
ਜਵਾਬ ਦੇਣ ਤੋਂ ਪਹਿਲਾਂਂ, 7 ਸਵਾਲਾਂ ਦੇ ਜਵਾਬ ਅਪਣੀ ਆਤਮਾ ਕੋਲੋਂ ਪੁੱਛ ਕੇ, ਫਿਰ ਬੋਲਣਾ
ਸਵਾਲ ਇਹ ਹਨ:
1. ਕੋਈ ਗ਼ਰੀਬ ਵੀ ਕੁੱਝ ਲੈ ਸਕਿਆ, ਕਰੋੜਾਂ ਦੇ ਖ਼ਰਚੇ ਵਿਚੋਂ?: ਅਰਬਾਂ ਰੁਪਏ ਇਕੱਤਰ ਕੀਤੇ ਗਏ। ਸੜਕਾਂ ਤੇ ਭਵਾਈਆਂ ਗਈਆਂ ਤੇ ਗੁਰਦਵਾਰਿਆਂ, ਡੇਰਿਆਂ ਵਿਚ ਰਖੀਆਂ ਗਈਆਂ ਗੋਲਕਾਂ ਨੱਕੋ ਨੱਕ ਭਰ ਕੇ ਬਾਹਰ ਉਛਲਣ ਲੱਗ ਪਈਆਂ। ਗੁਰੂ ਦੀ ਗੋਲਕ-ਗ਼ਰੀਬ ਦਾ ਮੂੰਹ ਕਿਹਾ ਤਾਂ ਜਾਂਦਾ ਹੈ ਪਰ ਕੀ ਕਿਸੇ ਇਕ ਵੀ ਗ਼ਰੀਬ ਸਿੱਖ ਦੀ ਗ਼ਰੀਬੀ ਇਸ ਅਰਬਾਂ ਦੇ ਚੜ੍ਹਾਵੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ? ਦਿਲ ਤੇ ਹੱਥ ਰੱਖ ਕੇ ਦਸਿਉ ਕਿ ਗੋਲਕਾਂ ਦੇ ਪੈਸੇ ਨਾਲ ਅਮੀਰ ਕਿੰਨੇ ਬਣੇ ਤੇ ਕੌਣ ਬਣੇ?
Poor Children
2. ਨਾਨਕ-ਫ਼ਲਸਫ਼ੇ ਬਾਰੇ ਕੋਈ ਅੰਤਰ-ਰਾਸ਼ਟਰੀ ਪੱਧਰ ਦੀ ਯਾਦਗਾਰੀ ਪੁਸਤਕ ਦਿਤੀ?: 550 ਸਾਲ ਮਗਰੋਂ ਮਨਾਏ ਗਏ ਇਸ ਪੁਰਬ ਸਮੇਂ ਕੀ ਅਸੀ ਇਕ ਵੀ ਪੁਸਤਕ ਦੁਨੀਆਂ ਨੂੰ ਬਾਬੇ ਨਾਨਕ ਦੇ ਫ਼ਲਸਫ਼ੇ ਬਾਰੇ ਦਿਤੀ ਜੋ ਦੁਨੀਆਂ ਦੇ ਲੋਕਾਂ ਅੰਦਰ ਨਾਨਕ ਫ਼ਲਸਫ਼ੇ ਬਾਰੇ ਹੋਰ ਪੜ੍ਹਨ ਦੀ ਤਾਂਘ ਪੈਦਾ ਕਰ ਸਕੇ?
Book
3. ਕਿਸੇ ਸੰਸਾਰ-ਪ੍ਰਸਿੱਧ ਹਸਤੀ (ਲੇਖਕ) ਕੋਲੋਂ ਨਾਨਕ ਫ਼ਲਸਫ਼ੇ ਬਾਰੇ ਕੋਈ ਕਿਤਾਬ ਲਿਖਵਾਈ?: ਕੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਕਿਸੇ ਵਿਦਵਾਨ ਕੋਲੋਂ, ਇਸ ਮੌਕੇ, ਇਕ ਵੀ ਚੰਗੀ ਪੁਸਤਕ ਨਾਨਕ ਫ਼ਲਸਫ਼ੇ ਬਾਰੇ ਲਿਖਵਾਈ ਗਈ ਜੋ ਸਿੱਖੀ ਨੂੰ ਅੰਤਰਰਾਸ਼ਟਰੀ ਧਰਮ ਹੋਣ ਦਾ ਮਾਣ ਦਿਵਾ ਸਕੇ?
550th anniversary
4. ਬੱਚੇ ਤੇ ਨੌਜੁਆਨ ਬਾਬੇ ਨਾਨਕ ਦੇ ਫ਼ਲਸਫ਼ੇ ਨਾਲ ਜੁੜੇ?: ਕੀ ਪੰਜਾਬ ਦੇ ਬੱਚਿਆਂ, ਨੌਜੁਆਨਾਂ ਤਕ 550ਵੇਂ ਪੁਰਬ ਦੇ ਬਹਾਨੇ ਪਹੁੰਚ ਬਣਾ ਕੇ ਸਕੂਲ-ਸਕੂਲ ਤੇ ਕਾਲਜ-ਕਾਲਜ ਵਿਚ ਜਾ ਕੇ ਉਨ੍ਹਾਂ ਨੂੰ ਨਾਨਕ ਫ਼ਲਸਫ਼ੇ ਨਾਲ ਛੋਟੀ ਉਮਰੇ ਜੋੜਨ ਦੀ ਕੋਸ਼ਿਸ਼ ਕੀਤੀ ਗਈ? ਗਵਾਹੀ ਤਾਂ ਇਹ ਮਿਲਦੀ ਹੈ ਕਿ ਜਿਹੜੇ ਬੱਚੇ ਤੇ ਨੌਜੁਆਨ ਸਮਾਗਮਾਂ ਵਿਚ ਆਏ ਵੀ ਸਨ, ਉਹ ਵੀ ਨਾਨਕ ਤੇ ਉਸ ਦੇ ਫ਼ਲਸਫ਼ੇ ਤੋਂ ਅਨਜਾਣ ਸਨ। ਉਹ ਕੇਵਲ ਮੇਲਾ ਵੇਖਣ ਆਏ ਸਨ, ਸਜਾਵਟ ਵੇਖਣ ਆਏ ਸਨ ਤੇ ਬਰਗਰ, ਪੀਜ਼ੇ, ਨੂਡਲ ਖਾਣ ਹੀ ਆਏ ਸਨ। ਜਿਵੇਂ ਆਏ ਸਨ, ਉਸੇ ਤਰ੍ਹਾਂ ਨਾਨਕਵਾਦ ਬਾਰੇ ਗਿਆਨ ਤੋਂ ਕੋਰੇ ਦੇ ਕੋਰੇ ਵਾਪਸ ਵੀ ਮੁੜ ਗਏ।
Sultanpur Lodhi
5. ਸੈਲਾਨੀਆਂ ਵਿਚ ਸੈਲਾਨੀ ਬਾਬਾ ਨਾਨਕ ਜੋ ਕੁੱਝ ਲੈਣ ਲਈ ਨਹੀਂ, ਦੇਣ ਲਈ ਨਿਕਲਿਆ ਪਹਿਲਾ ਮਹਾਂਪੁਰਸ਼ ਸੀ: ਸ਼ੁਰੂ ਤੋਂ ਹੀ ਕੁੱਝ ਵਿਅਕਤੀ ਸੈਲਾਨੀ ਬਣ ਕੇ, ਦੂਜੇ ਦੇਸ਼ਾਂ ਬਾਰੇ ਜਾਣਨ ਲਈ ਘੁੰਮਦੇ ਫਿਰਦੇ ਰਹੇ ਹਨ। ਉਨ੍ਹਾਂ ਬਾਰੇ ਹਰ ਦੇਸ਼ ਵਿਚ ਸੈਂਕੜੇ ਕਿਤਾਬਾਂ ਮਿਲਦੀਆਂ ਹਨ ਤੇ ਸਕੂਲਾਂ, ਕਾਲਜਾਂ ਵਿਚ ਉਨ੍ਹਾਂ ਬਾਰੇ ਪੜ੍ਹਾਇਆ ਵੀ ਜਾਂਦਾ ਹੈ। ਇਨ੍ਹਾਂ ਵਿਚ ਹਿਊਨ ਸਾਂਗ, ਮੈਗਸਥਨੀਜ਼, ਮਾਰਕੋ ਪੋਲੋ, ਇਬਨ ਬਬੂਤਾ ਆਦਿ ਕਾਫ਼ੀ ਪ੍ਰਸਿੱਧ ਹਨ ਜੋ ਭਾਰਤ ਵੀ ਆਏ ਸਨ।
langar at sultanpur lodhi
ਪਰ ਬਾਬਾ ਨਾਨਕ ਸੰਸਾਰ ਦਾ ਪਹਿਲਾ ਮਹਾਂਪੁਰਸ਼ ਸੀ ਜੋ ਦੁਨੀਆਂ ਖੋਜਣ ਲਈ ਅਤੇ ਕੇਵਲ ਸੈਰ ਕਰਨ ਲਈ ਘਰੋਂ ਨਹੀਂ ਸੀ ਨਿਕਲਿਆ, ਸਗੋਂ ਦੁਨੀਆਂ ਨੂੰ ਕੁੱਝ ਦੇਣ ਲਈ ਹਰ ਉਸ ਥਾਂ ਪੁੱਜਾ ਜਿਥੇ ਉਨ੍ਹੀਂ ਦਿਨੀਂ ਜਾਇਆ ਜਾ ਸਕਦਾ ਸੀ। ਦੁਨੀਆਂ ਨੂੰ ਕੁੱਝ ਦੇਣ ਲਈ ਘਰੋਂ ਨਿਕਲੇ, ਸੰਸਾਰ ਦੇ ਇਸ ਪਹਿਲੇ ਤੇ ਵਚਿੱਤਰ ਸੈਲਾਨੀ ਤੇ ਉਸ ਦੇ ਫ਼ਲਸਫ਼ੇ ਬਾਰੇ ਦੁਨੀਆਂ ਤਾਂ ਕੀ, ਪੰਜਾਬ ਤੇ ਭਾਰਤ ਦੇ ਸਕੂਲਾਂ ਵਿਚ ਵੀ ਕੁੱਝ ਨਹੀਂ ਪੜ੍ਹਾਇਆ ਜਾਂਦਾ। ਕੀ 550ਵੇਂ ਪੁਰਬ ਦੇ ਕਰੋੜਾਂ ਦੇ ਰੌਲੇ ਗੌਲੇ ਵਿਚ ਦੁਨੀਆਂ ਨੂੰ ਇਸ ਵਚਿੱਤਰ ਸੈਲਾਨੀ ਬਾਰੇ ਜਾਣਕਾਰੀ ਦੇਣ ਵਾਲੀ ਇਕ ਕਿਤਾਬ ਵੀ ਅਰਬਾਂ ਦੇ ਇਕੱਤਰ ਕੀਤੇ ਧਨ ਵਿਚੋਂ ਨਹੀਂ ਸੀ ਦਿਤੀ ਜਾ ਸਕਦੀ?
Sultanpur Lodhi 550 parkash purab
6. ਅਸਲ ਜਨਮ ਤਿਥੀ ਵਿਦਵਾਨਾਂ ਤੇ ਮਾਹਰਾਂ ਤੇ ਛੱਡੀ ਕਿ ਅੰਧ-ਵਿਸ਼ਵਾਸ ਤੇ ਕਰਮ-ਕਾਂਡ ਦੇ ਪ੍ਰਚਾਰਕਾਂ ਉਤੇ?: ਕੀ ਬਾਬਾ ਨਾਨਕ ਦੀ ਅਸਲ ਜਨਮ ਤਿਥੀ ਬਾਰੇ ਵਿਦਵਾਨਾਂ ਤੇ ਖੋਜੀਆਂ ਦੀ ਰਾਏ ਨੂੰ ਗੋਲਕਧਾਰੀਆਂ ਦੀ ਜ਼ਿੱਦ ਅੱਗੇ ਝੁਕ ਕੇ ਨਕਾਰ ਦੇਣਾ 6ਵੀਂ ਅਰਧ ਸ਼ਤਾਬਦੀ ਮਨਾਉਣ ਵਾਲੀ ਗੱਲ ਸੀ ਜਾਂ ਸੱਚ ਨੂੰ ਫਾਂਸੀ ਦੇ ਕੇ ਝੂਠ ਨੂੰ ਤਖ਼ਤ ਉਤੇ ਬਿਠਾਉਣ ਵਾਲੀ?
Gurbani
7. ਝੂਠੀਆਂ ਸਾਖੀਆਂ ਨੂੰ ਪੱਕਿਆਂ ਕੀਤਾ ਜਾਂ ਗੁਰਬਾਣੀ ਦੀ ਕਸਵੱਟੀ ਤੇ ਪਰਖਣ ਦੀ ਲੀਹ ਵੀ ਚਲਾਈ? ਕੀ ਕੋਈ ਇਕ ਵੀ ਪ੍ਰੋਗਰਾਮ ਦਿਤਾ ਗਿਆ ਜੋ ਬਾਬੇ ਨਾਨਕ ਨਾਲ ਜੁੜੀਆਂ ਝੂਠੀਆਂ ਸਾਖੀਆਂ ਪ੍ਰਤੀ ਸੁਚੇਤ ਕਰੇ ਤੇ ਨਾਨਕ ਬਾਣੀ ਨੂੰ ਕੱਟਣ ਵਾਲੀਆਂ ਸਾਖੀਆਂ ਨਾਲੋਂ ਤੋੜੇ? ਕੀ ਕੋਈ ਇਕ ਵੀ ਅਜਿਹਾ ਪ੍ਰੋਗਰਾਮ ਵਿਖਾਇਆ ਗਿਆ ਜੋ ਇਕ ਫ਼ੀ ਸਦੀ ਵਿਦਵਾਨਾਂ ਨੂੰ ਵੀ ਨਾਨਕ ਫ਼ਲਸਫ਼ੇ ਨੂੰ ਪੜ੍ਹਨ ਅਤੇ ਇਸ ਬਾਰੇ ਖੋਜ ਕਰਨ ਲਈ ਤਿਆਰ ਕਰੇ?
ਕੀ ਬਾਬੇ ਨਾਨਕ ਦੀ ਅਸਲ ਜਨਮ ਤਿਥੀ ਬਾਰੇ ਖੋਜ ਨੂੰ ਨਿਰਪੱਖ ਵਿਦਵਾਨਾਂ ਦੇ ਹਵਾਲੇ ਕਰਨ ਦੀ ਗੱਲ ਵੀ ਹੋਈ? ਕੀ ਸਾਰੇ ਪ੍ਰੋਗਰਾਮਾਂ ਵਿਚੋਂ ਕੋਈ ਸਿੱਖ ਵਿਦਵਾਨ ਜਾਂ ਇਤਿਹਾਸਕਾਰ ਵੀ ਉਭਰਦਾ ਨਜ਼ਰ ਆਇਆ? ਅਨਪੜ੍ਹ ਪਰ ਮਾਲਦਾਰ ਡੇਰੇਦਾਰ ਤੇ ਪੁਜਾਰੀ ਹੀ ਸਿੱਖਾਂ ਤੇ ਸਿੱਖੀ ਦੇ ਪ੍ਰਤੀਨਿਧ ਬਣ ਕੇ ਛਾਏ ਰਹੇ? ਕੀ ਨੌਜੁਆਨਾਂ, ਬੱਚਿਆਂ ਤੇ ਇਸਤਰੀਆਂ ਨੂੰ ਵੀ ਕੋਈ ਮਹੱਤਵਪੂਰਨ ਕੰਮ ਸੌਂਪਿਆ ਗਿਆ?
Ucha Dar Babe Nanak Da
ਇਹ ਕੇਵਲ ਆਲੋਚਨਾ ਦੀ ਖ਼ਾਤਰ ਕੀਤੀ ਜਾ ਰਹੀ ਆਲੋਚਨਾ ਨਹੀਂ, ਗਹਿਰ ਗੰਭੀਰ ਲੋਕਾਂ ਦੀ ਆਵਾਜ਼ ਹੈ ਕਿ ਰੌਲੇ ਰੱਪੇ, ਮਾਇਆ ਦੀ ਤੜਕ ਭੜਕ ਵਾਲੇ ਅਤੇ ਹਾਕਮਾਂ ਨਾਲ ਵੇਖ ਕੇ ਰੱਖੇ ਗਏ ਪ੍ਰੋਗਰਾਮ ਸੱਭ ਨੇ ਵੇਖ ਲਏ ਹਨ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਵੀ ਵੇਖ ਲਈਆਂ ਹਨ। ਹੁਣ ਨਾਨਕ ਦਾ ਪੁਰਬ ਨਾਨਕੀ ਢੰਗ ਨਾਲ ਇਕ ਵਾਰ ਮਨਾ ਵੇਖੋ ਤੇ ਉਹ ਵੀ ਬਾਬੇ ਨਾਨਕ ਦੀ ਅਸਲ ਜਨਮ ਤਿਥੀ ਨੂੰ 'ਉੱਚਾ ਦਰ' ਵਿਚ ਮਨਾਉ ਤੇ ਕਰਨ ਵਾਲੇ ਅਸਲੀ ਕੰਮਾਂ ਦੀ ਅਗਾਊਂ ਤਿਆਰੀ ਕਰ ਕੇ ਤੇ ਭਾਈ ਲਾਲੋਆਂ ਨੂੰ ਨਾਲ ਲੈ ਕੇ ਮਨਾਉ ਤਾਕਿ ਉਪਰ ਵਾਲੀ ਕੋਈ ਕਮੀ ਉਸ ਵਿਚ ਨਾ ਲੱਭੇ ਤੇ ਉਹ ਸਾਰੀਆਂ ਪ੍ਰਾਪਤੀਆਂ ਹੋ ਸਕਣ ਜੋ ਸਵਾਰਥੀ ਇਰਾਦਿਆਂ ਨਾਲ ਕੀਤੇ ਸਮਾਗਮਾਂ ਵਿਚੋਂ ਨਹੀਂ ਹੋ ਸਕਦੀਆਂ।
ਬਾਬੇ ਨਾਨਕ ਦੀ ਅਸਲ ਜਨਮ ਮਿਤੀ (15 ਅਪ੍ਰੈਲ 1920) ਨੂੰ 'ਉੱਚਾ ਦਰ ਬਾਬੇ ਨਾਨਕ ਦਾ' ਦੇ ਅਸਲ, ਰੌਲਾ ਰੱਪਾ ਰਹਿਤ ਸਮਾਗਮ ਵਿਚ ਸ਼ਾਮਲ ਹੋ ਕੇ ਵੇਖੋ ਕਿ ਉਪਰ ਦਿਤੀ ਆਲੋਚਨਾ ਕੇਵਲ ਆਲੋਚਨਾ ਖ਼ਾਤਰ ਹੀ ਕੀਤੀ ਗਈ ਹੈ ਜਾਂ 'ਉੱਚਾ ਦਰ ਬਾਬੇ ਨਾਨਕ ਦਾ' ਤੋਂ ਸਚਮੁਚ ਉਹ ਕੁੱਝ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ ਜੋ ਅਰਬਾਂ ਦੀ ਉਗਰਾਹੀ ਤੇ ਕਰੋੜਾਂ ਦੇ ਖ਼ਰਚੇ ਵਾਲੇ ਸਮਾਗਮ ਨਹੀਂ ਦੇ ਸਕੇ? ਪਹਿਲ ਬਾਬੇ ਨਾਨਕ ਦੀ ਅਸਲ ਜਨਮ ਤਿਥੀ ਵਾਲੇ ਦਿਨ ਜੁੜ ਬੈਠਣ ਤੋਂ ਕੀਤੀ ਜਾਣੀ ਹੈ। ਇਸ ਇਕ ਝੂਠ ਨੂੰ ਰੱਦ ਕਰਨ ਮਗਰੋਂ ਸੈਂਕੜੇ ਦੂਜੇ ਝੂਠਾਂ ਨੂੰ ਕੱਟਣ ਦਾ ਰਾਹ ਖੁਲ੍ਹ ਜਾਏਗਾ ਜੋ ਬਾਹਰੋਂ ਲਿਆ ਕੇ ਸਿੱਖੀ ਦੇ ਵਿਹੜੇ ਵਿਚ ਬਖੇਰ ਦਿਤੇ ਗਏ ਹਨ।
Ucha dar Babe nanak Da
ਤੁਸੀ ਕੀ ਕਰਨਾ ਹੈ?
ਉੱਚਾ ਦਰ ਬਾਬੇ ਨਾਨਕ ਦੇ ਮੈਂਬਰ ਬਣੋ (ਲਾਈਫ਼/ਸਰਪ੍ਰਸਤ/ਮੁੱਖ ਸਰਪ੍ਰਸਤ) ਅਤੇ 15 ਅਪ੍ਰੈਲ ਦੇ ਸਮਾਗਮ ਨੂੰ ਸਫ਼ਲ ਕਰੋ ਤਾਕਿ ਇਥੋਂ ਸ਼ੁਰੂ ਹੋਣ ਵਾਲੇ ਨਾਨਕੀ ਇਨਕਲਾਬ ਦੀ ਆਵਾਜ਼ ਛੇਤੀ ਹੀ ਸਾਰੇ ਸੰਸਾਰ ਵਿਚ ਗੂੰਜਣ ਲੱਗ ਪਵੇ। ਹੋਰ ਕਿਧਰੋਂ ਵੀ ਨਾਨਕੀ ਇਨਕਲਾਬ ਦੀ ਗੱਲ ਵੀ ਨਹੀਂ ਹੋਣੀ, ਇਹ ਤੁਸੀ ਵੇਖ ਹੀ ਲਿਆ ਹੈ। ਜਦੋਂ ਧਰਮ ਉਤੇ ਮਾਇਆ ਅਤੇ ਮਾਇਆਧਾਰੀ ਦਾ ਏਨਾ ਗ਼ਲਬਾ ਹੋ ਜਾਏ ਤਾਂ ਉਥੇ 'ਧਰਮ ਪੰਖ ਕਰ ਊਡਰਿਆ' ਵਾਲੀ ਹਾਲਤ ਬਣ ਜਾਂਦੀ ਹੈ। ਇਹੀ ਹਾਲਤ ਸਿੱਖੀ ਦੇ ਵਿਹੜੇ ਵਿਚ ਬਣੀ ਵੇਖੀ ਜਾ ਸਕਦੀ ਹੈ। ਆਉ ਨਾਨਕੀ ਇਨਕਲਾਬ ਦੇ ਮੁਢ ਬਾਬੇ ਨਾਨਕ ਦੀ ਅਸਲ ਜਨਮ ਤਿਥੀ (15 ਅਪ੍ਰੈਲ) ਤੋਂ ਉੱਚਾ ਦਰ ਬਾਬੇ ਨਾਨਕ ਦਾ ਦੇ ਵਿਹੜੇ ਤੋਂ ਕਰੀਏ। 15 ਅਪ੍ਰੈਲ ਦਾ ਦਿਨ ਯਾਦ ਰਖਣਾ। -ਜੋਗਿੰਦਰ ਸਿੰਘ