
ਜੇ ਅੱਜ ਅਸੀ ਸੰਗੀਤ ਸੋਮ ਦੀ ਗੱਲ ਮੰਨੀਏ ਤਾਂ ਫਿਰ ਇਤਿਹਾਸ ਵਿਚੋਂ ਤਾਜ ਮਹਿਲ ਹੀ ਨਹੀਂ, ਜੀ.ਟੀ. ਰੋਡ, ਜੋ ਸ਼ੇਰ ਸ਼ਾਹ ਸੂਰੀ ਨੇ ਬਣਾਈ ਸੀ, ਉਸ ਨੂੰ ਵੀ ਮਿਟਾ ਦੇਣਾ ਚਾਹੀਦਾ ਹੈ। ਹਰ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਉਤੇ ਝੰਡਾ ਲਹਿਰਾਉਣ ਵੇਲੇ ਅਸੀ ਇਹ ਕਿਉਂ ਭੁੱਲ ਰਹੇ ਹਾਂ ਕਿ ਉਹ ਵੀ ਸ਼ਾਹਜਹਾਂ ਨੇ ਬਣਾਇਆ ਸੀ? ਫਿਰ ਆਰ.ਐਸ.ਐਸ. ਅਜੰਤਾ ਅਤੇ ਏਲੋਰਾ ਦੀਆਂ ਕਾਮ-ਉਕਸਾਊ ਕਾਮਸੂਤਰ ਉਤੇ ਆਧਾਰਤ ਮੂਰਤੀਆਂ ਨੂੰ ਕਿਉਂ ਨਹੀਂ ਉਜਾਗਰ ਕਰਦਾ ਕਿਉਂਕਿ ਉਹ ਤਾਂ ਹਿੰਦੂ ਰਾਜ ਹੇਠ ਬਣੀਆਂ ਸਨ?
ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮੁਸਲਮਾਨ ਕਲਾਕਾਰਾਂ ਨੇ ਹਿੰਦੂ ਦੇਵੀ-ਦੇਵਤਿਆਂ ਦਾ ਰੋਲ ਨਾਟਕਾਂ ਤੇ ਰਾਮ ਲੀਲਾ ਵਿਚ ਨਿਭਾਇਆ ਹੈ। ਸਕੂਲਾਂ ਵਿਚ ਬੱਚੇ ਸਿੱਖ ਹੋਣ ਜਾਂ ਹਿੰਦੂ, ਦੂਜੇ ਧਰਮਾਂ ਦੇ ਧਾਰਮਕ ਆਗੂਆਂ ਦੇ ਕਿਰਦਾਰ ਨਿਭਾਉਂਦੇ ਆ ਰਹੇ ਹਨ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੁਸਲਮਾਨਾਂ ਵਲੋਂ ਹਿੰਦੂ ਦੇਵੀ ਦੇਵਤਿਆਂ ਦਾ ਰੋਲ ਅਦਾ ਕਰਦਿਆਂ ਦੀਆਂ ਤਸਵੀਰਾਂ ਮੀਡੀਆ ਵਿਚ ਪਾਈਆਂ ਜਾ ਰਹੀਆਂ ਹਨ¸ਸਿਰਫ਼ ਇਹ ਜਤਾਉਣ ਲਈ ਕਿ ਮੁਸਲਮਾਨ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਕਬੂਲਦੇ ਹਨ। ਡਰੇ ਹੋਏ ਮੁਸਲਮਾਨਾਂ ਕੋਲੋਂ ਹੱਥ ਜੁੜਵਾ ਕੇ ਇਤਿਹਾਸ ਦੇ ਤਸੀਹਿਆਂ ਦਾ ਬਦਲਾ ਲੈਣਾ ਸੀ ਤਾਂ ਕਿਉਂ ਨਾ ਆਰ.ਐਸ.ਐਸ. ਦੀ ਸੋਚ ਮੰਨਣ ਵਾਲੇ ਲੋਕਾਂ ਨੇ ਵੰਡ ਵੇਲੇ ਸਾਰੇ ਮੁਸਲਮਾਨਾਂ ਨੂੰ ਦੇਸ਼ ਨਿਕਾਲੇ ਦਾ ਫ਼ਤਵਾ ਜਾਰੀ ਕਰ ਦਿਤਾ? ਅੱਜ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਇਹ ਡਰ ਦਾ ਮਾਹੌਲ, ਭਾਰਤੀ ਸੰਵਿਧਾਨ ਵਿਚ ਦਰਜ ਧਰਮਨਿਰਪੱਖਤਾ ਵਿਰੁਧ ਬਗ਼ਾਵਤ ਕਰਨ ਵਰਗੀ ਗੱਲ ਹੀ ਹੈ।
ਉੱਤਰ ਪ੍ਰਦੇਸ਼ ਵਿਚ ਮੁਸਲਮਾਨਾਂ ਨੇ ਅਯੁਧਿਆ ਉਤੇ ਅਪਣਾ ਹੱਕ ਹੀ ਛੱਡ ਦਿਤਾ ਹੈ ਤਾਕਿ ਉਨ੍ਹਾਂ ਦੇ ਬੱਚੇ ਕੁਰਬਾਨ ਨਾ ਹੋਣ ਪਰ ਦਿਲਾਂ ਵਿਚ ਜ਼ਖ਼ਮ ਜ਼ਰੂਰ ਰਹਿ ਗਏ ਹੋਣਗੇ ਜੋ ਕਦੇ ਨਾ ਕਦੇ ਫੁਟ ਪੈਣ ਲਈ ਮਜਬੂਰ ਹੋ ਵੀ ਸਕਦੇ ਹਨ। ਬਾਬਰੀ ਮਸਜਿਦ ਤੋਂ ਬਾਅਦ ਹੁਣ ਤਾਜ ਮਹਿਲ ਉਤੇ ਤਿੱਖਾ ਵਾਰ ਕੀਤਾ ਜਾ ਰਿਹਾ ਹੈ।2014 ਤੋਂ ਆਰ.ਐਸ.ਐਸ ਨੇ 'ਤਾਜ ਮਹਿਲ' ਦੀ ਉਹ ਗੱਲ ਸ਼ੁਰੂ ਕੀਤੀ ਜਿਸ ਦਾ ਅੱਜ ਤਕ ਕਿਸੇ ਇਤਿਹਾਸ ਵਿਚ ਜ਼ਿਕਰ ਨਹੀਂ ਸੀ ਮਿਲਦਾ। ਭਾਜਪਾ ਦੀ ਲਕਸ਼ਮੀਕਾਂਤ ਵਾਜਪਈ ਨੇ ਆਖਿਆ ਸੀ ਕਿ ਤਾਜ ਮਹਿਲ ਅਸਲ ਵਿਚ ਇਕ ਸ਼ਿਵ ਮੰਦਰ ਸੀ ਜਿਸ ਉਤੇ ਸ਼ਾਹਜਹਾਂ ਨੇ ਨੂਰਜਹਾਨ ਦੀ ਕਬਰ ਬਣਾ ਲਈ। ਇਸ ਬਾਰੇ ਪੂਰੀ ਜਾਂਚ ਵੀ ਹੋਈ ਤੇ 2015 ਵਿਚ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਅਦਾਲਤ ਵਿਚ ਇਸ ਕਹਾਣੀ ਨੂੰ ਨਕਾਰਿਆ।
ਪਰ ਯੋਗੀ ਆਦਿਤਿਆਨਾਥ ਦੀ ਉੱਤਰ ਪ੍ਰਦੇਸ਼ ਵਿਚ ਜਿੱਤ ਨੇ ਇਸ ਵਿਵਾਦ ਦੀ ਅੱਗ ਨੂੰ ਹਵਾ ਦੇ ਦਿਤੀ ਹੈ। ਸ਼ਾਇਦ ਬਾਬਰੀ ਮਸਜਿਦ ਦੀ ਜਿੱਤ ਨੇ ਇਸ ਧੜੇ ਨੂੰ ਹੋਰ ਹਿੰਮਤ ਦੇ ਦਿਤੀ ਹੈ ਤੇ ਉਹ ਹੁਣ ਤਾਜ ਮਹਿਲ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ। ਸੰਗੀਤ ਸੋਮ ਆਖਦੇ ਹਨ ਕਿ ਉਹ ਸ਼ਾਹਜਹਾਂ ਦੇ ਕਿਰਦਾਰ ਨੂੰ ਸ਼ਰਮਨਾਕ ਮੰਨਦੇ ਹਨ ਅਤੇ ਇਤਿਹਾਸ ਨੂੰ ਬਦਲਣਾ ਚਾਹੁੰਦੇ ਹਨ।
ਜੇ ਅੱਜ ਅਸੀ ਸੰਗੀਤ ਸੋਮ ਦੀ ਗੱਲ ਮੰਨੀਏ ਤਾਂ ਫਿਰ ਇਤਿਹਾਸ ਵਿਚੋਂ ਤਾਜ ਮਹਿਲ ਹੀ ਨਹੀਂ, ਜੀ.ਟੀ. ਰੋਡ, ਜੋ ਸ਼ੇਰ ਸ਼ਾਹ ਸੂਰੀ ਨੇ ਬਣਾਈ ਸੀ, ਉਸ ਨੂੰ ਵੀ ਮਿਟਾ ਦੇਣਾ ਚਾਹੀਦਾ ਹੈ। ਹਰ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਉਤੇ ਝੰਡਾ ਲਹਿਰਾਉਣ ਵੇਲੇ ਅਸੀ ਇਹ ਕਿਉਂ ਭੁੱਲ ਰਹੇ ਹਾਂ ਕਿ ਉਹ ਵੀ ਸ਼ਾਹਜਹਾਂ ਨੇ ਬਣਾਇਆ ਸੀ? ਫਿਰ ਆਰ.ਐਸ.ਐਸ. ਅਜੰਤਾ ਅਤੇ ਏਲੋਰਾ ਦੀਆਂ ਕਾਮ-ਉਕਸਾਊ ਕਾਮਸੂਤਰ ਉਤੇ ਆਧਾਰਤ ਮੂਰਤੀਆਂ ਨੂੰ ਕਿਉਂ ਨਹੀਂ ਉਜਾਗਰ ਕਰਦਾ ਕਿਉਂਕਿ ਉਹ ਤਾਂ ਹਿੰਦੂ ਰਾਜ ਹੇਠ ਬਣੀਆਂ ਸਨ? ਫਿਰ ਅੰਗਰੇਜ਼ੀ ਰਾਜ ਹੇਠ ਬਣੇ ਟਰੇਨ ਸਿਸਟਮ ਨੂੰ ਕਿਉਂ ਨਹੀਂ ਭੰਗ ਕੀਤਾ ਜਾ ਰਿਹਾ? ਭਾਰਤ ਜਦੋਂ ਸੋਨੇ ਦੀ ਚਿੜੀ ਸੀ ਤਾਂ ਤੁਰਕਾਂ, ਅਫ਼ਗਾਨਾਂ, ਪੁਰਤਗਾਲੀਆਂ, ਅੰਗਰੇਜ਼ਾਂ ਨੇ ਇਸ ਉਤੇ ਕਬਜ਼ਾ ਕੀਤਾ। ਕੁੱਝ ਲੁੱਟ ਕੇ ਲੈ ਗਏ, ਕੁੱਝ ਹਾਰ ਗਏ ਅਤੇ ਮੁਗ਼ਲ ਭਾਰਤ ਦੇ ਇਤਿਹਾਸ ਦਾ ਹਿੱਸਾ ਬਣ ਗਏ।
ਜਿਹੜੀ ਕੌਮ ਭਾਰਤ ਦਾ ਹਿੱਸਾ ਬਣ ਕੇ ਉਸ ਦੇ ਵਿਕਾਸ ਵਿਚ ਨਾਲ ਨਾਲ ਰਹੀ, ਅੱਜ ਉਸ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਇਨ੍ਹਾਂ ਆਗੂਆਂ ਨੂੰ ਅੰਗਰੇਜ਼ਾਂ ਬਾਰੇ ਇਤਰਾਜ਼ ਕਿਉਂ ਨਹੀਂ ਤੇ ਉਨ੍ਹਾਂ ਵਲੋਂ ਕਾਇਮ ਕੀਤੀਆਂ ਯਾਦਗਾਰਾਂ ਬਾਰੇ ਕਿਉਂ ਨਹੀਂ ਬੋਲਦੇ?
ਆਰ.ਐਸ.ਐਸ. ਭਾਜਪਾ ਨੂੰ ਭਾਰਤ ਨੇ ਇਕ ਸੁਨਹਿਰੀ ਮੌਕਾ ਦਿਤਾ ਸੀ ਕਿ ਉਹ ਦੇਸ਼ ਦੇ ਵਿਕਾਸ ਨੂੰ ਇਕ ਨਵੀਂ ਸੋਚ ਦੇ ਸਕਣ। ਜਨਤਾ ਨੇ ਸੋਚਿਆ ਸ਼ਾਇਦ ਕਾਂਗਰਸ ਦੀਆਂ ਕਮੀਆਂ ਨੂੰ ਭਾਜਪਾ ਪੂਰੀਆਂ ਕਰ ਸਕੇਗੀ। ਪਰ ਜਿਸ ਤਰ੍ਹਾਂ ਦੀ ਚਰਚਾ ਅੱਜ ਚਲ ਰਹੀ ਹੈ, ਉਹ ਭਾਰਤ ਨੂੰ ਪਿੱਛੇ ਵਲ ਲਿਜਾ ਰਹੇ ਹਨ। 14 ਫ਼ੀ ਸਦੀ ਆਬਾਦੀ ਕੋਲੋਂ 79.8 ਫ਼ੀ ਸਦੀ ਵਾਲੀ ਬਹੁਗਿਣਤੀ ਕੌਮ ਨੂੰ ਕਾਹਦਾ ਖ਼ਤਰਾ? ਜਿਥੇ ਧਿਆਨ ਗ਼ਰੀਬ ਅਤੇ ਪਛੜੀਆਂ ਜਾਤਾਂ ਨੂੰ ਉਪਰ ਚੁੱਕਣ ਵਲ ਲਾਉਣ ਦੀ ਜ਼ਰੂਰਤ ਹੈ, ਅੱਜ ਭਾਰਤ ਅਪਣੇ ਇਤਿਹਾਸ ਨੂੰ ਬਦਲਣ ਤੇ ਲੱਗਾ ਹੋਇਆ ਹੈ। ਸਾਡਾ ਭਵਿੱਖ ਸਾਡੇ ਇਤਿਹਾਸ ਤੇ ਨਹੀਂ ਬਲਕਿ ਅੱਜ ਦੇ ਕਰਮਾਂ ਉਤੇ ਨਿਰਭਰ ਕਰੇਗਾ। ਅਫ਼ਸੋਸ ਕਿ ਅੱਜ ਹਵਾ ਵਿਚ ਲਹਿਰਾ ਰਹੇ ਫ਼ਿਰਕੂ ਨਾਹਰੇ ਭਾਰਤ ਦੇ ਕਲ ਨੂੰ ਕਮਜ਼ੋਰ ਹੀ ਕਰ ਸਕਦੇ ਹਨ। -ਨਿਮਰਤ ਕੌਰ