ਸ਼੍ਰੀਦੇਵੀ ਦੀ ਬੇਵਕਤ ਮੌਤ ਤੇ ਔਰਤ ਦੇ ਜੀਵਨ ਵਿਚ ਵਧਦਾ ਤਣਾਅ
Published : Feb 27, 2018, 1:50 am IST
Updated : Feb 26, 2018, 8:20 pm IST
SHARE ARTICLE

ਇਸ ਕਦਰ ਗੁਣੀ, ਮਜ਼ਬੂਤ, ਅੰਦਰੂਨੀ ਸ਼ਕਤੀ ਤੇ ਖ਼ੂਬਸੂਰਤੀ ਨਾਲ ਸਰਸ਼ਾਰ ਸ਼੍ਰੀਦੇਵੀ ਨੂੰ ਤਣਾਅ ਕਿਸ ਗੱਲ ਦਾ ਸੀ? ਉਸ ਕੋਲ ਪੈਸਾ, ਪਿਆਰ, ਸ਼ੋਹਰਤ, ਸੱਭ ਕੁੱਝ ਤਾਂ ਸੀ। 1987 ਵਿਚ ਇਕ ਇੰਟਰਵਿਊ ਦੌਰਾਨ ਸ਼੍ਰੀਦੇਵੀ ਨੇ ਕਿਹਾ ਸੀ ਕਿ ਉਸ ਨੂੰ ਸਾਦਗੀ ਵਿਚ ਤੇ ਘਰ ਵਿਚ ਪ੍ਰਵਾਰ ਨਾਲ ਰਹਿਣਾ ਪਸੰਦ ਹੈ। ਉਸ ਦਾ ਦਿਲ ਕਰਦਾ ਸੀ ਕਿ ਅਪਣਾ ਸਮਾਨ ਖ਼ਰੀਦਣ ਲਈ ਉਹ ਖ਼ੁਦ ਬਾਜ਼ਾਰ ਜਾਵੇ ਪਰ ਇਹ ਹੁਣ ਮੁਮਕਿਨ ਨਹੀਂ ਸੀ ਰਿਹਾ।
ਸ਼੍ਰੀਦੇਵੀ ਦੀ, 54 ਸਾਲ ਦੀ ਉਮਰ ਵਿਚ ਹੋਈ ਬੇਵਕਤ ਮੌਤ ਨਾਲ ਉਸ ਦੇ ਕਰੋੜਾਂ ਪਿਆਰ ਕਰਨ ਵਾਲਿਆਂ ਨੂੰ ਦੁੱਖ ਤਾਂ ਲੱਗਾ ਹੀ ਹੈ ਪਰ ਇਸ ਬੇਵਕਤ ਮੌਤ ਨੂੰ ਵੇਖ ਕੇ ਔਰਤਾਂ ਦੇ ਜੀਵਨ ਵਿਚ ਵਧਦੇ ਜਾ ਰਹੇ ਤਣਾਅ ਉਤੇ ਵੀ ਨਜ਼ਰ ਮਾਰਨੀ ਜ਼ਰੂਰੀ ਹੋ ਜਾਂਦੀ ਹੈ। ਇਕ ਮੁਕੰਮਲ ਜ਼ਿੰਦਗੀ ਦਾ ਪ੍ਰਤੀਕ ਮੰਨੀ ਜਾਣ ਵਾਲੀ ਸ਼੍ਰੀਦੇਵੀ ਅਸਲ ਵਿਚ ਜ਼ਰੂਰ ਕਿਸੇ ਵੱਡੇ ਤਣਾਅ ਵਿਚੋਂ ਲੰਘ ਰਹੀ ਹੋਵੇਗੀ। ਸੱਭ ਕੁੱਝ ਹੁੰਦਿਆਂ ਵੀ ਉਸ ਕੋਲ ਕੁੱਝ ਵੀ ਨਹੀਂ ਅਰਥਾਤ ਅਜਿਹਾ ਕੁੱਝ ਨਹੀਂ ਹੋਵੇਗਾ ਜਿਸ ਨਾਲ ਉਸ ਦੇ ਮਨ ਨੂੰ ਸੰਤੁਸ਼ਟੀ ਹੋ ਸਕਦੀ ਹੁੰਦੀ। ਉਹ ਯਕੀਨਨ ਭਾਰਤ ਦੀ ਸੱਭ ਤੋਂ ਖ਼ੂਬਸੂਰਤ ਅਦਾਕਾਰਾ ਸੀ। ਉਸ ਕੋਲ ਹਿੰਦੀ ਫ਼ਿਲਮ ਜਗਤ ਵਿਚ ਔਰਤਾਂ ਵਲੋਂ ਨਿਭਾਏ ਜਾਣ ਵਾਲੇ ਕਿਰਦਾਰ ਦੀ ਪ੍ਰੀਭਾਸ਼ਾ ਨੂੰ ਬਦਲਣ ਦੀ ਸੋਚ ਵੀ ਸੀ ਤੇ ਸਾਹਸ ਵੀ ਸੀ। ਭਾਵੇਂ ਹਿੰਦੀ ਫ਼ਿਲਮ ਜਗਤ ਵਿਚ ਪਹਿਲੀ ਕਾਮਯਾਬੀ ਉਸ ਨੂੰ ਪੁਰਾਣੀ ਖ਼ੂਬਸੂਰਤ ਪੁਤਲੀ ਦੇ ਕਿਰਦਾਰ ਵਜੋਂ ਮਿਲੀ ਸੀ ਪਰ ਉਸ ਨੇ ਅਪਣੇ ਹੁਨਰ ਦੇ ਬਲ ਉਤੇ ਵੱਖ-ਵੱਖ ਕਿਰਦਾਰ ਨਿਭਾਉਣ ਦੀ ਲਗਨ ਨਾ ਛੱਡੀ। ਉਸ ਨੇ ਸਦਮਾ, ਚਾਂਦਨੀ, ਗੁਮਰਾਹ ਵਰਗੀਆਂ ਫ਼ਿਲਮਾਂ ਉਸ ਵੇਲੇ ਕੀਤੀਆਂ ਜਦ ਹੋਰ ਕੋਈ ਅਦਾਕਾਰਾ ਭਾਰਤੀ ਫ਼ਿਲਮੀ ਜਗਤ ਵਲੋਂ ਸੌਂਪੇ ਕਠਪੁਤਲੀ ਦੇ ਰੋਲ ਤੋਂ ਏਧਰ ਔਧਰ ਹੋਣ ਬਾਰੇ ਸੋਚ ਵੀ ਨਹੀਂ ਸਕਦੀ ਸੀ। ਸ਼੍ਰੀਦੇਵੀ ਸਾਹਮਣੇ ਮਾਧੁਰੀ ਦੀਕਸ਼ਤ ਦੀ ਚੜ੍ਹਤ ਸੀ ਜਿਸ ਨੇ ਅਸ਼ਲੀਲਤਾ ਨੂੰ ਗਿਰਾਵਟ ਦਾ ਸਿਲਸਲਾ ਸ਼ੁਰੂ ਕਰਨ ਵਿਚ ਖ਼ੂਬ ਹੱਥ ਵਟਾਇਆ। ਪਰ ਸ਼੍ਰੀਦੇਵੀ ਨੇ ਉਸ ਵਕਤ ਵੀ ਅਪਣੇ ਕਿਰਦਾਰ ਨੂੰ ਅਸ਼ਲੀਲਤਾ ਵਲ ਨਹੀਂ ਜਾਣ ਦਿਤਾ। ਪ੍ਰੇਮ ਵਿਆਹ ਤੋਂ ਬਾਅਦ ਉਹ ਅਪਣੇ ਬੱਚਿਆਂ ਦੇ ਪਾਲਣ ਪੋਸਣ ਵਿਚ ਮਸਰੂਫ਼ ਹੋ ਗਈ ਜੋ ਕਿ ਉਸ ਦੇ ਜੀਵਨ ਦਾ ਅਪਣਾ ਸੁਪਨਾ ਸੀ। ਇਸ ਕਦਰ ਗੁਣੀ, ਮਜ਼ਬੂਤ, ਅੰਦਰੂਨੀ ਸ਼ਕਤੀ ਤੇ ਖ਼ੂਬਸੂਰਤੀ ਨਾਲ ਸਰਸ਼ਾਰ ਸ਼੍ਰੀਦੇਵੀ ਨੂੰ ਤਣਾਅ ਕਿਸ ਗੱਲ ਦਾ ਸੀ? ਉਸ ਕੋਲ ਪੈਸਾ, ਪਿਆਰ, ਸ਼ੋਹਰਤ, ਸੱਭ ਕੁੱਝ ਤਾਂ ਸੀ। 1987 ਵਿਚ ਇਕ ਇੰਟਰਵਿਊ ਦੌਰਾਨ ਸ਼੍ਰੀਦੇਵੀ ਨੇ ਕਿਹਾ ਸੀ ਕਿ ਉਸ ਨੂੰ ਸਾਦਗੀ ਵਿਚ ਤੇ ਘਰ ਪ੍ਰਵਾਰ ਨਾਲ ਰਹਿਣਾ ਪਸੰਦ ਸੀ। ਉਸ ਦਾ ਦਿਲ ਕਰਦਾ ਸੀ ਕਿ ਅਪਣਾ ਸਮਾਨ ਖ਼ਰੀਦਣ ਉਹ ਖ਼ੁਦ ਬਾਜ਼ਾਰ ਜਾਵੇ ਪਰ ਇਹ ਹੁਣ ਮੁਮਕਿਨ ਨਹੀਂ ਸੀ ਰਿਹਾ ਤੇ ਉਸ ਦੀ ਹਰ ਫ਼ਰਮਾਇਸ਼ ਘਰ ਵਿਚ ਹੀ ਪੂਰੀ ਹੋ ਜਾਂਦੀ ਸੀ। ਪਰ ਜਦ ਵੀ ਉਸ ਨੂੰ ਕਦੇ ਬਾਜ਼ਾਰ ਜਾ ਕੇ ਅਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲਦਾ ਤਾਂ ਉਹ ਅਜਿਹਾ ਕਰਨ ਵਿਚ ਸਫ਼ਲ ਨਾ ਹੁੰਦੀ ਕਿਉਂਕਿ ਉਹ ਅਪਣੇ ਆਪ ਨੂੰ ਹੀ ਭੁੱਲ ਗਈ ਸੀ। ਉਹ ਅਪਣੀ ਨਕਲੀ ਜ਼ਿੰਦਗੀ ਵਿਚ ਗਵਾਚ ਕੇ ਅਪਣੀ ਸਾਦਗੀ ਵਿਚ ਘਬਰਾਹਟ ਮਹਿਸੂਸ ਕਰਨ ਲੱਗ ਪਈ ਸੀ।


ਜ਼ਾਹਰ ਹੈ ਇਨ੍ਹਾਂ 30 ਸਾਲਾਂ ਵਿਚ, ਉਹ ਅਪਣੇ ਆਪ ਨੂੰ ਭੁਲਾ ਕੇ, ਪਰਦੇ ਦੇ ਕਿਰਦਾਰਾਂ ਨਾਲ ਅਪਣੇ ਆਪ ਨੂੰ ਜੋੜ ਬੈਠੀ ਸੀ। ਅੱਜ ਵੀ ਉਹ 30 ਸਾਲ ਤੋਂ ਵੱਧ ਉਮਰ ਦੀ ਨਹੀਂ ਲਗਦੀ ਸੀ। ਪਰ ਇਸ ਤਰ੍ਹਾਂ ਲਗਣਾ ਕੁਦਰਤੀ ਨਹੀਂ ਸੀ। ਉਸ ਵਾਸਤੇ ਮਿਹਨਤ ਦੇ ਨਾਲ-ਨਾਲ ਉਸ ਨੂੰ ਬਹੁਤ ਸਾਰੀਆਂ ਸਰਜਰੀਆਂ ਕਰਵਾਉਣੀਆਂ ਪਈਆਂ ਹੋਣਗੀਆਂ। ਉਸ ਨੇ ਜ਼ਿੰਦਗੀ ਨਾਲ ਰਿਸ਼ਤਾ ਤੋੜ ਕੇ ਸ਼ਾਇਦ ਅਪਣੇ ਆਈਨੇ ਨਾਲ ਜੋੜ ਲਿਆ ਹੋਵੇਗਾ। ਉਸ ਨੂੰ ਅਪਣੇ ਘਰ ਵਿਚ ਮਿਲਦੇ ਪਿਆਰ ਨਾਲ ਸੰਤੁਸ਼ਟੀ ਨਹੀਂ ਮਿਲਦੀ ਹੋਵੇਗੀ ਪਰ ਅਪਣੀ ਖ਼ੂਬਸੂਰਤ ਛਵੀ ਬਰਕਰਾਰ ਰੱਖਣ ਦੀ ਮਜਬੂਰੀ ਉਸ ਦਾ ਰਾਹ ਰੋਕ ਬੈਠੀ ਹੋਵੇਗੀ। ਤੇ ਇਹ ਕਹਾਣੀ ਅੱਜ ਦੀਆਂ ਕਿੰਨੀਆਂ ਹੀ ਔਰਤਾਂ ਦੀ ਹੈ ਜੋ ਭਾਵੇਂ ਮਸ਼ਹੂਰ ਅਦਾਕਾਰਾ ਨਾ ਹੋਣ ਪਰ ਅਪਣੀ ਖ਼ੂਬਸੂਰਤੀ ਨੂੰ ਅਪਣਾ ਗੁਣ ਮੰਨਦੀਆਂ ਹਨ ਤੇ ਸਾਡੇ ਸਮਾਜ ਵਿਚ ਵੀ ਇਹੀ ਸੋਚ ਹੈ ਜੋ ਔਰਤਾਂ ਦੀ ਦਿਖ ਨੂੰ ਪਹਿਲ ਦੇਂਦਾ ਹੈ।
ਪਹਿਲੀ ਗੱਲ ਹੀ ਕਿਸੇ ਕੁੜੀ ਬਾਰੇ ਇਹ ਆਖੀ ਜਾਂਦੀ ਹੈ ਕਿ ਉਹ ਕਿੰਨੀ ਸੋਹਣੀ ਹੈ। ਕਦੇ ਸੋਹਣੇ ਹੋਣਾ ਰੱਬ ਦੀ ਮਿਹਰ ਮੰਨਿਆ ਜਾਂਦਾ ਹੋਵੇਗਾ ਪਰ ਅੱਜ ਦੇ ਦਿਨ ਖ਼ੂਬਸੂਰਤੀ ਵੀ ਬਾਜ਼ਾਰ ਵਿਚ ਮਿਲਦੀ ਹੈ। ਗੱਲ੍ਹਾਂ ਵਿਚ ਟੋਏ, ਪਤਲੀ ਕਮਰ, ਤਿੱਖਾ ਨੱਕ, ਸੱਭ ਕੁੱਝ ਬਾਜ਼ਾਰ ਵਿਚ ਮਿਲਦਾ ਹੈ ਤੇ ਨਾਲ ਹੀ ਅਪਣੀ ਜਵਾਨੀ ਨੂੰ ਦੇਰ ਤਕ ਰੋਕੀ ਰੱਖਣ ਦੇ ਤਰੀਕੇ ਵੀ। ਢਲਦੀ ਉਮਰ ਦੀਆਂ ਨਿਸ਼ਾਨੀਆਂ ਨੂੰ ਹੁਣ ਕੁੱਝ ਚਿਰ ਲਈ ਰੋਕਿਆ ਜ਼ਰੂਰ ਜਾ ਸਕਦਾ ਹੈ। ਜੇ ਤਕਨੀਕੀ ਵਾਧੇ ਨਾਲ ਸੂਰਜ ਨੂੰ ਡੁੱਬਣ ਤੋਂ ਰੋਕੇ ਜਾਣ ਦਾ ਮੌਕਾ ਮਿਲਿਆ ਤਾਂ ਇਨਸਾਨ ਉਹ ਵੀ ਕਰਨ ਬਾਰੇ ਸੋਚ ਸਕਦਾ ਹੈ। ਤੇ ਔਰਤਾਂ, ਸਮਾਜ ਵਲੋਂ ਮਿਲਦੀ ਵਾਹ-ਵਾਹ ਲੁੱਟਣ ਖ਼ਾਤਰ ਇਸ ਖ਼ੂਬਸੂਰਤੀ ਦੇ ਕਾਰੋਬਾਰ ਵਿਚ ਹੀ ਧਸਦੀਆਂ ਤੇ ਮਰਦੀਆਂ ਜਾ ਰਹੀਆਂ ਹਨ। ਨਕਲੀ ਖ਼ੂਬਸੂਰਤੀ ਸਾਡੇ ਹਰ ਪਾਸੇ ਛਾਈ ਹੋਈ ਹੈ, ਪਰ ਹੁਣ ਇਹ ਏਨੀ ਤਾਕਤਵਰ ਬਣਦੀ ਜਾ ਰਹੀ ਹੈ ਕਿ ਗੁਣਾਂ ਨਾਲ ਭਰਪੂਰ ਸ਼੍ਰੀਦੇਵੀ ਵੀ ਇਸ ਤੋਂ ਖਹਿੜਾ ਨਾ ਛੁਡਾ ਸਕੀ ਜੋ ਅੰਦਰੋਂ ਧੁਖ ਰਹੇ ਦਿਲ ਨੂੰ ਝਪਟਾ ਮਾਰ ਕੇ ਲੈ ਗਈ ਤੇ ਕਿਸੇ ਨੂੰ ਬਾਹਰ ਤੇ ਅੰਦਰ ਵਿਚਲੇ ਫ਼ਰਕ ਦਾ ਵੀ ਪਤਾ ਨਾ ਲੱਗ ਸਕਿਆ।       -ਨਿਮਰਤ ਕੌਰ

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement