ਸਪੋਕਸਮੈਨ ਨੇ ਮੈਨੂੰ ਮੇਰੀ ਮਰੀ ਮਾਂ ਲੱਭ ਦਿਤੀ...
Published : Dec 16, 2017, 9:43 pm IST
Updated : Dec 16, 2017, 4:13 pm IST
SHARE ARTICLE

ਮੈਂ  ਪਿਛਲੇ ਕਾਫ਼ੀ ਸਮੇਂ ਤੋਂ ਸਪੋਕਸਮੈਨ ਨਾਲ ਜੁੜਿਆ ਹਾਂ। ਗੁਰੂ ਕ੍ਰਿਪਾ ਸਦਕਾ ਮੇਰੇ ਗ਼ਰੀਬ ਦੇ ਕਾਫ਼ੀ ਲੇਖ ਅਖ਼ਬਾਰ ਵਿਚ ਛਪੇ ਜਿਸ ਕਾਰਨ ਬਹੁਤ ਪਿਆਰ ਮਿਲਿਆ। ਮੇਰੇ ਬਾਦਸ਼ਾਹ ਕਦਰਦਾਨ, ਜਿਨ੍ਹਾਂ ਇਸ ਮਸਕੀਨ ਦੇ ਸਿਰ ਤੇ ਹੱਥ ਧਰਿਆ, ਉਨ੍ਹਾਂ ਰੂਹਾਂ ਦੇ ਪਾਕ ਪਵਿੱਤਰ ਚਰਨਾਂ ਵਿਚ ਮੇਰੀ ਅਦਬੀ ਸਲਾਮ। ਪਿਛੇ ਜਿਹੇ ਮੈਂ ਉਸਤਾਦ ਅਮੀਨ ਮਲਿਕ ਦੀ ਸੋਚ ਨੂੰ ਸਲਾਮ ਕਰਦਿਆਂ ਇਕ ਲੇਖ ਲਿਖਿਆ ਸੀ ਜਿਸ ਸਦਕਾ ਮੈਨੂੰ ਰੱਬ ਦੀ ਖ਼ੁਦਾਈ 'ਚੋਂ ਇਕ ਮਾਂ ਜਿਹੀ ਮਿੱਠੀ ਸੌਗਾਤ ਮਿਲ ਗਈ।ਸ਼ਹਿਰ ਬਟਾਲਾ ਲਾਗੇ ਪਿੰਡ ਜੈਂਤੀਪੁਰਾ ਤੋਂ ਸਪੋਕਸਮੈਨ ਦੀ ਪਾਠਕ ਮਮਤਾ ਦੀ ਮੂਰਤ ਮਾਤਾ ਬਲਜਿੰਦਰ ਕੌਰ ਜਿਨ੍ਹਾਂ ਨੇ ਇਸ ਨਿਆਸਰੇ ਨੂੰ ਪੁੱਤਰ ਬਣਾ ਕੇ ਆਸਰਾ ਦਿਤਾ ਹੈ ਕਿਉਂਕਿ ਮੇਰੇ ਜਨਮਦਾਤੇ ਤਾਂ ਕਦੋਂ ਦੇ ਇਸ ਜਹਾਨ 'ਚੋਂ ਚਲੇ ਗਏ ਹਨ। ਪਿਛੋਂ ਮੈਂ ਅਤੇ ਮੇਰਾ ਇਕਲਾਪਾ ਦੋਵੇਂ ਹੀ ਇਕ-ਦੂਜੇ ਨੂੰ ਗਲ ਲਾ ਕੇ ਜੀਵਨ ਦੀ ਡੋਰ ਫੜੀ ਬੈਠੇ ਮਾਂ ਤੇ ਮੇਰੀ ਟੁੱਟੀ ਭੱਜੀ ਜ਼ਿੰਦਗੀ ਤੇ ਤਰਸ ਖਾ ਕੇ ਮੇਰਾ ਘਰ ਵਸਾਉਣ ਲਈ ਮਾਂ ਜੀ ਅਪਣੇ ਪ੍ਰਵਾਰ ਨਾਲ ਮੇਰੇ ਗ਼ਰੀਬਖ਼ਾਨੇ 'ਚ ਆਏ। ਮੈਂ ਘਰ ਵਿਚ ਕਾਫ਼ੀ ਸਮੇਂ ਤੋਂ ਇਕੱਲਾ ਹੀ ਰਹਿੰਦਾ ਹਾਂ ਤੇ ਘਰ ਦੇ ਸੱਭ ਕੰਮ ਆਪ ਹੀ ਕਰਦਾ ਹਾਂ। ਪਰ ਜਦੋਂ ਮੇਰੀ ਇਸ ਦੇਵੀ ਮਾਂ ਨੇ ਮੇਰੇ ਸੱਖਣੇ ਚੁੱਲ੍ਹੇ ਵਿਚ ਆ ਕੇ ਅੱਗ ਪਾਈ ਤਾਂ ਮੈਨੂੰ ਜਾਪਿਆ ਰੱਬ ਨੇ ਮੇਰੀ ਜਨਮਦਾਤੀ ਵਾਪਸ ਮੇਰੇ ਕੋਲ ਭੇਜ ਦਿਤੀ ਹੈ। ਇਹ ਮਿੱਠੀ ਖ਼ੁਸ਼ੀ ਮੇਰੇ ਦਿਲ ਤੋਂ ਸੰਭਾਲੀ ਨਾ ਗਈ ਤੇ ਮੇਰੇ ਉਖੜੇ ਜਜ਼ਬਾਤ ਨੇ ਹੰਝੂਆਂ ਦਾ ਸਾਥ ਮੰਗਿਆ ਤੇ ਫਿਰ ਜਲਥਲ ਹੋ ਗਈ। ਹੰਝੂਆਂ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ। ਇਹ ਖ਼ੁਸ਼ੀ ਅਤੇ ਗ਼ਮੀ ਦੋਵੇਂ ਵੇਲੇ ਬੰਦੇ ਦਾ ਸਾਥ ਦਿੰਦੇ ਹਨ। ਮੈਂ ਸੋਚਿਆ, ''ਯਾ ਰੱਬਾ! ਇਹ ਕੋਈ ਇਤਫ਼ਾਕ ਏ ਜਾਂ ਤੇਰੀ ਦਿਆਲਤਾ?'' ਸ਼ਾਇਦ ਰੱਬ ਨੇ ਮੇਰੇ ਹਾਲਾਤ ਉਪਰ ਤਰਸ ਖਾ ਲਿਆ ਤੇ ਮਾਂ ਨੇ ਮੇਰੀ ਹਿਯਾਤੀ ਦੇ ਸੁੱਕ ਚੁੱਕੇ ਰੁੱਖ ਨੂੰ ਮਮਤਾ ਦਾ ਪਾਣੀ ਪਾ ਕੇ ਦੁਬਾਰਾ ਹਰਾ ਕਰ ਦਿਤਾ। ਮੈਂ ਤਾਂ ਅਪਣੇ ਤੀਲਾ ਤੀਲਾ ਹੋਏ ਆਲ੍ਹਣੇ ਵਿਚ ਬੈਠਾ ਨਿਆਸਰਾ ਬੋਟ ਸਾਂ ਜਿਸ ਨੂੰ ਨਾ ਤਾਂ ਕੋਈ ਚੋਗਾ ਚੁਗਾਉਣ ਵਾਲਾ ਰਿਹਾ ਸੀ ਅਤੇ ਨਾ ਕੋਈ ਮੇਰੇ ਅਹਿਸਾਸ ਦੀ ਤਲੀਆਂ ਵਿਚ ਚੁਭੇ ਦੁੱਖਾਂ ਦੇ ਕੰਡੇ ਕੱਢਣ ਵਾਲਾ ਰਿਹਾ। ਹਰ ਰੋਜ਼ ਉੱਠ ਕੇ ਅਪਣੇ ਹੀ ਜਖ਼ਮ ਆਪ ਹੀ ਚੱਟ ਲੈਂਦਾ ਸਾਂ। ਖ਼ੈਰ, ਰੱਬ ਬਾਦਸ਼ਾਹ ਜੋੜ ਜੁੜਾਉਣ ਵਾਲਾ ਏ, ਵਿਛੜੇ ਮਿਲਾਉਣੇ। ਉਸ ਨੂੰ ਪਤਾ ਹੈ ਕਿ ਉਸ ਨੇ ਕਿਹੜੀ ਲੀਰ ਕਿਹੜੇ ਪਾਟੇ ਕਪੜੇ ਵਿਚ ਫ਼ਿੱਟ (ਟਿੱਚ) ਕਰਨੀ ਹੈ। ਮੈਂ ਸੁਣਦਾ ਸਾਂ ਕਿ ਜੇ ਮਾਂ ਇਕ ਵਾਰ ਜਹਾਨ 'ਚੋਂ ਚਲੀ ਜਾਵੇ ਤਾਂ ਫਿਰ ਨਹੀਂ ਮਿਲਦੀ। ਪਰ ਮੇਰੇ ਧੰਨ ਭਾਗ, ਰੱਬ ਨੇ ਮੈਨੂੰ ਇਸ ਜਨਮ 'ਚ ਦੁਬਾਰਾ ਮਾਂ ਮਿਲਾ ਦਿਤੀ। ਸਾਡੇ ਮਾਂ-ਪੁੱਤਰ ਦਾ ਪ੍ਰੇਮ ਅੱਗੇ ਵਧਦਾ ਗਿਆ ਤਾਂ ਇਕ ਦਿਨ ਮੈਂ ਵੀ ਅਪਣੇ ਇਕ ਦੋਸਤ ਡਿਪਟੀ ਨੂੰ ਨਾਲ ਲੈ ਕੇ ਮਾਤਾ ਜੀ ਦੇ ਪਿੰਡ 'ਜੈਂਤੀਪੁਰਾ' ਜਾ ਮੱਥਾ ਟੇਕਿਆ। ਮੈਂ ਅਤੇ ਮਾਂ ਇਕ-ਦੂਜੇ ਨੂੰ ਇਸ ਤਰ੍ਹਾਂ ਗਲ ਲੱਗ ਮਿਲੇ ਜਿਵੇਂ ਜਨਮਾਂ ਤੋਂ ਵਿਛੜੇ ਹੋਈਏ। ਬਲਿਹਾਰ ਜਾਵਾਂ ਮਾਂ ਦੇ ਪਿਆਰ ਅਤੇ ਪੂਰੇ ਮੁਹੱਲੇ 'ਚੋਂ ਰੱਜ ਰੱਜ ਪਿਆਰ ਮਿਲਿਆ। ਮਾਂ ਨੇ ਤਿੰਨ ਦਿਨ ਅਪਣੇ ਕੋਲ ਰਖਿਆ ਤੇ ਜਦ ਵੇਲੇ ਨੇ ਬਰੂਹਾਂ ਵਲ ਮੁੜਨ ਦਾ ਇਸ਼ਾਰਾ ਕੀਤਾ ਤਾਂ ਵਿਛੋੜੇ ਨੇ ਡੰਗ ਮਾਰਿਆ ਤੇ ਮੇਰੇ ਕਾਲਜੇ ਹੱਥ ਪੈ ਗਿਆ। ਮੈਂ ਰੋਣ ਲੱਗ ਪਿਆ। ਮਾਂ ਨੇ ਗਲ ਨਾਲ ਲਾਉਂਦਿਆਂ ਕਿਹਾ, ''ਬੇਟਾ, ਖ਼ੁਸ਼ੀ ਖ਼ੁਸ਼ੀ ਜਾਣਾ ਹੈ।'' ਗੱਲ ਮੇਰੇ ਆਪੇ 'ਚੋਂ ਬਾਹਰ ਹੋ ਗਈ ਸੀ ਕਿਉਂਕਿ ਮੈਂ ਤਾਂ ਆਪ ਇਕ ਗਾਰੇ ਮਿੱਟੀ ਦੀ ਬਣੀ ਹੋਈ ਕੰਧ ਸਾਂ ਜੋ ਪ੍ਰੇਮ ਦੇ ਪਹਿਲੇ ਤੁਪਕੇ ਨਾਲ ਢਹਿ ਢੇਰੀ ਹੋ ਜਾਣੀ ਸੀ। ਖ਼ੈਰ, ਮਾਂ ਪਿਆਰ ਨੂੰ ਗਲ ਨਾਲ ਲਾ ਕੇ ਉਸ ਦੇ ਬਾਦਸ਼ਾਹ ਪਿੰਡ ਨੂੰ ਸਲਾਮ ਕਰ ਕੇ ਮੈਂ ਵਾਪਸ ਅਪਣੇ ਗ਼ਰੀਬਖ਼ਾਨੇ ਦਾ ਆ ਕੁੰਡਾ ਖੋਲ੍ਹਿਆ। ਅਤੇ ਜਦੋਂ ਮੈਂ ਇਹ ਸਾਰੀ ਗੁਫ਼ਤਗੂ ਅਮੀਨ ਮਲਿਕ ਜੀ ਦੀ ਝੋਲੀ ਪਾਈ ਤਾਂ ਉਨ੍ਹਾਂ ਅੱਲਾਹ ਦਾ ਸ਼ੁਕਰਾਨਾ ਕੀਤਾ ਅਤੇ ਸਾਡੇ ਮਾਂ-ਪੁੱਤਰ ਦੇ ਰਿਸ਼ਤੇ ਦੀ ਕਹਾਣੀ ਅਪਣੀ ਮਹਾਨ ਕਲਮ 'ਚੋਂ ਉਲੀਕ ਕੇ ਸਪੋਕਸਮੈਨ ਵਿਚ ਪ੍ਰਕਾਸ਼ਿਤ ਕਰ ਦਿਤੀ। ਸਾਡੇ ਰਿਸ਼ਤੇ ਨੂੰ ਇਸ ਬਾਬੇ ਨੇ ਹੋਰ ਮਜ਼ਬੂਤ ਕਰ ਦਿਤਾ। ਉਂਜ ਵੀ ਅਮੀਨ ਜੀ ਮੇਰੇ ਵੱਡੇ ਕਦਰਦਾਨ ਨੇ ਜੋ ਹਮੇਸ਼ਾ ਮੈਨੂੰ ਬੱਚਿਆਂ ਵਾਂਗ ਪਿਆਰ ਦਿੰਦੇ ਨੇ ਅਤੇ ਲਿਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਕਿ 'ਸਿਮਰਜੀਤ, ਤੂੰ ਯਾਰ ਲਿਖਿਆ ਕਰ। ਤੂੰ ਲਿਖ ਸਕਦੈਂ।' ਮੇਰੇ ਧੰਨ ਭਾਗ ਕਿ ਮੇਰੀ ਨਿਗੂਣੀ ਕਲਮ ਨੂੰ ਇਸ ਬਾਬਾ ਬੋਹੜ ਦਾ ਅਸ਼ੀਰਵਾਦ ਮਿਲਦਾ ਹੈ। ਖ਼ੈਰ, ਸੱਭ ਰੱਬ ਦੇ ਹੀ ਰੰਗ ਨੇ। ਉਹ ਮਰਜ਼ੀ ਦੀ ਕੁਰਸੀ ਤੇ ਬੈਠਾ ਪਤਾ ਨਹੀਂ ਕਦੋਂ ਕਿੱਥੇ ਜੋੜ ਮਿਲਾ ਦਿੰਦਾ ਹੈ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਹਿਯਾਤੀ ਦੀ ਬੰਜਰ ਭੋਇੰ ਵਿਚ ਕਦੇ ਏਨਾ ਪ੍ਰੇਮ ਦਾ ਮੀਂਹ ਵੀ ਪਵੇਗਾ, ਜਿਸ ਨਾਲ ਮੇਰੀ ਉਮੀਦਾਂ ਦੀ ਫ਼ਸਲ ਹਰੀ ਹੋ ਜਾਵੇਗੀ। ਕਰਨ ਕਰਾਉਣ ਵਾਲਾ ਤਾਂ 'ਆਪ' ਹੀ ਹੈ। ਹੇ ਨਿਰੰਕਾਰ, ਸਦਾ ਜੱਗ ਤੇ ਜਿਊਂਦੀਆਂ ਰਹਿਣ ਮਾਵਾਂ ਕਿਉਂਕਿ ਮਾਵਾਂ ਨਾਲ ਜਹਾਨ ਵਸਦਾ ਹੈ ਅਤੇ ਮਾਵਾਂ ਨਾਲ ਹੀ ਛਾਵਾਂ ਹਨ। ਮਾਂ ਅਪਣੇ ਬੱਚਿਆਂ ਦੀਆਂ ਕੌੜੀਆਂ ਗੱਲਾਂ ਨੂੰ ਦਿਲ ਵਿਚ ਹੱਸ ਕੇ ਸਮਾ ਲੈਂਦੀ ਹੈ। ਇਸੇ ਲਈ ਤਾਂ ਉਹ ਮਾਂ ਹੈ।

SHARE ARTICLE
Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement