
ਸਾਰੇ ਇਤਿਹਾਸਕ ਪ੍ਰਮਾਣ ਇਹੀ ਸਾਬਤ ਕਰਦੇ ਹਨ ਕਿ ਬਾਬੇ ਨਾਨਕ ਦਾ ਜਨਮ ਵਿਸਾਖ ਵਿਚ ਹੋਇਆ ਸੀ, ਕੱਤਕ ਵਿਚ ਨਹੀਂ। '
ਪਾਠਕਾਂ ਨੂੰ ਪਤਾ ਹੀ ਹੈ ਕਿ 2005 ਵਿਚ ਜਦੋਂ ਅਸੀਂ ਰੋਜ਼ਾਨਾ ਸਪੋਕਸਮੈਨ ਸ਼ੁਰੂ ਕੀਤਾ ਸੀ ਤਾਂ ਸਾਡੇ ਕੋਲ ਇਕ ਰੋਜ਼ਾਨਾ ਅਖ਼ਬਾਰ ਕੱਢਣ ਜੋਗੇ ਓਨੇ ਹੀ ਪੈਸੇ ਸਨ ਜਿੰਨੇ ਭੀਲਣੀ ਕੋਲ ਬੇਰ ਸਨ ਅਤੇ ਸੁਦਾਮੇ ਕੋਲ ਘਰ ਦੇ ਚੌਲ ਸਨ।
ਠੀਕ ਹੀ ਅਸੀ ਆਨਾ ਆਨਾ ਰੁਪਈਆ ਰੁਪਈਆ ਜੋੜ ਕੇ ਪ੍ਰੈੱਸ ਲਈ ਮਸ਼ੀਨਾਂ ਵੀ ਖ਼ਰੀਦ ਲਈਆਂ ਸਨ ਅਤੇ ਹੋਰ ਉਸ ਸਾਰੇ ਕੁੱਝ ਦਾ ਪ੍ਰਬੰਧ ਕਰ ਲਿਆ ਸੀ ਜਿਸ ਨਾਲ ਅਖ਼ਬਾਰ ਸ਼ੁਰੂ ਕੀਤਾ ਜਾ ਸਕਦਾ ਸੀ ਪਰ ਹਰ ਮਹੀਨੇ ਪੈਣ ਵਾਲੇ ਘਾਟੇ ਅਤੇ ਕੀਤੇ ਜਾਣ ਵਾਲੇ ਖ਼ਰਚਿਆਂ ਦਾ ਕੀ ਪ੍ਰਬੰਧ ਹੋਵੇਗਾ, ਅਸੀ ਖ਼ੁਦ ਵੀ ਇਸ ਤੋਂ ਅਣਜਾਣ ਸੀ।
Photo
ਬਸ ਇਕ ਹੀ ਧੁਨ ਸੀ ਕਿ ਅਖ਼ਬਾਰ ਕਢਣਾ ਹੀ ਕਢਣਾ ਹੈ ਤੇ ਪੁਜਾਰੀਆਂ, ਉਨ੍ਹਾਂ ਦੇ ਸਰਪ੍ਰਸਤ ਹਾਕਮਾਂ ਨੂੰ ਚੁਨੌਤੀ ਦੇਣੀ ਹੀ ਦੇਣੀ ਹੈ¸ਅੱਗੋਂ ਜੋ ਭਾਵੇ ਕਰਤਾਰ ਨੂੰ।
ਦੋ ਤਿੰਨ ਮਹੀਨੇ ਦਾ ਖ਼ਰਚਾ ਹੀ ਸੀ ਸਾਡੇ ਪੱਲੇ ਤੇ ਸਾਨੂੰ ਨਹੀਂ ਸੀ ਪਤਾ ਕਿ ਉਸ ਤੋਂ ਬਾਅਦ ਦਾ ਖ਼ਰਚਾ ਕਿਥੋਂ ਆਵੇਗਾ? ਸਾਡਾ ਮਜ਼ਾਕ ਉਡਾਉਣ ਵਾਲਿਆਂ ਦਾ ਅੰਦਾਜ਼ਾ ਵੀ ਗ਼ਲਤ ਨਹੀਂ ਸੀ ਕਿ ਜਦ ਸਰਕਾਰ ਤੇ ਪੁਜਾਰੀ ਤਬਕਾ ਸਾਡੇ ਵਿਰੁਧ ਆਰਥਕ ਨਾਕੇਬੰਦੀ ਲਾਈ ਬੈਠੇ ਹਨ, ਸਰਕਾਰੀ ਇਸ਼ਤਿਹਾਰਾਂ ਉਤੇ ਪਹਿਲੇ ਦਿਨ ਤੋਂ ਹੀ ਪਾਬੰਦੀ ਲਾ ਦਿਤੀ ਗਈ ਸੀ ਤਾਂ ਅਖ਼ਬਾਰ ਕਿੰਨੇ ਦਿਨ ਕੱਢ ਲਵੇਗਾ?
Photo
ਸਵਾਲਾਂ ਦੇ ਜਵਾਬ ਤਾਂ ਸਾਨੂੰ ਵੀ ਨਹੀਂ ਸਨ ਸੁਝ ਰਹੇ ਪਰ ਸਾਡੇ ਦੁਹਾਂ ਦੇ ਮੂੰਹ 'ਚੋਂ ਇਕੋ ਗੱਲ ਹੀ ਨਿਕਲਦੀ ਸੀ ਕਿ ''ਸਾਡੇ ਤਾਂ ਲਹੂ ਦਾ ਆਖ਼ਰੀ ਕਤਰਾ ਵੀ ਅਖ਼ਬਾਰ ਨੂੰ ਸਮਰਪਿਤ ਹੈ ਤੇ ਪੂਰੀ ਈਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਅਖ਼ਬਾਰ ਅਸੀ ਬਾਬੇ ਨਾਨਕ ਦੇ ਚਰਨਾਂ ਵਿਚ ਰੱਖ ਕੇ ਸ਼ੁਰੂ ਕੀਤਾ ਹੈ, ਇਸ ਲਈ ਅੱਗੋਂ ਦੀਆਂ ਉਹ ਜਾਣੇ। ਇਹ ਅਖ਼ਬਾਰ ਬਾਬੇ ਨਾਨਕ ਦਾ ਹੈ, ਸਾਡਾ ਨਹੀਂ। ਬੰਦ ਹੋ ਗਿਆ ਤਾਂ ਉਹਦੀ ਹਾਰ ਹੋਏਗੀ, ਸਾਡੀ ਨਹੀਂ। ਬਚਿਆ ਰਿਹਾ ਤਾਂ ਉਹਦੀ ਜਿੱਤ ਹੋਵੇਗੀ, ਸਾਡੀ ਨਹੀਂ।''
Photo
ਅੱਜ ਪਿੱਛੇ ਮੁੜ ਕੇ ਵੇਖੀਏ ਤਾਂ ਸਾਨੂੰ ਵੀ ਪਤਾ ਨਹੀਂ, ਖ਼ਾਲੀ ਜੇਬ ਹੋ ਕੇ ਵੀ ਅਸੀ 15 ਸਾਲ ਅਖ਼ਬਾਰ ਨੂੰ ਸਰਕਾਰੀ ਤੇ ਪੁਜਾਰੀ ਹਮਲਿਆਂ ਤੋਂ ਬਚਾ ਕੇ ਕਿਵੇਂ ਚਲਾਈ ਰਖਿਆ। ਇਕ ਦਿਨ ਲਈ ਵੀ ਅਸੀ ਸੱਚ ਬੋਲਣਾ ਨਾ ਛਡਿਆ, ਇਕ ਵੀ ਗ਼ਲਤ ਪੈਸਾ ਅਸੀ ਇਸ ਵਿਚ ਪੈਣ ਨਾ ਦਿਤਾ ਤੇ ਕਰੋੜਾਂ ਦੀਆਂ ਪੇਸ਼ਕਸ਼ਾਂ ਠੁਕਰਾ ਕੇ ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕੀਤਾ ਪਰ ਸਿਧਾਂਤ ਦਾ ਪੱਲਾ ਛਡਣਾ ਕਦੇ ਨਾ ਮੰਨਿਆ।
Photo
ਸਾਡੇ ਹੱਕ ਵਿਚ ਬੋਲਿਆ ਵੀ ਕੋਈ ਨਾ, ਸਾਡੇ ਨਾਲ ਖੜਾ ਵੀ ਕੋਈ ਨਾ ਹੋਇਆ। ਮੈਨੂੰ ਯਾਦ ਹੈ, ਪੰਜ ਕੁ ਸਾਲ, ਪੂਰਾ ਜ਼ੋਰ ਲਾ ਲੈਣ ਬਾਅਦ ਜਦ ਹਾਕਮਾਂ ਨੂੰ ਲੱਗਾ ਕਿ ਇਹ ਕਿਲ੍ਹਾ ਜਿਤਣਾ ਅਸੰਭਵ ਹੈ ਤਾਂ ਉਨ੍ਹਾਂ ਨੇ ਪਰਦੇ ਪਿੱਛੇ ਰਹਿ ਕੇ ਸਾਡੇ ਨਾਲ 'ਸਮਝੌਤੇ' ਦੀ ਗੱਲ ਚਲਾਈ। ਪਹਿਲੇ ਦਿਨ ਜਦ ਸੁਖਬੀਰ ਬਾਦਲ ਮੈਨੂੰ ਮੇਰੇ ਘਰ ਆ ਕੇ ਮਿਲੇ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਹੀ ਇਹ ਸੀ, ''ਨਾ ਤੁਹਾਡੇ ਨਾਲ ਕੋਈ ਪਾਰਟੀ ਖੜੀ ਹੈ, ਨਾ ਵਿਦਵਾਨ, ਨਾ ਕੋਈ ਪੰਥਕ ਸੰਸਥਾ, ਨਾ ਕੋਈ ਲੀਡਰ, ਨਾ ਤੁਹਾਡਾ ਅਖ਼ਬਾਰੀ ਭਾਈਚਾਰਾ ਹੀ। ਫਿਰ ਆਕੜਦੇ ਕਿਹੜੀ ਗੱਲੋਂ ਹੋ?''
Photo
ਚਾਣਚੱਕ ਇਹ ਸਵਾਲ ਸੁਣ ਕੇ ਮੈਂ ਇਕਦਮ ਤਾਂ ਘਬਰਾ ਹੀ ਗਿਆ ਪਰ ਝੱਟ ਸੰਭਲ ਕੇ ਮੈਂ ਜਵਾਬੀ ਤੌਰ ਤੇ ਸਵਾਲ ਕਰ ਦਿਤਾ, ''ਤਾਂ ਸੁਖਬੀਰ ਜੀ, ਕੀ ਤੁਸੀ ਸਾਨੂੰ ਇਕੱਲਿਆਂ ਵੇਖ ਕੇ ਇਹ ਕਹਿਣ ਲਈ ਆਏ ਹੋ ਕਿ 'ਤੁਹਾਨੂੰ ਇਕੱਲਿਆਂ ਵੇਖ ਕੇ ਤੇ ਤਰਸ ਖਾ ਕੇ ਮੈਂ ਤੁਹਾਡੇ ਨਾਲ ਖੜੇ ਹੋਣ ਲਈ ਆਇਆ ਹਾਂ' ਜਾਂ ਇਹ ਵੇਖ ਕੇ ਆਏ ਹੋ ਕਿ ਪੂਰੀ ਸਰਕਾਰ ਸਾਡੇ ਵਿਰੁਧ ਜਬਰ ਦਾ ਡੰਡਾ ਚੁੱਕੀ ਹੋਣ ਦੇ ਬਾਵਜੂਦ, ਲੱਖਾਂ ਲੋਕ 'ਸਪੋਕਸਮੈਨ' ਦੀ ਢਾਲ ਬਣ ਕੇ ਖੜੇ ਹੋ ਗਏ ਹਨ?''
Photo
ਸੁਖਬੀਰ ਹੁਰੀ ਚੁਪ ਹੋ ਕੇ ਰਹਿ ਗਏ। ਸੱਚ ਇਹੀ ਹੈ ਕਿ ਤੁਹਾਡੇ 'ਰੋਜ਼ਾਨਾ ਸਪੋਕਸਮੈਨ' ਦਾ 15 ਸਾਲ ਦਾ ਸਫ਼ਰ ਇਕ 'ਚਮਤਕਾਰ' ਹੀ ਸੀ ਜਿਸ ਨੂੰ ਦਲੀਲ ਜਾਂ ਹਿਸਾਬ-ਕਿਤਾਬ ਦੀ ਭਾਸ਼ਾ ਵਿਚ ਨਹੀਂ ਬਿਆਨ ਕੀਤਾ ਜਾ ਸਕਦਾ। ਬਸ ਉਸ ਅਕਾਲ ਪੁਰਖ ਦੀ ਤੇ ਬਾਬੇ ਨਾਨਕ ਦੀ ਮਿਹਰ ਹੀ ਆਖੀ ਜਾ ਸਕਦੀ ਹੈ ਵਰਨਾ ਜੋ ਗੱਲ ਸਾਨੂੰ ਵੀ ਦੋ ਚਾਰ ਮਹੀਨਿਆਂ ਮਗਰੋਂ ਹੀ 'ਅਸੰਭਵ' ਲਗਣੀ ਸ਼ੁਰੂ ਹੋ ਗਈ ਸੀ, ਉਸ ਦੀ ਸਫ਼ਲਤਾ ਨੂੰ ਅਕਾਲ ਪੁਰਖ ਤੇ ਬਾਬੇ ਨਾਨਕ ਦੀ ਕ੍ਰਿਪਾ ਤੋਂ ਬਿਨਾਂ ਹੋਰ ਕਿਵੇਂ ਬਿਆਨ ਕੀਤਾ ਜਾਏ?
Photo
ਤੁਸੀ ਆਪ ਤਾਂ ਚਲੋ ਚਟਣੀ ਨਾਲ ਰੋਟੀ ਖਾ ਕੇ ਤੇ ਪਾਣੀ ਦਾ ਗਲਾਸ ਪੀ ਕੇ 15 ਸਾਲ ਗੁਜ਼ਾਰਾ ਕਰ ਸਕਦੇ ਹੋ ਪਰ ਹਰ ਮਹੀਨੇ ਅਖ਼ਬਾਰ ਦੇ ਕਾਗ਼ਜ਼ ਤੇ ਹੋਰ ਖ਼ਰਚਿਆਂ ਲਈ ਡੇਢ ਕਰੋੜ ਦਾ ਪ੍ਰਬੰਧ ਤਾਂ ਕਰਨਾ ਹੀ ਪੈਂਦਾ ਸੀ। ਡੇਢ ਕਰੋੜ ਵਿਚ ਪੰਜ ਦਸ ਲੱਖ ਦੀ ਕਮੀ ਵੀ ਆ ਜਾਂਦੀ ਤਾਂ ਮੁਸੀਬਤ ਖੜੀ ਹੋ ਜਾਇਆ ਕਰਦੀ ਸੀ ਤੇ ਅਸੀ ਬਾਬੇ ਨਾਨਕ ਨੂੰ ਵਾਜਾਂ ਮਾਰਨ ਲੱਗ ਪੈਂਦੇ ਸੀ (ਹੋਰ ਕਿਸ ਨੂੰ ਵਾਜਾਂ ਮਾਰਦੇ, ਕੋਈ ਦੂਜਾ ਤਾਂ ਸਾਡੀ ਸੁਣਨ ਵਾਲਾ ਹੈ ਈ ਨਹੀਂ ਸੀ)।
Photo
ਇਸ ਲਈ ਔਖੇ ਦਿਨਾਂ ਵਿਚ ਵੀ ਮੈਂ ਫ਼ੈਸਲਾ ਕੀਤਾ ਕਿ ਬਾਬੇ ਨਾਨਕ ਦੇ ਸੱਚੇ ਸੁੱਚੇ ਫ਼ਲਸਫ਼ੇ ਨੂੰ ਦੁਨੀਆਂ ਸਾਹਮਣੇ ਰੱਖਣ ਲਈ ਇਕ ਵੱਡੀ ਯਾਦਗਾਰ ਵੀ ਜ਼ਰੂਰ ਉਸਾਰਾਂਗਾ ਤੇ ਬਾਬਾ ਨਾਨਕ ਮੇਰੀ ਮਦਦ ਜ਼ਰੂਰ ਕਰੇਗਾ। ਹੈ ਤਾਂ ਇਹ 'ਮੂਰਖਤਾ ਵਾਲੀ' ਗੱਲ ਹੀ ਸੀ ਤੇ ਇਹੀ ਲਫ਼ਜ਼ ਮੈਨੂੰ ਦੂਜਿਆਂ ਸਮੇਤ, ਘਰ ਦਿਆਂ ਨੇ ਵੀ ਆਖੇ ਪਰ ਮੇਰਾ ਮਨ ਕਹਿੰਦਾ ਸੀ, ਕਿਸੇ ਦੀ ਨਾ ਸੁਣ, ਇਹ ਸੇਵਾ ਰੱਬ ਨੇ ਤੈਨੂੰ ਦਿਤੀ ਹੈ ਤੇ ਤੂੰ ਹੀ ਕਰਨੀ ਹੈ, ਹੋਰ ਕਿਸੇ ਨੇ ਨਹੀਂ ਕਰ ਸਕਣੀ।
Photo
ਸੋ ਉਸ ਮਗਰੋਂ ਜੋ ਹੋਇਆ, ਪਾਠਕਾਂ ਨੂੰ ਪਤਾ ਹੀ ਹੈ। 'ਉੱਚਾ ਦਰ' ਤਿਆਰ ਹੋ ਗਿਆ ਹੈ। ਆਖ਼ਰੀ ਵੇਲੇ ਦੀ ਸਾਫ਼ ਸਫ਼ਾਈ, ਹਾਰ ਸ਼ਿੰਗਾਰ (ਪੇਂਟ ਪਾਲਿਸ਼) ਤੇ ਅੰਦਰ ਰੱਖਣ ਵਾਲਾ ਚੰਗਾ ਸਮਾਨ ਤਿਆਰ ਹੋ ਰਿਹਾ ਹੈ। ਬਿਜਲੀ ਦੀ ਜਗਮਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਬਾਬੇ ਨਾਨਕ ਦੇ ਸ਼ਰਧਾਲੂਆਂ ਦੀ ਚੰਗੀ ਸੇਵਾ ਸੰਭਾਲ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਏਅਰ-ਕੰਡੀਸ਼ਨਿੰਗ, ਰਿਹਾਇਸ਼ ਦੇ ਵਧੀਆ ਪ੍ਰਬੰਧ, ਹਰ ਆਉਣ ਵਾਲੇ ਲਈ ਤੁਰਤ ਦਵਾਈ-ਦਾਰੂ ਦੇ ਚੰਗੇ ਪ੍ਰਬੰਧ ਤੇ ਸੂਰਜੀ ਬਿਜਲੀ (ਸੋਲਰ ਐਨਰਜੀ) ਸਮੇਤ ਸਾਰੇ ਕਾਨੂੰਨੀ ਤੌਰ ਤੇ ਕਰਨ ਵਾਲੇ ਜ਼ਰੂਰੀ ਪ੍ਰਬੰਧ ਕਰਨੇ ਵੀ ਸ਼ਾਮਲ ਹਨ।
Photo
ਇਸ ਦਾ ਸੌ ਫ਼ੀ ਸਦੀ ਮੁਨਾਫ਼ਾ ਤਾਂ ਪਹਿਲਾਂ ਹੀ ਗ਼ਰੀਬਾਂ ਤੇ ਲੋੜਵੰਦਾਂ ਲਈ ਰਾਖਵਾਂ ਕਰ ਹੀ ਦਿਤਾ ਗਿਆ ਹੈ ਤੇ ਇਸ ਸੱਭ ਕੁੱਝ ਦਾ ਪ੍ਰਬੰਧ ਕਰਨ ਲਈ 'ਟਰੱਸਟ' ਵੀ ਸਥਾਪਤ ਹੋ ਚੁੱਕਾ ਹੈ ਜੋ ਸਾਡੇ ਮਗਰੋਂ ਵੀ ਇਸ ਨੂੰ ਚਲਾਉਂਦਾ ਰਹੇਗਾ। ਮੈਂ ਅਪਣੇ ਮਨ ਵਿਚ ਧਾਰ ਰਖਿਆ ਸੀ ਕਿ 'ਉੱਚਾ ਦਰ' ਮੁਕੰਮਲ ਹੋਣ ਮਗਰੋਂ ਪਹਿਲਾ ਕੰਮ ਹੀ ਟਰੱਸਟ ਕੋਲੋਂ ਇਹ ਕਰਵਾਵਾਂਗਾ ਕਿ ਬਾਬੇ ਨਾਨਕ ਦਾ ਜਨਮ ਪੁਰਬ ਕੱਤਕ ਨਹੀਂ, ਵਿਸਾਖ ਵਿਚ ਮਨਾਉਣਾ ਸ਼ੁਰੂ ਕਰ ਦਿਤਾ ਜਾਏਗਾ।
Photo
ਸਾਰੇ ਇਤਿਹਾਸਕ ਪ੍ਰਮਾਣ ਇਹੀ ਸਾਬਤ ਕਰਦੇ ਹਨ ਕਿ ਬਾਬੇ ਨਾਨਕ ਦਾ ਜਨਮ ਵਿਸਾਖ ਵਿਚ ਹੋਇਆ ਸੀ, ਕੱਤਕ ਵਿਚ ਨਹੀਂ। 'ਕੱਤਕ ਕਿ ਵਿਸਾਖ' ਪੁਸਤਕ ਲਿਖ ਕੇ ਕਰਮ ਸਿੰਘ ਹਿਸਟੋਰੀਅਨ ਨੇ ਸਾਰੇ ਭੁਲੇਖੇ ਦੂਰ ਕਰ ਦਿਤੇ ਹੋਏ ਹਨ। ਪਰ ਪਤਾ ਨਹੀਂ, ਅਸੀ ਕੋਈ ਵੀ ਗ਼ਲਤੀ ਠੀਕ ਕਰਨ ਉਤੇ ਏਨੀ ਦੇਰ ਕਿਉਂ ਲਾ ਦੇਂਦੇ ਹਾਂ? ਜਿਹੜੀ ਗ਼ਲਤੀ ਇਕ ਵਾਰੀ ਚਾਲੂ ਹੋ ਗਈ, ਉਸ ਨੂੰ ਠੀਕ ਕਰਨ ਦਾ ਯਤਨ ਕਰਨ ਵਾਲੇ ਵਿਰੁਧ ਇਕ ਧੜਾ ਲਾਠੀ ਚੁੱਕ ਕੇ ਅੜ ਜਾਂਦਾ ਹੈ ਤੇ ਗ਼ਲਤੀ ਠੀਕ ਕਰਨਾ ਚਾਹੁਣ ਵਾਲਿਆਂ ਉਤੇ ਊਜਾਂ ਲਾਉਣੀਆਂ ਸ਼ੁਰੂ ਕਰ ਦਿੰਦਾ ਹੈ।
ਇਹ ਧੜਾ ਸਿੱਖੀ ਨੂੰ ਬ੍ਰਾਹਮਣਵਾਦ ਵਰਗਾ ਹੀ ਇਕ 'ਧਰਮ' ਸਮਝਦਾ ਹੈ ਜਿਸ ਬਾਰੇ ਉਸ ਦੀ ਮਨੌਤ ਹੈ ਕਿ 'ਗ਼ਲਤ ਮਲਤ ਜੋ ਵੀ ਹੈ, ਚਲਦਾ ਰਹਿਣ ਦਿਉ ਤੇ ਛੇੜੋ ਨਾ' ਕਿਉਂਕਿ ਉਨ੍ਹਾਂ ਅਨੁਸਾਰ ਧਰਮ ਦੇ ਮਸਲੇ ਤੇ ਤਬਦੀਲੀ ਕੇਵਲ 'ਬ੍ਰਾਹਮਣਵਾਦ' ਦਾ ਪੈਦਾਇਸ਼ੀ ਬੱਚਾ 'ਪੁਜਾਰੀਵਾਦ' ਹੀ ਕਰ ਸਕਦਾ ਹੈ, ਕੋਈ ਇਤਿਹਾਸਕਾਰ, ਖੋਜੀ ਤੇ ਅਕਲ ਵਾਲਾ ਨਹੀਂ ਕਰ ਸਕਦਾ।
Photo
ਗ਼ਲਤ ਤਰੀਕਾਂ, ਰਵਾਇਤਾਂ ਤੇ 'ਮਰਿਆਦਾਵਾਂ' ਘਸੋੜੀਆਂ ਵੀ ਇਸ ਕਰ ਕੇ ਗਈਆਂ ਸਨ ਤਾਕਿ ਇਨ੍ਹਾਂ ਦੇ ਆਸਰੇ, ਉਨ੍ਹਾਂ ਦੀਆਂ ਗੋਲਕਾਂ ਸਾਰਾ ਸਾਲ ਭਰੀਆਂ ਰਹਿ ਸਕਣ। ਬਾਬੇ ਨਾਨਕ ਦੇ 'ਵਿਗਿਆਨਕ ਫ਼ਲਸਫ਼ੇ' ਦਾ ਵਿਕਾਸ ਉਥੇ ਹੀ ਆ ਕੇ ਰੁਕ ਗਿਆ ਜਦ ਪੁਜਾਰੀ ਲਾਣੇ ਨੇ ਇਸ ਦਾ ਹਰ ਕਦਮ ਗ਼ੈਰ-ਵਿਗਿਆਨਕ ਢੰਗ ਨਾਲ ਚੁੱਕਣ ਦਾ ਪ੍ਰਬੰਧ ਅਪਣੇ ਹੱਥਾਂ ਵਿਚ ਲੈ ਲਿਆ।
ਮੈਨੂੰ ਸਿਆਣੇ ਹਿੰਦੂ ਵਿਦਵਾਨ ਵੀ ਮਿਲੇ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਹਿੰਦੂ ਧਰਮ ਵਿਚ ਪੁਜਾਰੀ ਲਾਣਾ ਜੋ ਖ਼ਰਾਬੀਆਂ ਦਾਖ਼ਲ ਕਰ ਗਿਆ ਹੈ, ਉਹ ਹਜ਼ਾਰਾਂ ਸਾਲ ਪੁਰਾਣੀਆਂ ਹੋਣ ਕਰ ਕੇ ਅਸੀ ਠੀਕ ਨਹੀਂ ਕਰ ਸਕਦੇ ਪਰ ਤੁਸੀ ਠੀਕ ਸਮੇਂ ਠੀਕ ਫ਼ੈਸਲਾ ਲੈ ਕੇ ਬਾਬੇ ਨਾਨਕ ਦੇ ਫ਼ਲਸਫ਼ੇ ਨਾਲ ਇਨਸਾਫ਼ ਕਰਨ ਦਾ ਜੋ ਉੱਦਮ ਸ਼ੁਰੂ ਕੀਤਾ ਹੈ, ਉਹ ਇਤਿਹਾਸ ਵਿਚ ਸਦਾ ਯਾਦ ਰਖਿਆ ਜਾਏਗਾ।
Photo
ਚਲੋ ਸ਼ੁਰੂਆਤ ਸਿੱਖ ਇਤਿਹਾਸ ਦੀ ਪਹਿਲੀ ਘਟਨਾ (ਬਾਬੇ ਨਾਨਕ ਦੇ ਜਨਮ ਪੁਰਬ) ਤੋਂ ਕਰਦੇ ਹਾਂ। ਉੱਚਾ ਦਰ ਦਾ 'ਖੋਜ ਵਿਭਾਗ' ਸਾਰਿਆਂ ਨੂੰ ਨਾਲ ਲੈ ਕੇ, ਖੋਜ, ਦਲੀਲ, ਸਹਿਮਤੀ ਨਾਲ ਸਾਰਾ ਕੁੱਝ ਹੀ ਠੀਕ ਕਰਨ ਦੀ ਭਰਪੂਰ ਕੋਸ਼ਿਸ਼ ਕਰੇਗਾ। ਸੋ ਪਹਿਲੇ ਯਤਨ ਨੂੰ ਭਰਪੂਰ ਹੁੰਗਾਰਾ ਦੇਣ ਲਈ 14 ਜਾਂ 15 ਅਪ੍ਰੈਲ (ਠੀਕ ਤਰੀਕ ਬਾਰੇ ਥੋੜਾ ਜਿਹਾ ਝਮੇਲਾ ਹੈ ਜੋ ਥੋੜੇ ਦਿਨਾਂ ਵਿਚ ਸਾਫ਼ ਹੋ ਜਾਏਗਾ) ਦੇ ਇਸ ਸਮਾਗਮ ਵਿਚ ਤੁਸੀ ਜ਼ਰੂਰ ਹੀ ਸ਼ਾਮਲ ਹੋਣਾ ਹੈ।
Photo
ਇਹ ਤਰੀਕਾਂ ਐਤਵਾਰ ਨੂੰ ਨਹੀਂ ਪੈਂਦੀਆਂ ਇਸ ਲਈ ਸ਼ਾਇਦ ਛੁੱਟੀ ਵਾਲਾ ਦਿਨ ਵੀ ਨਹੀਂ। ਛੁੱਟੀ ਲੈਣੀ ਹੈ ਤਾਂ ਹੁਣ ਤੋਂ ਹੀ ਪ੍ਰਬੰਧ ਕਰ ਲਉ। ਪੈਦਲ ਆਉ, ਸਾਈਕਲ ਤੇ ਆਉ, ਬਸ ਤੇ ਆਉ, ਗੱਡੀ ਤੇ ਆਉ, ਟਰੱਕ ਵਿਚ ਬੈਠ ਕੇ ਆਉ ਜਾਂ ਕਾਰ ਵਿਚ ਸਵਾਰ ਹੋ ਕੇ ਆਉ, ਹਰ ਹਾਲਤ ਵਿਚ ਆਉ ਤੇ ਅਪਣੇ ਇਸ਼ਟ ਬਾਬਾ ਨਾਨਕ ਦੇ ਹੱਕ ਵਿਚ ਉੱਚੀ ਆਵਾਜ਼ ਵਿਚ ਐਲਾਨ ਕਰੋ ਕਿ ਜਦ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਬਾਬੇ ਨਾਨਕ ਦੇ ਜਨਮ ਦਿਨ ਦੀ ਅਸਲ ਖੋਜ ਕਰ ਹੀ ਦਿਤੀ ਹੈ ਤਾਂ ਪੁਜਾਰੀਆਂ ਨੂੰ ਗ਼ਲਤ ਮਿਤੀ ਤੇ ਜਨਮ-ਪੁਰਬ ਮਨਾਉਣ ਦੀ ਆਗਿਆ ਨਹੀਂ ਦਿਤੀ ਜਾ ਸਕਦੀ।
Photo
ਅਪਣੇ 'ਲਾਭ-ਹਾਣ' ਨੂੰ ਛੱਡ ਕੇ ਤੇ ਪੂਰਨ ਸੱਚ ਨੂੰ ਮੰਨ ਕੇ ਬਾਬੇ ਨਾਨਕ ਦਾ ਜਨਮ ਪੁਰਬ ਅਸਲ ਜਨਮ-ਦਿਨ ਨੂੰ ਹੀ ਮਨਾਉਣਾ ਜਾਇਜ਼ ਹੈ ਕਿਉਂਕਿ ਉਸ ਮਗਰੋਂ ਬਾਕੀ ਛੁਪਾਇਆ ਗਿਆ ਅਸਲ ਸੱਚ ਲੱਭਣ ਦੀ ਯਾਤਰਾ ਸ਼ੁਰੂ ਹੋ ਜਾਏਗੀ ਤੇ ਪੁਜਾਰੀਵਾਦ ਦੇ ਝੂਠੇ ਫ਼ਤਵਿਆਂ ਤੋਂ 'ਨਾਨਕਵਾਦ' ਨੂੰ ਵੀ ਨਿਜਾਤ ਮਿਲ ਜਾਏਗੀ।
Photo
ਸੋ ਆਉ, ਹੋਰ ਹਰ ਗੱਲ ਬਾਰੇ ਮਤਭੇਦ ਬਰਕਰਾਰ ਰਖਦੇ ਹੋਏ ਵੀ, ਬਾਬੇ ਨਾਨਕ ਦੀ ਅਸਲ ਜਨਮ-ਮਿਤੀ (ਵਿਸਾਖ) ਬਾਰੇ ਜੇ ਤੁਸੀ ਸਹਿਮਤ ਹੋ ਤਾਂ ਜਨਮ ਲੈਣ ਵਾਲੇ ਅਸਲ ਦਿਨ ਨੂੰ ਹੀ ਜਨਮ-ਪੁਰਬ ਮਨਾਉਣਾ ਸ਼ੁਰੂ ਕਰਨ ਦੇ ਪਹਿਲੇ ਇਤਿਹਾਸਕ ਸਮਾਗਮ ਵਿਚ ਜ਼ਰੂਰ ਸ਼ਾਮਲ ਹੋਈਏ ਤੇ ਦੁਨੀਆਂ ਨੂੰ ਦਸ ਦਈਏ ਕਿ ਇਸ ਮਾਮਲੇ ਤੇ ਸਾਰੇ ਗ਼ੈਰ-ਗੋਲਕਧਾਰੀ ਸਿੱਖ, ਇਕ ਹਨ ਤੇ ਨਾਨਕਸ਼ਾਹੀ ਕੈਲੰਡਰ ਨੂੰ 2003 ਵਿਚ ਅਕਾਲ ਤਖ਼ਤ ਤੋਂ ਲਾਗੂ ਕੀਤੇ ਰੂਪ ਵਿਚ ਹੀ ਪ੍ਰਵਾਨ ਕਰਨਗੇ।
Photo
ਬਰਤਾਨੀਆਂ, ਨੀਊਜ਼ੀਲੈਂਡ ਤੇ ਜਰਮਨੀ ਤੋਂ ਸੰਗਤ ਦੇ ਪ੍ਰਤੀਨਿਧ ਪਹੁੰਚ ਰਹੇ ਹਨ ਤੇ ਇਸ ਦੀ ਸੂਚਨਾ ਪ੍ਰਾਪਤ ਹੋ ਗਈ ਹੈ। ਹੋਰ ਦੇਸ਼ਾਂ ਵਿਚੋਂ ਵੀ ਜੱਥੇ ਜ਼ਰੂਰ ਆਉਣ ਤਾਕਿ ਇਹ ਸਮਾਗਮ ਸੰਸਾਰ ਭਰ ਦੇ ਸਿੱਖਾਂ ਦਾ ਸਮਾਗਮ ਬਣ ਜਾਏ। ਉੱਚਾ ਦਰ ਸ਼ੁਰੂ ਹੋਣ ਤੋਂ ਪਹਿਲਾਂ, ਅਸੀ ਆਪ ਕਿਸੇ ਨੂੰ ਵਿਧੀਵਤ ਸੱਦਾ ਨਹੀਂ ਦੇ ਰਹੇ। ਅਗਲੇ ਸਾਲ ਉਹ ਵੀ ਕਰਾਂਗੇ।
Photo
ਇਸ ਵੇਲੇ ਬਾਬੇ ਨਾਨਕ ਨੂੰ ਪਿਆਰ ਕਰਨ ਵਾਲੇ ਤੇ ਸੱਚ ਨੂੰ ਸਿਜਦਾ ਕਰਨ ਵਾਲੇ ਸਾਰੇ ਲੋਕ ਅਪਣੇ ਆਪ ਆਉਣ ਤੇ ਵਹੀਰਾਂ ਘੱਤ ਕੇ ਆਉਣ। ਸੱਭ ਨੂੰ ਖੁਲ੍ਹਾ ਸੱਦਾ ਹੈ। ਵਿਸਥਾਰ ਬਾਰੇ ਐਲਾਨ ਸਪੋਕਸਮੈਨ ਵਿਚ ਕੀਤੇ ਹੀ ਜਾਂਦੇ ਰਹਿਣਗੇ। ਹਰ ਸੱਚੇ ਸਿੱਖ ਦਾ ਨਾਹਰਾ ਹੋਣਾ ਚਾਹੀਦਾ ਹੈ ਕਿ ''ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਬ੍ਰਾਹਮਣਵਾਦੀ ਤੇ ਪੁਜਾਰੀਵਾਦੀ ਪ੍ਰਭਾਵਾਂ ਤੋਂ ਮੁਕਤ ਕਰਵਾਉਣਾ, ਸਿੱਖੀ ਅਤੇ ਮਾਨਵਤਾ ਦੀ ਇਸ ਵੇਲੇ ਸੱਭ ਤੋਂ ਵੱਡੀ ਸੇਵਾ ਹੈ।
-ਜੋਗਿੰਦਰ ਸਿੰਘ