S. Joginder Singh Ji: ਸਿੱਖਾਂ ਨੂੰ ਵਧੀਆ ਲੀਡਰ ਚਾਹੀਦੇ ਹਨ ਜਾਂ ‘ਜਥੇਦਾਰ’ ਤੇ ‘ਮਤਵਾਜ਼ੀ ਜਥੇਦਾਰ’?
Published : Mar 2, 2025, 7:13 am IST
Updated : Mar 2, 2025, 7:13 am IST
SHARE ARTICLE
Sikhs need good leaders or 'Jathedar' and 'Matwazi Jathedar'?
Sikhs need good leaders or 'Jathedar' and 'Matwazi Jathedar'?

ਆਜ਼ਾਦੀ ਮਿਲਣ ਮਗਰੋਂ, ਕੱਚੇ ਪਿੱਲੇ ਤਾਂ ਸਰਕਾਰੀ ਨਿਆਮਤਾਂ ਲੁੱਟਣ ਲਈ ਸਰਕਾਰੀ ਕੁਰਸੀਆਂ ਉਤੇ ਜਾ ਬੈਠੇ ਤੇ ਨੀਲੀਆਂ ਦੀ ਥਾਂ ਚਿੱਟੀਆਂ ਦਸਤਾਰਾਂ ਸਜਾਉਣ ਲੱਗ ਪਏ

 

S. Joginder Singh Ji: ਮੈਂ ਅਕਸਰ ਪ੍ਰੇਸ਼ਾਨ ਜਿਹਾ ਹੋ ਕੇ ਸੋਚਣ ਲਗਦਾ ਹਾਂ ਕਿ 20ਵੀਂ ਸਦੀ ਦੇ ਸ਼ੁਰੂ ਵਿਚ ਜਦ ਨਵੇਂ ਯੁਗ (ਸਿਆਸੀ ਯੁੱਗ) ਵਿਚ ਇਹ ਸਵਾਲ ਉਠਿਆ ਕਿ 20ਵੀਂ ਸਦੀ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਕੌਣ ਕਰੇ ਤਾਂ ਸਿੱਖਾਂ ਨੇ ਫ਼ੈਸਲਾ ਲਿਆ ਕਿ ਖ਼ਾਲਸ ਪੰਥਕ ਪਾਰਟੀ (ਅਕਾਲੀ ਦਲ) ਹੀ ਨਵੇਂ ਯੁਗ ਵਿਚ ਸਿੱਖ ਹੱਕਾਂ ਦੀ ਹਿਫ਼ਾਜ਼ਤ ਕਰ ਸਕਦੀ ਹੈ ਜਿਸ ਦੇ ਲੀਡਰ ਦੇਸ਼ ਦੇ ਧੁਰੰਦਰ ਸਿਆਸੀ ਆਗੂਆਂ ਦਾ ਮੁਕਾਬਲਾ ਕਰਨ ਦੀ ਯੋਗਤਾ ਰੱਖਣ ਵਾਲੇ ਹੋਣ ਤੇ ਜਿਨ੍ਹਾਂ ਦਾ ਨਾਹਰਾ ਹੋਵੇ, ‘‘ਪੰਥ ਜੀਵੇ, ਮੈਂ ਮਰਾਂ।’’

ਉਦੋਂ ਸਿੱਖਾਂ ਨੇ ‘ਜਥੇਦਾਰ’ ਨਹੀਂ ਸੀ ਲੱਭੇ, ਰਾਜਸੀ ਲੜਾਈ ਲੜਨ ਦੀ ਯੋਗਤਾ ਰੱਖਣ ਵਾਲੇ ਲੀਡਰਾਂ ਨੂੰ ਅਪਣੇ ਆਗੂ ਥਾਪਿਆ ਸੀ।

ਬਾਬਾ ਖੜਕ ਸਿੰਘ, ਮਾ. ਤਾਰਾ ਸਿੰਘ, ਸ. ਹੁਕਮ ਸਿੰਘ, ਗਿ. ਕਰਤਾਰ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਵਰਗੇ ਉਹ ਆਗੂ ਕੌਮ ਨੇ ਲੱਭੇ ਸਨ ਜੋ ਭਾਰਤ ਦੇ ਉਸ ਵੇਲੇ ਦੇ ਕਿਸੇ ਵੀ ਆਗੂ ਦਾ, ਸਿਆਣਪ, ਈਮਾਨਦਾਰੀ, ਸਾਦਗੀ ਅਤੇ ਕੁਰਬਾਨੀ ਦੇ ਜਜ਼ਬੇ ਵਿਚ ਮੁਕਾਬਲਾ ਕੀਤੇ ਜਾਣ ਤੇ, ਉਨ੍ਹਾਂ ਤੋਂ ਬਹੁਤ ਅੱਗੇ ਨਜ਼ਰ ਆਉਂਦੇ ਸਨ ਹਾਲਾਂਕਿ ਉਹ ਇਕ ਅਜਿਹੀ ਕੌਮ ਦੀ ਪ੍ਰਤੀਨਿਧਤਾ ਕਰਦੇ ਸਨ ਜਿਸ ਕੋਲ ਭਾਰਤ ਦੇ ਇਕ ਕੋਨੇ ਵਿਚ ਵੀ ਬਹੁਗਿਣਤੀ ਨਹੀਂ ਸੀ ਤੇ ਇਨ੍ਹਾਂ ‘ਗਿਣਤੀਆਂ ਮਿਣਤੀਆਂ’ ਕਾਰਨ ਉਨ੍ਹਾਂ ਨੂੰ ਲਿਆਕਤ ਵਿਖਾਣ ਦਾ ਮੌਕਾ ਨਹੀਂ ਸੀ ਦਿਤਾ ਜਾਂਦਾ।

ਉਸ ਵੇਲੇ, ਸਾਂਝੇ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਕੇਵਲ 13 ਫ਼ੀ ਸਦੀ ਸੀ ਤੇ ਹਿੰਦੁਸਤਾਨ ਵਿਚ ਤਾਂ ਕਿਸੇ ਵੀ ਰਾਜ ਵਿਚ, 1947 ਤੋਂ ਪਹਿਲਾਂ, ਸਿੱਖ ਹੈ ਈ ਨਹੀਂ ਸਨ ਜਾਂ ਇੱਕਾ ਦੁੱਕਾ ਰੂਪ ਵਿਚ ਮਿਲਦੇ ਸਨ। ਇਸ 13% ਸਿੱਖ ਆਬਾਦੀ ਦੇ ਆਗੂਆਂ (ਅਕਾਲੀ ਲੀਡਰਾਂ) ਦੀ ਧਾਂਕ ਸਿੱਖਾਂ ਵਿਚ ਹੀ ਨਹੀਂ, ਸਾਰੇ ਭਾਰਤ ਵਿਚ ਫੈਲੀ ਹੋਈ ਸੀ। ਸੰਖੇਪ ਵਿਚ, ਪਹਿਲੇ ਦੌਰ ਦੀ ਅਕਾਲੀ ਲੀਡਰਸ਼ਿਪ (ਸਿੱਖ ਲੀਡਰਸ਼ਿਪ) ਦੀਆਂ ਪ੍ਰਾਪਤੀਆਂ ਤੇ ਕਾਰਗੁਜ਼ਾਰੀਆਂ ਫ਼ਖ਼ਰ ਕਰਨ ਯੋਗ ਸਨ।

ਬਾਬਾ ਖੜਕ ਸਿੰਘ ਨੂੰ ‘ਸਿੱਖਾਂ ਦਾ ਬੇਤਾਜ ਬਾਦਸ਼ਾਹ’ ਮੰਨਿਆ ਜਾਣ ਲੱਗਾ ਤੇ ਉਸ ਵੇਲੇ ਦੇ ਬਾਕੀ ਦੇ ਸਾਰੇ ਸਿੱਖ ਲੀਡਰਾਂ ਦੇ ਮੁਕਾਬਲੇ ਦਾ, ਪੰਜਾਬ ਵਿਚ ਇਕ ਵੀ ਹਿੰਦੂ ਤੇ ਮੁਸਲਮਾਨ ਆਗੂ ਨਾ ਉਭਰ ਸਕਿਆ ਹਾਲਾਂਕਿ ਗਿਣਤੀ ਜ਼ਿਆਦਾ ਹੋਣ ਕਰ ਕੇ, ਸੱਤਾ ਉਤੇ ਕਾਬਜ਼ ਤਾਂ ਗ਼ੈਰ-ਸਿੱਖ ਹੀ ਸਨ ਤੇ ਲਗਭਗ ਸਾਰੇ ਸਿੱਖ ਲੀਡਰ, ਫ਼ਕੀਰਾਂ ਵਾਲਾ ਜੀਵਨ ਹੀ ਬਸਰ ਕਰਦੇ ਸਨ। ਤੇਜਾ ਸਿੰਘ ਸਮੁੰਦਰੀ ਨੇ ਅੰਗਰੇਜ਼ ਦੀ ਈਨ ਨਾ ਮੰਨ ਕੇ, ਗੁਰਦਵਾਰਾ ਐਕਟ ਦੇ ਮਸਲੇ ’ਤੇ ਜੇਲ ਵਿਚ ਜਾਨ ਦੇ ਦਿਤੀ ਤੇ ਪਹਿਲੀ ਪੋਚ ਦੇ ਲੀਡਰਾਂ ’ਚੋਂ ਸ੍ਰੀਰ ਦੀ ਕੁਰਬਾਨੀ ਦੇਣ ਵਾਲਾ ਪਹਿਲਾ ਆਗੂ ਬਣ ਗਿਆ।

ਉਸ ਮਗਰੋਂ ਸਾਰੇ ਸਿੱਖ ਲੀਡਰ ਚਾਹੁੰਦੇ ਸਨ ਕਿ ਹਿੰਦੁਸਤਾਨ ਤੇ ਪੰਜਾਬ ਦੀ ਵੰਡ ਨਾ ਹੋਵੇ ਪਰ ਮੁਸਲਿਮ ਲੀਡਰ, ਹਿੰਦੂ ਲੀਡਰਾਂ ਕੋਲੋਂ ਅਪਣੀਆਂ ਮੰਗਾਂ ਮਨਵਾਉਣ ਵਿਚ ਨਾਕਾਮ ਰਹਿਣ ਕਾਰਨ ਅੜ ਗਏ ਕਿ ਸਾਂਝੇ ਪੰਜਾਬ ਵਿਚ ਕਿਉਂਕਿ ਮੁਸਲਮਾਨਾਂ ਦੀ ਬਹੁਗਿਣਤੀ ਸੀ, ਇਸ ਲਈ ਸਾਰਾ ਪੰਜਾਬ (ਗੁੜਗਾਉਂ ਤਕ) ਪਾਕਿਸਤਾਨ ਵਿਚ ਸ਼ਾਮਲ ਕੀਤਾ ਜਾਏ।

ਸਿੱਖ ਲੀਡਰਸ਼ਿਪ ਦੀ ਸਿਆਣਪ ਅਤੇ ਸੂਝ ਦੀ ਦਾਦ ਦੇਣੀ ਬਣਦੀ ਹੈ ਕਿ ਹਿੰਦੁਸਤਾਨ ਵਿਚ ਸਿੱਖਾਂ ਦੀ 2% ਤੋਂ ਵੀ ਘੱਟ ਵਸੋਂ ਹੋਣ ਦੇ ਬਾਵਜੂਦ, ਅੰਗਰੇਜ਼ ਕੋਲੋਂ ਇਸ ਨੇ ‘ਤੀਜੀ ਕੌਮ’ ਦਾ ਦਰਜਾ ਮਨਵਾ ਲਿਆ ਸੀ ਤੇ ਇਸੇ ਸਦਕਾ ਇਸ ਦੇ ਲੀਡਰ ਡੱਟ ਗਏ ਕਿ ਅੱਧਾ ਪੰਜਾਬ, ਸਿੱਖਾਂ ਲਈ ਛੱਡ ਦਿਤਾ ਜਾਏ ਹਾਲਾਂਕਿ ਇਹ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਸੀ। ਕਾਂਗਰਸ ਲੀਡਰਸ਼ਿਪ ਤਾਂ ਮੁਸਲਿਮ ਲੀਗ ਅੱਗੇ ਹਾਰ ਗਈ ਸੀ, ਸੋ ਪੰਜਾਬ ਅਸੈਂਬਲੀ ਦੇ ਹਿੰਦੂ ਸਿੱਖ ਮੈਂਬਰਾਂ ਨੇ ਅਕਾਲੀ ਲੀਡਰ ਮਾ. ਤਾਰਾ ਸਿੰਘ ਨੂੰ ਅਪਣਾ ਸਾਂਝਾ ਲੀਡਰ ਚੁਣ ਲਿਆ ਤੇ ਉਨ੍ਹਾਂ ਉਤੇ ਛੱਡ ਦਿਤਾ ਕਿ ਉਹ ਜਿਵੇਂ ਚਾਹੁਣ, ਅੱਧਾ ਪੰਜਾਬ, ਪਾਕਿਸਤਾਨ ਵਿਚ ਜਾਣੋਂ ਬਚਾ ਲੈਣ।

ਇਹ ਇਕ ਚਮਤਕਾਰ ਹੀ ਸੀ ਕਿ ਮਾ. ਤਾਰਾ ਸਿੰਘ ਦੀ ਕਮਾਨ ਹੇਠ ਅਕਾਲੀ ਲੀਡਰਸ਼ਿਪ ਨੇ ਅੱਧਾ ਪੰਜਾਬ, ਪਾਕਿਸਤਾਨ ਕੋਲੋਂ ਖੋਹ ਲਿਆ ਤੇ ਸਿੱਖਾਂ ਨੂੰ ਇਸ ਤੇ ਵੱਡਾ ਫ਼ਖ਼ਰ ਹੋਣਾ ਚਾਹੀਦਾ ਹੈ ਪਰ ਦਿੱਲੀ ਦੀਆਂ ਖੁਫ਼ੀਆ ਏਜੰਸੀਆਂ ਨੇ ਇਹ ਝੂਠ ਫੈਲਾ ਕੇ ਤੇ ਸਿੱਖਾਂ ਨੂੰ ਫ਼ਖ਼ਰ ਕਰਨੋਂ ਹਟਾ ਕੇ, ਦੂਜੇ ਪਾਸੇ ਲਾ ਦਿਤਾ ਕਿ ਅੰਗਰੇਜ਼ ਤਾਂ ਸੱਭ ਕੁੱਝ ਦਿੰਦਾ ਸੀ, ਸਿੱਖ ਲੀਡਰ ਹੀ ਲੈਣ ਨੂੰ ਤਿਆਰ ਨਾ ਹੋਏ। ਇਹ ਏਨਾ ਵੱਡਾ ਝੂਠ ਸੀ ਜਿੰਨਾ ਕੋਈ ਹੋਰ ਨਹੀਂ ਘੜਿਆ ਗਿਆ ਹੋਣਾ।

1947 ਵਿਚ ਅੰਗਰੇਜ਼ ਹਿੰਦੂਆਂ ਨੂੰ ਇਸ ਲਈ ਖ਼ੁਸ਼ ਕਰਨਾ ਚਾਹੁੰਦਾ ਸੀ ਕਿਉਂਕਿ ਉਨ੍ਹਾਂ ਲਈ ਵਿਸ਼ਾਲ ਭਾਰਤ ਇਕ ਬਹੁਤ ਵੱਡੀ ਮੰਡੀ ਸੀ ਤੇ ਪਾਕਿਸਤਾਨ ਉਸ ਮੁਸਲਮਾਨ ਦੁਨੀਆਂ ਦਾ ਦਰਵਾਜ਼ਾ ਸੀ ਜੋ ਆਮ ਤੌਰ ਤੇ ਬੜੀ ਅੱਖੜ ਸੀ ਤੇ ਜਿਸ ਨੂੰ ਅੰਗਰੇਜ਼, ਆਜ਼ਾਦੀ ਮਗਰੋਂ, ਪਾਕਿਸਤਾਨ ਨੂੰ ਵਰਤ ਕੇ, ਅਪਣੇ ਕਾਬੂ ਹੇਠ ਰਖਣਾ ਚਾਹੁੰਦਾ ਸੀ। ਇਨ੍ਹਾਂ ਦੋਹਾਂ ‘ਸਮੁੰਦਰਾਂ’ ਵਿਚਕਾਰ ਸਿੱਖਾਂ ਦਾ ਇਕ ਛੋਟਾ ਜਿਹਾ ਜਜ਼ੀਰਾ ਬਣਾ ਕੇ ਅੰਗਰੇਜ਼ ਨੂੰ ਕੀ ਮਿਲ ਸਕਦਾ ਸੀ? ਕੁੱਝ ਵੀ ਨਹੀਂ। ਜੇ ਉਹ ਸਿੱਖਾਂ ਨੂੰ ਕੁੱਝ ਵਖਰਾ ਦੇਣ ਦੀ ਸੋਚਦਾ ਵੀ ਤਾਂ ਹਿੰਦੂ ਇੰਡੀਆ ਉਸ ਦਾ ਦੁਸ਼ਮਣ ਬਣ ਜਾਂਦਾ ਜਦਕਿ ਹੁਣ ਦਾ ਭਾਰਤ, ਬਰਤਾਨਵੀ ਮਹਾਰਾਣੀ ਦੀ ਸਰਦਾਰੀ ਮੰਨ ਕੇ ਕਾਮਨਵੈਲਥ ਦਾ ਮੈਂਬਰ ਹੈ।

ਇਸ ਲਈ ਅੰਗਰੇਜ਼ ਨੇ ਕਦੇ ਇਕ ਮਿੰਟ ਲਈ ਵੀ ਸਿੱਖਾਂ ਨੂੰ ਕੁੱਝ ਵਖਰਾ ਦੇਣ ਦੀ ਗੱਲ ਹੀ ਨਹੀਂ ਸੀ ਸੋਚੀ। ਇਹ ਗੱਲ ਹੁਣ ਬਰਤਾਨੀਆ ਸਰਕਾਰ ਵਲੋਂ ਜਾਰੀ ਕੀਤੀਆਂ ਗੁਪਤ ਫ਼ਾਈਲਾਂ ਨੂੰ ਪ੍ਰਗਟ ਕਰਨ ਮਗਰੋਂ ਬਿਲਕੁਲ ਹੀ ਸਪੱਸ਼ਟ ਹੋ ਗਈ ਹੈ ਕਿ ਖ਼ੁਫ਼ੀਆ ਏਜੰਸੀਆਂ ਵਲੋਂ ਕੋਰੀਆਂ ਗੱਪਾਂ ਹੀ ਉਡਾਈਆਂ ਗਈਆਂ ਸਨ ਜਿਵੇਂ ਸਿੱਖ ਫ਼ੌਜਾਂ ਨੂੰ ਰਾਣੀ ਜਿੰਦਾਂ ਤੋਂ ਦੂਰ ਕਰਨ ਲਈ ਅੰਗਰੇਜ਼ ਖ਼ੁਫ਼ੀਆ ਏਜੰਸੀਆਂ ਨੇ ਡੋਗਰੇ ਵਜ਼ੀਰਾਂ ਨਾਲ ਮਿਲ ਕੇ, ਰਾਣੀ ਜਿੰਦਾਂ ਵਿਰੁਧ ਫੈਲਾਈਆਂ ਸਨ।

ਆਜ਼ਾਦੀ ਮਿਲਣ ਮਗਰੋਂ, ਕੱਚੇ ਪਿੱਲੇ ਤਾਂ ਸਰਕਾਰੀ ਨਿਆਮਤਾਂ ਲੁੱਟਣ ਲਈ ਸਰਕਾਰੀ ਕੁਰਸੀਆਂ ਉਤੇ ਜਾ ਬੈਠੇ ਤੇ ਨੀਲੀਆਂ ਦੀ ਥਾਂ ਚਿੱਟੀਆਂ ਦਸਤਾਰਾਂ ਸਜਾਉਣ ਲੱਗ ਪਏ। ਪਰ ਜੋ ਅਸਲੀ ਅਕਾਲੀ ਜਾਂ ਸਿੱਖ ਲੀਡਰ ਸਨ, ਉਹ ਪਹਿਲਾਂ ਵਾਂਗ ਕੁਰਬਾਨੀ ਕਰਨ ਦੇ ਰਾਹ ਹੀ ਪਏ ਰਹੇ। ਉਨ੍ਹਾਂ ਨੇ ਹੀ ਕਾਂਗਰਸ ਲੀਡਰਾਂ ਨੂੰ 1947 ਤੋਂ ਪਹਿਲਾਂ ਦੇ ਵਾਅਦੇ ਯਾਦ ਕਰਵਾਏ ਪਰ ਜਦ ਕਾਂਗਰਸੀ ਲੀਡਰ ਮੁਕਰ ਗਏ ਤਾਂ ਉਨ੍ਹਾਂ ਨੇ ਬਾਕੀ ਦੇ ਭਾਰਤ ਵਾਂਗ ਹੀ, ਪੰਜਾਬੀ ਭਾਸ਼ਾ ਦਾ ਇਕ ਪ੍ਰਾਂਤ ਬਣਾਉਣ ਦੀ ਮੰਗ ਵੀ ਰੱਖ ਦਿਤੀ। ਆਜ਼ਾਦ ਹਿੰਦੁਸਤਾਨ ਵਿਚ ਕੋਈ ਪਹਿਲਾ ਲੀਡਰ, ਜੋ ਗਿ੍ਰਫ਼ਤਾਰ ਕੀਤਾ ਗਿਆ, ਉਹ ਸਿੱਖਾਂ ਦਾ ਹੀ ਲੀਡਰ ਸੀ।

ਫਿਰ ਨਹਿਰੂ ਨੇ ਕਾਂਟਾ ਬਦਲ ਕੇ, ਮਾ. ਤਾਰਾ ਸਿੰਘ ਨੂੰ ਬੁਲਾ ਕੇ ਕਿਹਾ ਕਿ ‘‘ਤੁਹਾਡੇ ਵਰਗੇ ਮਹਾਨ ਨੇਤਾ ਤੇ ਆਜ਼ਾਦੀ ਸੰਗਰਾਮੀਏ ਦੀ ਲੋੜ ਪੰਜਾਬ ਨੂੰ ਹੀ ਨਹੀਂ, ਸਾਰੇ ਦੇਸ਼ ਨੂੰ ਹੈ, ਇਸ ਲਈ ਤੁਸੀ ਪਹਿਲਾਂ ਉਪ-ਰਾਸ਼ਟਰਪਤੀ ਦਾ ਸੇਵਾ ਪਦ ਸੰਭਾਲੋ ਤੇ ਫਿਰ ਕੁੱਝ ਮਹੀਨਿਆਂ ਮਗਰੋਂ, ਪਹਿਲੇ ਰਾਸ਼ਟਰਪਤੀ ਦੇ ਰੀਟਾਇਰ ਹੋਣ ਤੇ, ਰਾਸ਼ਟਰਪਤੀ ਪਦ ਸੰਭਾਲੋ। ਆਪ ਵਰਗੇ ਮਹਾਨ ਨੇਤਾ ਨੂੰ, ਆਜ਼ਾਦ ਭਾਰਤ ਵਿਚ, ਸਾਰੇ ਰਾਸ਼ਟਰ ਦੀ ਅਗਵਾਈ ਸੰਭਾਲਣੀ ਚਾਹੀਦੀ ਹੈ ਤੇ ਪੰਜਾਬ ਦੀ ਗੱਲ ਛੋਟੇ ਲੀਡਰਾਂ ਨੂੰ ਕਰਨ ਦੇਣੀ ਚਾਹੀਦੀ ਹੈ।’’

ਮਾ. ਤਾਰਾ ਸਿੰਘ ਦਾ ਉੱਤਰ ਸੀ, ‘‘ਮੈਨੂੰ ਪਤਾ ਹੈ, ਤੁਸੀ ਮੈਨੂੰ ਇਹ ਪੇਸ਼ਕਸ਼ ਕਿਉਂ ਕਰ ਰਹੇ ਹੋ। ਤੁਹਾਡੇ ਕੋਲ ਉਪ-ਰਾਸ਼ਟਰਪਤੀ ਤੇ ਰਾਸ਼ਟਰਪਤੀ ਬਣਨ ਦੀ ਯੋਗਤਾ ਰੱਖਣ ਵਾਲਿਆਂ ਦੀ ਕੋਈ ਕਮੀ ਨਹੀਂ ਪਰ ਮੈਂ ਸਮਝਦਾ ਹਾਂ, ਮੇਰੀ ਕੌਮ ਨੂੰ ਅਜੇ ਮੇਰੀ ਲੋੜ ਜ਼ਿਆਦਾ ਹੈ। ਮੈਨੂੰ ਪੰਜਾਬ ਅਤੇ ਸਿੱਖਾਂ ਦੀ ਸੇਵਾ ਕਰਦੇ ਰਹਿਣ ਦਿਉ ਤੇ ਇਹ ਉੱਚ ਅਹੁਦੇ ਕਿਸੇ ਹੋਰ ਲੋੜਵੰਦ ਨੂੰ ਦੇ ਦਿਉ।’’ ਇਹ ਸਾਰੀ ਗੱਲਬਾਤ ਗਿ. ਗੁਰਮੁਖ ਸਿੰਘ ਮੁਸਾਫ਼ਰ ਦੀ ਮੌਜੂਦਗੀ ਵਿਚ ਹੋਈ ਤੇ ਉਨ੍ਹਾਂ ਨੇ ਹੀ ਮੈਨੂੰ ਸੁਣਾਈ। 

ਇਸੇ ਤਰ੍ਹਾਂ ਲਾਲ ਬਹਾਦੁਰ ਸ਼ਾਸਤਰੀ ਨੇ ਸ. ਹੁਕਮ ਸਿੰਘ ਨੂੰ ਉਸ ਕਮੇਟੀ ਦਾ ਚੇਅਰਮੈਨ ਬਣਾ ਦਿਤਾ ਜਿਸ ਨੇ ਪੰਜਾਬੀ ਸੂਬਾ ਬਣਾਉਣ ਜਾਂ ਨਾ ਬਣਾਉਣ ਬਾਰੇ ਫ਼ੈਸਲਾ ਕਰਨਾ ਸੀ। ਸ. ਹੁਕਮ ਸਿੰਘ ਨੇ ਕਾਰਵਾਈ ਨੂੰ ਉਹ ਰੁਖ਼ ਦਿਤਾ ਜਿਸ ਨਾਲ ਪੰਜਾਬੀ ਸੂਬਾ ਲਾਜ਼ਮੀ ਤੌਰ ਤੇ ਬਣ ਜਾਏ। ਇੰਦਰਾ ਗਾਂਧੀ ਨੇ ਘਬਰਾ ਕੇ ਲਾਲ ਬਹਾਦੁਰ ਸ਼ਾਸਤਰੀ ਕੋਲ ਜਾ ਸ਼ਿਕਾਇਤ ਕੀਤੀ ਕਿ ‘‘ਤੁਸੀ ਹੁਕਮ ਸਿੰਘ ਨੂੰ ਚੇਅਰਮੈਨ ਇਸ ਲਈ ਬਣਾਇਆ ਸੀ ਕਿ ਉਹ ਪੰਜਾਬੀ ਸੂਬੇ ਵਿਰੁਧ ਫ਼ੈਸਲਾ ਦੇਵੇਗਾ ਪਰ ਉਹ ਤਾਂ ਪੰਜਾਬ ਸੂਬਾ ਬਣਾਉਣ ’ਤੇ ਤੁਲਿਆ ਹੋਇਆ ਹੈ।’’

ਸ. ਹੁਕਮ ਸਿੰਘ ਨੇ ਆਪ ਇਕ ਲੇਖ ਲਿਖ ਕੇ ‘ਹਿੰਦੁਸਤਾਨ ਟਾਈਮਜ਼’ ਵਿਚ ਛਪਵਾਇਆ ਜਿਸ ਵਿਚ ਦਸਿਆ ਕਿ ਉਨ੍ਹਾਂ ਨੂੰ ਕਮੇਟੀ ਦਾ ਚੇਅਰਮੈਨ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਇਕ ਵਾਰ ਨਿਜੀ ਗੱਲਬਾਤ ਵਿਚ ਉਨ੍ਹਾਂ ਸ਼ਾਸਤਰੀ ਜੀ ਨੂੰ ਕਹਿ ਦਿਤਾ ਸੀ ਕਿ ‘‘ਮੈਂ ਨਿਜੀ ਤੌਰ ਤੇ ਸਮਝਦਾ ਹਾਂ ਕਿ ਪੰਜਾਬੀ ਸੂਬੇ ਦਾ ਸਿੱਖਾਂ ਨੂੰ ਲਾਭ ਕੋਈ ਨਹੀਂ ਹੋਣਾ।’’

ਉਨ੍ਹਾਂ ਦਸਿਆ ਕਿ ਇਹ ਉਨ੍ਹਾਂ ਦੇ ਨਿਜੀ ਵਿਚਾਰ ਸਨ ਪਰ ਚੇਅਰਮੈਨ ਵਜੋਂ ਉਨ੍ਹਾਂ ਦਾ ਫ਼ਰਜ਼ ਇਹ ਵੇਖਣਾ ਸੀ ਕਿ ਜੇ ਸਾਰੇ ਭਾਰਤ ਵਿਚ ਇਕ-ਭਾਸ਼ਾਈ ਰਾਜ ਬਣਾਏ ਗਏ ਹਨ ਤਾਂ ਪੰਜਾਬ ਵਿਚ ਪੰਜਾਬੀ ਸੂਬਾ ਕਿਉਂ ਨਾ ਬਣਾਇਆ ਜਾਵੇ?
ਗਿ. ਕਰਤਾਰ ਸਿੰਘ ਵੀ ਛੇ ਮਹੀਨੇ ਅਕਾਲੀ ਦਲ ਵਿਚ ਤੇ ਛੇ ਮਹੀਨੇ ਕਾਂਗਰਸ ਵਿਚ ਚਲੇ ਜਾਣ ਵਾਲੇ ਆਗੂ ਸਨ। ਪਰ ਜਿਥੇ ਵੀ ਰਹਿੰਦੇ, ਕੰਮ ਇਕ ਸੱਚੇ ਅਕਾਲੀ ਵਾਂਗ ਹੀ ਕਰਦੇ ਤੇ ਸਿੱਖ ਹਿਤਾਂ ਦੀ ਰਖਵਾਲੀ ਦਾ ਸਦਾ ਧਿਆਨ ਰਖਦੇ। ਅਪਣੇ ਲਈ ਉਨ੍ਹਾਂ ਇਕ ਧੇਲਾ ਵੀ ਰਾਜਨੀਤੀ ’ਚੋਂ ਨਾ ਕਮਾਇਆ। 

ਕੁਲ ਮਿਲਾ ਕੇ, ਪਹਿਲੀ ਪੋਚ ਦੇ ਅਕਾਲੀ ਲੀਡਰ, ਪੂਰੀ ਤਰ੍ਹਾਂ ਬੇਦਾਗ਼, ਸੱਚੇ ਸੁੱਚੇ ਤੇ ਅਕਾਲੀ ਦਲ ਦੇ ਸਿਧਾਂਤਾਂ ਉਤੇ ਪੂਰੀ ਤਰ੍ਹਾਂ ਅਡਿੱਗ ਹੋ ਕੇ ਕੰਮ ਕਰਨ ਵਾਲੇ ਸਨ ਤੇ ਸਿੱਖਾਂ ਦੀ ਗਿਣਤੀ ਨੂੰ ਵੇਖੀਏ ਤਾਂ ਜਿੰਨੀਆਂ ਪ੍ਰਾਪਤੀਆਂ ਉਸ ਲੀਡਰਸ਼ਿਪ ਨੇ ਕੀਤੀਆਂ, ਸ਼ਾਇਦ ਭਵਿੱਖ ਵਿਚ ਵੀ ਕੋਈ ਲੀਡਰਸ਼ਿਪ ਨਹੀਂ ਕਰ ਸਕੇਗੀ। ਖ਼ੁਫ਼ੀਆ ਏਜੰਸੀਆਂ ਤੇ ਪ੍ਰਤਾਪ ਸਿੰਘ ਕੈਰੋਂ ਨੂੰ ਫਿਰ ਇਹ ਕੰਮ ਸੌਂਪਿਆ ਗਿਆ ਕਿ ਉਹ ਜਿਵੇਂ ਵੀ ਹੋਵੇ, ਇਸ ਪੁਰਾਣੀ ਸੁੱਚੀ ਸਿੱਖ ਲੀਡਰਸ਼ਿਪ ਦੀ ਥਾਂ ਫ਼ਰਮਾਬਰਦਾਰ ਅਤੇ ਆਗਿਆਕਾਰੀ ਸਿੱਖ ਲੀਡਰਸ਼ਿਪ ਨੂੰ ਅੱਗੇ ਲਿਆਵੇ।

ਪ੍ਰਤਾਪ ਸਿੰਘ ਕੈਰੋਂ ਨੂੰ ਲਾਲਚ ਦਿਤਾ ਗਿਆ ਕਿ ਜੇ ਉਹ ਕਾਮਯਾਬ ਹੋ ਗਿਆ ਤਾਂ ਉਸ ਨੂੰ ਭਾਰਤ ਦਾ ਡੀਫ਼ੈਂਸ ਮਨਿਸਟਰ (ਰੱਖਿਆ ਮੰਤਰੀ) ਬਣਾ ਦਿਤਾ ਜਾਵੇਗਾ। ਸੋ ਸੰਤ ਫ਼ਤਿਹ ਸਿੰਘ ਨੂੰ ਅੱਗੇ ਕਰ ਕੇ ਨਵੀਂ ਆਗਿਆਕਾਰ ਲੀਡਰਸ਼ਿਪ ਖ਼ੁਫ਼ੀਆ ਏਜੰਸੀਆਂ ਨੇ ਦਾਖ਼ਲ ਕੀਤੀ ਜੋ ਹੁੰਦੀ ਹੁੰਦੀ ਪੰਜਾਬੀ ਪਾਰਟੀ ਬਣ ਕੇ ਅੱਜ ਐਲਾਨ ਕਰਦੀ ਹੈ ਕਿ ਭਾਜਪਾ ਭਾਵੇਂ ਉਨ੍ਹਾਂ ਨੂੰ ਕੁੱਝ ਦੇਵੇ ਜਾਂ ਨਾ ਦੇਵੇ, ਉਹ ਭਾਜਪਾ ਦਾ ਸਾਥ ਕਦੇ ਨਹੀਂ ਛੱਡਣਗੇ ਕਿਉਂਕਿ ਉਨ੍ਹਾਂ ਦਾ ਸਾਥ ਪਤੀ-ਪਤਨੀ ਵਾਲਾ ਸਾਥ ਹੈ ਜੋ ਕਦੇ ਨਹੀਂ ਟੁਟ ਸਕਦਾ।

ਮਤਲਬ ਇਹ ਕਿ 1920 ਵਾਲਾ ਅਕਾਲੀ ਦਲ 1984 ਤੋਂ ਬਾਅਦ ਹੌਲੀ ਹੌਲੀ ਕਰ ਕੇ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ ਤੇ ਸਿੱਖਾਂ, ਸਿੱਖੀ ਤੇ ਸਿੱਖ ਹਿਤਾਂ ਦਾ ਨਾਂ ਲੈਣ ਵਾਲਾ ਵੀ ਕੋਈ ਨਹੀਂ ਰਹਿ ਗਿਆ। ਫਿਰ ਤਾਂ ਲੋੜ ਇਸ ਗੱਲ ਦੀ ਹੋਈ ਕਿ 1920 ਵਰਗੀ ਇਕ ‘ਮਤਵਾਜ਼ੀ’ ਅਕਾਲੀ ਪਾਰਟੀ ਤੇ ਉਸ ਵੇਲੇ ਦੇ ਅਕਾਲੀ ਲੀਡਰਾਂ ਵਰਗੇ ‘ਮਤਵਾਜ਼ੀ’ ਅਕਾਲੀ ਲੀਡਰ ਤਿਆਰ ਕਰ ਕੇ ਕੌਮ ਨੂੰ ਦਿਤੇ ਜਾਣ। ਪਰ ਵੇਖਿਆ ਇਹ ਜਾ ਰਿਹਾ ਹੈ ਕਿ ਕੌਮ ‘ਜਥੇਦਾਰ’ ਲੱਭਣ ਦੇ ਰਾਹ ਪਈ ਹੋਈ ਹੈ ਤੇ ਜੇ ‘ਜਥੇਦਾਰ’ ਪੰਜਾਬੀ ਪਾਰਟੀ ਨੇ ਅਪਣੇ ਰੱਸੇ ਨਾਲ ਬੰਨ੍ਹੇ ਹੋਏ ਹਨ ਤਾਂ ‘ਮਤਵਾਜ਼ੀ ਜਥੇਦਾਰ’ ਲੱਭ ਲਉ।

ਜਥੇਦਾਰੀ ਜਾਂ ਪੁਜਾਰੀ ਕਲਚਰ ਹੀ ਇਹੋ ਜਿਹਾ ਹੈ ਕਿ ਇਹ ਲੋਕ ਭਾਵੇਂ ਸਿਆਸੀ ਲਿਫ਼ਾਫ਼ਿਆਂ ਵਿਚੋਂ ਨਿਕਲਣ ਤੇ ਭਾਵੇਂ ਰੋਸ-ਰੈਲੀਆਂ ਦੇ ਜੈਕਾਰਿਆਂ ’ਚੋਂ ਨਿਕਲਣ, ਇਹ ਅਪਣੇ ਆਪ ਨੂੰ ਜਨਤਾ ਦੇ ਸੇਵਕ ਨਹੀਂ ਸਮਝਦੇ (ਜੋ ਲੋਕ-ਰਾਜੀ ਯੁਗ ਦੀ ਪਹਿਲੀ ਸ਼ਰਤ ਹੈ) ਸਗੋਂ ਦੂਜਿਆਂ ਨੂੰ ਸਜ਼ਾ ਦੇਣ ਵਾਲੇ ਤੇ ‘ਹੁਕਮਨਾਮੇ’ ਜਾਰੀ ਕਰਨ ਵਾਲੇ ਲੋਕ ਹੁੰਦੇ ਹਨ ਜੋ ਵਕਤ ਦੀ ਸਰਕਾਰ ਨਾਲ ਮਿਲ ਕੇ ਹੀ ਠੰਢੀਆਂ ਤੱਤੀਆਂ ਫੂਕਾਂ ਮਾਰਦੇ ਹਨ। ਕੀ ਕਿਸੇ ਇਕ ਵੀ ‘ਜਥੇਦਾਰ’ ਦਾ ਨਾਂ ਲੈ ਸਕਦੇ ਹੋ ਜਿਸ ਨੇ ਪਾਰਟੀ-ਯੁਗ ਸ਼ੁਰੂ ਹੋਣ ਮਗਰੋਂ (1920 ਮਗਰੋਂ) ਕਿਸੇ ਮਾੜੇ ਤੋਂ ਮਾੜੇ ਸਿੱਖ ਲੀਡਰ ਨਾਲੋਂ ਵੀ ਚੰਗਾ ਕਿਰਦਾਰ ਨਿਭਾਅ ਵਿਖਾਇਆ ਹੋਵੇ?

ਲੋੜ ਹੈ 1920 ਵਾਲਾ ਫ਼ੈਸਲਾ ਫਿਰ ਤੋਂ ਦੁਹਰਾਉਣ ਦੀ ਕਿ ਅਕਾਲ ਤਖ਼ਤ ਤੇ ਜੁੜ ਕੇ 1920 ਵਰਗੀ ਕੋਈ ਪੰਥਕ ਰਾਜਸੀ ਪਾਰਟੀ ਮੁੜ ਤੋਂ ਕਾਇਮ ਕੀਤੀ ਜਾਏ ਜਿਸ ਦੇ ਵਰਕਰ ਤੇ ਲੀਡਰ ਘਰ ਘਰ, ਪਿੰਡ ਪਿੰਡ ਜਾ ਕੇ ਕੰਮ ਕਰਨ ਤੇ ਤਖ਼ਤਾਂ ’ਤੇ ਬੈਠ ਕੇ ਹੁਕਮ ਨਾ ਚਲਾਉਣ। 21ਵੀਂ ਸਦੀ ਵਿਚ ਕੋਈ ਹੋਰ ਕੌਮ ਇਸ ਤਰ੍ਹਾਂ ਨਹੀਂ ਕਰਦੀ। ਮੈਂ ਕਿਸੇ ਜਥੇਦਾਰ ਜਾਂ ਮਤਵਾਜ਼ੀ ਜਥੇਦਾਰ ਦਾ ਵਿਰੋਧ ਨਹੀਂ ਕਰਦਾ ਪਰ ਏਨਾ ਜ਼ਰੂਰ ਕਹਿੰਦਾ ਹਾਂ ਕਿ ਜੇ ਇਨ੍ਹਾਂ ’ਚੋਂ ਕਿਸੇ ਕੋਲ ਕੋਈ ਯੋਗਤਾ ਹੈ ਜਿਸ ਦੇ ਸਹਾਰੇ ਉਹ ਕੌਮ ਨੂੰ ਅਗਵਾਈ ਦੇ ਸਕਦੇ ਹੋਣ ਤਾਂ ਉਹ ਵਰਕਰ ਜਾਂ ਲੀਡਰ ਵਜੋਂ ਅੱਗੇ ਆਉਣ, ‘ਜਥੇਦਾਰ’ ਵਜੋਂ ਨਹੀਂ।

ਜਥੇਦਾਰੀ ਤੇ ਪੁਜਾਰੀ ਪ੍ਰਬੰਧ ਸਾਰੀ ਦੁਨੀਆਂ ਨੇ ਰੱਦ ਕਰ ਦਿਤਾ ਹੈ। ਇਹ ਅਪਣੇ ਹੀ ਲੋਕਾਂ ਨੂੰ ਅਪਣੇ ਹੀ ‘ਹੁਕਮਨਾਮਿਆਂ’ ਦੇ ਗ਼ੁਲਾਮ ਬਣਾਉਂਦੇ ਹਨ। ਬਾਬੇ ਨਾਨਕ ਨੇ ਮਨੁੱਖ ਨੂੰ ਇਨ੍ਹਾਂ ਦੀ ਜਕੜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰ ਦਿਤਾ ਸੀ। ਅਕਾਲ ਤਖ਼ਤ ਦਾ ਨਾਂ ਲੈ ਕੇ, ਇਹ ਮੁੜ ਤੋਂ ਸਿੱਖਾਂ ਨੂੰ ਅਪਣੇ ਗ਼ੁਲਾਮਾਂ ਵਾਂਗ ਵਰਤਣਾ ਚਾਹੁੰਦੇ ਹਨ। ਰੱਬ ਖ਼ੈਰ ਕਰੇ ਤੇ ਸਿੱਖਾਂ ਨੂੰ ਸੁਮੱਤ ਬਖ਼ਸ਼ੇ!! ਜੇ ਕੌਮ ‘ਮੁਤਵਾਜ਼ੀ ਪੰਥਕ ਲੀਡਰਾਂ’ ਦੀ ਭਾਲ ਕਰ ਰਹੀ ਹੈ ਤਾਂ ਇਹ ਸਿਆਣਪ ਵਾਲੀ ਗੱਲ ਹੋਵੇਗੀ ਪਰ ਜੇ ਇਹ ਜਥੇਦਾਰਾਂ ਜਾਂ ਮੁਤਵਾਜ਼ੀ ਜਥੇਦਾਰਾਂ ਦੀ ਭਾਲ ਕਰ ਰਹੀ ਹੈ ਤਾਂ ਇਹ ਖੂਹ ਵਿਚ ਛਾਲ ਮਾਰਨ ਵਾਲੀ ਗੱਲ ਹੋਵੇਗੀ ਕਿਉਂਕਿ ਇਹ ਕੌਮ ਦਾ ਭਲਾ ਕਰਨ ਦੀ ਸਮਰੱਥਾ ਹੀ ਨਹੀਂ ਰਖਦੇ¸ਭਾਵੇਂ ਕਿੰਨੇ ਵੀ ਗਰਮ ਬੋਲ ਕਿਉਂ ਨਾ ਬੋਲ ਰਹੇ ਹੋਣ।     (24 ਜੂਨ 2018 ਦੀ ਨਿੱਜੀ ਡਾਇਰੀ)


 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement