ਸੁੰਦਰਤਾ ਮੁਕਾਬਲਿਆਂ ਦੇ ਨਾਂ ਹੇਠ ਵਗ ਰਿਹਾ ਅਸ਼ਲੀਲਤਾ ਦਾ ਦਰਿਆ
Published : Nov 29, 2017, 11:07 pm IST
Updated : Nov 29, 2017, 5:37 pm IST
SHARE ARTICLE

ਸਾ  ਡਾ ਦੇਸ਼ ਅੱਜ ਸਾਰੇ ਸੰਸਾਰ ਵਿਚੋਂ ਅਬਾਦੀ ਦੇ ਹਿਸਾਬ ਨਾਲ ਦੂਜੇ ਨੰਬਰ ਤੇ ਹੈ। ਇਸ ਵੇਲੇ ਸਾਡੇ ਦੇਸ਼ ਦੀ ਆਬਾਦੀ 128 ਕਰੋੜ ਨੂੰ ਵੀ ਪਾਰ ਚੁੱਕੀ ਹੈ ਜਿਸ ਕਾਰਨ ਭਾਰਤ ਇਕ ਬਹੁਤ ਵੱਡੀ ਮੰਡੀ ਬਣ ਗਿਆ ਹੈ। ਇਸ ਵਾਸਤੇ ਸਾਰੇ ਬਾਹਰਲੇ ਦੇਸ਼ ਇਥੇ ਅਪਣਾ ਸਮਾਨ ਵੇਚਣ ਲਈ ਤਰਲੋਮੱਛੀ ਹੋ ਰਹੇ ਹਨ। ਵਿਦੇਸ਼ੀ ਕੰਪਨੀਆਂ ਨੇ ਅਪਣਾ ਸਾਮਾਨ ਵੇਚਣ ਲਈ ਇਕ ਨਵਾਂ ਰਾਹ ਲਭਿਆ, ਉਹ ਸੀ ਸਾਡੇ ਦੇਸ਼ ਦੀਆਂ ਲੜਕੀਆਂ ਦੀ ਸੁੰਦਰਤਾ। ਸੁੰਦਰਤਾ ਮੁਕਾਬਲਿਆਂ ਵਿਚ ਭਾਰਤ ਦੀਆਂ ਦੋ ਸੁੰਦਰੀਆਂ, ਸੁਸ਼ਮਿਤਾ ਸੇਨ ਅਤੇ ਡਾਇਨਾ ਹੇਡਨ, ਦਾ ਨਾਂ ਮਿਸ ਵਰਲਡ ਲਈ ਚੁਣਿਆ ਗਿਆ। ਬਸ ਫਿਰ ਕੀ ਸੀ ਸਾਡੇ ਦੇਸ਼ ਦੀ ਹਰ ਲੜਕੀ ਮਿਸ ਵਰਲਡ ਬਣਨ ਦੇ ਸੁਪਨੇ ਲੈਣ ਲੱਗ ਪਈ ਜਿਸ ਕਾਰਨ ਇਹ ਕੰਪਨੀਆਂ ਵੱਡਾ ਮੁਨਾਫ਼ਾ ਕਮਾਉਣ ਲੱਗ ਪਈਆਂ। ਇਨ੍ਹਾਂ ਸੁੰਦਰੀਆਂ ਨੂੰ ਮਿਲੇ ਵੱਡੇ ਤੋਹਫ਼ਿਆਂ ਨੇ ਮਾਪਿਆਂ ਦੀਆਂ ਅੱਖਾਂ ਵੀ ਚੁਧਿਆ ਦਿਤੀਆਂ ਜਿਸ ਕਾਰਨ ਮਾਪੇ ਵੀ ਇਸ ਭੇਡਚਾਲ ਦਾ ਸ਼ਿਕਾਰ ਹੋ ਗਏ। ਪਰ ਇਨ੍ਹਾਂ ਮੁਕਾਬਲਿਆਂ ਵਿਚ ਜਿਸ ਤਰ੍ਹਾਂ ਅਸ਼ਲੀਲਤਾ ਦਾ ਦਰਿਆ ਵੱਗ ਰਿਹਾ ਹੈ, ਉਹ ਵੀ ਸੱਭ ਦੇ ਸਾਹਮਣੇ ਹੈ। ਇਨ੍ਹਾਂ ਮੁਕਾਬਲਿਆਂ ਵਿਚ ਸ਼ਾਮਲ ਲੜਕੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕਪੜੇ ਪਹਿਨਾ ਕੇ ਸਟੇਜ ਤੇ ਪੇਸ਼ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੇ ਸ੍ਰੀਰ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਜਿਸ ਨੂੰ ਵੇਖ ਕੇ ਕਈ ਲੋਕਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਪਰ ਪਤਾ ਨਹੀਂ ਕਿਉਂ ਉਨ੍ਹਾਂ ਦੇ ਮਾਪਿਆਂ ਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਇਨ੍ਹਾਂ ਵਿਚ ਸ਼ਾਮਲ ਹੋਣ ਲਈ ਅਪਣੀਆਂ ਧੀਆਂ ਨੂੰ ਭੇਜਦੇ ਹਨ। ਕਾਫ਼ੀ ਸਾਲਾਂ ਦੀ ਗੱਲ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀ ਇਕ ਮੁਟਿਆਰ ਨੇ ਟੀ.ਵੀ. ਉਤੇ ਦਸਿਆ ਕਿ ਕਿਸ ਤਰ੍ਹਾਂ ਇਨ੍ਹਾਂ ਮੁਕਾਬਲਿਆਂ ਦੇ ਪ੍ਰਬੰਧਕ ਕੁੜੀਆਂ ਦਾ ਸ੍ਰੀਰਕ ਸ਼ੋਸ਼ਣ ਕਰਦੇ ਹਨ। ਪਰ ਹਾਲਾਤ ਇਹ ਹੋ ਗਏ ਹਨ ਕਿ ਮਾਪਿਆਂ ਨੂੰ ਅਪਣੀ ਲੜਕੀ ਦੀ ਇੱਜ਼ਤ ਦਾ ਖ਼ਿਆਲ ਘੱਟ ਹੈ ਪਰ ਪੈਸਿਆਂ ਦਾ ਖ਼ਿਆਲ ਵੱਧ ਹੈ ਜਿਸ ਕਾਰਨ ਹੁਣ ਇਹ ਮੁਕਾਬਲੇ ਛੋਟੇ-ਛੋਟੇ ਸ਼ਹਿਰਾਂ ਤਕ ਪਹੁੰਚ ਗਏ। ਜਿਵੇਂ ਮਿਸ ਇੰਡੀਆ, ਮਿਸ ਪੰਜਾਬ, ਧੀ ਪੰਜਾਬ ਦੀ ਆਦਿ। ਕਾਲਜਾਂ ਵਿਚ ਇਹ ਮਿਸ ਫ਼ਰੈਸ਼ਰ ਅਤੇ ਮਿਸਟਰ ਫ਼ਰੈਸ਼ਰ ਦੇ ਨਾਂ ਹੇਠ ਕਰਵਾਏ ਜਾ ਰਹੇ ਹਨ। ਇਕ ਵਾਰ ਮੈਂ 'ਧੀ ਪੰਜਾਬ ਦੀ' ਮੁਕਾਬਲਾ ਵੇਖ ਰਿਹਾ ਸੀ (ਭਾਵੇਂ ਮੈਨੂੰ ਇਹ ਵੇਖਣ ਦਾ ਤਾਂ ਸ਼ੌਕ ਨਹੀਂ ਪਰ ਲਿਖਣ ਲਈ ਵੇਖਣਾ ਪੈਂਦਾ ਹੈ) ਜਿਸ ਵਿਚ ਕੁੜੀਆਂ ਨੂੰ ਤੈਰਾਕੀ ਸੂਟ, ਜੀਨਜ਼-ਟਾਪ ਵਿਚ ਪੇਸ਼ ਕੀਤਾ ਜਾ ਰਿਹਾ ਸੀ। ਉਨ੍ਹਾਂ ਵਿਚੋਂ ਇਕ ਅੱਧੀ ਨੂੰ ਛੱਡ ਕੇ ਬਾਕੀ ਸਾਰੀਆਂ ਦੇ ਵਾਲ ਕੱਟੇ ਹੋਏ ਸਨ। ਕੀ ਪੰਜਾਬ ਦੀ ਧੀ ਉਹ ਲੜਕੀ ਹੋ ਸਕਦੀ ਹੈ ਜਿਸ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਪੰਜਾਬ ਦਾ ਸਭਿਆਚਾਰ ਕੀ ਹੈ? ਪੰਜਾਬ ਦੀ ਧੀ ਤਾਂ ਮਾਤਾ ਭਾਗ ਕੌਰ ਸੀ ਜਿਹੜੇ ਹੱਥ ਵਿਚ ਤਲਵਾਰ ਫੜ ਕੇ ਮੈਦਾਨ-ਏ-ਜੰਗ ਵਿਚ ਲੜੀ। ਪੰਜਾਬ ਦੀ ਧੀ ਸੀ ਬੀਬੀ ਸ਼ਰਨ ਕੌਰ ਜਾਂ ਇਹੋ ਜਿਹੀਆਂ ਹੋਰ ਬਹਾਦਰ ਲੜਕੀਆਂ ਜਿਨ੍ਹਾਂ ਅਪਣੇ ਧਰਮ ਅਤੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਜਾਂ ਸੰਗਰੂਰ ਜ਼ਿਲ੍ਹੇ ਦੀ ਉਹ ਲੜਕੀ ਜਿਹੜੀ ਭੂੰਡ ਆਸ਼ਕ ਨੂੰ ਸਬਕ ਸਿਖਾਉਣ ਲਈ ਉਸ ਦੇ ਘਰ ਬੰਦੂਕ ਲੈ ਕੇ ਪਹੁੰਚ ਗਈ ਸੀ। ਕੀ ਅਸੀ ਇਨ੍ਹਾਂ ਲੜਕੀਆਂ, ਜਿਹੜੀਆਂ ਲਚਰਤਾ ਭਰੇ ਗੀਤ ਗਾਉਣ ਜਾਂ ਅਪਣੇ ਕੇਸ ਕਟਵਾ ਕੇ ਜੀਨਾਂ ਅਤੇ ਟਾਪ ਪਾ ਕੇ ਪੰਜਾਬੀ ਸਭਿਆਚਾਰ ਦਾ ਬੇੜਾ ਗਰਕ ਕਰਨ ਤੇ ਤੁਲੀਆਂ ਹੋਈਆਂ ਹਨ, ਨੂੰ ਧੀ ਪੰਜਾਬ ਦੀ ਦਾ ਖ਼ਿਤਾਬ ਦੇ ਕੇ ਉਨ੍ਹਾਂ ਬਹਾਦਰ ਬੀਬੀਆਂ ਦਾ ਅਪਮਾਨ ਨਹੀਂ ਕਰ ਰਹੇ?ਜੇ ਸਾਡੀ ਧੀ-ਭੈਣ ਸੋਹਣੀ ਹੈ ਤਾਂ ਕੀ ਉਸ ਨੂੰ ਸੋਹਣੀ ਅਤੇ ਸੁਨੱਖੀ ਹੋਣ ਦਾ ਖ਼ਿਤਾਬ ਲੈਣ ਲਈ ਇਨ੍ਹਾਂ ਲਚਰਤਾ ਭਰੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਭੇਜਣਾ ਜ਼ਰੂਰੀ ਹੈ? ਕੀ ਅਸੀ ਅਪਣੀ ਅਣਖ ਏਨੀ ਵੇਚ ਦਿਤੀ ਹੈ ਕਿ ਸਿਰਫ਼ ਝੂਠੀ ਸ਼ੋਹਰਤ ਅਤੇ ਥੋੜੇ ਪੈਸਿਆਂ ਦੀ ਖ਼ਾਤਰ ਅਪਣੀਆਂ ਧੀਆਂ-ਭੈਣਾਂ ਦੇ ਜਿਸਮ ਦੀਆਂ ਪ੍ਰਦਰਸ਼ਨੀਆਂ ਲਗਾਈਏ? ਇਕ ਵਾਰ ਦਾਸ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਕਥਾ ਸੁਣ ਰਿਹਾ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ ਇਕ ਵਾਰ ਭਗਤ ਕਬੀਰ ਜੀ, ਮਾਈ ਲੋਈ ਜਿਹੜੇ ਭਗਤ ਕਬੀਰ ਜੀ ਦੇ ਮਹਿਲ ਸਨ ਤੇ ਇਕ ਉਨ੍ਹਾਂ ਦਾ ਸੇਵਕ ਇਕ ਝੀਲ ਤੇ ਸੈਰ ਕਰ ਰਹੇ ਸਨ। ਮਾਈ ਲੋਈ ਜੀ ਦਾ ਬੜਾ ਸਾਦਾ ਪਹਿਰਾਵਾ ਸੀ। ਏਨੀ ਦੇਰ ਨੂੰ ਰਾਜਾ ਸਾਹਬ ਵੀ ਅਪਣੀ ਰਾਣੀ ਨੂੰ ਲੈ ਕੇ ਝੀਲ ਉਤੇ ਸੈਰ ਕਰਨ ਲਈ ਆ ਗਏ। ਰਾਣੀ ਨੇ ਬੜਾ ਮਹਿੰਗਾ ਪਹਿਰਾਵਾ ਪਹਿਨਿਆ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਕਈ ਤਰ੍ਹਾਂ ਦੇ ਗਹਿਣ ਤੇ ਖ਼ੁਸ਼ਬੂ ਵਾਲੇ ਅਤਰ ਵਗੈਰਾ ਲਗਾਏ ਹੋਏ ਸਨ ਜਿਸ ਦੀਆਂ ਮਹਿਕਾਂ ਆ ਰਹੀਆਂ ਸਨ। ਇਹ ਸਾਰਾ ਨਜ਼ਾਰਾ ਵੇਖ ਕੇ ਭਗਤ ਕਬੀਰ ਜੀ ਨਾਲ ਜਿਹੜੇ ਸੇਵਾਦਾਰ ਆਏ ਹੋਏ ਸਨ, ਉਨ੍ਹਾਂ ਕਬੀਰ ਜੀ ਨੂੰ ਇਕ ਸਵਾਲ ਕਰ ਦਿਤਾ ਕਿ ਭਗਤ ਜੀ ਮਾਈ ਲੋਈ ਨੂੰ ਅਤੇ ਰਾਣੀ ਨੂੰ ਵੇਖ ਕੇ ਤੁਹਾਨੂੰ ਕੀ ਫ਼ਰਕ ਨਜ਼ਰ ਆ ਰਿਹਾ ਹੈ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਿ ਜਿਥੇ ਮਾਈ ਲੋਈ ਨੂੰ ਵੇਖ ਕੇ ਰਾਮ ਚੇਤੇ ਆਉਂਦਾ ਹੈ, ਉਥੇ ਰਾਣੀ ਦਾ ਪਹਿਰਾਵਾ ਅਤੇ ਹਾਰ-ਸ਼ਿੰਗਾਰ ਵੇਖ ਕੇ ਕਾਮ ਯਾਦ ਆਉਂਦਾ ਹੈ। ਗੱਲ ਕਾਹਦੀ ਕਿ ਪਹਿਰਾਵੇ ਦਾ ਸਾਡੇ ਮਨ ਉਤੇ ਏਨਾ ਅਸਰ ਹੁੰਦਾ ਹੈ।ਮੇਰੇ ਇਕ ਦੋਸਤ ਦੀ ਘਰ ਵਾਲੀ ਕਹਿਣ ਲੱਗੀ ਕਿ ਮੈਂ ਪਟਿਆਲਾ ਬਿਜਲੀ ਬੋਰਡ ਵਿਚ ਨੌਕਰੀ ਕਰਦੀ ਹੁੰਦੀ ਸੀ। ਮੈਂ ਅਪਣੇ ਪਿੰਡ ਤੋਂ ਰੋਜ਼ ਬਸ ਤੇ ਪਟਿਆਲਾ ਜਾਣਾ ਤਾਂ ਬਸ ਵਿਚ ਕਈ ਤਰ੍ਹਾਂ ਦੀਆਂ ਮੁੰਡਿਆਂ ਤੋਂ ਗੱਲਾਂ ਸੁਣਨੀਆਂ ਪੈਂਦੀਆਂ ਸਨ। ਪਰ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੇਰੇ ਪਤੀ ਅੰਮ੍ਰਿਤਧਾਰੀ ਸਨ ਜਿਸ ਕਾਰਨ ਮੈਨੂੰ ਵੀ ਅੰਮ੍ਰਿਤ ਛਕਣਾ ਪਿਆ ਅਤੇ ਮੈਂ ਚੁੰਨੀ ਦੀ ਥਾਂ ਦਸਤਾਰ ਸਜਾਉਣ ਲੱਗ ਪਈ। ਇਸ ਨਾਲ ਮੇਰੇ ਜੀਵਨ ਵਿਚ ਏਨੀ ਵੱਡੀ ਤਬਦੀਲੀ ਆਈ ਕਿ ਜਿਹੜੇ ਲੜਕੇ ਰੋਜ਼ ਕਈ-ਕਈ ਤਰ੍ਹਾਂ ਦੇ ਟੋਟਕੇ ਕਸਦੇ ਸਨ, ਉਹ ਭੈਣ ਜੀ ਕਹਿਣ ਲੱਗ ਪਏ। ਇਹ ਸਾਰਾ ਅਸਰ ਮੇਰੇ ਪਹਿਰਾਵੇ ਕਰ ਕੇ ਉਨ੍ਹਾਂ ਉਤੇ ਪਿਆ। ਮੈਂ ਬਲਾਤਕਾਰ ਵਧਣ ਦੇ ਕਾਰਨਾਂ ਬਾਰੇ ਇਕ ਲੇਖ ਪੜ੍ਹ ਰਿਹਾ ਸੀ ਜਿਸ ਵਿਚ ਅਰਬ ਦੇਸ਼ ਦੀ ਇਕ ਉਦਾਹਰਣ ਦਿਤੀ ਸੀ ਕਿਉਂਕਿ ਅਰਬ ਦੇਸ਼ਾਂ ਵਿਚ ਬਲਾਤਕਾਰ ਨੂੰ ਮਾੜਾ ਗਿਣਿਆ ਜਾਂਦਾ ਹੈ। ਉਹ ਲਿਖਦਾ ਹੈ ਕਿ ਇਕ ਵਾਰ ਇਕ ਨੌਜਵਾਨ ਵਲੋਂ ਕਿਸੇ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਉਹ ਕੇਸ ਜਦੋਂ ਜੱਜ ਤਕ ਪਹੁੰਚਿਆ ਤਾਂ ਜੱਜ ਨੇ ਉਸ ਨੂੰ ਕਿਹਾ ਕਿ ਤੂੰ ਇਹ ਬਲਾਤਕਾਰ ਕਿਉਂ ਕੀਤਾ ਤਾਂ ਉਹ ਅੱਗੋਂ ਕਹਿਣ ਲੱਗਾ ਕਿ ਇਸ ਕੁੜੀ ਨੂੰ ਕਹੋ ਕਿ ਜਿਹੋ ਜਿਹਾ ਇਹ ਫ਼ੈਸ਼ਨ ਉਸ ਦਿਨ ਕਰ ਕੇ ਆਈ ਸੀ ਉਹੋ ਜਿਹਾ ਹੀ ਫ਼ੈਸ਼ਨ ਕਰ ਕੇ ਆਵੇ ਤਾਂ ਫਿਰ ਮੇਰੇ ਕੇਸ ਦਾ ਫ਼ੈਸਲਾ ਕਰ ਦੇਣਾ। ਜਦੋਂ ਜੱਜ ਨੇ ਉਸ ਲੜਕੀ ਨੂੰ ਕਿਹਾ ਕਿ ਉਹ ਉਹੋ ਫ਼ੈਸ਼ਨ ਕਰ ਕੇ ਆਵੇ ਜਿਸ ਤਰ੍ਹਾਂ ਉਸ ਨੇ ਉਸ ਦਿਨ ਕੀਤਾ ਹੋਇਆ ਸੀ। ਜਦੋਂ ਉਹ ਲੜਕੀ ਉਹੀ ਕਪੜੇ ਪਾ ਕੇ ਆਈ ਤਾਂ ਜੱਜ ਵੀ ਹੈਰਾਨ ਰਹਿ ਗਏ। ਜਿਸ ਨੂੰ ਵੇਖ ਕੇ ਜੱਜ ਨੇ ਦੋਸ਼ੀ ਲੜਕੇ ਨੂੰ ਬਰੀ ਕਰ ਦਿਤਾ। ਜਦੋਂ ਦਿੱਲੀ ਵਿਚ ਬਲਾਤਕਾਰ ਹੋਇਆ ਤਾਂ ਉਸ ਦਾ ਰੌਲਾ ਸਾਰੇ ਦੇਸ਼ ਵਿਚ ਬਹੁਤ ਪਿਆ ਅਤੇ ਇਹ ਕੇਸ ਅੱਜ ਵੀ ਚਲ ਰਿਹਾ ਹੈ। ਇਸ ਬਲਾਤਕਾਰ ਸਬੰਧੀ ਲੋਕਾਂ ਦੇ ਵਿਚਾਰ ਸੁਣਨ ਲਈ ਇਕ ਟੀ.ਵੀ. ਚੈਨਲ ਵਾਲਿਆਂ ਨੇ ਇਕ ਵਿਚਾਰ ਚਰਚਾ ਰਖੀ ਹੋਈ ਸੀ। ਇਸ ਵਿਚ ਇਕ ਪ੍ਰੋਫ਼ੈਸਰ ਬੀਬੀ, ਇਕ ਨੌਜਵਾਨ ਲੜਕੀ ਤੇ ਇਕ ਆਦਮੀ ਹਿੱਸਾ ਲੈ ਰਹੇ ਸਨ। ਜਦੋਂ ਆਦਮੀ ਨੇ ਕਿਹਾ ਕਿ ਇਸ ਬਲਾਤਕਾਰ ਲਈ ਸਾਡੀਆਂ ਲੜਕੀਆਂ ਵਲੋਂ ਪਹਿਨਿਆ ਜਾਂਦਾ ਭੜਕੀਲਾ ਪਹਿਰਾਵਾ ਹੈ ਤਾਂ ਉਨ੍ਹਾਂ ਦਾ ਪ੍ਰੋ. ਬੀਬੀ ਅਤੇ ਲੜਕੀ ਨੇ ਬਹੁਤ ਵਿਰੋਧ ਕੀਤਾ ਅਤੇ ਕਿਹਾ ਸਾਨੂੰ ਆਜ਼ਾਦੀ ਹੈ, ਅਸੀ ਜਿਹੋ ਜਿਹਾ ਮਰਜ਼ੀ ਪਹਿਰਾਵਾ ਪਹਿਨੀਏ ਇਸ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਦੇਸ਼ ਵਿਚ ਜਿਹੜੇ ਪੰਜ ਜਾਂ ਸੱਤ ਸਾਲ ਦੀਆਂ ਲੜਕੀਆਂ ਨਾਲ ਬਲਾਤਕਾਰ ਹੁੰਦੇ ਹਨ ਉਨ੍ਹਾਂ ਕਿਹੜਾ ਭੜਕੀਲਾ ਲਿਬਾਸ ਪਹਿਨਿਆ ਹੁੰਦਾ ਹੈ? ਜਿਸ ਸਬੰਧੀ ਦਾਸ ਦਾ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਠੀਕ ਹੈ ਉਨ੍ਹਾਂ ਛੋਟੀਆਂ ਬੱਚੀਆਂ ਨੇ ਭੜਕੀਲਾ ਫ਼ੈਸ਼ਨ ਨਹੀਂ ਕੀਤਾ ਹੁੰਦਾ ਪਰ ਜੋ ਲੋਕ ਉਨ੍ਹਾਂ ਨਾਲ ਬਲਾਤਕਾਰ ਕਰਦੇ ਹਨ ਪਹਿਲੀ ਗੱਲ ਤਾਂ ਉਹ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਹਨ। ਦੂਜਾ ਇਹ ਹੈ ਕਿ ਉਹ ਲੋਕ ਜਦੋਂ ਬਾਹਰ ਇਹੋ ਦ੍ਰਿਸ਼ ਵੇਖਦੇ ਹਨ ਤਾਂ ਉਨ੍ਹਾਂ ਦੀ ਕਾਮਵਾਸਨਾ ਏਨੀ ਜ਼ਿਆਦਾ ਉਤੇਜਿਤ ਹੋ ਜਾਂਦੀ ਹੈ ਕਿ ਉਹ ਉਸ ਤੇ ਕਾਬੂ ਨਹੀਂ ਪਾ ਸਕਦੇ ਜਿਸ ਨੂੰ ਠੰਢਾ ਕਰਨ ਲਈ ਉਹ ਛੋਟੀਆਂ-ਛੋਟੀਆਂ ਬੱਚੀਆਂ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਹਨ ਕਿਉਂਕਿ ਉਹ ਵੱਡੇ ਨੂੰ ਹੱਥ ਨਹੀਂ ਪਾ ਸਕਦੇ।  
ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਹਰ ਕਿਸੇ ਨੂੰ ਅਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਊਣ ਦਾ ਹੱਕ ਹੈ ਪਰ ਇਹ ਆਜ਼ਾਦੀ ਦੂਜਿਆਂ ਦੀ ਬਰਬਾਦੀ ਦਾ ਕਾਰਨ ਨਾ ਬਣੇ, ਇਸ ਵਲ ਵੀ ਧਿਆਨ ਦੇਣ ਦੀ ਲੋੜ ਹੈ। ਮੈਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਜਦੋਂ ਇਕ ਦਿਨ ਇਕ ਅਦਾਕਾਰਾ ਨੇ ਕਿਹਾ ਕਿ ਮੈਂ ਭਾਵੇਂ ਬਿਨਾਂ ਕਪੜਿਆਂ ਦੇ ਤੁਰਾਂ ਫਿਰਾਂ, ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਮੇਰੇ ਵਲ ਵੇਖੇ। ਇਸ ਸਬੰਧੀ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਜਿਹੜੀ ਚੀਜ਼ ਪਰਦੇ ਵਿਚ ਰਹਿਣ ਵਾਲੀ ਹੈ ਉਹ ਪਰਦੇ ਵਿਚ ਹੀ ਰਹੇ ਤਾਂ ਸ਼ੋਭਾ ਦਿੰਦੀ ਹੈ। ਜਿਸ ਤਰ੍ਹਾਂ ਸੋਨਾ ਅਸੀ ਖੁੱਲ੍ਹਾ ਨਹੀਂ ਰਖਦੇ ਕਿਉਂਕਿ ਉਸ ਨੂੰ ਚੁਰਾਉਣ ਵਾਲੇ ਬਹੁਤ ਹਨ ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਖੁੱਲ੍ਹੀਆਂ ਵੀ ਪਈਆਂ ਰਹਿਣ ਤੇ ਉਸ ਨੂੰ ਕੋਈ ਨਹੀਂ ਲਿਜਾਂਦਾ ਸਿਆਣਿਆਂ ਦਾ ਕਥਨ ਹੈ 'ਭੋਜਨ, ਭਜਨ, ਖ਼ਜ਼ਾਨਾ, ਨਾਰੀ ਚਾਰੇ ਪਰਦੇ ਦੇ ਅਧਿਕਾਰੀ।'ਇਨ੍ਹਾਂ ਸੁੰਦਰਤਾ ਮੁਕਾਬਲਿਆਂ ਦਾ ਹੀ ਅਸਰ ਹੈ ਕਿ 90 ਫ਼ੀ ਸਦੀ ਨੌਜਵਾਨ ਲੜਕੀਆਂ ਅਪਣੇ ਕੇਸ ਕਟਵਾ ਦਿਤੇ ਹਨ ਅਤੇ ਉਹ ਅਪਣੇ ਵਾਲਾਂ ਦੇ ਕਈ ਤਰ੍ਹਾਂ ਦੇ ਸਟਾਈਲ ਬਣਾਈ ਫਿਰਦੀਆਂ ਹਨ। ਇਨ੍ਹਾਂ ਸੁੰਦਰਤਾ ਮੁਕਾਬਲਿਆਂ ਦਾ ਸੱਭ ਤੋਂ ਵੱਧ ਅਸਰ ਸਿੱਖ ਨੌਜਵਾਨ ਲੜਕੇ ਅਤੇ ਲੜਕੀਆਂ ਤੇ ਹੋਇਆ ਕਿਉਂਕਿ ਸਿੱਖ ਧਰਮ ਵਿਚ ਕੇਸ ਕਤਲ ਕਰਵਾਉਣੇ ਸੱਭ ਤੋਂ ਵੱਡੀ ਕੁਰਹਿਤ ਹੈ। ਕੋਈ ਸਮਾਂ ਸੀ ਜਦੋਂ ਇਸਤਰੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਉਸ ਸਮੇਂ ਬਾਬੇ ਨਾਨਕ ਨੇ ਸੱਭ ਤੋਂ ਪਹਿਲਾਂ ਸਤਿਕਾਰ ਦੇਂਦਿਆਂ ਕਿਹਾ ਸੀ ਕਿ 'ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨ'। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਫਿਰ ਇਸਤਰੀ ਨੂੰ ਇਕ ਵਿਖਾਵੇ ਦੀ ਵਸਤੂ ਬਣਾ ਦਿਤਾ ਗਿਆ ਹੈ। ਓਨਾ ਚਿਰ ਕੋਈ ਵੀ ਇਸ਼ਤਿਹਾਰ ਪੂਰਾ ਨਹੀਂ ਸਮਝਿਆ ਜਾਂਦਾ ਜਿੰਨਾ ਚਿਰ ਉਸ ਵਿਚ ਅੱਧਨੰਗੀਆਂ ਲੜਕੀਆਂ ਨਾ ਵਿਖਾਈਆਂ ਜਾਣ। ਇਸ ਤੋਂ ਵੱਧ ਅਫ਼ਸੋਸ ਵਾਲੀ ਇਹ ਗੱਲ ਹੈ ਕਿ ਸਾਡੀਆਂ ਨੌਜਵਾਨ ਲੜਕੀਆਂ ਵੀ ਇਹ ਸਮਝਣ ਵਿਚ ਅਸਮਰਥ ਰਹੀਆਂ ਹਨ ਕਿ ਇਹ ਕੰਪਨੀਆਂ ਸਿਰਫ਼ ਅਪਣੀਆਂ ਚੀਜ਼ਾਂ ਵੇਚਣ ਲਈ ਉਨ੍ਹਾਂ ਨੂੰ ਖਿਡੌਣੇ ਵਾਂਗ ਵਰਤ ਰਹੀਆਂ ਹਨ ਅਤੇ ਉਨ੍ਹਾਂ ਦੇ ਜਿਸਮ ਦਾ ਪ੍ਰਦਰਸ਼ਨ ਕਰ ਕੇ ਅਪਣਾ ਮੁਨਾਫ਼ਾ ਕਮਾਉਣ ਵਿਚ ਲਗੀਆਂ ਹੋਈਆਂ ਹਨ। ਹਰ ਨੌਜਵਾਨ ਲੜਕੇ ਅਤੇ ਲੜਕੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੁਨੀਆਂ ਵਿਚ ਮੁੱਲ ਸੂਰਤਾਂ ਦੇ ਨਹੀਂ ਸੀਰਤਾਂ ਦੇ ਪੈਂਦੇ ਹਨ। ਇਸ ਵਾਸਤੇ ਅਸ਼ਲੀਲਤਾ ਦੇ ਦਰਿਆ ਵਿਚ ਵਹਿਣ ਦੀ ਬਜਾਏ ਗਿਆਨ ਦੇ ਸਮੁੰਦਰ ਵਿਚ ਤਾਰੀਆਂ ਲਗਾਉ।

SHARE ARTICLE
Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement