖ ਤੌਰ ਤੇ ਸ਼ਾਮਲ ਹਨ।ਸਾਕਾ ਚਮਕੌਰ ਸਾਹਿਬ ਦੀ ਲੜੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 21 ਦਸੰਬਰ, 1704 ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕੀਤਾ ਤਾਂ ਉਸ ਸਮੇਂ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ, ਗੁਰੂ ਕੇ ਮਹਿਲ ਅਤੇ ਕਾਫ਼ੀ ਗਿਣਤੀ ਵਿਚ ਸਿੰਘ ਉਨ੍ਹਾਂ ਨਾਲ ਸਨ। ਜਦੋਂ ਇਹ ਕਾਫ਼ਲਾ ਸਰਸਾ ਨਦੀ ਪਾਰ ਕਰਨ ਲਗਿਆ ਤਾਂ ਪਿੱਛਾ ਕਰ ਰਹੀਆਂ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਵਹੀਰ ਤੇ ਇਕ ਭਰਵਾਂ ਹੱਲਾ ਬੋਲ ਦਿਤਾ। ਇਹ ਇਕ ਠੰਢੀ ਅਤੇ ਮੀਂਹ ਵਾਲੀ ਰਾਤ ਸੀ। ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਘਮਸਾਨ ਦਾ ਯੁੱਧ ਹੋਇਆ। ਇਸੇ ਦੌਰਾਨ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਵਹੀਰ ਨਾਲੋਂ ਵਿਛੜ ਜਾਂਦੇ ਹਨ। ਗੁਰੂ ਸਾਹਿਬ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਬਾਕੀ ਸਿੰਘ ਚਮਕੌਰ ਸਾਹਿਬ ਵਲ (ਬਰਾਸਤਾ ਰੋਪੜ ਤੇ ਬੂਰ ਮਾਜਰਾ) ਅਪਣਾ ਸਫ਼ਰ ਜਾਰੀ ਰਖਦੇ ਹਨ।ਜਦੋਂ ਇਹ ਕਾਫ਼ਲਾ ਚਮਕੌਰ ਦੀ ਜੂਹ ਅੰਦਰ ਦਾਖ਼ਲ ਹੁੰਦਾ ਹੈ ਤਾਂ ਉਸ ਸਮੇਂ ਦੋਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤੋਂ ਇਲਾਵਾ ਗੁਰੂ ਸਾਹਿਬ ਨਾਲ ਸਿਰਫ਼ 40 ਸਿੰਘ ਸਨ।ਪਿੱਛਾ ਕਰ ਰਿਹਾ ਟਿੱਡੀ ਦਲ ਮੁਗ਼ਲ ਫੌਜ ਨੇ ਆਉਂਦੇ ਹੀ ਗੜ੍ਹੀ ਨੂੰ ਘੇਰ ਲਿਆ। ਇਸ ਤਰ੍ਹਾਂ ਚਮਕੌਰ ਦੀ ਧਰਤੀ ਤੇ ਦੁਨੀਆਂ ਦੇ ਇਤਿਹਾਸ ਦੀ ਇਕ ਬੇਜੋੜ ਅਤੇ ਅਸਾਵੀਂ ਜੰਗ ਲੜੀ ਜਾਣ ਲਈ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਗਿਆ। ਇਸ ਅਸਾਵੀਂ ਜੰਗ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ 'ਜ਼ਫ਼ਰਨਾਮਾ' ਵਿਚ ਲਿਖਦੇ ਹਨ:-
ਗੁਰਸਨਾ : ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੂ ਬੇਖ਼ਬਰ।ਭਾਵ ਭੁੱਖਣ-ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ ਜੇ ਉਨ੍ਹਾਂ ਉਤੇ ਅਚਨਚੇਤ 10 ਲੱਖ (ਅਣਗਿਣਤ) ਫ਼ੌਜ ਟੁੱਟ ਪਵੇ?
22 ਦਸੰਬਰ, 1704 ਨੂੰ ਮੁਗ਼ਲ ਫੌਜ ਨੇ ਗੜ੍ਹੀ ਤੇ ਇਕ ਭਰਵਾਂ ਹੱਲਾ ਬੋਲ ਦਿਤਾ। ਗੁਰੂ ਸਾਹਿਬ ਨੇ ਇਸ ਹਮਲੇ ਦੇ ਟਾਕਰੇ ਲਈ ਪੰਜ ਪੰਜ ਸਿੰਘਾਂ ਦੇ ਸ਼ਹੀਦੀ ਜਥੇ ਬਣਾ ਕੇ ਬਾਹਰ ਭੇਜਣੇ ਸ਼ੁਰੂ ਕਰ ਦਿਤੇ ਅਤੇ ਖ਼ੂਨ-ਡੋਲ੍ਹਵੀਂ ਲੜਾਈ ਹੋਈ। ਗੁਰੂ ਸਾਹਿਬ 'ਜ਼ਫ਼ਰਨਾਮਾ' ਵਿਚ ਲਿਖਦੇ ਹਨ ਕਿ ਹੇ ਔਰੰਗਜ਼ੇਬ! ਤੇਰੀ ਫ਼ੌਜ ਦੇ ਜਰਨੈਲ ਅਤੇ ਸਿਪਾਹੀ, ਗੜ੍ਹੀ ਦੀ ਦੀਵਾਰ ਦੀ ਓਟ ਲਈ ਅਪਣੀ ਜਾਨ ਦੀ ਖ਼ੈਰ ਮੰਗਦੇ ਰਹੇ ਅਤੇ ਜੋ ਵੀ ਕੋਈ ਦੀਵਾਰ ਦੀ ਓਟ ਤੋਂ ਜ਼ਰਾ ਬਾਹਰ ਆਇਆ, ਉਹ ਇਕੋ ਤੀਰ ਖਾ ਕੇ ਖ਼ੂਨ ਵਿਚ ਗਰਕ ਹੋ ਗਿਆ। ਗੁਰੂ ਸਾਹਿਬ ਮੁਗ਼ਲ ਫ਼ੌਜ ਦੇ ਇਕ ਸਿਰਕੱਢ ਜਰਨੈਲ, ਨਾਹਰ ਖ਼ਾਂ ਨੂੰ ਅਪਣੇ ਤੀਰ ਦਾ ਨਿਸ਼ਾਨਾ ਬਣਾਉਣ ਦੇ ਦ੍ਰਿਸ਼ ਨੂੰ 'ਜ਼ਫ਼ਰਨਾਮਾ' ਵਿਚ ਇਉਂ ਕਲਮਬੰਦ ਕਰਦੇ ਹਨ:
ਚੁ ਦੀਦਮ ਕਿ ਨਾਹਰ ਬਿਯਾਦਮ ਬਜੰਗ।
ਚਸ਼ੀਦ : ਯਕੇ ਤੀਰ ਮਨ ਬੋਦਰੰਗ। 

ਭਾਵ, ਜਦੋਂ ਮੈਂ ਨਾਹਰ ਖ਼ਾਂ ਨੂੰ ਮੈਦਾਨ-ਏ-ਜੰਗ ਵਿਚ ਆਇਆ ਵੇਖਿਆ ਤਾਂ ਉਸ ਨੇ ਫ਼ੌਰਨ ਹੀ ਮੇਰੇ ਤੀਰ ਦਾ ਸਵਾਦ ਚਖਿਆ, ਯਾਨੀ ਕਿ ਉਹ ਤੀਰ ਖਾ ਕੇ ਥਾਂ ਹੀ ਢੇਰੀ ਹੋ ਗਿਆ।
ਇਵੇਂ ਹੀ 'ਜ਼ਫ਼ਰਨਾਮਾ' ਵਿਚ ਇਕ ਹੋਰ ਪਠਾਣ ਫ਼ੌਜਦਾਰ, ਖ਼ੁਆਜਾ ਜ਼ਫ਼ਰਬੇਗ਼ ਦਾ ਜ਼ਿਕਰ ਹੈ ਜੋ ਮੈਦਾਨ ਵਿਚ ਆਉਣ ਤੋਂ ਡਰਦਾ ਹੈ। ਗੁਰੂ ਸਾਹਿਬ ਲਿਖਦੇ ਹਨ ਕਿ ਅਫ਼ਸੋਸ, ਜੇ ਮੈਂ ਉਸ ਦਾ ਚਿਹਰਾ ਵੇਖ ਲੈਂਦਾ ਤਾਂ ਇਕ ਤੀਰ ਉਸ ਨੂੰ ਵੀ ਬਖ਼ਸ਼ ਦਿੰਦਾ। ਇਤਫ਼ਾਕਵੱਸ, ਗੁਰੂ ਸਾਹਿਬ ਨੇ ਜਿਥੇ ਬੁਜ਼ਦਿਲ ਪਠਾਣਾਂ ਦਾ ਜ਼ਿਕਰ ਕੀਤਾ ਹੈ, ਉਥੇ ਇਕ ਪਠਾਣ ਜਰਨੈਲ ਵਲੋਂ ਬਹਾਦਰੀ ਨਾਲ ਹਮਲੇ ਕਰਨ ਦਾ ਵੀ ਉਚੇਚੇ ਤੌਰ ਤੇ ਵਰਣਨ ਕੀਤਾ ਹੈ।ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣ ਦੇ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੜ੍ਹੀ ਤੋਂ ਬਾਹਰ ਭੇਜਣੇ ਸ਼ੁਰੂ ਕਰ ਦਿਤੇ। ਇਸ ਤਰ੍ਹਾਂ ਥੱਕੇ-ਟੁੱਟੇ ਅਤੇ ਭੁੱਖਣ-ਭਾਣੇ ਸਿੰਘਾਂ ਨੇ ਸ਼ਕਤੀਸ਼ਾਲੀ ਮੁਗ਼ਲ ਫ਼ੌਜ ਨਾਲ ਬੇਮਿਸਾਲ ਤੇ ਬੇਨਜ਼ੀਰ ਟੱਕਰ ਲੈ ਕੇ ਸ਼ਹੀਦੀ ਜਾਮ ਪੀਤੇ।ਉਹ ਪਲ ਬਹੁਤ ਹੀ ਦਿਲ ਹਿਲਾਉਣ ਵਾਲੇ ਹੋਣਗੇ ਜਦੋਂ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (14 ਸਾਲ) ਨੇ ਅਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿਚ ਕੁੱਦ ਕੇ ਲਾੜੀ ਮੌਤ ਨੂੰ ਪਰਨਾਉਣ ਲਈ ਆਗਿਆ ਮੰਗੀ ਹੋਵੇਗੀ।ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਨ ਹੇਠ ਭੇਜੀ ਗਈ ਟੁਕੜੀ ਵਿਚ ਭਾਈ ਆਲਮ ਸਿੰਘ ਸ਼ਾਮਲ ਸੀ। ਭਾਈ ਆਲਮ ਸਿੰਘ ਅਜਿਹੀਆਂ ਬਹੁਤ ਸਾਰੀਆਂ ਜੰਗਾਂ ਦਾ ਹੀਰੋ ਸੀ। ਸਾਹਿਬਜ਼ਾਦੇ ਨੇ ਆਉਂਦੇ ਹੀ ਰਣ ਵਿਚ ਤਰਥੱਲੀ ਮਚਾ ਦਿਤੀ। ਪਹਿਲਾਂ ਬਰਛੇ ਨਾਲ ਅਤੇ ਫਿਰ ਤਲਵਾਰ ਨਾਲ ਮੁਗ਼ਲਾਂ ਉਤੇ ਘਾਤਕ ਵਾਰ ਕੀਤੇ। ਜਦੋਂ ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਜਾਂਦਾ ਹੈ ਤਾਂ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਗੁਰੂ ਸਾਹਿਬ ਪਾਸੋਂ ਰਣ ਤੱਤੇ ਵਿਚ ਜਾਣ ਦੀ ਆਗਿਆ ਮੰਗਦਾ ਹੈ। ਗੁਰੂ ਸਾਹਿਬ ਸਾਹਿਬਜ਼ਾਦੇ ਨੂੰ ਅਪਣੇ ਹੱਥੀਂ ਜੰਗ ਲਈ ਤਿਆਰ ਕਰਦੇ ਹਨ ਅਤੇ ਅਪਣੀ ਦਿਲੀ ਤਮੰਨਾ ਦਾ ਇਜ਼ਹਾਰ ਇਉਂ ਕਰਦੇ ਹਨ:-
ਖਾਹਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ।
ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ।
-ਅੱਲ੍ਹਾ ਯਾਰ ਖਾਂ ਜੋਗੀ
ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ ਅਤੇ ਭਾਈ ਜੈਤਾ ਜੀ ਵੀ ਰਣਭੂਮੀ ਦੀ ਭੇਟ ਚੜ੍ਹ ਗਏ। ਇਸ ਤਰ੍ਹਾਂ ਲਗਭਗ ਸਾਰੇ ਸਿਦਕੀ ਸਿੰਘ ਸ਼ਹੀਦ ਹੋ ਗਏ ਪਰ ਗੁਰੂ ਸਾਹਿਬ ਨੇ ਅਪਣੇ ਪ੍ਰਾਣਾਂ ਤੋਂ ਵੀ ਪਿਆਰੇ ਕੁੱਝ ਸਿੰਘ ਅਜੇ ਵੀ ਬਚਾ ਕੇ ਰੱਖੇ ਹੋਏ ਸਨ।ਰਾਤ ਪੈਣ ਤੇ ਲੜਾਈ ਬੰਦ ਹੋ ਗਈ। ਉਸ ਸਮੇਂ ਗੜ੍ਹੀ ਵਿਚ ਗੁਰੂ ਸਾਹਿਬ ਸਮੇਤ ਕੇਵਲ 11 ਸਿੰਘ ਬਾਕੀ ਰਹਿ ਗਏ ਸਨ ਪਰ ਈ.ਸੀ. ਅਰੋੜਾ ਅਪਣੀ ਪੁਸਤਕ 'ਪੰਜਾਬ ਦਾ ਇਤਿਹਾਸ' ਦੇ ਪੰਨਾ 235 ਉਤੇ ਲਿਖਦਾ ਹੈ, 'ਅੰਤ ਗੁਰੂ ਗੋਬਿੰਦ ਸਿੰਘ ਦੇ 40 ਸਿੱਖਾਂ ਵਿਚੋਂ ਕੇਵਲ 5 ਸਿੱਖ ਜਿਊਂਦੇ ਰਹਿ ਗਏ।' ਪ੍ਰਸਿੱਧ ਵਿਦਵਾਨ ਤੇ ਖੋਜੀ ਪ੍ਰੋ: ਹਰਬੰਸ ਸਿੰਘ ਵੀ ਉਕਤ ਤੱਥ ਦੀ ਪੁਸ਼ਟੀ ਕਰਦਾ ਹੈ। ਗਿਣਤੀ ਭਾਵੇਂ 5 ਹੋਵੇ ਜਾਂ 11, ਇਹ ਸਾਰੇ ਸਿੰਘ 22 ਦਸੰਬਰ, 1704 ਈ: ਮੁਤਾਬਕ 8 ਪੋਹ, 1761 ਬਿ: ਦੀ ਅੱਧੀ ਰਾਤ ਵੇਲੇ ਗੁਰੂ ਸਾਹਿਬ ਦੇ ਕੋਲ ਬੈਠੇ ਸਨ। ਇਨ੍ਹਾਂ ਸਿੰਘਾਂ ਨੇ ਅਪਣੇ ਵਿਚੋਂ ਹੀ ਭਾਈ ਦਇਆ ਸਿੰਘ ਦੀ ਅਗਵਾਈ ਵਿਚ ਪੰਜ ਪਿਆਰੇ ਚੁਣ ਲਏ ਅਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਇਨ੍ਹਾਂ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਉਸੇ ਵੇਲੇ ਗੜ੍ਹੀ ਵਿਚੋਂ ਬਚ ਕੇ ਨਿਕਲ ਜਾਣ ਲਈ ਹੁਕਮਨੁਮਾ ਬੇਨਤੀ ਕੀਤੀ। ਗੁਰੂ ਸਾਹਿਬ ਨੇ ਥੋੜ੍ਹੀ ਸੋਚ-ਵਿਚਾਰ ਤੋਂ ਬਾਅਦ ਇਸ ਬੇਨਤੀ ਨੂੰ ਖ਼ਾਲਸੇ ਦਾ ਹੁਕਮ ਮੰਨ ਕੇ ਪ੍ਰਵਾਨ ਕਰ ਲਿਆ ਅਤੇ ਅਪਣੇ ਅਸਤਰ, ਸ਼ਸਤਰ ਤੇ ਵਸਤਰ ਉਤਾਰ ਕੇ ਬਾਬਾ ਸੰਗਤ ਸਿੰਘ ਨੂੰ ਪਹਿਨਾ ਦਿਤੇ ਅਤੇ ਅਪਣੀ ਹੀਰਿਆਂ ਜੜੀ ਕਲਗੀ ਉਤਾਰ ਕੇ ਉਸ ਦੇ ਸਿਰ ਤੇ ਸਜਾ ਦਿਤੀ। ਅਜਿਹਾ ਦੁਸ਼ਮਣ ਦੀਆਂ ਫ਼ੌਜਾਂ ਨੂੰ ਭੰਬਲਭੂਸੇ ਵਿਚ ਪਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਫਿਰ ਇਹ ਫ਼ੈਸਲਾ ਲਿਆ ਗਿਆ ਕਿ ਤਿੰਨ ਸਿੰਘ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ-ਗੁਰੂ ਸਾਹਿਬ ਦਾ ਸਾਥ ਦੇਣਗੇ ਅਤੇ ਬਾਕੀ ਸਿੰਘ ਬਾਬਾ ਸੰਗਤ ਸਿੰਘ ਸੰਗ ਗੜ੍ਹੀ ਵਿਚ ਹੀ ਟਿਕੇ ਰਹਿਣਗੇ।ਗੁਰੂ ਸਾਹਿਬ ਅਤੇ ਤਿੰਨੋਂ ਸਿੰਘ ਇਕ ਇਕ ਕਰ ਕੇ ਗੜ੍ਹੀ ਤੋਂ ਬਾਹਰ ਨਿਕਲ ਗਏ ਅਤੇ ਵਖਰੇ ਵਖਰੇ ਰਾਹ ਪੈ ਗਏ। ਗੁਰੂ ਸਾਹਿਬ 'ਜ਼ਫ਼ਰਨਾਮਾ' ਵਿਚ ਲਿਖਦੇ ਹਨ ਕਿ ਪਰਮੇਸ਼ਰ ਦੀ ਕਿਰਪਾ ਨਾਲ ਉਨ੍ਹਾਂ ਨੂੰ ਗੜ੍ਹੀ ਤੋਂ ਬਾਹਰ ਨਿਕਲਣ ਵਿਚ ਉੱਕਾ ਹੀ ਕੋਈ ਦਿੱਕਤ ਪੇਸ਼ ਨਹੀਂ ਆਈ। ਇਥੋਂ ਗੁਰੂ ਸਾਹਿਬ ਮਾਛੀਵਾੜਾ ਵਲ ਨੂੰ ਹੋ ਤੁਰੇ। ਗੜ੍ਹੀ 'ਚ ਰਹਿ ਗਏ ਬਾਕੀ ਸਿੰਘ ਵੀ ਅਗਲੀ ਸਵੇਰ ਬਹਾਦਰੀ ਦੇ ਜੌਹਰ ਵਿਖਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ।ਇਹ ਰਹੀ, ਦੁਨੀਆਂ ਦੇ ਇਤਿਹਾਸ ਦੀ ਇਕ ਬੇਜੋੜ ਤੇ ਅਸਾਵੀਂ ਜੰਗ ਦੀ ਦਾਸਤਾਨ! ਸ਼ਹਾਦਤ ਦੀ ਇਸ ਲਾਸਾਨੀ ਘਟਨਾ ਨੇ ਸਿੱਖ ਸੋਚ ਤੇ ਫ਼ਲਸਫ਼ੇ ਨੂੰ ਨਵੀਆਂ-ਨਕੋਰ ਸੇਧਾਂ ਦਿਤੀਆਂ ਕਿਉਂਕਿ ਇਸ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਹ ਨਾਅਰਾ ਦਿਤਾ ਕਿ ਜਦੋਂ ਕੋਈ ਕੰਮ ਸਾਰੇ ਹੀਲੇ-ਉਪਾਵਾਂ ਤੋਂ ਲੰਘ ਜਾਵੇ ਤਾਂ ਹੱਥ ਵਿਚ ਤਲਵਾਰ ਲੈਣਾ ਜਾਇਜ਼ ਹੈ। ਇਸ ਨਵੀਂ ਸੋਚ ਤੇ ਫ਼ਲਸਫ਼ੇ ਨੇ ਸਿੱਖਾਂ ਨੂੰ ਕ੍ਰਾਂਤੀਕਾਰੀ ਬਣਾ ਦਿਤਾ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਮੁਗ਼ਲਾਂ ਦੀ ਤਬਾਹੀ ਲਈ ਰਾਹ ਪੱਧਰਾ ਕੀਤਾ।ਸ਼ਹੀਦ ਸੂਰਮੇ ਹਮੇਸ਼ਾ ਕਿਸੇ ਕੌਮ ਦਾ ਕੀਮਤੀ ਸਰਮਾਇਆ ਹੁੰਦੇ ਹਨ ਅਤੇ ਜ਼ਿੰਦਾ ਕੌਮਾਂ ਅਪਣੇ ਸ਼ਹੀਦਾਂ ਦੀ ਯਾਦ ਨੂੰ ਸਦਾ ਅਪਣੇ ਹਿਰਦੇ ਵਿਚ ਵਸਾਈ ਰਖਦੀਆਂ ਹਨ। ਆਉ! ਆਪਾਂ ਵੀ ਅੱਜ ਅਪਣੇ ਸ਼ਹੀਦਾਂ ਨੂੰ ਨਤਮਸਤਕ ਹੋਈਏ ਅਤੇ ਉਨ੍ਹਾਂ ਦੀ ਯਾਦ ਨੂੰ ਅਪਣੇ ਦਿਲ ਦੇ ਸੱਭ ਤੋਂ ਸਾਫ਼-ਸੁਥਰੇ ਕੋਨੇ ਵਿਚ ਸਾਂਭੀ ਰੱਖਣ ਦਾ ਪ੍ਰਣ ਲਈਏ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement