PM ਗੁਜਰਾਲ ਵਲੋਂ ਰੋਕਣ ਦੇ ਬਾਵਜੂਦ ਬਰਤਾਨੀਆਂ ਦੀ ਮਹਾਰਾਣੀ ਨੇ ਦਰਬਾਰ ਸਾਹਿਬ ਮੱਥਾ ਟੇਕਣ ਦੀ ਜ਼ਿਦ ਕਿਉਂ ਪੁਗਾਈ?
Published : Oct 2, 2022, 7:08 am IST
Updated : Oct 2, 2022, 8:56 am IST
SHARE ARTICLE
Queen of the British
Queen of the British

ਰਾਜੀਵ ਗਾਂਧੀ ਦੀ ਧਮਕੀ ਦਾ ਤੁਰਤ ਅਸਰ ਹੋਇਆ ਤੇ ਮਾਰਗਰੇਟ ਥੈਚਰ ਨੇ ਮਹਾਰਾਣੀ ਨੂੰ ਸਾਰੀ ਗੱਲ ਜਾ ਸੁਣਾਈ

 

ਪਿਛਲੇ ਐਤਵਾਰ, ਪਾਠਕਾਂ ਨੇ, ਮਹਾਰਾਣੀ ਐਲਿਜ਼ਬੈਥ ਦੀ ਦਰਬਾਰ-ਸਾਹਿਬ ਯਾਤਰਾ ਬਾਰੇ ਉਹ ਰੀਪੋਰਟ ਪੜ੍ਹੀ ਜੋ ਨਵੰਬਰ, 97 ਦੇ ਸਪੋਕਸਮੈਨ ਦੇ ਅੰਕ ਵਿਚ ਛਪੀ ਸੀ। ਪੰਜਾਬ ਦੀ ਕਿਸੇ ਹੋਰ ਅਖ਼ਬਾਰ ਨੇ ਇਸ ਰੀਪੋਰਟ ਵਿਚ ਦਰਜ ਕੋਈ ਗੱਲ ਪ੍ਰਕਾਸ਼ਤ ਨਹੀਂ ਸੀ ਕੀਤੀ। ਅਸਲ ਵਿਚ ਮੈਂ ਇਹ ਗੱਲ ਫ਼ਖ਼ਰ ਨਾਲ ਕਹਿ ਸਕਦਾ ਹਾਂ ਕਿ ਜੇ ਕਿਸੇ ਇਤਿਹਾਸਕਾਰ ਨੇ ਪੰਜਾਬ ਦਾ ਪਿਛਲੇ 50 ਸਾਲ ਦਾ ਇਤਿਹਾਸ ਲਿਖਣ ਲਈ ਕਿਸੇ ਮੈਗਜ਼ੀਨ ਜਾਂ ਅਖ਼ਬਾਰ ਤੋਂ ਮਦਦ ਲੈਣੀ ਹੋਵੇ ਤਾਂ ਘੱਟੋ ਘੱਟ ਸਿੱਖਾਂ, ਸਿੱਖ ਲੀਡਰਾਂ, ਸਿੱਖ ਸਿਆਸਤ ਅਤੇ ਸਿੱਖ ਧਰਮ ਬਾਰੇ ਸੱਚੀ ਗੱਲ ਜਾਣਨ ਲਈ ਉਸ ਨੂੰ ਕੇਵਲ ਤੇ ਕੇਵਲ ਸਪੋਕਸਮੈਨ ਦੇ ਪਿਛਲੇ ਪਰਚਿਆਂ ਦੀ ਮਦਦ ਹੀ ਲੈਣੀ ਪੈਣੀ ਹੈ --- ਬਾਕੀ ਦੇ ਅਖ਼ਬਾਰ ਤਾਂ ‘ਸੱਭ ਅੱਛਾ ਹੈ’ ਕਹਿਣ ਵਾਲੇ ਹੀ ਮਿਲਣਗੇ ਤੇ ਸਿੱਖਾਂ ਦੇ ਹੱਕ ਵਿਚ ਜਾਣ ਵਾਲੀ ਅਰਥਾਤ ਸਰਕਾਰਾਂ ਨੂੰ ਲਗਦੀ ਕੋਈ ਵੀ ‘ਖ਼ਤਰਨਾਕ’ ਗੱਲ ਉਨ੍ਹਾਂ ਵਿਚ ਨਹੀਂ ਮਿਲੇਗੀ। ਸਪੋਕਸਮੈਨ ਤਾਂ ਜਵਾਨ ਹੀ ਖ਼ਤਰਿਆਂ ਨਾਲ ਖੇਡ ਕੇ ਹੋਇਆ ਹੈ ਤੇ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦਾ ਪਵਿੱਤਰ ਹੋਕਾ ਲਾ ਕੇ ਹੀ ਵੱਡਾ ਹੋਇਆ ਹੈ।

ਖ਼ੈਰ ਨਵੰਬਰ, 97 ਦੇ ਸਪੋਕਸਮੈਨ ਵਿਚ ਜੋ ਕੁੱਝ ਲਿਖਿਆ ਗਿਆ ਸੀ, ਉਹ ਤੁਸੀ ਪੜ੍ਹ ਹੀ ਲਿਆ ਹੈ। ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀਆਂ ਯੂਨੀਵਰਸਟੀਆਂ (ਖ਼ਾਸ ਤੌਰ ’ਤੇ ਗੁਰੂ ਨਾਨਕ ਯੂਨੀਵਰਸਟੀ ਦੇ ਵਿਦਵਾਨਾਂ ਨੂੰ ਇਸ ਤੋਂ ਅੱਗੇ ਖੋਜ ਕਰਨੀ ਚਾਹੀਦੀ ਸੀ ਕਿ ਬ੍ਰਿਟੇਨ ਦੀ ਮਲਿਕਾ ਨੇ ਜਿਸ ਦੇਸ਼ ਵਿਚ ਮਹਿਮਾਨ ਬਣ ਕੇ ਜਾਣਾ ਸੀ, ਉਸ ਦੇ ਪ੍ਰਧਾਨ ਮੰਤਰੀ ਦੀਆਂ ਸਾਰੀਆਂ ਗੱਲਾਂ ਨਾ ਮੰਨ ਕੇ ਉਹ ਕੇਵਲ ਦਰਬਾਰ ਸਾਹਿਬ ਜਾਣ ਦੀ ਜ਼ਿੱਦ ਕਿਉਂ ਕਰ ਰਹੀ ਸੀ ਤੇ ਕੀ ਸੀ ਇਸ ਪਿੱਛੇ ਦਾ ਰਾਜ਼? ਉਨ੍ਹਾਂ ਤਾਂ ਕੁੱਝ ਨਾ ਕੀਤਾ ਪਰ ਸਪੋਕਸਮੈਨ ਅਪਣੀ ਜ਼ੁੰਮੇਵਾਰੀ ਤੋਂ ਪਿੱਛੇ ਨਾ ਹਟਿਆ ਤੇ ਪੂਰੀ ਕੋਸ਼ਿਸ਼ ਕਰਦਾ ਰਿਹਾ ਕਿ ਸੱਚ ਦਾ ਪਤਾ ਲੱਗ ਸਕੇ। ਮਾਮਲਾ ਕਿਉਂਕਿ ਬਰਤਾਨੀਆਂ ਦੀ ਮਲਿਕਾ ਨਾਲ ਸਬੰਧਤ ਸੀ, ਇਸ ਲਈ ਬਰਤਾਨਵੀ ਡਿਪਲੋਮੈਟ ਤੇ ਸਿਆਸਤਦਾਨ ਵੀ, ਸੱਭ ਕੁੱਝ ਜਾਣਦੇ ਹੋਏ ਵੀ, ਅਪਣੇ ਮੂੰਹ ਤੋਂ ਕੁੱਝ ਕਹਿਣ ਦੀ ਹਿੰਮਤ ਨਹੀਂ ਸਨ ਕਰ ਸਕਦੇ। ਪਰ ਉਹ ਸੱਚ ਵੀ ਕਾਹਦਾ ਸੱਚ ਹੋਇਆ ਜਿਹੜਾ ਸਦਾ ਲਈ ਛੁਪਿਆ ਰਹਿ ਸਕੇ? ਕਹਿੰਦੇ ਵੀ ਨੇ ਨਾ ਕਿ ਸੱਚ ਤਾਂ ਸੌ ਪਰਦੇ ਪਾੜ ਕੇ ਵੀ ਬਾਹਰ ਨਿਕਲ ਆਉਂਦਾ ਹੈ। 

ਸੋ ਮੈਂ ਵੀ ਮਹਾਰਾਣੀ ਐਲਿਜ਼ਬੈਥ ਦੇ ਦਰਬਾਰ ਸਾਹਿਬ-ਪ੍ਰੇਮ ਦਾ ਪਤਾ ਲਗਾ ਹੀ ਲਿਆ। ਹਕੀਕਤ ਇਹ ਸਾਹਮਣੇ ਆਈ ਕਿ 1984 ਦੇ ਬਲੂ-ਸਟਾਰ ਆਪ੍ਰੇਸ਼ਨ ਲਈ ਇੰਦਰਾ ਗਾਂਧੀ ਨੇ ਰੂਸ ਤੋਂ ਇਲਾਵਾ ਬਰਤਾਨੀਆਂ ਦੀ ਮਦਦ ਵੀ ਪ੍ਰਾਪਤ ਕਰ ਲਈ ਸੀ। ਬਰਤਾਨਵੀ ਸਰਕਾਰ ਦੇ ਅਫ਼ਸਰਾਂ ਤੇ ਗੁਰੀਲਾ ਜੰਗ ਦੇ ਮਾਹਰਾਂ ਨੇ ਦਿੱਲੀ ਵਿਚ ਤਿੰਨ ਚਾਰ ਮੀਟਿੰਗਾਂ ਕਰ ਕੇ ਇੰਦਰਾ ਗਾਂਧੀ ਤੇ ਉਸ ਦੇ ਫ਼ੌਜੀ ਅਫ਼ਸਰਾਂ ਨੂੰ ਦਸਿਆ ਸੀ ਕਿ ਇਹੋ ਜਹੇ ‘ਹਮਲੇ’ ਕਿਹੜੇ ਕਿਹੜੇ ਢੰਗ ਵਰਤ ਕੇ, ਬਿਨਾਂ ਕੋਈ ਜਾਨੀ ਨੁਕਸਾਨ ਕੀਤਿਆਂ, ਕੁੱਝ ਘੰਟਿਆਂ ਵਿਚ ਹੀ ਦਰਬਾਰ ਸਾਹਿਬ ਵਰਗੀ ਥਾਂ ਤੇ ਸਫ਼ਲ ਕੀਤੇ ਜਾ ਸਕਦੇ ਹਨ। 

ਪਰ ਜੂਨ, 84 ਵਿਚ ਜੋ ਕੁੱਝ ਹੋਇਆ, ਉਸ ਨੇ ਬਰਤਾਨੀਆਂ ਦੀ ਮਹਾਰਾਣੀ ਸਮੇਤ, ਦੁਨੀਆਂ ਦੇ ਬਹੁਤ ਸਾਰੇ ਨੇਤਾਵਾਂ ਨੂੰ ਡਾਢਾ ਦੁਖ ਪਹੁੰਚਾਇਆ ਕਿਉਂਕਿ ਫ਼ੌਜ ਨੇ ਹਾਰ ਤੋਂ ਖਿੱਝ ਕੇ, ਅੰਤ ਉਹ ਕੁੱਝ ਕਰ ਦਿਤਾ ਸੀ ਜਿਸ ਦੀ ਲੋਕ-ਰਾਜੀ ਸਰਕਾਰਾਂ ਦੇ ਇਤਿਹਾਸ ਵਿਚ ਕੋਈ ਮਿਸਾਲ ਹੀ ਨਹੀਂ ਮਿਲਦੀ। ਆਪਸੀ ਗੱਲਬਾਤ ਵਿਚ ਸੰਸਾਰ ਆਗੂ ਬਹੁਤ ਕੁੱਝ ਕਹਿੰਦੇ ਸਨ ਪਰ ਅਪਣੇ ਦੇਸ਼ ਦਾ ਭਲਾ ਜਾਣ ਕੇ, ਬਾਹਰ ਖੁਲ੍ਹ ਕੇ ਗੱਲ ਨਹੀਂ ਸਨ ਕਰਦੇ। ਮਹਾਰਾਣੀ ਐਲਿਜ਼ਬੈਥ ਉਨ੍ਹਾਂ ’ਚੋਂ ਸੱਭ ਤੋਂ ਬੜਬੋਲੀ ਸੀ ਤੇ ਖੁਲ੍ਹ ਕੇ ਗੱਲ ਕਰਦੀ ਸੀ। ਉਸ ਨੂੰ ਪਤਾ ਲੱਗਾ ਕਿ ਬਲੂ-ਸਟਾਰ ਆਪ੍ਰੇਸ਼ਨ ਦੀਆਂ ਸੈਟੇਲਾਈਟ ਰਾਹੀਂ ਲਈਆਂ ਫ਼ੋਟੋਆਂ ਬਰਤਾਨੀਆਂ ਸਰਕਾਰ ਕੋਲ ਸਨ। ਮਹਾਰਾਣੀ ਨੇ ਕਿਹਾ ਕਿ ਇਹ ਤਸਵੀਰਾਂ ਤੇ ਹੋਰ ਖ਼ੁਫ਼ੀਆ ਜਾਣਕਾਰੀ, ਕਿਸੇ ਤਰ੍ਹਾਂ ਪ੍ਰਕਾਸ਼ਤ ਕਰ ਦਿਤੀ ਜਾਏ। ਬਰਤਾਨਵੀ ਸਰਕਾਰ ਵੀ ਮੰਨ ਗਈ ਪਰ ਖ਼ਬਰ ਦਿੱਲੀ ਤਕ ਵੀ ਪਹੁੰਚ ਗਈ। ਰਾਜੀਵ ਗਾਂਧੀ ਤੁਰਤ ਬਰਤਾਨੀਆਂ ਪਹੁੰਚ ਗਿਆ ਤੇ ਇੰਗਲੈਂਡ ਦੀ ਪ੍ਰਾਈਮ ਮਨਿਸਟਰ ਨੂੰ ਪੁਛਿਆ ਕਿ ਕੀ ਉਹ ਬਲੂ-ਸਟਾਰ ਬਾਰੇ ਗੁਪਤ ਜਾਣਕਾਰੀ ਪ੍ਰਕਾਸ਼ਤ ਕਰ ਰਹੇ ਹਨ? ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਕੋਈ ਜਵਾਬ ਨਾ ਦਿਤਾ ਤਾਂ ਰਾਜੀਵ ਗਾਂਧੀ ਨੇ ਕਿਹਾ, ‘‘ਠੀਕ ਹੈ, ਤੁਸੀ ਪ੍ਰਕਾਸ਼ਤ ਕਰ ਲਉ ਪਰ ਮੈਂ ਬਰਤਾਨੀਆਂ ਤੋਂ ਜੰਗੀ ਜਹਾਜ਼ ਤੇ ਹੋਰ ਸਮਾਨ ਖ਼ਰੀਦਣ ਦੇ ਆਰਡਰ ਵੀ ਤੁਰਤ ਰੱਦ ਕਰ ਦਿਆਂਗਾ ਤੇ ਅੱਗੇ ਤੋਂ ਵੀ ਕੋਈ ਜੰਗੀ ਹਥਿਆਰ ਬਰਤਾਨੀਆਂ ਤੋਂ ਨਹੀਂ ਖ਼ਰੀਦੇ ਜਾਣਗੇ।’’

ਰਾਜੀਵ ਗਾਂਧੀ ਦੀ ਧਮਕੀ ਦਾ ਤੁਰਤ ਅਸਰ ਹੋਇਆ ਤੇ ਮਾਰਗਰੇਟ ਥੈਚਰ ਨੇ ਮਹਾਰਾਣੀ ਨੂੰ ਸਾਰੀ ਗੱਲ ਜਾ ਸੁਣਾਈ। ਮਹਾਰਾਣੀ ਵੀ ਸਮਝ ਗਈ ਕਿ ਬਲੂ-ਸਟਾਰ ਦਾ ਸੱਚ ਪ੍ਰਗਟ ਕਰਨ ਦੀ ਬੜੀ ਵੱਡੀ ਕੀਮਤ ਬਰਤਾਨੀਆਂ ਨੂੰ ਤਾਰਨੀ ਪੈ ਸਕਦੀ ਹੈ ਜੋ ਬਰਤਾਨੀਆਂ ਤਾਰਨ ਦੀ ਹਾਲਤ ਵਿਚ ਨਹੀਂ ਸੀ। ਸੋ ਗੁਪਤ ਸੂਚਨਾ ਤੇ ਤਸਵੀਰਾਂ ਪ੍ਰਕਾਸ਼ਤ ਕਰਨ ਦਾ ਕੰਮ ਤਾਂ ਰੁਕ ਗਿਆ ਪਰ ਬਰਤਾਨਵੀ ਮਹਾਰਾਣੀ ਦੀ ਛਾਤੀ ਤੇ ਇਕ ਵੱਡਾ ਭਾਰੀ ਬੋਝ ਬਣਦਾ ਗਿਆ। ਅਕਸਰ ਉਸ ਨੂੰ ਸੁਪਨੇ ਵਿਚ ਵੀ ਇਹ ਗੱਲ ਪ੍ਰੇਸ਼ਾਨ ਕਰਦੀ ਸੀ ਕਿ ਉਸ ਨੇ ਇਕ ਮੁਕੱਦਸ ਸਥਾਨ ਦੀ ਤਬਾਹੀ, ਬਰਬਾਦੀ ਵਿਚ ਅਪਣੇ ਦੇਸ਼ ਦੇ ਰੋਲ ਲਈ ਮਾਫ਼ੀ ਨਹੀਂ ਸੀ ਮੰਗੀ। ਸੋ ਉਸ ਨੇ ਅਪਣੇ ਕੁੱਝ ਨਜ਼ਦੀਕੀ ਲੋਕਾਂ ਨਾਲ ਗੱਲ ਕੀਤੀ, ਅਪਣੇ ਮਨ ਦਾ ਹਾਲ ਸਾਂਝਾ ਕੀਤਾ ਤੇ ਦਰਬਾਰ ਸਾਹਿਬ ਜਾ ਕੇ ਖਿਮਾਂ ਯਾਚਨਾ ਕਰਨ ਦਾ ਮਨ ਬਣਾ ਲਿਆ। ਪ੍ਰੋਗਰਾਮ ਤਾਂ ਬਣਾ ਲਿਆ ਗਿਆ ਪਰ ਇਸ ਪਿਛਲੇ ਕਾਰਨ ਨੂੰ ਗੁਪਤ ਰੱਖਣ ਦਾ ਹੀ ਫ਼ੈਸਲਾ ਕੀਤਾ ਗਿਆ।

ਏਧਰ ਕੁੱਝ ਡਿਪਲੋਮੈਟਾਂ ਰਾਹੀਂ ਇਹ ਸਾਰੀ ਗੱਲ ਭਾਰਤ ਵਿਚ ਵੀ ਪਹੁੰਚ ਗਈ ਤੇ ਹਰ ਹਰਬਾ ਵਰਤ ਕੇ ਇਸ ਯਾਤਰਾ ਨੂੰ ਰੋਕ ਦੇਣ ਦੀ ਵਿਉਂਤਬੰਦੀ ਸ਼ੁਰੂ ਕਰ ਦਿਤੀ ਗਈ। ਸ਼ਹੀਦ ਭਗਤ ਸਿੰਘ ਦੇ ਇਕ ਰਿਸ਼ਤੇਦਾਰ ਨੂੰ ਅੱਗੇ ਲਾ ਕੇ ਮਹਾਰਾਣੀ ਅੱਗੇ ਸ਼ਰਤ ਰੱਖੀ ਗਈ ਕਿ ਉਸ ਨੇ ਅੰਮ੍ਰਿਤਸਰ ਆਉਣਾ ਹੈ ਤਾਂ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਜਲਿਆਂਵਾਲੇ ਬਾਗ਼ ਵਿਚ ਜਾਵੇ ਤੇ ਉਥੇ ਮਾਫ਼ੀ ਮੰਗੇ ਵਰਨਾ ਉਸ ਨੂੰ ਦਰਬਾਰ ਸਾਹਿਬ ਨਹੀਂ ਜਾਣ ਦਿਤਾ ਜਾਏਗਾ ਤੇ ਉਸ ਵਿਰੁਧ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ ਮੁਜ਼ਾਹਰੇ ਕੀਤੇ ਜਾਣਗੇ ਤੇ ਧਰਨੇ ਦਿਤੇ ਜਾਣਗੇ। ਮਹਾਰਾਣੀ ਦਾ ਉੱਤਰ ਸੀ ਕਿ ਉਹ ਸਿਰਫ਼ ਦਰਬਾਰ ਸਾਹਿਬ ਹੀ ਜਾਏਗੀ ਤੇ ਕਿਸੇ ਧਮਕੀ ਦੀ ਪ੍ਰਵਾਹ ਨਹੀਂ ਕਰੇਗੀ। ਅੰਦਰਖਾਤੇ ਡਿਪਲੋਮੈਟਿਕ ਗਤੀਵਿਧੀਆਂ ਤੇਜ਼ ਹੋ ਗਈਆਂ ਤੇ ਆਰੀਆ ਸਮਾਜੀ ਸੰਗਠਨਾਂ ਕੋਲੋਂ ਬਿਆਨ ਦਿਵਾਇਆ ਗਿਆ ਕਿ ਜੇ ਮਹਾਰਾਣੀ ਵਿਰੁਧ ਧਰਨੇ ਤੇ ਮੁਜ਼ਾਹਰੇ ਰੋਕਣੇ ਹਨ ਤਾਂ ਦਰਬਾਰ ਸਾਹਿਬ ਦੇ ਨਾਲ-ਨਾਲ, ਉਹ ਦੁਰਗਿਆਣਾ ਮੰਦਰ ਵੀ ਜਾਣਾ ਮੰਨ ਲਵੇ।

ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਵੀ ਇਸ ਮੰਗ ਦੀ ਇਹ ਕਹਿ ਕੇ ਹਮਾਇਤ ਕਰ ਦਿਤੀ ਕਿ ਇਸ ਨਾਲ ਹਿੰਦੂ ਜਨਤਾ ਸ਼ਾਂਤ ਹੋ ਜਾਏਗੀ ਤੇ ਮਹਾਰਾਣੀ ਦਾ ਸਵਾਗਤ ਦੁਗਣਾ ਤਿਗਣਾ ਹੋ ਜਾਏਗਾ। ਪਰ ਮਹਾਰਾਣੀ ਨੇ ਇਸ ਤਜਵੀਜ਼ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਤੇ ਕਿਹਾ ਕਿ ਇਹ ਯਾਤਰੀ ਦੀ ਅਪਣੀ ਮਰਜ਼ੀ ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਧਰਮ ਅਸਥਾਨ ਦੀ ਯਾਤਰਾ ਕਰਨਾ ਚਾਹੁੰਦਾ ਹੈ ਤੇ ਸਟੇਟ ਨੂੰ ਇਹ ਹੱਕ ਨਹੀਂ ਹੁੰਦਾ ਕਿ ਯਾਤਰੀ ਸਾਹਮਣੇ ਸ਼ਰਤ ਰੱਖੇ ਕਿ ਯਾਤਰੀ ਬਹੁਗਿਣਤੀ ਕੌਮ ਦੇ ਧਰਮ ਮੰਦਰ ਵਿਚ ਵੀ ਜਾਣਾ ਮੰਨੇ, ਤਾਂ ਹੀ ਉਸ ਨੂੰ ਉਸ ਦੀ ਪਸੰਦ ਦੇ ਧਰਮ ਅਸਥਾਨ ਵਿਚ ਜਾਣ ਦੀ ਆਗਿਆ ਹੋਵੇਗੀ। ਬਰਤਾਨੀਆਂ ਵਿਚ ਕਿਸੇ ਹਿੰਦੂ ਯਾਤਰੀ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਉਹ ਗੁਰਦਵਾਰੇ, ਮੰਦਰ ਤਾਂ ਹੀ ਜਾ ਸਕਦਾ ਹੈ ਜੇ ਉਹ ਪਹਿਲਾਂ ਚਰਚ ਜਾਣਾ ਵੀ ਮੰਨੇ। ਮਹਾਰਾਣੀ ਦੀ ਇਸ ਦਲੀਲ ਸਾਹਮਣੇ ਭਾਰਤੀ ਡਿਪਲੋਮੈਟ ਵੀ ਨਿਰੁੱਤਰ ਹੋ ਗਏ।

ਇਸ ਤੇ ਸ਼ੁਰੂ ਹੋ ਗਈ ਭਾਰਤ ਸਰਕਾਰ ਦਾ ਨੱਕ ਰੱਖਣ ਦੀ ਕਵਾਇਦ। ਭਾਰਤ ਦੇ ਪ੍ਰਧਾਨ ਮੰਤਰੀ ਨੇ ਪਹਿਲਾਂ ਦੁਰਗਿਆਣਾ ਮੰਦਰ ਤੇ ਜਲਿਆਂਵਾਲਾ ਬਾਗ਼ ਜਾ ਕੇ ਮਾਫ਼ੀ ਮੰਗਣ ਦੀ ਸ਼ਰਤ ਰੱਖਣ ਦੀ ਗ਼ਲਤੀ ਕਰ ਲਈ ਸੀ। ਮਹਾਰਾਣੀ ਨੇ ਦੋਵੇਂ ਗੱਲਾਂ ਰੱਦ ਕਰ ਦਿਤੀਆਂ ਤੇ ਕਿਹਾ ਕਿ ਉਹ ਕੇਵਲ ਦਰਬਾਰ ਸਾਹਿਬ ਜਾਣਾ ਚਾਹੁੰਦੀ ਹੈ ਤੇ ਇਸ ਧਾਰਮਕ ਯਾਤਰਾ ਨਾਲ ਕੋਈ ਸ਼ਰਤ ਨਾ ਜੋੜੀ ਜਾਏ, ਨਾ ਉਹ ਉਸ ਨੂੰ ਪ੍ਰਵਾਨ ਹੀ ਕਰੇਗੀ। ਭਾਰਤ ਸਰਕਾਰ, ਫ਼ਿਰਕੂ ਲਾਬੀ ਦੇ ਦਬਾਅ ਹੇਠ ਲਏ ਅਪਣੇ ਸਟੈਂਡ ਕਾਰਨ, ਮੁਸ਼ਕਲ ਵਿਚ ਫੱਸ ਗਈ ਸੀ। ਸੋ ਡਿਪਲੋਮੈਟਿਕ ਚੈਨਲਾਂ ਰਾਹੀਂ ਅਖ਼ੀਰ ਵਿਚ ਇਹ ਤਜਵੀਜ਼ ਰੱਖੀ ਗਈ ਕਿ ਮਹਾਰਾਣੀ ਕੇਵਲ ਦਰਬਾਰ ਸਾਹਿਬ ਹੀ ਜਾਏ ਪਰ ਜੇ ਉਹ ਮਾਫ਼ੀ ਮੰਗੇ ਬਿਨਾ, ਜਲਿਆਂਵਾਲਾ ਬਾਗ਼ ਵੀ ਜਾ ਆਏ ਤੇ ਦੋ ਲਫ਼ਜ਼ ਵੀ ਵਿਜ਼ੇੇਟਰ ਬੁਕ ਵਿਚ ਲਿਖ ਆਵੇ ਤਾਂ ਭਾਰਤ ਸਰਕਾਰ ਦਾ ਨੱਕ ਵੀ ਰਹਿ ਜਾਏਗਾ। ਪਰਦੇ ਪਿੱਛੇ ਕੀਤੇ ਬੜੇ ਸਾਰੇ ਡਿਪਲੋਮੈਟਿਕ ਯਤਨਾਂ ਸਦਕਾ ਮਹਾਰਾਣੀ ਜਲਿਆਂਵਾਲਾ ਬਾਗ਼ ਵਿਚ ਜਾਣ ਲਈ ਇਸ ਸ਼ਰਤ ’ਤੇ ਤਿਆਰ ਹੋ ਗਈ ਕਿ ਨਾ ਉਹ ਮਾਫ਼ੀ ਮੰਗੇਗੀ, ਨਾ ਵਿਜ਼ੇਟਰ ਬੁਕ ਵਿਚ ਹੀ ਕੁੱਝ ਲਿਖੇਗੀ ਤੇ ਚੁਪਚਾਪ ਵਾਪਸ ਆ ਜਾਏਗੀ।

ਇਕ ਡਿਪਲੋਮੇਟ ਨੇ ਬੜੀ ਆਜਜ਼ੀ ਨਾਲ ਬੇਨਤੀ ਕੀਤੀ ਕਿ ਮਹਾਰਾਣੀ ਨੇ ਜਿਵੇਂ ਦਰਬਾਰ ਸਾਹਿਬ ਵੀ ਨੰਗੇ ਪੈਰੀਂ ਜਾਣਾ ਮੰਨ ਲਿਆ ਸੀ (ਭਾਵੇਂ ਕਿ ਮਗਰੋਂ ਸ਼੍ਰੋਮਣੀ ਕਮੇਟੀ ਨੇ ਜਰਾਬਾਂ ਪਾ ਕੇ ਆਉਣ ਦੀ ਆਗਿਆ ਦੇ ਦਿਤੀ ਸੀ) ਪਰ ਜੇ ਜਲਿਆਂਵਾਲੇ ਬਾਗ਼ ਵਿਚ ਵੀ ਇਹ ਸਦਭਾਵਨਾ ਵਾਲਾ ਕਦਮ ਚੁਕਣਾ ਮੰਨ ਜਾਣ ਤਾਂ ਆਲੋਚਕਾਂ ਦੇ ਮੂੰਹ ਬੰਦ ਹੋ ਜਾਣਗੇ। ਵੱਡੇ ਤਰੱਦਦ ਮਗਰੋਂ, ਭਾਰਤ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਗਈ ਪਰ ਮਹਾਰਾਣੀ ਨੇ ਜਲਿਆਂਵਾਲੇ ਬਾਗ਼ ਵਿਚ ਨਾ ਮਾਫ਼ੀ ਮੰਗੀ, ਨਾ ਵਿਜ਼ੇਟਰ ਬੁਕ ਤੇ ਹੀ ਕੁੱਝ ਲਿਖਿਆ। ਦਰਬਾਰ ਸਾਹਿਬ ਵਿਚ ਉਸ ਨੇ ਪ੍ਰਾਰਥਨਾ (ਅਰਦਾਸ) ਮਨ ਨਾਲ ਹੀ ਕੀਤੀ ਤੇ ਕਿਸੇ ਨੂੰ ਕੁੱਝ ਨਾ ਦਸਿਆ ਕਿ ਉਸ ਨੇ ਪ੍ਰਾਰਥਨਾ ਵਿਚ ਕੀ ਕਿਹਾ ਸੀ ਜਾਂ ਕੀ ਮੰਗਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement