ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਪਹੁਦਰੀਆਂ ਬਨਾਮ ਸ਼ਰਧਾਲੂ ਸੰਗਤਾਂ
Published : Jan 3, 2018, 12:55 am IST
Updated : Jan 3, 2018, 12:18 am IST
SHARE ARTICLE

1925 ਦੇ ਗੁਰਦਵਾਰਾ ਐਕਟ ਅਧੀਨ ਸੰਵਿਧਾਨ ਵਲੋਂ ਪ੍ਰਵਾਨਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬੜੀ ਲੰਮੀ ਘਾਲਣਾ, ਸੰਘਰਸ਼, ਜੱਦੋਜਹਿਦ, ਕੁਰਬਾਨੀਆਂ ਅਤੇ ਦੁਸ਼ਵਾਰੀਆਂ ਪਿੱਛੋਂ ਹੋਂਦ ਵਿਚ ਆਈ ਸੀ। ਧਰਮ ਦੇ ਪ੍ਰਸਾਰ, ਗੁਰਧਾਮਾਂ ਦੀ ਸੰਭਾਲ ਅਤੇ ਦੂਜੇ ਸਿੱਖ ਮਸਲਿਆਂ ਵਿਚ ਇਸ ਦੀਆਂ ਮਾਅਰਕੇਦਾਰ ਪ੍ਰਾਪਤੀਆਂ, ਸ਼ਾਨਦਾਰ ਇਤਿਹਾਸ ਅਤੇ ਵਿਲੱਖਣ ਗਤੀਵਿਧੀਆਂ ਦੀ ਸੂਚੀ ਬਿਨਾਂ ਸ਼ੱਕ ਬਹੁਤ ਲੰਮੀ ਹੈ। ਇਸ ਦਾ ਅਤੀਤ ਵਾਕਈ ਮਾਣਯੋਗ ਰਿਹਾ ਹੈ, ਜਦੋਂ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਅਤੇ ਗਿ. ਕਰਤਾਰ ਸਿੰਘ ਵਰਗੇ ਨਿਸ਼ਕਾਮ ਆਗੂ ਇਸ ਦੇ ਰੂਹੇ-ਰਵਾਂ ਰਹੇ। ਪਰ ਹੁਣ ਇਸ ਦੇ ਧੁੰਦਲੇ ਭਵਿੱਖ ਦੀ ਨਿਸ਼ਾਨਦੇਹੀ ਸਹਿਜੇ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਦਾ ਵਰਤਮਾਨ ਡਾਹਢਾ ਸਿਆਸੀ, ਸਾਜ਼ਸ਼ੀ, ਨਿਰਾਸ਼ਾਜਨਕ, ਅਫ਼ਸੋਸਨਾਕ, ਦੁਖਦਾਇਕ, ਬੇਤਰਤੀਬਾ ਆਪਹੁਦਰਾ, ਭਾਈਭਤੀਜਾਵਾਦੀ, ਹਉਮੈਗ੍ਰਸਤ, ਗ਼ੈਰਸੰਗਤੀ ਅਤੇ ਪਿਛਾਂਹਖਿੱਚੂ ਹੋ ਚੁੱਕਾ ਹੈ, ਜਿਥੇ ਬਾਜ਼ਮੀਰ ਬੰਦੇ ਦਾ ਟਿਕ ਸਕਣਾ ਹੁਣ ਸੰਭਵ ਹੀ ਨਹੀਂ ਰਿਹਾ। 

ਸੰਸਾਰ ਦੇ ਸੱਭ ਤੋਂ ਤਾਜ਼ਾਤਰੀਨ, ਨਵੇਂ, ਆਧੁਨਿਕ, ਬ੍ਰਹਿਮੰਡੀ, ਆਲਮੀ, ਅਜ਼ੀਮ ਅਤੇ ਸਰਬਸਾਂਝੇ ਧਰਮ ਦੀ ਪ੍ਰਤੀਨਿਧ ਸੰਸਥਾ ਇਕੋ-ਇਕ ਪ੍ਰਵਾਰ ਦੀ ਹੱਥਠੋਕਾ ਬਣ ਕੇ ਨਿੱਤ ਦਿਹਾੜੇ ਸਿੱਖਾਂ ਦੀ ਜੱਗਹਸਾਈ ਕਰਵਾਏ, ਝੂਠੇ, ਹੁਕਮਨਾਮੇ ਜਾਰੀ ਕਰਵਾਏ, ਹੁਕਮਨਾਮੇ ਮੁੜਵਾਏ, ਕੁਰਸੀਆਂ ਦੀ ਸਲਾਮਤੀ ਲਈ ਗਿੜਗਿੜਾਉਂਦੀ ਫਿਰੇ, ਪੰਥਕ ਮਰਿਆਦਾਵਾਂ ਉਲੰਘ ਕੇ ਪੰਥ ਨੂੰ ਸ਼ਰਮਸਾਰ ਕਰੇ, ਇਹ ਇਸ ਦਾ ਅਜੋਕਾ ਮੰਜ਼ਰ ਹੈ। ਕਿੱਥੇ ਅਲੋਪ ਹੋ ਗਏ ਅੱਜ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਜਿਹੜੇ ਵੇਲੇ ਦੇ ਮਹਾਰਾਜੇ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾ ਕੇ ਕੋਰੜਿਆਂ ਦੀ ਸਜ਼ਾ ਦੇ ਸਕਦੇ ਸਨ? ਸਾਡੇ ਮੌਜੂਦਾ ਜਥੇਦਾਰਾਂ ਦਾ ਕਿਰਦਾਰ ਸਾਡੇ ਸਭਨਾਂ ਦੇ ਸਾਹਮਣੇ ਹੈ ਜੋ ਇਸ ਵੱਕਾਰੀ ਸੰਸਥਾ ਦੇ ਮੁਖੀ, ਮੈਂਬਰਾਂ ਜਾਂ ਦੁਨੀਆਂ ਦੇ ਸਿੱਖਾਂ ਨੂੰ ਇਕ ਸਹੀ, ਸੱਚਾ ਅਤੇ ਸੁੱਚਾ ਪੰਥਕ ਸੁਨੇਹਾ ਵੀ ਨਹੀਂ ਦੇ ਰਹੇ ਜਿਸ ਕਰ ਕੇ ਅਮਰੀਕਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਨੇਕ ਦੇਸੀ-ਵਿਦੇਸ਼ੀ ਸਿੱਖ ਕਮੇਟੀਆਂ ਇਸ ਤੋਂ ਬਾਗ਼ੀ ਹੋ ਚੁੱਕੀਆਂ ਹਨ। ਇਨ੍ਹਾਂ ਵਲੋਂ ਜਾਰੀ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਹਨ।

ਦਾਸਰੀ ਪੰਥ ਦੀ ਵੀਰਾਂਗਣਾਂ ਸਿੰਘਣੀ ਅਤੇ ਜਾਂਬਾਜ਼ ਮਾਈ ਭਾਗੋ ਜੀ ਦੇ ਨਾਂ ਤੇ ਸੰਸਥਾ ਬਣਾ ਕੇ ਸਿੱਖ ਪਨੀਰੀ ਨੂੰ ਸਿੱਖੀ, ਗੁਰਮਤਿ, ਨੈਤਿਕਤਾ ਅਤੇ ਨਸ਼ਾਬੰਦੀ ਲਈ ਪ੍ਰੇਰਿਤ ਕਰਨ ਲਈ ਪਿਛਲੇ ਤੇਰਾਂ ਵਰ੍ਹਿਆਂ ਤੋਂ ਕਾਰਜਸ਼ੀਲ ਅਤੇ ਸੰਘਰਸ਼ਸ਼ੀਲ ਹੈ। ਅਪਣੀ 'ਕਲਾਸ ਵਨ ਗਜ਼ਟਿਡ' ਸਰਕਾਰੀ ਨੌਕਰੀ ਨੂੰ ਛੇ ਸਾਲ ਪਹਿਲਾਂ ਤਿਆਗ ਕੇ ਇਸ ਨਿਸ਼ਕਾਮ ਸੇਵਾ ਨਾਲ ਜੁੜਣਾ ਸਤਿਗੁਰੂ ਸਾਹਿਬਾਨ ਦੇ ਆਸ਼ੀਰਵਾਦ ਦਾ ਸੰਸਾਰੀ ਕ੍ਰਿਸ਼ਮਾ ਮੰਨਦੀ ਹੈ। ਇਸੇ ਕਰ ਕੇ ਤੀਹ-ਪੈਂਤੀ ਸਾਲ ਦੇ ਲੇਖਣ-ਕਰੀਅਰ (ਵੀਹ-ਪੰਝੀ ਕਿਤਾਬਾਂ ਦੀ ਲੇਖਿਕਾ ਹੋਣ ਦੇ ਬਾਵਜੂਦ) ਨੂੰ ਪਰਾਂ ਵਗਾਹ ਕੇ ਹਰ ਵੇਲੇ ਪੰਥ ਦੀ ਚੜ੍ਹਦੀ ਕਲਾ ਲਈ ਸੋਚਣਾ, ਵਿਚਾਰਨਾ, ਯਤਨਸ਼ੀਲ ਰਹਿਣਾ ਮੇਰੇ ਜੀਵਨ ਦਾ ਇਕੋ ਇਕ ਟੀਚਾ ਰਹਿ ਗਿਆ ਹੈ।ਇਹ ਸਤਰਾਂ ਝਰੀਟ ਹੀ ਰਹੀ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇਕ ਖ਼ਬਰ ਅਖ਼ਬਾਰ ਵਿਚੋਂ ਪੜ੍ਹਨ ਨੂੰ ਮਿਲੀ ਜਿਸ ਦਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ। 


ਮੌਜੂਦਾ ਸਰਕਾਰ ਵਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਹੋਈਆਂ-ਬੀਤੀਆਂ ਦੀ ਟੋਹ ਲਾਉਣ ਲਈ ਨਿਯੁਕਤ ਕੀਤਾ ਕਮਿਸ਼ਨ 122 ਘਟਨਾਵਾਂ ਦੀ ਵਿਸਤ੍ਰਿਤ ਜਾਂਚ ਦਾ ਕੰਮ ਕਰ ਰਿਹਾ ਹੈ ਜਿਸ ਨੇ ਲਹੂ ਭਿੱਜੇ ਬਰਗਾੜੀ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਗੁਰੂਸਰ ਅਤੇ ਮਲਕੇ (ਮੋਗਾ) ਆਦਿ ਸਥਾਨਾਂ ਤੋਂ ਗਹਿਰੀ ਛਾਣਬੀਣ ਕਰ ਕੇ ਗਵਾਹੀਆਂ ਇਕੱਤਰ ਕੀਤੀਆਂ ਹਨ। ਇਨ੍ਹਾਂ ਘਟਨਾਵਾਂ ਦਾ ਸਿੱਧਾ ਸਬੰਧ ਨਿਰਸੰਦੇਹ ਝੂਠੇ ਸੌਦੇ (ਸੱਚੇ ਸੌਦੇ ਦਾ ਨਾਂ ਬਦਨਾਮ ਕਰਦਿਆਂ) ਵਾਲਿਆਂ ਦੀਆਂ ਕਰਤੂਤਾਂ ਨਾਲ ਹੀ ਹੈ ਜਿਨ੍ਹਾਂ ਨਾਲ ਸਾਡੇ ਅਪਣੇ ਆਕਾ ਘਿਉ-ਖਿਚੜੀ ਰਹੇ ਹਨ ਅਤੇ ਅੱਜ ਵੀ ਜਿਨ੍ਹਾਂ ਦਾ ਪਾਣੀ ਭਰਦੇ ਹਨ।ਸੁਹਿਰਦ ਪਾਠਕੋ! ਬਿਨਾਂ ਸ਼ੱਕ, ਸ੍ਰੀ ਅਕਾਲ ਤਖ਼ਤ ਸਾਡੇ ਸੱਭ ਲਈ ਮਹਾਨ ਹਨ, ਮੁਕੱਦਸ ਹਨ ਅਤੇ ਸੁਪਰੀਮ ਵੀ। ਪਰ ਕੀ ਘਿਨਾਉਣੀਆਂ ਗੱਲਾਂ ਕਰਨ ਵਾਲੇ ਇਸ ਦੇ ਕਾਬਜ਼ ਜਥੇਦਾਰਾਂ ਨੇ ਇਸ ਨੂੰ ਪਲੀਤ ਕਰਨ 'ਚ ਕੋਈ ਕਸਰ ਬਾਕੀ ਛੱਡੀ ਹੈ ਭਲਾ? ਸੌਦਾ ਸਾਧ ਨੂੰ ਅੰਦਰਖਾਤੇ ਮਾਫ਼ ਕਰ ਕੇ, ਹੱਥ ਠੋਕੇ 55 ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਮਾਫ਼ੀਨਾਮੇ ਅਤੇ ਮਤਾ ਪਾਸ ਕਰਵਾ ਕੇ ਅਤੇ 91 ਲੱਖ ਦੇ ਅਖ਼ਬਾਰੀ ਇਸ਼ਤਿਹਾਰ ਦੇ ਕੇ ਜਿਹੜਾ ਦਗ਼ਾ ਪੰਥ ਨੂੰ ਦਿਤਾ ਗਿਆ ਹੈ ਉਸ ਦਾ ਹਿਸਾਬ ਕੌਣ ਦੇਵੇਗਾ? ਕੀ ਅਸੀ ਅਜਿਹੇ ਕੁਕਰਮੀਆਂ ਨੂੰ ਫਿਰ ਅਪਣੀ ਮਿੰਨੀ ਸਿੱਖ ਪਾਰਲੀਮੈਂਟ ਲਈ ਚੁਣ ਕੇ ਗੁਰੂ ਪਾਤਿਸ਼ਾਹੀਆਂ ਦੀ ਦਲੇਰਾਨਾ ਸੋਚ ਅਤੇ ਬੁਲੰਦ ਸੰਦੇਸ਼ ਨੂੰ ਮਿੱਟੀ ਘੱਟੇ ਵਿਚ ਰੋਲਾਂਗੇ?ਮੇਰੇ ਪਿਛਲੇ ਲੇਖ 'ਬੇਅਦਬੀ ਦੇ ਅਸਲ ਜ਼ਿੰਮੇਵਾਰ' ਨੂੰ ਪੜ੍ਹ ਕੇ ਤਰਨ ਤਾਰਨ ਤੋਂ ਇਕ ਦੁਖੀ ਅੰਮ੍ਰਿਤਧਾਰੀ ਗੁਰਸਿੱਖ ਵੀਰ ਦਾ ਫ਼ੋਨ (ਸੈਂਕੜੇ ਹੋਰ ਫ਼ੋਨਾਂ ਵਾਂਗ) ਆਇਆ ਜਿਸ ਨੇ ਅਪਣੀ ਹੱਡਬੀਤੀ ਦਸਦਿਆਂ ਮੈਨੂੰ ਅਪਣਾ ਅਕਹਿ ਅਤੇ ਅਸਹਿ ਦਰਦ ਹੇਠਾਂ ਦਿਤੇ ਲੇਖ ਰਾਹੀÎਂ ਸਰਬਸਾਂਝਾ ਕਰਨ ਲਈ ਬੇਨਤੀ ਕੀਤੀ।

ਇਸ ਤੋਂ ਪਹਿਲਾਂ ਕਿ ਮੈਂ ਉਸ ਵੀਰ ਅੰਦਰਲਾ ਦਰਦ ਹੂ-ਬ-ਹੂ ਤੁਹਾਡੇ ਸਾਹਮਣੇ ਰੱਖਾਂ, ਕੁੱਝ ਕੁ ਉਦਾਹਰਣਾਂ ਮੈਂ ਤੁਹਾਡੀ ਸਰਦਲ ਤੇ ਹੋਰ ਰਖਣੀਆਂ ਚਾਹੁੰਦੀ ਹਾਂ। ਅੱਜ ਪੰਥਕ ਰਹਿਤ ਮਰਿਯਾਦਾ ਨੂੰ ਸਾਡੇ ਅੰਮ੍ਰਿਤਧਾਰੀ ਲੋਕਾਂ ਨੇ ਇਸ ਕਦਰ ਪ੍ਰਦੂਸ਼ਿਤ ਕਰ ਦਿਤਾ ਹੈ ਕਿ ਵਿਆਹਾਂ-ਸ਼ਾਦੀਆਂ ਅਤੇ ਹੋਰ ਪਾਰਟੀਆਂ ਮੌਕੇ ਨੀਲੀਆਂ ਦਸਤਾਰਾਂ ਸਜਾਈ ਅਤੇ ਉਪਰੋਂ ਗਾਤਰੇ ਪਹਿਨੀ ਬਜ਼ੁਰਗ ਵੀ ਸ਼ਰੇਆਮ ਸੋਮਰਸ ਡੱਫ ਕੇ ਅਤੇ ਚਾਂਪਾਂ ਫੜੀ ਵਿਖਾਈ ਦੇ ਜਾਂਦੇ ਹਨ। ਗ੍ਰੰਥੀਆਂ ਤੇ ਰਾਗੀਆਂ ਵਲੋਂ ਅਜਿਹੀਆਂ ਕਰਤੂਤਾਂ ਦੇ ਬਹੁਤ ਹੀ ਉਦਾਹਰਣ ਮਿਲਦੇ ਹਨ। ਇਖ਼ਲਾਕੀ ਗਿਰਾਵਟ ਵਿਚ ਅਸੀ ਦੂਜੀਆਂ ਕੌਮਾਂ ਨੂੰ ਵੀ ਮਾਤ ਪਾ ਦਿਤਾ ਹੈ। ਕੈਨੇਡਾ ਜਾ ਰਹੇ ਇਕ ਟਰਾਲੇ ਦੇ ਸਾਮਾਨ ਵਿਚ ਸੈਂਕੜੇ ਪੈਕਟ ਨਸ਼ੀਲੇ ਪਦਾਰਥਾਂ ਦੀ ਫੜਾਈ ਨੇ ਸਿੱਖ ਜੋੜੇ ਨੂੰ ਸਾਰੀ ਉਮਰ ਲਈ ਜੇਲ ਵਿਚ ਪਹੁੰਚਾ ਦਿਤਾ ਹੈ। ਜਿਨ੍ਹਾਂ ਨਸ਼ਿਆਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ, ਉਨ੍ਹਾਂ ਨਸ਼ਿਆਂ ਵਿਚ ਅਸੀÎ ਗਲ ਤਕ ਧੱਸੇ ਪਏ ਹਾਂ। ਸਿੱਖ ਨੌਜੁਆਨਾਂ ਦੀਆਂ ਨਸ਼ਾ ਤਸਕਰਾਂ, ਗੈਂਗਸਟਰਾਂ, ਧੋਖੇਬਾਜ਼ ਟਰੈਵਲ ਏਜੰਟਾਂ, ਬਲਾਤਕਾਰੀਆਂ, ਲੁਟੇਰਿਆਂ ਅਤੇ ਹੋਰ ਕਈ ਅਲਾਮਤਾਂ ਵਿਚ ਸ਼ਮੂਲੀਅਤ ਕੀ ਸਾਨੂੰ 351ਵੇਂ ਪ੍ਰਕਾਸ਼ ਪੁਰਬ ਨੂੰ ਜਾਹੋ ਜਲਾਲ ਨਾਲ ਮਨਾਉਣ ਲਈ ਪ੍ਰੇਰਿਤ ਕਰ ਸਕਦੀ ਹੈ? ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਕੀ ਸੱਚਮੁਚ ਭਾਰਤ ਭਰ ਵਿਚ ਇਹ ਅਹਿਸਾਸ ਜਗਾ ਸਕੇਗਾ ਕਿ ਬਾਬਰ ਨੂੰ ਜਾਬਰ ਕਹਿਣ ਦਾ ਸਾਹਸ ਤਤਕਾਲੀ ਸ਼ਾਸਕਾਂ ਵਿਚ ਨਹੀਂ ਸਿਰਫ਼ ਨਿਰੰਕਾਰੀ ਜੋਤ ਬਾਬਾ ਨਾਨਕ ਵਿਚ ਹੀ ਸੀ?

ਚਾਰ ਪੀੜ੍ਹੀਆਂ ਤੋਂ ਅੰਮ੍ਰਿਤਧਾਰੀ ਪ੍ਰਵਾਰ ਨੂੰ ਪਹਿਲੀ ਬੀੜ ਬਿਰਧ ਹੋ ਜਾਣ ਦੇ ਬਾਵਜੂਦ ਨਵੀਂ ਬੀੜ ਨਾ ਦੇਣੀ ਅਤੇ ਸੌ ਸੌ ਅੜਚਨਾਂ ਖੜੀਆਂ ਕਰਨੀਆਂ ਕੀ ਇਹ ਨਹੀਂ ਦਰਸਾਉਂਦਾ ਕਿ ਤੁਸੀ ਹੁਣ ਬਾਣੀ ਨਾਲੋਂ ਨਾਤਾ ਤੋੜ ਕੇ ਹਨੂਮਾਨ ਚਾਲੀਸਾ ਪੜ੍ਹਿਆ ਕਰੋ? ਮੇਰੇ ਇਕ ਅਜ਼ੀਜ ਅੰਮ੍ਰਿਤਧਾਰੀ ਨਹੀਂ, ਉਸ ਦੇ ਮਾਤਾ-ਪਿਤਾ ਅੰਮ੍ਰਿਤਧਾਰੀ ਹੁੰਦੇ ਸਨ ਜੋ ਹੁਣ ਚਲਾਣਾ ਕਰ ਚੁੱਕੇ ਹਨ। ਘਰ ਪਈ ਬਿਰਧ ਬੀੜ ਦੀ ਬਜਾਏ ਉਹ ਨਵੀਂ ਬੀੜ ਚਾਹੁੰਦੇ ਸਨ, ਪਰ ਕਈ ਸਾਲਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਇਹ ਪ੍ਰਾਪਤ ਨਹੀਂ ਹੋ ਸਕੀ। ਕੀ ਅਪਣੇ ਧਰਮ ਦੇ ਪ੍ਰਸਾਰ ਲਈ ਇਹ ਪਾਬੰਦੀਆਂ, ਸ਼ਰਤਾਂ, ਨਿਯਮ ਅੱਜ ਬਦਲਣ ਦੀ ਲੋੜ ਨਹੀਂ ਮਹਿਸੂਸ ਕੀਤੀ ਜਾਣੀ ਚਾਹੀਦੀ? ਜੋ ਭੈੜ ਅਤੇ ਵਿਕਾਰ ਮੈਂ ਪਿਛਲੀ ਅੱਧੀ ਸਦੀ ਵਿਚ ਅੰਮ੍ਰਿਤਧਾਰੀਆਂ ਵਿਚ ਤੱਕੇ ਹਨ, ਮੈਂ ਇੱਥੇ ਦੱਸ ਹੀ ਨਹੀਂ ਸਕਦੀ। ਅੰਮ੍ਰਿਤ ਅੱਜ ਹਰ ਗ਼ਲਤ ਕੰਮ ਦਾ ਲਾਇਸੰਸ ਬਣ ਕੇ ਰਹਿ ਗਿਆ ਹੈ, ਜੋ ਨਵੀਂ ਪੀੜ੍ਹੀ ਨੂੰ ਸਿੱਖੀ ਤੋਂ ਦੂਰ ਕਰ ਰਿਹਾ ਹੈ। ਨਿਸਚੇ ਹੀ ਸਾਡੇ ਬੱਚੇ ਸਾਨੂੰ ਸਵਾਲ ਪੁਛਦੇ ਹਨ। ਸਿੱਖਾਂ ਦਾ ਡੇਰਿਆਂ ਵਲ ਪਲਾਇਨ, ਈਸਾਈਆਂ ਵਲ ਝੁਕਾਅ ਅਤੇ ਧਰਮ ਤਬਦੀਲੀ ਸਾਡੇ ਅਜੋਕੇ ਧਾਰਮਕ ਮੁਖੀਆਂ ਦੀਆਂ ਕਰਤੂਤਾਂ, ਗ਼ਲਤ ਫ਼ੈਸਲਿਆਂ, ਥੋਪੀ ਜਾਂ ਰਹੀ ਗ਼ੈਰਸਿੱਖੀ ਦੀ ਬਦੌਲਤ ਹੀ ਹੈ। ਦਲਿਤਾਂ ਨੂੰ ਇਤਿਹਾਸਕ ਗੁਰਦਵਾਰਿਆਂ ਵਿਚੋਂ ਵਿਆਹ ਸ਼ਾਦੀਆਂ ਲਈ 

ਬਰਤਨ ਤਕ ਨਾ ਦੇਣੇ, ਲੰਗਰ ਦੀ ਬਚੀ ਦਾਲ ਲਿਜਾ ਰਹੀ ਬੱਚੀ ਦੀ ਬੇਪਤੀ ਕਰਨੀ, ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਪਤਨੀ ਵਲੋਂ ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਖ਼ੁਦਕੁਸ਼ੀ ਕਰਨਾ, ਅਕਾਲੀ ਦਲ ਦੀ ਕਿਸੇ ਅਹੁਦੇਦਾਰ ਦੀ ਨਾਜਾਇਜ਼ ਸਬੰਧਾਂ ਕਰ ਕੇ ਕੁੱਟਮਾਰ, ਕਿਸੇ ਗ਼ਰੀਬ ਬੱਚੇ ਦੀ ਖ਼ੁਦਕੁਸ਼ੀ ਦਾ ਕਾਰਨ ਗੁਰਦਵਾਰਾ ਮੈਨੇਜਰ ਵਲੋਂ ਆਰਜ਼ੀ ਨੌਕਰੀ ਲਈ ਮੰਗੀ ਗਈ ਵੱਢੀ ਅਤੇ ਜ਼ਲਾਲਤ ਅਤੇ ਹੋਰ ਅਜਿਹੀਆਂ ਬੇਸ਼ੁਮਾਰ ਉਦਾਹਰਣਾਂ ਹਨ ਜਿਥੇ ਅੰਮ੍ਰਿਤ ਛਕ ਕੇ ਵੀ ਅਸੀ  ਦਿਨ ਰਾਤ ਕੁਫ਼ਰ ਤੋਲਦੇ ਫਿਰਦੇ ਹਾਂ। ਪੰਜਾਂ ਤਖ਼ਤਾਂ ਦੀ ਮਰਿਯਾਦਾ ਇਕਸਾਰ ਨਹੀਂ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਪਿਛਲੇ ਮਹੀਨੇ ਹੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ, ਜਿਥੇ ਦਸਮ ਗ੍ਰੰਥ ਦੇ ਭੋਗ ਦੀ ਸਮਾਪਤੀ ਉਪਰੰਤ ਬੱਕਰੇ ਦੀ ਬਲੀ ਦਿਤੀ ਗਈ। ਤੜਪਦੇ ਸਿਸਕਦੇ ਬਕਰੇ ਦਾ ਖ਼ੂਨ ਸ਼ਸਤਰਾਂ ਉਪਰ ਲਾ ਕੇ ਉਨ੍ਹਾਂ ਦੀ ਪੂਜਾ ਕੀਤੀ ਗਈ। ਜਦੋਂ ਕਥਾਕਾਰਾਂ ਅਤੇ ਕਸਾਈਆਂ ਨੂੰ ਇਸ ਸਬੰਧੀ ਪੁਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੁੰਨ ਕਰ ਦੇਣ ਵਾਲਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਸ਼ਸਤਰ-ਪੂਜਾ ਹੁੰਦੀ ਹੈ ਅਤੇ ਇਥੇ ਤਾਂ ਚਿਰਾਂ ਤੋਂ ਇਸੇ ਤਰ੍ਹਾਂ ਬਕਰੇ ਦੀ ਬਲੀ ਉਪਰੰਤ ਇਹ ਪੂਜਾ ਸੰਪੂਰਨ ਮੰਨੀ ਜਾਂਦੀ ਹੈ ਅਤੇ ਇੱਥੋਂ ਦੇ ਦਰਜਨ ਭਰ ਗੁਰਧਾਮਾਂ ਵਿਚ ਇਹ ਹਰ ਮਹੀਨੇ ਹੁੰਦੀ ਹੈ। ਕੀ ਸਾਡੀ ਪ੍ਰਮੁੱਖ ਧਾਰਮਕ ਸੰਸਥਾ ਕੋਲ ਇਸ ਦਾ ਤਸੱਲੀਬਖ਼ਸ਼ ਜਵਾਬ ਹੈ?ਬੀਤੇ ਸਮੇਂ ਸ੍ਰੀ ਦਮਦਮਾ ਸਾਹਿਬ, ਗੁਰਦਵਾਰਾ ਛੋਟਾ ਘੱਲੂਘਾਰਾ ਅਤੇ ਹੋਰ ਵੀ ਕਈ ਥਾਈਂ ਜਿਹੜੀ ਅਨੈਤਿਕ, ਵਿਭਚਾਰੀ ਅਤੇ ਘਿਨਾਉਣੀ ਖੇਡ ਖੇਡੀ ਗਈ ਹੈ, ਕੀ ਉਸ ਨੇ ਸਾਨੂੰ ਨੈਤਿਕ ਸਬਕ ਸਿਖਾਉਣ ਵਾਲਿਆਂ ਨੂੰ ਪਤਾਲਾਂ ਵਿਚ ਨਹੀਂ ਸੁੱਟ ਦਿਤਾ? 

ਸਾਡੀ ਇਸ ਇਤਿਹਾਸਕ, ਮਾਣਮੱਤੀ, ਵੱਕਾਰੀ, ਪੰਥਕ ਅਤੇ ਮਹੱਤਵਪੂਰਨ ਸੰਸਥਾ ਨੂੰ ਗ੍ਰਹਿਣ ਲਾਉਣ ਵਾਲਿਉ, ਕੁੱਝ ਤਾਂ ਸ਼ਰਮ ਕਰੋ! ਕੁੱਝ ਤਾਂ ਖ਼ਿਆਲ ਕਰੋ! ਕੀ ਆਪਾਂ 550ਵੇਂ ਆਗਮਨ-ਪੁਰਬ ਤੋਂ ਪਹਿਲਾਂ , ਸੁਹਿਰਦ ਯਤਨ ਕਰਦਿਆਂ, ਕੋਈ ਅਜਿਹਾ ਪੰਥਕ ਪਲੇਟਫ਼ਾਰਮ ਨਹੀਂ ਪੈਦਾ ਕਰ ਸਕਦੇ, ਜਿਸ ਵਿਚ ਰੌਸ਼ਨ ਦਿਮਾਗ਼, ਬਾਜ਼ਮੀਰ, ਨਿਸ਼ਕਾਮ, ਬਾਦਲੀਲ ਅਤੇ ਪੜ੍ਹੇ ਗੁੜ੍ਹੇ ਗੁਰਸਿੱਖ ਵੀਰ ਤੇ ਭੈਣਾਂ ਸਿੱਖ ਕੌਮ ਨੂੰ ਨਰੋਈ, ਨਿੱਗਰ, ਸਹੀ ਅਤੇ ਸਮੇਂ ਅਨੁਕੂਲ ਸੇਧ ਦੇ ਸਕਣ? ਦਾਸਰੀ ਅਪਣੀਆਂ ਸੇਵਾਵਾਂ ਅਰਪਿਤ ਕਰਦਿਆਂ ਇਸ ਨਾਜ਼ੁਕ ਘੜੀ ਸੱਭ ਨੂੰ ਸੋਚਣ ਅਤੇ ਵਿਚਾਰਨ ਦੀ ਅਪੀਲ ਕਰਦੀ ਹੈ ਤਾਂ ਜੋ ਬੇਸ਼ਕੀਮਤੀ ਸਿੱਖੀ ਨੂੰ ਬਚਾਇਆ ਜਾ ਸਕੇ। 

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement