
ਅੱਜ ਮੋਦੀ ਜੀ ਦੇ ਭਾਰਤ ਵਿਚ ਸੰਸਦ ਮੈਂਬਰ ਵਿਨੈ ਕਟਿਆਰ ਮੁਸਲਮਾਨਾਂ ਨੂੰ ਭਾਰਤ ਛੱਡਣ ਵਾਸਤੇ ਕਹਿ ਰਹੇ ਹਨ। ਮੋਦੀ ਜੀ ਦੀ 'ਮਨ ਕੀ ਬਾਤ' ਵਿਚ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ ਜਾਂਦਾ ਭਾਵੇਂ ਕਿ ਪਹਿਲੂ ਖ਼ਾਨ, ਅਸ਼ਫ਼ਾਕ ਵਰਗੇ ਬੜੇ ਮੁਸਲਮਾਨ ਜ਼ਾਲਮਾਨਾ ਢੰਗ ਨਾਲ ਮਾਰ ਦਿਤੇ ਗਏ ਪਰ ਸਾਡੇ ਪ੍ਰਧਾਨ ਮੰਤਰੀ ਨੇ ਅਪਣੇ ਸੰਸਦ ਮੈਂਬਰਾਂ ਨੂੰ ਨਫ਼ਰਤ ਅਤੇ ਡਰ ਫੈਲਾਉਣ ਤੋਂ ਕਦੇ ਨਹੀਂ ਰੋਕਿਆ।
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਨੂੰ 2019 ਦਾ ਚੋਣ ਮੰਚ ਬਣਾ ਕੇ ਕਾਂਗਰਸ ਅਤੇ ਨਹਿਰੂ-ਗਾਂਧੀ ਪ੍ਰਵਾਰ ਉਤੇ ਖ਼ੂਬ ਹਮਲੇ ਕੀਤੇ। 2014 ਵਿਚ ਇਹ ਹਮਲੇ ਪਹਿਲੀ ਵਾਰ ਤੇ ਤੂਫ਼ਾਨ ਦੀ ਰਫ਼ਤਾਰ ਨਾਲ ਇਸ ਤਰ੍ਹਾਂ ਹੋਏ ਸਨ ਕਿ ਕਾਂਗਰਸ ਘਬਰਾ ਗਈ ਸੀ ਕਿਉਂਕਿ ਭਾਜਪਾ ਸੱਤਾ 'ਚ ਬਹੁਤ ਘੱਟ ਸਮੇਂ ਲਈ ਰਹੀ ਸੀ। ਗੁਜਰਾਤ ਮਾਡਲ ਨਵੇਂ ਭਾਰਤ ਦਾ ਨਵਾਂ ਸੁਪਨਾ ਬਣਾ ਕੇ ਪੇਸ਼ ਕਰ ਦਿਤਾ ਗਿਆ ਸੀ। ਪਰ ਕੀ ਹੁਣ ਉਹੀ ਪੁਰਾਣਾ 'ਕਾਂਗਰਸ ਮੁਕਤ ਭਾਰਤ' ਦਾ ਨਾਹਰਾ ਚੱਲ ਸਕੇਗਾ? ਕੀ ਉਹੀ ਭ੍ਰਿਸ਼ਟਾਚਾਰ ਦੀਆਂ ਗੱਲਾਂ ਚਲਣਗੀਆਂ? ਕੀ ਅਸੀ ਇੰਦਰਾ ਅਤੇ ਨਹਿਰੂ ਦੀਆਂ ਗ਼ਲਤੀਆਂ ਹੀ ਗਿਣਦੇ ਰਹਾਂਗੇ ਜਾਂ ਅਪਣੀ ਕਾਬਲੀਅਤ ਦੇ ਸ਼ਾਹਕਾਰ ਵੀ ਵਿਖਾਵਾਂਗੇ? ਮੋਦੀ ਜੀ ਦਾ ਭਾਸ਼ਣ ਬੜਾ ਕੁੱਝ ਕਹਿੰਦੇ ਹੋਏ, ਬੜਾ ਕੁੱਝ ਲੁਕਾ ਵੀ ਗਿਆ। ਉਨ੍ਹਾਂ ਚਾਰ ਸਾਲਾਂ ਅੰਦਰ ਪੰਜ ਕਰੋੜ ਨੌਕਰੀਆਂ ਦੇ ਅਪਣੇ ਵਾਅਦੇ ਦੀ ਅਸਫ਼ਲਤਾ ਬਾਰੇ ਗੱਲ ਨਹੀਂ ਕੀਤੀ, ਨਾ ਹੀ ਉਨ੍ਹਾਂ ਨੇ ਅਪਣੀ ਸਰਕਾਰ ਹੇਠ ਪਿਛਲੇ ਚਾਰ ਸਾਲਾਂ ਵਿਚ ਵਧਦੀ ਅਸ਼ਾਂਤੀ ਦੀ ਗੱਲ ਹੀ ਕੀਤੀ।ਵਿਰੋਧੀ ਧਿਰ ਨੇ ਮੋਦੀ ਨੂੰ ਅਪਣਾ ਜਵਾਬ ਦਿਤਾ ਜੋ ਉਨ੍ਹਾਂ ਦੇ ਵਿਰੋਧੀ ਧਿਰ ਵਿਚ ਹੋਣ ਵਜੋਂ ਦੇਣ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਪਰ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਭਾਜਪਾ ਦੇ ਹੀ ਇਕ ਸੰਸਦ ਮੈਂਬਰ ਅਨੂਪ ਮਿਸ਼ਰਾ ਨੇ ਮੋਦੀ ਜੀ ਦੀਆਂ ਗੱਲਾਂ ਅਤੇ ਅਸਲੀਅਤ ਵਿਚ ਫ਼ਰਕ ਕੱਢ ਵਿਖਾਇਆ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਦੀਆਂ ਯੋਜਨਾਵਾਂ ਜ਼ਮੀਨ ਤੇ ਨਾ ਉਤਰੀਆਂ ਤਾਂ ਜਨਤਾ ਨੂੰ ਉਨ੍ਹਾਂ ਦਾ ਫ਼ਾਇਦਾ ਨਹੀਂ ਹੋਵੇਗਾ। ਗੱਲਾਂ ਅਤੇ ਗਾਲਾਂ ਨਾਲ ਪੇਟ ਨਹੀਂ ਭਰਦੇ।
ਭਾਜਪਾ ਦੀ ਅੱਜ ਸੱਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਉਨ੍ਹਾਂ ਦੀਆਂ ਗੱਲਾਂ (ਵਾਅਦੇ) ਅਤੇ ਜ਼ਮੀਨੀ ਹਕੀਕਤ ਵਿਚ ਬਹੁਤ ਵੱਡਾ ਫ਼ਰਕ ਹੈ¸ਉਸੇ ਤਰ੍ਹਾਂ ਦਾ ਸਮੁੰਦਰ ਜਿੱਡਾ ਵਿਸ਼ਾਲ ਫ਼ਰਕ ਜਿਹੜਾ ਹੁਣ ਭਾਰਤ ਦੇ ਅਮੀਰ ਅਤੇ ਗ਼ਰੀਬ ਵਿਚ ਪੈਦਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਸੰਸਦ ਵਿਚ ਨਹਿਰੂ ਨੂੰ ਭਾਰਤ ਦੀ ਵੰਡ ਦਾ ਜ਼ਿੰਮੇਵਾਰ ਠਹਿਰਾਉਂਦੇ ਹਨ, ਜਿਸ ਦੀ ਕੀਮਤ ਭਾਰਤ ਹਰ ਪਲ ਅਦਾ ਕਰਦਾ ਆ ਰਿਹਾ ਹੈ। ਪਰ ਇਹ ਉਨ੍ਹਾਂ ਦੇ ਸ਼ਾਸਨਕਾਲ ਵਿਚ ਹੋਇਆ ਹੈ ਕਿ ਜਿਸ ਖ਼ੌਫ਼ ਕਾਰਨ ਮੁਸਲਮਾਨ ਕੌਮ ਭਾਰਤ ਤੋਂ ਵੱਖ ਹੋਈ, ਉਸ ਨੂੰ ਅੱਜ ਫਿਰ ਤੋਂ ਹਕੀਕੀ ਬਣਾਇਆ ਜਾ ਰਿਹਾ ਹੈ। ਵੰਡ ਦਾ ਕਾਰਨ ਇਹੀ ਸੀ ਕਿ ਮੁਸਲਮਾਨਾਂ ਨੂੰ ਇਹ ਡਰ ਸੀ ਕਿ ਹਿੰਦੋਸਤਾਨ ਦੀ ਹਿੰਦੂ ਸਰਕਾਰ ਉਨ੍ਹਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰ ਕੇ ਉਨ੍ਹਾਂ ਦੇ ਧਰਮ ਨੂੰ ਕਮਜ਼ੋਰ ਕਰ ਦੇਵੇਗੀ ਅਤੇ ਅੱਜ ਉਹੀ ਕੁੱਝ ਹੋ ਰਿਹਾ ਹੈ। ਜੋ ਮੁਸਲਮਾਨ ਭਾਰਤ ਵਿਚ ਰਹਿ ਗਏ ਸਨ, ਉਹ ਆਜ਼ਾਦ ਹਿੰਦੁਸਤਾਨ ਤੋਂ ਨਹੀਂ ਸਨ ਡਰਦੇ। ਉਨ੍ਹਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਹਿੰਦੁਸਤਾਨ ਦੀ ਜ਼ਮੀਨ ਨਾਲ ਜੁੜੀਆਂ ਆ ਰਹੀਆਂ ਸਨ ਅਤੇ ਉਹ ਉਜੜ ਕੇ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸਨ। ਇਸੇ ਤਰ੍ਹਾਂ ਕੁੱਝ ਹਿੰਦੂ ਅਤੇ ਸਿੱਖ ਵੀ ਪਾਕਿਸਤਾਨ ਵਿਚ ਰਹਿ ਗਏ। ਭਾਰਤ-ਪਾਕਿ ਵਿਚਕਾਰ ਯੁਧ ਹੋਏ ਅਤੇ ਉਨ੍ਹਾਂ ਦੇ ਹੋਰ ਦੂਜੇ ਕਈ ਮਾਮਲੇ ਵੀ ਰਹੇ ਹੋਣਗੇ ਪਰ ਕਦੇ ਇਹ ਤਾਂ ਨਾ ਕਿਹਾ ਗਿਆ ਕਿ ਸਾਰੇ ਹਿੰਦੂ ਅਤੇ ਸਿੱਖ ਪਾਕਿਸਤਾਨ ਤੋਂ ਬਾਹਰ ਨਿਕਲ ਜਾਣ ਕਿਉਂਕਿ ਇਹ ਉਨ੍ਹਾਂ ਦਾ ਦੇਸ਼ ਨਹੀਂ। ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਬੜੀ ਲਗਨ ਨਾਲ ਕੀਤੀ ਜਾਂਦੀ ਹੈ,
ਸਗੋਂ ਉਥੇ ਉਹੀ ਸਾਦਗੀ ਬਰਕਰਾਰ ਹੈ ਜਿਹੜੀ ਸਿੱਖੀ ਦੇ ਸਿਧਾਂਤਾਂ ਨਾਲ ਮੇਲ ਖਾਂਦੀ ਹੈ।ਪਰ ਅੱਜ ਮੋਦੀ ਜੀ ਦੇ ਭਾਰਤ ਵਿਚ ਸੰਸਦ ਮੈਂਬਰ ਵਿਨੈ ਕਟਿਆਰ ਮੁਸਲਮਾਨਾਂ ਨੂੰ ਭਾਰਤ ਛੱਡਣ ਵਾਸਤੇ ਕਹਿ ਰਹੇ ਹਨ। ਮੋਦੀ ਜੀ ਦੀ 'ਮਨ ਕੀ ਬਾਤ' ਵਿਚ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ ਜਾਂਦਾ ਭਾਵੇਂ ਕਿ ਪਹਿਲੂ ਖ਼ਾਨ, ਅਸ਼ਫ਼ਾਕ ਵਰਗੇ ਬੜੇ ਮੁਸਲਮਾਨ ਜ਼ਾਲਮਾਨਾ ਢੰਗ ਨਾਲ ਮਾਰ ਦਿਤੇ ਗਏ ਪਰ ਸਾਡੇ ਪ੍ਰਧਾਨ ਮੰਤਰੀ ਨੇ ਅਪਣੇ ਸੰਸਦ ਮੈਂਬਰਾਂ ਨੂੰ ਨਫ਼ਰਤ ਅਤੇ ਡਰ ਫੈਲਾਉਣ ਤੋਂ ਕਦੇ ਨਹੀਂ ਰੋਕਿਆ।ਨਫ਼ਰਤ ਅਤੇ ਡਰ ਨੂੰ ਹੁਣ ਇਕ ਨਵਾਂ ਹੀ ਮੋੜ ਦਿਤਾ ਜਾ ਰਿਹਾ ਹੈ। ਹੁਣ ਮੰਚਾਂ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਮੁਸਲਮਾਨਾਂ ਦੀ ਗ਼ਲਤੀ ਹੈ ਕਿਉਂਕਿ ਜਦੋਂ ਵੀ ਕੋਈ ਮੁਸਲਮਾਨ, ਭੀੜ ਦੇ ਹੱਥੋਂ ਮਾਰਿਆ ਜਾਂਦਾ ਹੈ ਤਾਂ ਕਾਤਲ ਹਿੰਦੂ ਬਣ ਜਾਂਦਾ ਹੈ। ਹਿੰਦੂ ਕੱਟੜਵਾਦ ਕੀ ਇਹ ਚਾਹੁੰਦਾ ਹੈ ਕਿ ਘੱਟ ਗਿਣਤੀ ਦੇ ਲੋਕ ਮਾਰੇ ਜਾਣ ਪਰ ਉਨ੍ਹਾਂ ਦੇ ਕਾਤਲਾਂ ਨੂੰ ਸਜ਼ਾ ਨਾ ਮਿਲੇ ਕਿਉਂਕਿ ਉਹ ਹਿੰਦੂ ਹਨ? ਪਹਿਲੀ ਵਾਰ ਹੈ ਕਿ ਬਹੁਗਿਣਤੀ ਨੂੰ ਡਰਾ ਕੇ, ਨਫ਼ਰਤ ਦੇ ਰਾਹ ਲਿਜਾਇਆ ਜਾ ਰਿਹਾ ਹੈ ਤਾਕਿ ਕੁੱਝ ਲੋਕ ਸੱਤਾ ਤੇ ਕਾਬਜ਼ ਰਹਿ ਸਕਣ। 1947 ਤੋਂ ਪਹਿਲਾਂ ਮੁਸਲਮਾਨ ਡਰਦੇ ਸਨ ਕਿ ਉਨ੍ਹਾਂ ਦੇ ਧਰਮ ਵਿਚ ਦਖ਼ਲਅੰਦਾਜ਼ੀ ਹੋਵੇਗੀ ਅਤੇ ਉਹੀ ਹੋਇਆ। ਤਿੰਨ ਤਲਾਕ ਗ਼ਲਤ ਹੈ, ਇਸ ਵਿਚ ਕੋਈ ਦੋ ਰਾਏ ਨਹੀਂ ਪਰ ਮੁਸਲਮਾਨ ਮਰਦਾਂ ਨੂੰ ਇਸ ਕਾਰਨ ਅਪਰਾਧੀ ਐਲਾਨ ਕਰਨਾ ਗ਼ਲਤ ਹੈ।
ਜੇ ਯੂਨੀਵਰਸਲ ਸਿਵਲ ਕਾਨੂੰਨ ਦੇ ਟੀਚੇ ਸਾਹਮਣੇ ਰੱਖ ਕੇ ਵੇਖੀਏ ਤਾਂ ਹਰ ਭਾਰਤੀ ਮਰਦ ਲਈ ਅਪਣੀ ਪਤਨੀ ਨਾਲ ਬੇਵਫ਼ਾਈ ਜਾਂ ਧੋਖਾ ਕਰਨ ਜਾਂ ਉਸ ਨੂੰ ਛੱਡ ਦੇਣ ਦੀ ਸਜ਼ਾ ਤਿੰਨ ਸਾਲ ਕਰਨੀ ਚਾਹੀਦੀ ਸੀ। ਜਦੋਂ ਚੋਣ-ਮੰਚ ਉਤੇ 2019 ਵਿਚ ਭਾਜਪਾ ਜਾਵੇਗੀ ਤਾਂ ਉਸ ਨੂੰ ਤੈਅ ਕਰਨਾ ਪਵੇਗਾ ਕਿ ਉਨ੍ਹਾਂ ਨੇ ਘੱਟ ਗਿਣਤੀਆਂ-ਮੁਕਤ ਹਿੰਦੂ ਰਾਸ਼ਟਰ ਦਾ ਟੀਚਾ ਵਿਖਾਉਣਾ ਹੈ ਜਾਂ ਅਪਣੇ ਪੰਜ ਸਾਲ ਦੀ ਕਾਰਗੁਜ਼ਾਰੀ ਦੀ ਗੱਲ ਕਰਨੀ ਹੈ। ਨਹਿਰੂ, ਇੰਦਰਾ ਨੂੰ ਇਤਿਹਾਸਕਾਰਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤਾਕਿ ਉਨ੍ਹਾਂ ਦਾ ਅਸਲੀ ਅਕਸ ਸੱਭ ਦੇ ਸਾਹਮਣੇ ਆ ਸਕੇ-ਇਕ ਸ਼ੀਸ਼ੇ ਵਾਂਗ ਜਿਸ ਵਿਚ ਬੜੇ ਸਾਰੇ ਦਾਗ਼ ਵੀ ਸਨ। ਧਿਆਨ ਅੱਜ ਦੀ ਅਪਣੀ ਕਾਰਗੁਜ਼ਾਰੀ ਵਲ ਦੇਣਾ ਚਾਹੀਦਾ ਹੈ ਕਿਉਂਕਿ ਇਤਿਹਾਸ ਕਦੇ ਨਾ ਕਦੇ ਸੱਚ ਸਾਹਮਣੇ ਲਿਆ ਹੀ ਦੇਂਦਾ ਹੈ। -ਨਿਮਰਤ ਕੌਰ