ਲੈਨਿਨ, ਅੰਬੇਦਕਰ, ਮੁਖਰਜੀ ਤਾਂ ਚਲੇ ਗਏ ਹਨ। ਭਾਰਤ ਅੱਜ ਸਾਡੇ ਹੱਥ ਵਿਚ ਹੈ। ਜਿਸ ਵਕਤ ਦੇ ਬਦਲੇ ਲੈਣ ਦੀ ਗੱਲ ਚਲ ਰਹੀ ਹੈ, ਉਹ ਤਾਂ ਇਕ ਕਾਲਾ ਦੌਰ ਸੀ ਜਦ ਤਾਕਤ ਅਤੇ ਤਲਵਾਰ ਦਾ ਜ਼ੋਰ ਚਲਦਾ ਸੀ। ਅੱਜ ਦਾ ਭਾਰਤ ਇਕ ਲੋਕਤੰਤਰ ਹੈ ਜਿਥੇ ਰਹਿਣ ਵਾਲਿਆਂ ਨੇ ਮਿਲ ਕੇ, ਆਜ਼ਾਦੀ ਅੰਗਰੇਜ਼ਾਂ ਹੱਥੋਂ ਖੋਹੀ ਸੀ। ਬਰਾਬਰੀ ਦੇ ਨਾਹਰੇ ਦਾ ਮਤਲਬ ਅੱਜ ਦੇ ਸਮਾਜ ਵਿਚ ਪਿਛਲੀਆਂ ਗ਼ਲਤੀਆਂ ਦਾ ਬਦਲਾ ਲੈਣਾ ਨਹੀਂ ਬਲਕਿ ਭਾਰਤ ਵਿਚ ਸ਼ਾਂਤੀ ਬਰਕਰਾਰ ਰਖਦੇ ਹੋਏ, ਵਿਕਾਸ ਦੇ ਮਾਰਗ ਤੇ ਟਿਕੇ ਰਹਿਣਾ ਹੈ।
ਤ੍ਰਿਪੁਰਾ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਕੁੱਝ ਘੰਟਿਆਂ ਬਾਅਦ, ਜਿੱਤ ਦਾ ਮਤਲਬ ਹੀ ਬਦਲ ਗਿਆ। ਜਿੱਤ ਤੋਂ ਬਾਅਦ ਕੁੱਝ ਛੋਟੀਆਂ ਛੋਟੀਆਂ ਬੂਥ ਪੱਧਰ ਦੀਆਂ ਨਿਜੀ ਰੰਜਿਸ਼ਾਂ ਨਹੀਂ ਬਲਕਿ ਇਕ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਵਿਰੁਧ ਨਫ਼ਰਤ ਦਾ ਅਜਿਹਾ ਲਾਂਬੂ ਫਟਿਆ ਕਿ ਸੀ.ਪੀ.ਐਮ. ਦੇ ਵਰਕਰ ਇਸ ਨਫ਼ਰਤ ਉਗਲਦੀਆਂ ਭੀੜਾਂ ਤੋਂ ਲੁਕ ਕੇ ਅਪਣੇ ਦਫ਼ਤਰਾਂ ਵਿਚ ਬੈਠ ਗਏ। ਇਸ ਸੱਭ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਤ੍ਰਿਪੁਰਾ ਦੇ ਗਵਰਨਰ ਅਤੇ ਡੀ.ਜੀ.ਪੀ. ਨੂੰ ਸਖ਼ਤ ਹੁਕਮ ਦੇਣੇ ਪਏ। ਪਰ ਇਸ ਸ਼ੁਰੂ ਹੋਈ ਹਿੰਸਾ ਦਾ ਅਸਰ ਪੂਰੇ ਦੇਸ਼ ਅੰਦਰ ਵੇਖਿਆ ਜਾ ਰਿਹਾ ਹੈ। ਤ੍ਰਿਪੁਰਾ ਵਿਚ ਲੈਨਿਨ ਦੇ ਬੁੱਤਾਂ ਨੂੰ ਤਹਿਸ ਨਹਿਸ ਕੀਤਾ ਗਿਆ। ਉਸ ਬਦਲੇ ਭਾਰਤੀ ਜਨਸੰਘ ਦੇ ਮੁਖੀ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ਉਤੇ ਕਾਲਖ ਮੱਲੀ ਗਈ। ਤਾਮਿਲਨਾਡੂ ਵਿਚ ਪੇਰੀਯਾਰ ਦੇ ਬੁੱਤ ਨੂੰ ਤੋੜਿਆ ਗਿਆ। ਫਿਰ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਤੋੜਿਆ ਗਿਆ। ਇਸ ਫੈਲਦੀ ਅੱਗ ਵਿਚ ਘਿਉ ਪਾਉਣ ਵਾਲੇ ਕੁੱਝ ਭਾਜਪਾ ਆਗੂ ਸਨ ਜੋ ਇਨ੍ਹਾਂ ਸ਼ਖ਼ਸੀਅਤਾਂ ਦੀ ਵਿਚਾਰਧਾਰਾ ਨੂੰ 'ਹਿੰਦੂ ਭਾਰਤ' ਵਿਚ ਟਿਕਣ ਦੇਣ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ। ਲੈਨਿਨ ਦੀ ਵਿਦੇਸ਼ੀ ਵਿਚਾਰਧਾਰਾ ਨੂੰ ਭਾਰਤ ਵਿਚ ਕੋਈ ਥਾਂ ਨਾ ਦੇਣ ਵਾਲੀ ਸੋਚ ਨੇ ਉਸ ਦੇ ਬੁੱਤ ਨੂੰ ਤੋੜਨ ਦੀ ਆਗਿਆ ਦਿਤੀ। ਮਤਲਬ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਸਾਰੇ ਭਾਰਤ ਵਿਚ ਇਕੋ ਵਿਚਾਰਧਾਰਾ ਲਈ ਹੀ ਥਾਂ ਰਹਿ ਜਾਵੇਗੀ ਤਾਂ ਫਿਰ ਕਿਸੇ ਹੋਰ ਵਿਚਾਰਧਾਰਾ ਦਾ ਸਮਰਥਨ ਕਰਨ ਵਾਲੇ ਨੂੰ ਬੁੱਤਾਂ ਵਾਂਗ ਢਾਹ ਦਿਤਾ ਜਾਵੇਗਾ।ਅੱਜ ਦੇ ਇਹ ਕੱਟੜ ਦੰਗਈ ਅਪਣੇ ਆਪ ਨੂੰ, ਵਕਤ ਨੂੰ ਪੁੱਠਾ ਗੇੜਾ ਦੇਣ ਵਾਲੀਆਂ ਮਸ਼ੀਨਾਂ ਸਮਝ ਰਹੇ ਹਨ ਅਤੇ ਉਹ ਸਮਾਂ ਵਾਪਸ ਲਿਆਉਣਾ ਚਾਹੁੰਦੇ ਹਨ ਜਦੋਂ ਮੁਸਲਮਾਨ ਹਮਲਾਵਰਾਂ ਨੇ ਭਾਰਤ ਵਿਚ ਲੁੱਟਮਾਰ ਕਰ ਕੇ ਮੰਦਰਾਂ ਨੂੰ ਢਾਹਿਆ ਸੀ, ਔਰਤਾਂ ਨਾਲ ਬਲਾਤਕਾਰ ਕੀਤਾ ਸੀ ਅਤੇ ਹਿੰਦੂਆਂ ਤੋਂ ਧਰਮ ਬਦਲਵਾਇਆ ਸੀ। ਇਸ ਬਦਲੇ ਦੀ ਭਾਵਨਾ 'ਚੋਂ ਜਨਮੀ ਸੋਚ ਦਾ ਅੱਜ ਦੇ ਸਮਾਜ ਉਤੇ ਕਿਸ ਤਰ੍ਹਾਂ ਦਾ ਅਸਰ ਹੋ ਰਿਹਾ ਹੈ? ਕਦੇ ਇਨ੍ਹਾਂ ਨੇ ਇਹ ਸੋਚਿਆ ਹੈ ਕਿ ਜੇ ਕੋਈ ਹੋਰ ਵਰਗ ਉਠ ਪਿਆ ਅਤੇ ਸਮੇਂ ਦੀ ਸੂਈ ਨੂੰ ਵਾਪਸ ਮੋੜ ਕੇ ਉਸ ਵਕਤ 'ਚ ਲੈ ਗਿਆ ਜਦੋਂ ਜਾਤ-ਪਾਤ ਦਾ ਵਿਤਕਰਾ ਨਹੀਂ ਸੀ ਹੁੰਦਾ ਤਾਂ ਸਮਾਜ ਵਿਚ ਕਿਸ ਤਰ੍ਹਾਂ ਦੀਆਂ ਜੰਗਾਂ ਸ਼ੁਰੂ ਹੋ ਜਾਣਗੀਆਂ? ਜੇ ਔਰਤਾਂ ਵੀ ਬਦਲਾ ਲੈਣ ਲਈ ਅਪਣਾ ਬਰਾਬਰੀ ਦਾ ਹੱਕ ਉਸ ਜ਼ੋਰ ਨਾਲ ਹੀ ਮੰਗਣ ਲੱਗ ਜਾਣ ਜਿਸ ਜ਼ੋਰ ਨਾਲ ਉਨ੍ਹਾਂ ਤੋਂ ਇਹ ਖੋਹਿਆ ਗਿਆ ਸੀ ਤਾਂ ਸੋਚੋ, ਕੀ ਹੋਵੇਗਾ?
ਅਸਲ ਵਿਚ ਹਿੰਦੂਤਵ ਦੇ ਵੱਡੇ ਪ੍ਰਚਾਰਕ ਸਨ ਵੀਰ ਸਾਵਰਕਰ ਜਿਨ੍ਹਾਂ ਦੀ ਤਸਵੀਰ ਸੰਸਦ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਸਥਾਪਤ ਕੀਤੀ ਗਈ ਸੀ। ਸਾਵਰਕਰ ਜਦੋਂ ਅੰਗਰੇਜ਼ਾਂ ਵਿਰੁਧ ਇਕ ਖ਼ੂਨੀ ਕ੍ਰਾਂਤੀ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਕੈਦ ਹੋ ਗਏ ਤਾਂ ਉਨ੍ਹਾਂ ਨੇ ਅਪਣਾ ਗੁੱਸਾ ਗਾਂਧੀ ਅਤੇ ਮੁਸਲਮਾਨਾਂ ਉਤੇ ਕਢਿਆ। ਉਹ ਨੱਥੂ ਰਾਮ ਗੋਡਸੇ ਦੇ ਕਰੀਬੀ ਸਨ ਅਤੇ ਗਾਂਧੀ ਹਤਿਆ ਕਾਂਡ ਵਿਚ ਸਿਰਫ਼ ਇਕ ਕਾਨੂੰਨੀ ਅੜਿੱਕੇ ਕਰ ਕੇ ਸਜ਼ਾ ਤੋਂ ਬੱਚ ਗਏ ਸਨ।ਸਾਵਰਕਰ ਦਾ ਕਹਿਣਾ ਸੀ ਕਿ ਮੁਗ਼ਲ ਸੁਲਤਾਨਾਂ ਦੀਆਂ ਗ਼ਲਤੀਆਂ ਦਾ ਹਿਸਾਬ ਕਿਤਾਬ ਅੱਜ ਦੀਆਂ ਮੁਸਲਮਾਨ ਔਰਤਾਂ ਤੋਂ ਲਿਆ ਜਾਵੇਗਾ। ਸਾਵਰਕਰ ਦੀ ਬਦਲੇ ਦੀ ਸੋਚ 'ਚੋਂ ਜਨਮੀ ਆਰ.ਐਸ.ਐਸ. ਅੱਜ ਉਸੇ ਗੁੱਸੇ ਨੂੰ ਕਦੇ ਗੁਜਰਾਤ ਦੀਆਂ ਸੜਕਾਂ ਤੇ ਫੈਲਾ ਦੇਂਦੀ ਹੈ ਅਤੇ ਕਦੇ ਮੁਸਲਮਾਨਾਂ ਦਾ ਕਤਲ ਕਰਦੀ ਹੈ ਅਤੇ ਕਦੇ ਇਹ ਬੁੱਤ ਢਾਹੁਣ ਲੱਗ ਜਾਂਦੀ ਹੈ।ਸ੍ਰੀ ਸ੍ਰੀ ਰਵੀ ਸ਼ੰਕਰ, ਜੋ ਕਿ ਖ਼ੁਦ ਨੂੰ ਗਿਆਨੀ ਧਿਆਨੀ ਅਖਵਾਉਂਦੇ ਹਨ, ਇਸ ਨਫ਼ਰਤ ਦੇ ਸਮੁੰਦਰ ਵਿਚ ਵਹਿੰਦੇ ਹੋਏ ਹੁਣ ਚੇਤਾਵਨੀਆਂ ਦੇ ਰਹੇ ਹਨ ਕਿ ਜੇ ਰਾਮ ਮੰਦਰ ਨਾ ਬਣਿਆ ਤਾਂ ਇਥੇ ਸੀਰੀਆ ਵਰਗੀ ਸਥਿਤੀ ਬਣ ਜਾਵੇਗੀ। ਦੁਨੀਆਂ ਸਾਹਮਣੇ ਭਾਰਤ ਅੱਜ ਅਪਣਾ ਕੀ ਚਿਹਰਾ ਪੇਸ਼ ਕਰ ਰਿਹਾ ਹੈ? ਇਕ ਨਫ਼ਰਤ ਦੇ ਖ਼ੂਨ ਨਾਲ ਲਿਬੜਿਆ ਦੇਸ਼ ਜਿਥੇ ਲੋਕਤੰਤਰ ਦਾ ਕਤਲ ਕਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ?
ਲੈਨਿਨ, ਅੰਬੇਦਕਰ, ਮੁਖਰਜੀ ਤਾਂ ਚਲੇ ਗਏ ਹਨ। ਭਾਰਤ ਅੱਜ ਸਾਡੇ ਹੱਥ ਵਿਚ ਹੈ। ਜਿਸ ਵਕਤ ਦੇ ਬਦਲੇ ਲੈਣ ਦੀ ਗੱਲ ਚਲ ਰਹੀ ਹੈ, ਉਹ ਤਾਂ ਇਕ ਕਾਲਾ ਦੌਰ ਸੀ ਜਦ ਤਾਕਤ ਅਤੇ ਤਲਵਾਰ ਦਾ ਜ਼ੋਰ ਚਲਦਾ ਸੀ। ਅੱਜ ਦਾ ਭਾਰਤ ਇਕ ਲੋਕਤੰਤਰ ਹੈ ਜਿਥੇ ਰਹਿਣ ਵਾਲਿਆਂ ਨੇ ਮਿਲ ਕੇ, ਆਜ਼ਾਦੀ ਅੰਗਰੇਜ਼ਾਂ ਹੱਥੋਂ ਖੋਹੀ ਸੀ। ਬਰਾਬਰੀ ਦੇ ਨਾਹਰੇ ਦਾ ਮਤਲਬ ਅੱਜ ਦੇ ਸਮਾਜ ਵਿਚ ਪਿਛਲੀਆਂ ਗ਼ਲਤੀਆਂ ਦਾ ਬਦਲਾ ਲੈਣਾ ਨਹੀਂ ਬਲਕਿ ਭਾਰਤ ਵਿਚ ਸ਼ਾਂਤੀ ਬਰਕਰਾਰ ਰਖਦੇ ਹੋਏ, ਵਿਕਾਸ ਦੇ ਮਾਰਗ ਤੇ ਟਿਕੇ ਰਹਿਣਾ ਹੈ। -ਨਿਮਰਤ ਕੌਰ