ਤਮਾਸ਼ਾ ਬਣਦੇ 'ਫ਼ਤਵੇ' ਤੇ 'ਫ਼ਤਵੇਬਾਜ਼'
Published : Jan 23, 2018, 1:05 am IST
Updated : Jan 22, 2018, 7:35 pm IST
SHARE ARTICLE

ਫ਼ਤਵਾ ਇਸਲਾਮ ਧਰਮ ਨਾਲ ਜੁੜੀ ਇਕ ਇਹੋ ਜਹੀ ਵਿਵਸਥਾ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਇਸਲਾਮ ਧਰਮ ਦਾ ਗਿਆਨ ਰੱਖਣ ਵਾਲੇ ਵਿਦਵਾਨ ਲੋਕਾਂ ਦੀ ਇਕ ਕਮੇਟੀ ਅਤੇ ਧਾਰਮਕ ਮਾਮਲਿਆਂ ਦੇ ਜਾਣਕਾਰ ਮਤਲਬ ਮੁਫ਼ਤੀ ਰਾਹੀਂ ਅਪਣੇ ਪੈਰੋਕਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ।ਆਮ ਤੌਰ ਤੇ ਫ਼ਤਵਾ ਲੈਣ ਜਾਂ ਦੇਣ ਦੀ ਸਥਿਤੀ ਉਸ ਸਮੇਂ ਪੈਦਾ ਹੁੰਦੀ ਹੈ ਜਦ ਕੁਰਆਨ ਸਰੀਫ਼ ਤੇ ਸ਼ਰਿਆ ਰਾਹੀਂ ਦੌਰ-ਏ-ਹਾਜ਼ਰ ਵਿਚ ਕਿਸੇ ਸਵਾਲ ਦਾ ਢੁਕਵਾਂ ਜਵਾਬ ਨਾ ਮਿਲ ਰਿਹਾ ਹੋਵੇ। ਕਿਸੇ ਮੁਫ਼ਤੀ ਜਾਂ ਧਾਰਮਕ ਵਿਦਵਾਨਾਂ ਦੀ ਫ਼ਤਵਾ ਕਮੇਟੀ ਰਾਹੀਂ ਜੇ ਫ਼ਤਵਾ ਜਾਰੀ ਕੀਤਾ ਜਾਂਦਾ ਹੈ ਉਹ ਕੁਰਆਨ ਸਰੀਫ਼ ਤੇ ਇਸਲਾਮੀ ਸ਼ਰਿਆ ਦੀਆਂ ਸਿਖਿਆਵਾਂ ਅਤੇ ਹਦਾਇਤਾਂ ਤਹਿਤ ਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫ਼ਤਵਾ ਕਿਸੇ ਇਹੋ ਜਹੀ ਵਿਵਸਥਾ ਦਾ ਨਾਂ ਹੈ ਜਿਸ ਨੂੰ ਧਾਰਮਕ ਹੁਕਮ ਦੇ ਰੂਪ ਵਿਚ ਸਮਝਣ ਦੀ ਬਜਾਏ ਸਿਰਫ਼ ਇਕ ਧਾਰਮਕ ਰੌਸ਼ਨੀ ਵਿਚ ਦਿਤੀ ਗਈ ਸਲਾਹ ਸਮਝਿਆ ਜਾਂਦਾ ਹੈ ਜਿਸ ਤੇ ਅਮਲ ਕਰਨਾ ਜਾਂ ਨਾ ਕਰਨਾ ਵੀ ਕੋਈ ਜ਼ਰੂਰੀ ਨਹੀਂ ਹੈ ਪਰ ਬਦਕਿਸਮਤੀ ਸਾਡੇ ਦੇਸ਼ ਵਿਚ ਅਨੇਕਾਂ ਵਾਰ ਕਈ ਪੇਸ਼ੇਵਰ ਕਿਸਮ ਦੇ ਕਠਮੁੱਲਾਵਾਂ ਰਾਹੀਂ ਸਮੇਂ ਸਮੇਂ ਤੇ ਇਹੋ ਜਹੇ ਫ਼ਤਵੇ ਜਾਰੀ ਕੀਤੇ ਗਏ ਜਿਨ੍ਹਾਂ ਨੇ ਫ਼ਤਵਿਆਂ ਦਾ ਇਹੋ ਜਿਹਾ ਮਜ਼ਾਕ ਬਣਾ ਦਿਤਾ ਕਿ ਭਾਰਤ ਦੇ ਇਕ ਟੀ.ਵੀ. ਚੈਨਲ ਨੇ 'ਫਤਹਿ ਦਾ ਫ਼ਤਵਾ' ਨਾਂ ਦਾ ਇਕ ਲਘੂ ਲੜੀਵਾਰ ਹੀ ਚਲਾ ਸੁਟਿਆ।ਜ਼ਾਹਰ ਹੈ ਇਸ ਪ੍ਰਸਾਰਣ ਵਿਚ ਫ਼ਤਵਿਆਂ ਅਤੇ ਪੇਸ਼ੇਵਰ ਫ਼ਤਵੇਬਾਜ਼ਾਂ ਦੀ ਰਜਵੀਂ ਆਲੋਚਨਾ ਕੀਤੀ ਗਈ। ਕਈ ਵਾਰ ਫ਼ਤਵਿਆਂ ਦਾ ਮਜ਼ਾਕ ਉਡਾਇਆ ਗਿਆ ਅਤੇ ਗੱਲ ਗੱਲ ਤੇ ਫ਼ਤਵਾ ਜਾਰੀ ਕਰਨ ਵਾਲਿਆਂ ਦੀ ਕਾਨੂੰਨ ਅਤੇ ਧਾਰਮਕ ਹੈਸੀਅਤ ਉਤੇ ਸਵਾਲ ਖੜੇ ਕੀਤੇ ਗਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਧਰਮ ਆਗੂ ਦਾ ਇਹ ਫ਼ਰਜ਼ ਹੈ ਕਿ ਉਹ ਅਪਣੇ ਪੈਰੋਕਾਰਾਂ ਨੂੰ ਸਹੀ ਮਾਰਗ ਤੇ ਚੱਲਣ ਦੀ ਸਲਾਹ ਦੇਵੇ ਪਰ ਉਸ ਨੂੰ ਇਹ ਅਧਿਕਾਰ ਵੀ ਨਹੀਂ ਕਿ ਉਹ ਧਰਮ ਆਗੂ ਜਾਂ ਮੁਫ਼ਤੀ ਅਤੇ ਸਿਆਸੀ ਇਛਾਵਾਂ ਦੇ ਚਲਦੇ ਕੋਈ ਇਹੋ ਜਿਹਾ ਪੱਖਪਾਤ ਨਾਲ ਭਰਿਆ ਫ਼ਤਵਾ ਜਾਰੀ ਕਰੇ ਜੋ ਨਾ ਸਿਰਫ਼ ਇਸਲਾਮ ਧਰਮ ਦੀ ਬਦਨਾਮੀ ਦਾ ਕਾਰਨ ਬਣੇ ਬਲਕਿ ਇਸ ਨਾਲ ਇਸਲਾਮ ਅਤੇ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੀ ਵੇਖਿਆ ਜਾਣ ਲੱਗੇ। ਭਾਰਤ ਵਿਚ ਫ਼ਤਵਿਆਂ ਦਾ ਸਿਆਸੀਕਰਨ 1970 ਦੇ ਦਹਾਕੇ ਵਿਚ ਉਸ ਸਮੇਂ ਸ਼ੁਰੂ ਹੋਇਆ ਜਦ ਦਿੱਲੀ ਦੀ ਸ਼ਾਹੀ ਜਾਮਾ ਮਸਜਿਦ ਦੇ ਇਮਾਮ ਮੌਲਾਨਾ ਅਬਦੁੱਲਾ ਬੁਖਾਰੀ ਰਾਹੀਂ 1977 ਦੀਆਂ ਚੋਣਾਂ ਵਿਚ ਮੁਸਲਮਾਨਾਂ ਨੂੰ ਜਨਤਾ ਪਾਰਟੀ ਦੇ ਪੱਖ ਵਿਚ ਵੋਟ ਦਿਤੇ ਜਾਣ ਸਬੰਧੀ ਫ਼ਤਵਾ ਜਾਰੀ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤਕ ਫ਼ਤਵਾਬਾਜ਼ੀ ਪੂਰੀ ਤਰ੍ਹਾਂ ਨਾਲ ਸਿਆਸਤ ਦਾ ਰੂਪ ਧਾਰਨ ਕਰ ਚੁੱਕੀ ਹੈ। ਵੱਖ ਵੱਖ ਫ਼ਿਰਕਿਆਂ ਨਾਲ ਸਬੰਧਤ ਮੁਸਲਮਾਨਾਂ ਦੇ ਧਰਮ ਗੁਰੂ ਅਪਣੇ ਅਪਣੇ ਪੈਰੋਕਾਰਾਂ ਨੂੰ ਫ਼ਤਵੇ ਜਾਰੀ ਕਰਦੇ ਆ ਰਹੇ ਹਨ। ਨਤੀਜੇ ਵਜੋਂ ਅੱਜ ਸਾਡੇ ਦੇਸ਼ ਵਿਚ ਇਨ੍ਹਾਂ ਫ਼ਤਵਿਆਂ ਨੂੰ ਗੰਭੀਰਤਾ ਨਾਲ ਤਾਂ ਘੱਟ ਪਰ ਮਜ਼ਾਕ ਦੇ ਰੂਪ ਵਿਚ ਜ਼ਿਆਦਾ ਲਿਆ ਜਾਣ ਲੱਗਾ ਹੈ। ਕੁੱਝ ਸਾਲ ਪਹਿਲਾਂ ਇਕ ਵਿਵਾਦਿਤ ਕਥਿਤ ਫ਼ਤਵਾ ਕੋਲਕਾਤਾ ਦੀ ਟੀਪੂ ਸੁਲਤਾਨ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਮੁਹੰਮਦ ਨੁਰੂਲ ਹਸਨ ਬਰਕਤੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਛਮੀ ਬੰਗਾਲ ਦੇ ਇਕ ਭਾਜਪਾ ਆਗੂ ਵਿਰੁਧ ਜਾਰੀ ਕੀਤਾ ਗਿਆ। ਅਪਣੇ ਫ਼ਤਵਾਰੂਪੀ ਬਿਆਨ ਵਿਚ ਬਰਕਤੀ ਨੇ ਕਿਹਾ ਕਿ 'ਨੋਟਬੰਦੀ ਕਾਰਨ ਹਰ ਰੋਜ਼ ਲੋਕਾਂ ਨੂੰ ਦੁਖੀ ਹੋਣਾ ਪੈ ਰਿਹਾ ਹੈ ਅਤੇ ਸਮੱਸਿਆਵਾਂ ਝਲਣੀਆਂ ਪੈ ਰਹੀਆਂ ਹਨ। ਮੋਦੀ ਨੋਟਬੰਦੀ ਦੇ ਨਾਂ ਤੇ ਸਮਾਜ ਅਤੇ ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਬੇਵਕੂਫ਼ ਬਣਾ ਰਹੇ ਹਨ। ਹੁਣ ਕੋਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਨਹੀਂ ਚਾਹੁੰਦਾ।'ਇਹ ਪਹਿਲਾ ਮੌਕਾ ਹੈ ਜਦ ਕਿਸੇ ਧਾਰਮਕ ਆਗੂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਅਪਣੀ ਫ਼ਤਵੇਬਾਜ਼ੀ ਵਿਚ ਨਿਸ਼ਾਨਾ ਬਣਾਇਆ ਗਿਆ ਹੋਵੇ। ਜ਼ਾਹਰ ਹੈ ਇਸ ਫ਼ਤਵੇ ਦੀ ਦੇਸ਼ ਵਿਚ ਰਜਵੀਂ ਆਲੋਚਨਾ ਹੋਈ ਅਤੇ ਬਰਕਤੀ ਵਿਰੁਧ ਕੋਲਕਾਤਾ ਵਿਚ ਇਕ ਮੁਕੱਦਮਾ ਵੀ ਦਰਜ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਅਪਣੇ ਫ਼ਤਵੇ ਵਿਚ ਘੜੀਸਣ ਤੋਂ ਪਹਿਲਾਂ ਵੀ ਮੌਲਾਨਾ ਬਰਕਤੀ ਪਛਮੀ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਵਿਰੁਧ ਇਕ ਵਾਦ-ਵਿਵਾਦ ਵਾਲਾ ਫ਼ਤਵਾ ਜਾਰੀ ਕਰ ਚੁੱਕੇ ਹਨ। ਭਾਜਪਾ ਆਗੂ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁਧ ਇਕ ਇਤਰਾਜ਼ਯੋਗ ਟਿਪਣੀ ਕੀਤੀ ਸੀ। ਜ਼ਾਹਰ ਹੈ ਇਸ ਪ੍ਰਕਾਰ ਦੀ ਸਿਆਸੀ ਟੀਕਾ-ਟਿਪਣੀ ਦਾ ਜਵਾਬ ਤ੍ਰਿਣਮੂਲ ਕਾਂਗਰਸ ਦੇ ਕਿਸੇ ਬੁਲਾਰੇ ਵਲੋਂ ਹੀ ਦਿਤਾ ਜਾਣਾ ਚਾਹੀਦਾ ਸੀ। ਪਰ ਟੀਪੂ ਸੁਲਤਮਾਨ ਮਸਜਿਦ ਕੋਲਕਾਤਾ ਦੇ ਸ਼ਾਹੀ ਇਮਾਮ ਦਾ ਮਮਤਾ ਬੈਨਰਜੀ ਦੇ ਪੱਖ ਵਿਚ ਖੜੇ ਹੋਣ ਅਤੇ ਭਾਜਪਾ ਆਗੂ ਵਿਰੁਧ ਫ਼ਤਵਾ ਜਾਰੀ ਕਰਨਾ ਅਪਣੇ ਆਪ ਵਿਚ ਇਹ ਸਿੱਧ ਕਰਦਾ ਹੈ ਕਿ ਮੌਲਾਨਾ ਬਰਕਤੀ ਧਰਮ ਗੁਰੂ ਘੱਟ ਅਤੇ ਇਕ ਸਿਆਸੀ ਕਾਰਕੁਨ ਜ਼ਿਆਦਾ ਹੈ। ਮੌਲਾਨਾ ਬਰਕਤੀ ਨੇ ਅਪਣੇ ਫ਼ਤਵੇ ਵਿਚ ਕਿਹਾ ਕਿ 'ਉਨ੍ਹਾਂ ਨੇ ਸਾਡੇ ਪਿਆਰੇ ਮੁੱਖ ਮੰਤਰੀ ਅਤੇ ਦੇਸ਼ ਦੇ ਸੱਭ ਤੋਂ ਧਰਮ ਨਿਰਪੱਖ ਨੇਤਾ ਵਿਰੁਧ ਟਿਪਣੀ ਕੀਤੀ ਹੈ। ਉਨ੍ਹਾਂ ਤੇ ਪੱਥਰ ਸੁੱਟੇ ਜਾਣੇ ਚਾਹੀਦੇ ਅਤੇ ਉਨ੍ਹਾਂ ਨੂੰ ਬੰਗਾਲ ਤੋਂ ਬਾਹਰ ਕੱਢ ਦਿਤਾ ਜਾਣਾ ਚਾਹੀਦਾ ਹੈ। ਉਹ ਬੰਗਾਲ ਵਿਚ ਰਹਿਣ ਦੇ ਕਾਬਲ ਨਹੀਂ ਹਨ।' ਇਸ ਫ਼ਤਵੇ ਦੀ ਭਾਸ਼ਾ ਨਾ ਸਿਰਫ਼ ਕਟੜਤਾ ਦਾ ਇਜ਼ਹਾਰ ਕਰਦੀ ਹੈ ਬਲਕਿ ਇਸ ਦੀ ਭਾਸ਼ਾ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਅੱਜ ਦੇ ਦੌਰ ਵਿਚ ਵੀ ਕੁੱਝ ਮੌਲਾਨਾ ਤਾਲਿਬਾਨੀ ਹਦਾਇਤਾਂ ਤੋਂ ਪ੍ਰਭਾਵਤ ਹਨ। ਭਾਰਤ ਵਰਗੇ ਧਰਮਨਿਰਪੱਖ ਲੋਕਤੰਤਰ ਦੇਸ਼ ਵਿਚ ਜਿਥੇ ਕਾਨੂੰਨ ਤੇ ਭਾਰਤੀ ਸੰਵਿਧਾਨ ਨੂੰ ਪਹਿਲ ਦਿਤੀ ਜਾਂਦੀ ਹੋਵੇ ਉਥੇ ਪੱਥਰ ਮਾਰਨ ਵਰਗੀਆਂ ਬੇਹੁਦਾ ਗੱਲਾਂ ਕਰਨੀਆਂ ਜਾਂ ਅਪਣੇ ਪੈਰੋਕਾਰਾਂ ਨੂੰ ਇਸ ਲਈ ਉਕਸਾਉਣਾ ਯਕੀਨੀ ਤੌਰ ਤੇ ਇਸਲਾਮ ਧਰਮ ਦਾ ਮਜ਼ਾਕ ਉਡਾਉਣਾ ਅਤੇ ਇਸਲਾਮ ਤੇ ਮੁਸਲਮਾਨਾਂ ਦੀ ਸਥਿਤੀ ਨੂੰ ਵੀ ਸ਼ੱਕੀ ਬਣਾਉਣਾ ਹੈ। ਜੇਕਰ ਕੋਈ ਮੁਸਲਮਾਨ ਆਦਮੀ ਕਿਸੇ ਨੂੰ ਅਪਣਾ ਇਸਲਾਮਿਕ ਧਰਮ ਆਗੂ ਇਮਾਮ ਜਾਂ ਮੁਫ਼ਤੀ ਮੰਨ ਕੇ ਉਸ ਦੇ ਪਿੱਛੇ ਖੜਾ ਹੋ ਕੇ ਨਮਾਜ਼ ਪੜ੍ਹਦਾ ਹੋਵੇ ਜਾਂ ਉਸ ਦੀਆਂ ਧਾਰਮਕ ਹਦਾਇਤਾਂ ਨੂੰ ਸਤਿਕਾਰ ਦੇਂਦਾ ਹੋਵੇ ਇਸ ਦਾ ਇਹ ਅਰਥ ਤਾਂ ਹਰਗਿਜ਼ ਨਹੀਂ ਹੈ ਕਿ ਉਹੀ ਮੁਸਲਮਾਨ ਉਸ ਧਰਮ ਗੁਰੂ ਦੀਆਂ ਸਿਆਸੀ ਹਦਾਇਤਾਂ ਦਾ ਵੀ ਪਾਲਣ ਕਰੇ?ਕਿਸੇ ਵੀ ਆਦਮੀ ਦੀ ਧਾਰਮਕ, ਸਮਾਜਕ ਅਤੇ ਸਿਆਸੀ ਸੋਚ ਅਤੇ ਫ਼ੈਸਲਿਆਂ ਵਿਚ ਫ਼ਰਕ ਵੀ ਹੋ ਸਕਦਾ ਹੈ। ਉਂਜ ਵੀ ਲੋਕਤੰਤਰ ਵਿਚ ਸਿਆਸੀ ਫ਼ੈਸਲੇ ਲੈਣਾ ਜਾਂ ਕਿਸੇ ਦਾ ਵਿਰੋਧ ਅਤੇ ਪੱਖਪਾਤ ਕਰਨਾ ਕਿਸੇ ਆਦਮੀ ਦਾ ਨਿਜੀ ਫ਼ੈਸਲਾ ਹੈ। ਫ਼ਤਵਿਆਂ ਸਬੰਧੀ ਇਕ ਹੋਰ ਗੌਰ ਕਰਨ ਲਾਇਕ ਵਿਸ਼ਾ ਇਹ ਵੀ ਹੈ ਕਿ ਇਸਲਾਮ ਧਰਮ ਕਈ ਅੱਡ ਅੱਡ ਵਰਗਾਂ ਵਿਚ ਵੰਡਿਆ ਹੋਇਆ ਹੈ। ਲਿਹਾਜ਼ਾ ਕਿਸੇ ਇਕ ਵਰਗ ਦੇ ਮੁਫ਼ਤੀ ਜਾਂ ਧਰਮ ਆਗੂ ਰਾਹੀਂ ਜਾਰੀ ਕੀਤੇ ਕਿਸੇ ਫ਼ਤਵੇ ਦਾ ਆਦਰ ਕਿਸੇ ਦੂਜੇ ਵਰਗ ਦਾ ਮੁਸਲਮਾਨ ਕਰੇ ਇਹੋ ਜਹੀ ਕੋਈ ਬੰਦਿਸ਼ ਨਹੀਂ ਹੈ। ਹਿੰਦੂ ਧਰਮ ਵਿਚ ਵੀ ਕਈ ਧਰਮ ਆਗੂਆਂ ਰਾਹੀਂ ਸਮੇਂ ਸਮੇਂ ਤੇ ਅਪਣੇ ਪੈਰੋਕਾਰਾਂ ਤੇ ਸਮਰਥਕਾਂ ਨੂੰ ਹਦਾਇਤਾਂ ਦਿਤੀਆਂ ਜਾਂਦੀਆਂ ਹਨ। ਇਸ ਨਾਲ ਵੀ ਸਮਾਜ ਵਿਚ ਬੇਚੈਨੀ ਵਧਦੀ ਹੈ। ਇਥੋਂ ਤਕ ਕਿ ਇਨ੍ਹਾਂ ਦੇ ਬੋਲ ਇਸ ਤਰ੍ਹਾਂ ਬੇਤੁਕੇ ਹੁੰਦੇ ਹਨ, ਜੋ ਸਾਡੇ ਦੇਸ਼ ਦੇ ਕਾਇਦੇ ਕਾਨੂੰਨ ਅਤੇ ਸਰਕਾਰੀ ਯੋਜਨਾਵਾਂ ਨੂੰ ਵੀ ਢਾਹ ਲਾਉਂਦੇ ਹਨ। ਮਿਸਾਲ ਦੇ ਤੌਰ ਤੇ ਉਨ੍ਹਾਂ ਵਿਚ ਭਾਜਪਾ ਸੰਸਦ ਮੈਂਬਰ ਸਚਿਦਾਨੰਦ ਹਰਿ ਸਾਖ਼ਸੀ ਮਹਾਰਾਜ ਨੇ ਮੁਸਲਮਾਨਾਂ ਵਲ ਇਸ਼ਾਰਾ ਕਰਦੇ ਹੋਏ ਇਕ ਵਾਰ ਫਿਰ ਕਿਹਾ ਕਿ ਚਾਰ ਬੀਵੀਆਂ ਤੇ ਚਾਲੀ ਬੱਚੇ ਸਾਡੇ ਦੇਸ਼ ਨੂੰ ਮਨਜ਼ੂਰ ਨਹੀਂ ਹਨ।ਉਨ੍ਹਾਂ ਦਾ ਕਥਨ ਯਕੀਨੀ ਤੌਰ ਤੇ ਮੁਸਲਿਮ ਸਮਾਜ ਨੂੰ ਬਦਨਾਮ ਕਰਨ ਵਾਲਾ ਅਤੇ ਦੇਸ਼ ਦੇ ਹਿੰਦੂਆਂ ਨੂੰ ਮੁਸਲਿਮ ਸਮਾਜ ਦੀ ਵਧਦੀ ਵਸੋਂ ਦਾ ਝੂਠਾ ਡਰ ਵਿਖਾਉਣ ਦੀ ਗਰਜ ਨਾਲ ਦਿਤਾ ਗਿਆ ਬਿਆਨ ਹੈ। ਉਹ ਪਹਿਲਾਂ ਵੀ ਇਹੋ ਜਹੇ ਵਿਵਾਦਤ ਬਿਆਨ ਦੇ ਚੁੱਕੇ ਹਨ। ਫ਼ਿਲਹਾਲ ਸਾਰੇ ਧਰਮ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਫ਼ਜ਼ੂਲ ਦੇ ਗ਼ੈਰ-ਕਾਨੂੰਨੀ ਫ਼ਤਵਿਆਂ ਤੋਂ ਬਚਣ ਕਿਉਂਕਿ ਭਾਰਤੀ ਸਮਾਜ ਹੁਣ ਇਹੋ ਜਹੇ ਫ਼ਤਵਿਆਂ ਅਤੇ ਫ਼ਤਵੇ ਵਾਲਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਇਨ੍ਹਾਂ ਨੂੰ ਇਕ ਤਮਾਸ਼ਾ ਸਮਝਣ ਲੱਗਾ ਹੈ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement