ਦਿੱਲੀ ਨਾਲ ਗੱਲਬਾਤ ਕਰਨ ਸਮੇਂ ਬੀਤੇ ਇਤਿਹਾਸ ਦੀਆਂ ਸਿਖਿਆਵਾਂ ਵੀ ਯਾਦ ਰੱਖਣੀਆਂ ਜ਼ਰੂਰੀ!
Published : Jan 3, 2021, 7:20 am IST
Updated : Jan 3, 2021, 5:38 pm IST
SHARE ARTICLE
Delhi
Delhi

5 ਅਗੱਸਤ ਨੂੰ ਲਾਲ ਕਿਲ੍ਹੇ ਤੋਂ ਜਵਾਹਰ ਲਾਲ ਨਹਿਰੂ ਭਾਸ਼ਨ ਦੇ ਰਹੇ ਸਨ ਤਾਂ ਸ੍ਰੋਤਿਆਂ ਵਿਚੋਂ 5 ਸਿੱਖ ਉਠ ਕੇ ਪੰਜਾਬੀ ਸੂਬੇ ਦੇ ਹੱਕ ਵਿਚ ਨਾਹਰੇ ਮਾਰਨ ਲੱਗ ਪਏ।

ਅਸੀ ਪਿਛਲੀਆਂ ਦੋ ਕਿਸਤਾਂ ਵਿਚ ਸ਼ਡੂਲ ਕਾਸਟ ਸਿੱਖਾਂ ਨੂੰ ਸ਼ਡੂਲ ਕਾਸਟ ਹਿੰਦੂਆਂ ਵਾਲੇ ਅਧਿਕਾਰ ਦਿਤੇ ਜਾਣ ਤੋਂ ਲੈ ਕੇ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਨਾਲ ਕੀਤੇ ਵਾਅਦਿਆਂ ਦੀ ਵਿਥਿਆ ਪੜ੍ਹੀ ਅਤੇ ਵੇਖਿਆ ਕਿ ਕਿਨ੍ਹਾਂ ਹਾਲਾਤ ਵਿਚ ਪੰਜਾਬੀ ਸੂਬੇ ਦੀ ਮੰਗ ਚੁਕਣੀ ਪਈ ਹਾਲਾਂਕਿ ਸਿੱਖਾਂ ਦੀ ਅਸਲ ਮੰਗ ਆਰਟੀਕਲ 370 ਅਧੀਨ ਕਸ਼ਮੀਰ ਨੂੰ ਦਿਤੇ ਗਏ ਵਿਸ਼ੇਸ਼ ਦਰਜੇ ਵਾਲਾ ਇਕ ਰਾਜ ਹੀ ਮੰਗਣਾ ਸੀ ਜਿਸ ਬਾਰੇ ਆਜ਼ਾਦੀ ਤੋਂ ਪਹਿਲਾਂ, ਨਹਿਰੂ, ਗਾਂਧੀ ਤੇ ਕਾਂਗਰਸ ਨੇ ਲਿਖਤੀ ਤੌਰ ’ਤੇ ਅਤੇ ਸਟੇਜਾਂ ਤੋਂ ਬੋਲ ਕੇ ਵਾਅਦੇ ਕੀਤੇ ਸਨ। ਮਹਾਤਮਾ ਗਾਂਧੀ ਨੇ ਤਾਂ ਗੁਰਦਵਾਰਾ ਸਟੇਜ ਤੋਂ ਇਥੋਂ ਤਕ ਕਹਿ ਦਿਤਾ ਸੀ ਕਿ ‘‘ਜੇ ਆਜ਼ਾਦੀ ਮਗਰੋਂ ਅਸੀ ਇਨ੍ਹਾਂ ਵਾਅਦਿਆਂ ਤੋਂ ਮੁਕਰ ਜਾਈਏ ਤਾਂ ਸਿੱਖਾਂ ਨੂੰ ਤਲਵਾਰ ਹੱਥ ਵਿਚ ਲੈ ਕੇ ਇਨ੍ਹਾਂ ਨੂੰ ਲਾਗੂ ਕਰਵਾਉਣ ਦਾ ਹੱਕ ਹੋਵੇਗਾ...।’’

Mahatma GandhiMahatma Gandhi

ਖ਼ੈਰ ਆਜ਼ਾਦੀ ਮਗਰੋਂ ਜਦ ਸੱਭ ਵਾਅਦੇ ਭੁਲਾ ਦਿਤੇ ਗਏ ਤੇ ਸਿੱਖ ਲੀਡਰਾਂ ਨੂੰ ਵੀ ਇਹੀ ਉਪਦੇਸ਼ ਦਿਤਾ ਗਿਆ ਕਿ ਉਹ ਵੀ ਹੁਣ ਸੱਭ ਕੁੱਝ ਭੁੱਲ ਜਾਣ, ਤਾਂ ਪੰਜਾਬੀ ਸੂਬੇ ਦੀ ਮੰਗ ਉਠਾਣੀ ਪਈ। ਕੇਂਦਰ ਸਰਕਾਰ ਆਪ ਸਾਰੇ ਦੇਸ਼ ਵਿਚ ਭਾਸ਼ਾਈ ਸੂਬੇ ਬਣਾਉਣ ਲੱਗ ਪਈ ਪਰ ਪੰਜਾਬੀ ਸੂਬਾ ਬਨਾਉਣ ਤੋਂ ਸਾਫ਼ ਨਾਂਹ ਕਰ ਦਿਤੀ ਗਈ। ਪੰਜਾਬੀ ਹਿੰਦੂਆਂ ਨੂੰ ਖੁਲ੍ਹ ਕੇ ਆਖਿਆ ਗਿਆ ਕਿ ਉਹ ਮਰਦਮ ਸ਼ੁਮਾਰੀ ਵਿਚ ਅਪਣੀ ਭਾਸ਼ਾ ਪੰਜਾਬੀ ਨਾ ਲਿਖਵਾਉਣ ਕਿਉਂਕਿ ਜੇ ਉਨ੍ਹਾਂ ਨੇ ਅਪਣੀ ਮਾਤ-ਭਾਸ਼ਾ ਪੰਜਾਬੀ ਲਿਖਵਾ ਦਿਤੀ ਤਾਂ ਪੰਜਾਬੀ ਸੂਬਾ ਬਣਾਉਣਾ ਹੀ ਪਵੇਗਾ ਜਿਸ ਵਿਚ ਹਿੰਦੂ ਦੂਜੇ ਦਰਜੇ ਦੇ ਸ਼ਹਿਰੀ ਬਣ ਜਾਣਗੇ।

FreedomFreedom

ਹਿੰਦੂਆਂ ਨੇ ਡਰਦੇ ਮਾਰੇ, ਮਰਦਮ ਸ਼ੁਮਾਰੀ ਵਿਚ ਅਪਣੀ ਮਾਤ-ਭਾਸ਼ਾ ਹਿੰਦੀ ਲਿਖਵਾਈ। ਜਲੰਧਰ ਮਿਊਂਸੀਪਲ ਕਮੇਟੀ ਨੇ ਅਪਣੀ ਕੰਮ-ਕਾਜ ਦੀ ਭਾਸ਼ਾ ਹਿੰਦੀ ਐਲਾਨ ਦਿਤੀ ਤੇ ਇਹੀ ਕੁੱਝ ਪੰਜਾਬ ਯੂਨੀਵਰਸਿਟੀ ਨੇ ਵੀ ਕਰ ਦਿਤਾ ਜੋ ਉਸ ਵੇਲੇ ਪੰਜਾਬ ਦੀ ਇਕੋ ਇਕ ਯੂਨੀਵਰਸਿਟੀ ਸੀ। ਹਰਿਆਣਾ ਤੇ ਹਿਮਾਚਲ ਵਿਚ ਤਾਂ ਲੋਕ, ਪੰਜਾਬੀ ਦੇ ਹੱਕ ਵਿਚ ਪਹਿਲਾਂ ਵੀ ਨਹੀਂ ਸਨ ਪਰ ਪੰਜਾਬੀ ਹਿੰਦੂਆਂ ਨੇ ਵੀ ਪੰਜਾਬੀ ਨੂੰ ‘ਸਿੱਖਾਂ ਦੀ ਭਾਸ਼ਾ’ ਕਹਿ ਕੇ ਬੇਦਾਵਾ ਦੇਣਾ ਸ਼ੁਰੂ ਕਰ ਦਿਤਾ। ਸਿੱਖ ਹਲਕਿਆਂ ਨੂੰ ਡਰ ਮਹਿਸੂਸ ਹੋਣ ਲੱਗ ਪਿਆ ਕਿ ਜੇ ਪੰਜਾਬੀ ਸੂਬਾ ਨਾ ਬਣਿਆ ਤਾਂ ਪੰਜਾਬ ਵਿਚ ਪੰਜਾਬੀ ਕਿਸੇ ਵੀ ਥਾਂ ਸੁਰੱਖਿਅਤ ਨਹੀਂ ਰਹੇਗੀ। ਅਕਾਲੀ ਮੋਰਚਿਆਂ ਅਤੇ ਸੰਘਰਸ਼ਾਂ ਨੇ ਪਹਿਲਾਂ ‘ਸੱਚਰ ਫ਼ਾਰਮੂਲਾ’ ਲਾਗੂ ਕਰਵਾ ਕੇ ਪੰਜਾਬੀ ਨੂੰ ਸਰਕਾਰੀ ਖੇਤਰ ਵਿਚ ਕੁੱਝ ਸੁਰੱਖਿਆ ਦਿਤੀ ਪਰ ਪੰਜਾਬੀ ਸੂਬੇ ਦੀ ਮੰਗ ਜਾਰੀ ਰਹੀ। 15 ਅਗੱਸਤ ਨੂੰ ਲਾਲ ਕਿਲ੍ਹੇ ਤੋਂ ਜਵਾਹਰ ਲਾਲ ਨਹਿਰੂ ਭਾਸ਼ਨ ਦੇ ਰਹੇ ਸਨ ਤਾਂ ਸ੍ਰੋਤਿਆਂ ਵਿਚੋਂ 5 ਸਿੱਖ ਉਠ ਕੇ ਪੰਜਾਬੀ ਸੂਬੇ ਦੇ ਹੱਕ ਵਿਚ ਨਾਹਰੇ ਮਾਰਨ ਲੱਗ ਪਏ। ਜਵਾਹਰ ਲਾਲ ਨਹਿਰੂ ਧੀਰਜ ਗਵਾ ਬੈਠੇ ਤੇ ਸਟੇਜ ਤੋਂ ਹੀ ਗਰਜਣ ਲੱਗ ਪਏ, ‘‘ਮੈਂ ਐਲਾਨ ਕਰਦਾ ਹਾਂ ਕਿ ਪੰਜਾਬੀ ਸੂਬਾ ਕਦੇ ਨਹੀਂ ਬਣੇਗਾ। ਇਹ ਸਦਾ ਅਕਾਲੀਆਂ ਦੇ ਦਿਮਾਗ਼ਾਂ ਵਿਚ ਹੀ ਰਹੇਗਾ।’’

Partap Singh Kairon and Jawaharlal NehruPartap Singh Kairon and Jawaharlal Nehru

ਮਾ: ਤਾਰਾ ਸਿੰਘ ਤੇ ਜਵਾਹਰ ਲਾਲ ਨਹਿਰੂ ਵਿਚਕਾਰ ਇਸ ਲੜਾਈ ਦੌਰਾਨ ਬੈਠਕਾਂ ਵੀ ਹੋਈਆਂ ਤੇ ਜ਼ੋਰਦਾਰ ਝੜਪਾਂ ਵੀ ਹੋਈਆਂ। ਇਕ ਝੜਪ ਜੋ ਬਹੁਤ ਚਰਚਿਤ ਹੋਈ, ਉਸ ਵਿਚ ਨਹਿਰੂ ਨੇ ਮਾ: ਤਾਰਾ ਸਿੰਘ ਨੂੰ ਤਾਹਨਾ ਮਾਰਿਆ, ‘‘ਮਾਸਟਰ ਜੀ ਬਾਤ ਤੋ ਆਪ ਪੰਜਾਬੀ ਸੂਬੇ ਕੀ ਕਰਤੇ ਹੈਂ ਪਰ ਮੁਝੇ ਪਤਾ ਹੈ, ਆਪ ਕੇ ਦਿਲ ਮੇਂ ਪੰਜਾਬੀ ਸੂਬੇ ਕੀ ਨਹੀਂ, ਸਿੱਖ ਸੂਬੇ ਕੀ ਬਾਤ ਚਲ ਰਹੀ ਹੋਤੀ ਹੈ। ਆਪ ਪੰਜਾਬੀ ਸੂਬਾ ਨਹੀਂ, ਸਿੱਖ ਸੂਬਾ ਚਾਹਤੇ ਹੈਂ, ਜਿਸ ਮੇਂ ਸਿੱਖ ਬਹੁਗਿਣਤੀ ਮੇਂ ਹੋਂ।’’
ਮਾ: ਤਾਰਾ ਸਿੰਘ ਨੇ ਝੱਟ ਜਵਾਬੀ ਗੋਲਾ ਸੁਟਿਆ, ‘‘ਪੰਡਤ ਜੀ, ਮੈਂ ਵੀ ਜਾਣਦਾ ਹਾਂ ਕਿ ਤੁਸੀ ਪੰਜਾਬੀ ਸੂਬੇ ਦਾ ਵਿਰੋਧ ਨਹੀਂ ਕਰਦੇ, ਕੇਵਲ ਇਸ ਗੱਲੋਂ ਡਰਦੇ ਹੋ ਕਿ ਸਿੱਖ ਬਹੁਗਿਣਤੀ ਵਾਲਾ ਇਕ ਸੂਬਾ ਕਿਤੇ ਇਸ ਦੇਸ਼ ਵਿਚ ਨਾ ਬਣ ਜਾਏ। ਤੁਸੀ ਇਹ ਵੀ ਚਾਹੁੰਦੇ ਹੋ ਕਿ ਸਿੱਖਾਂ ਦੀ ਤਾਕਤ ਨੂੰ ਨੇਸਤੋ ਨਾਬੂਦ ਕਰ ਦਿਤਾ ਜਾਏ। ਚਲੋ ਜੋ ਕੁੱਝ ਮੇਰੇ ਦਿਲ ਵਿਚ ਹੈ, ਉਹ ਮੇਰੇ ਦਿਲ ਵਿਚ ਹੀ ਰਹਿਣ ਦਿਉ ਤੇ ਜੋ ਤੁਹਾਡੇ ਦਿਲ ਵਿਚ ਹੈ, ਉਹ ਅਪਣੇ ਦਿਲ ਵਿਚ ਹੀ ਰਹਿਣ ਦਿਉ।

ਤੁਸੀ ਜਿਸ ਅਸੂਲ ਅਨੁਸਾਰ, ਸਾਰੇ ਦੇਸ਼ ਵਿਚ ਭਾਸ਼ਾਈ ਸੂਬੇ ਬਣਾ ਰਹੇ ਹੋ, ਉਸੇ ਅਸੂਲ ਨੂੰ ਇਨ ਬਿਨ ਪੰਜਾਬ ਵਿਚ ਲਾਗੂ ਕਰ ਦਿਉ ਤੇ ਇਸ ਵੇਲੇ ਭਾਸ਼ਾਈ ਸੂਬਿਆਂ ਦੇ ਅਸੂਲ ਨੂੰ ਲਾਗੂ ਕਰਨ ਤੋਂ ਵੱਧ ਅਸੀ ਜੋ ਵੀ ਮੰਗੀਏ, ਉਹ ਨਾ ਮੰਨੋ। ਨਾਲੇ ਅਪਣੇ ਆਪ ਨੂੰ ‘ਸੈਕੁਲਰ’ ਕਹਿੰਦੇ ਹੋ, ਨਾਲੇ ਭਾਸ਼ਾਈ ਸੂਬੇ ਬਣਾਉਣ ਦਾ ਅਸੂਲ ਪੰਜਾਬੀ ਵਿਚ ਇਸ ਕਾਰਨ ਲਾਗੂ ਕਰਨ ਤੋਂ ਇਨਕਾਰ ਕਰਦੇ ਹੋ ਕਿ ਇਸ ਨਾਲ ਦੇਸ਼ ਵਿਚ ਇਕ ਸਿੱਖ ਬਹੁਗਿਣਤੀ ਵਾਲਾ ਸੂਬਾ ਬਣ ਜਾਏਗਾ। ਇਹ ਫ਼ਿਰਕਾਪ੍ਰਸਤੀ ਨਹੀਂ ਤਾਂ ਹੋਰ ਕੀ ਹੈ?’’ ਨਹਿਰੂ-ਮਾਸਟਰ ਤਾਰਾ ਸਿੰਘ ਵਿਚਕਾਰ ਜਿੰਨੀਆਂ ਤਿਖੀਆਂ ਝੜਪਾਂ ਹੋਈਆਂ, ਸ਼ਾਇਦ ਹੀ ਕਿਸੇ ਹੋਰ ਸਿੱਖ ਲੀਡਰ ਦੀਆਂ ਕੇਂਦਰੀ ਨੇਤਾਵਾਂ ਨਾਲ ਕਦੇ ਹੋਈਆਂ ਹੋਣਗੀਆਂ ਕਿਉਂਕਿ ਮਾ: ਤਾਰਾ ਸਿੰਘ ਵੇਲੇ ਵੀ ਨਹਿਰੂ ਵਰਗੇ ਰਾਸ਼ਟਰੀ ਲੀਡਰਾਂ ਨਾਲ ਨਿਡਰ ਹੋ ਕੇ ਗੱਲ ਕਰਨ ਵਾਲਾ ਕੋਈ ਹੋਰ ਲੀਡਰ ਨਹੀਂ ਸੀ ਅਤੇ ਉਸ ਤੋਂ ਬਾਅਦ ਤਾਂ ‘ਚਾਪਲੂਸ ਸਿੱਖ ਲੀਡਰਾਂ’ ਦੀ ਫ਼ਸਲ ਹੀ ਉਗਣ ਲੱਗ ਪਈ ਤੇ ਪੰਥ ਦੀ ਗੱਲ ਬੇਬਾਕੀ ਨਾਲ ਕਰਨ ਵਾਲੀ ਸਿੱਖ ਲੀਡਰਸ਼ਿਪ ਜਿਵੇਂ ਪੈਦਾ ਹੋਣੋਂ ਹੀ ਬੰਦ ਹੋ ਗਈ। ਏਨੀਆਂ ਤਿੱਖੀਆਂ ਝੜਪਾਂ ਦੇ ਬਾਵਜੂਦ ਨਹਿਰੂ ਅਤੇ ਮਾ: ਤਾਰਾ ਸਿੰਘ ਵਿਚਕਾਰ ਦੋ ਵੱਡੇ ਲੀਡਰਾਂ ਵਾਲਾ ਰਾਬਤਾ ਬਣਿਆ ਰਿਹਾ ਜਦਕਿ ਪਟੇਲ, ਪੰਜਾਬ ਦੇ ਹਿੰਦੂ ਲੀਡਰਾਂ ਨੂੰ ਪੰਜਾਬੀ ਸੂਬੇ ਦੀ ਮੰਗ ਵਿਰੁਧ ਚੁਕਦਾ ਰਿਹਾ ਤੇ ਉਹ ਮਾ: ਤਾਰਾ ਸਿੰਘ ਪ੍ਰਤੀ ਅਪਣੀ ਨਫ਼ਰਤ ਨੂੰ ਕਦੇ ਘੱਟ ਨਾ ਕਰ ਸਕਿਆ।

ਜਦ ਮਾ: ਤਾਰਾ ਸਿੰਘ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਦੀ ਯਾਤਰਾ ’ਤੇ ਗਏ ਤਾਂ ਨਹਿਰੂ ਨੇ ਇਥੋਂ ਤਕ ਵੀ ਕਹਿ ਦਿਤਾ ਕਿ ਉਸ ਦੀ ਸੂਚਨਾ ਮੁਤਾਬਕ ਉਹ ਪਾਕਿਸਤਾਨ ਦੇ ਪ੍ਰਧਾਨ ਅਯੂਬ ਖ਼ਾਨ ਨੂੰ ਵੀ ਚੋਰੀ ਚੋਰੀ ਮਿਲੇ ਸਨ। ਮਾ: ਤਾਰਾ ਸਿੰਘ ਨੇ ਇਸ ਨੂੰ ‘ਕੋਰਾ ਝੂਠ’ ਦਸਿਆ ਤੇ ਕਿਹਾ ਕਿ ਉਹ ਨਨਕਾਣਾ ਸਾਹਿਬ ਦੇ ਦਰਸ਼ਨਾਂ ਮਗਰੋਂ ਸਿਰਫ਼ ਅਪਣੇ ਪਿੰਡ, ਅਪਣਾ ਘਰ ਵੇਖਣ ਗਏ ਸੀ ਪਰ ਪਾਕਿਸਤਾਨ ਵਿਚ ਕਿਸੇ ਰਾਜਸੀ ਆਗੂ ਨੂੰ ਨਹੀਂ ਸੀ ਮਿਲੇ। ਜਦ ਖ਼ੁਫ਼ੀਆ ਏਜੰਸੀਆਂ ਨੇ ਮਾ: ਤਾਰਾ ਸਿੰਘ ਦੀ ਗੱਲ ਦੀ ਪੁਸ਼ਟੀ ਕੀਤੀ ਤਾਂ ਨਹਿਰੂ ਨੇ ਚਿੱਠੀ ਲਿਖ ਕੇ ਮਾ: ਤਾਰਾ ਸਿੰਘ ਕੋਲੋਂ ਲਿਖਤੀ ਮਾਫ਼ੀ ਵੀ ਮੰਗੀ ਤੇ ਮਗਰੋਂ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੱਦਾ ਵੀ ਦਿਤਾ ਪਰ ਮਾ: ਤਾਰਾ ਸਿੰਘ ਨੇ ਉੱਤਰ ਦਿਤਾ, ‘‘ਤੁਹਾਨੂੰ ਤਾਂ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਲਈ ਸਾਰੇ ਭਾਰਤ ’ਚੋਂ ਮੇਰੇ ਤੋਂ ਵੀ ਚੰਗੇ ਬੰਦੇ ਮਿਲ ਜਾਣਗੇ ਪਰ ਮੇਰੀ ਕੌਮ ਨੂੰ ਤੇ ਪੰਜਾਬ ਨੂੰ ਮੇਰੀ ਲੋੜ ਹੈ ਤੇ ਮੈਂ ਉਨ੍ਹਾਂ ਦੀ ਲੜਾਈ ਵਿਚੇ ਛੱਡ ਕੇ ਰਾਜ ਦਾ ਸੁੱਖ ਨਹੀਂ ਮਾਣਨਾ ਚਾਹਾਂਗਾ।’’

ਪਟੇਲ ਜਦ ਤਕ ਜ਼ਿੰਦਾ ਰਿਹਾ, ਉਹ ਮਾ: ਤਾਰਾ ਸਿੰਘ ਜਾਂ ਕਿਸੇ ਹੋਰ ਅਕਾਲੀ ਲੀਡਰ ਨੂੰ ਨਾ ਮਿਲਿਆ, ਸਗੋਂ ਪੰਜਾਬੀ ਹਿੰਦੂ ਲੀਡਰਾਂ ਨੂੰ ਪੰਜਾਬੀ ਸੂਬੇ ਦੀ ਮੰਗ ਵਿਰੁਧ ਹੀ ਚੁਕਦਾ ਰਿਹਾ ਤੇ ਉਨ੍ਹਾਂ ਨੂੰ ਹੀ ਮਿਲਦਾ ਰਿਹਾ। ਭਾਰਤ ਸਰਕਾਰ ਨੇ ਭਾਸ਼ਾ ਦੇ ਆਧਾਰ ਤੇ ਰਾਜਾਂ ਦੀ ਨਵੀਂ ਹਦਬੰਦੀ ਕਰਨ ਲਈ ਇਕ ਕਮਿਸ਼ਨ ਕਾਇਮ ਕੀਤਾ। ਉਹ ਕਮਿਸ਼ਨ ਜਦ ਅੰਮ੍ਰਿਤਸਰ ਗਿਆ ਤਾਂ ਜਨ ਸੰਘ ਦੇ ਆਗੂਆਂ ਦੀ ਅਗਵਾਈ ਵਿਚ ਹਿੰਦੂਆਂ ਦਾ ਇਕ ਡੈਲੀਗੇਸ਼ਨ ਕਮਿਸ਼ਨ ਨੂੰ ਮਿਲਿਆ ਤੇ ਉਸ ਨੇ ਜੋ ਲਿਖਤੀ ਯਾਦ ਪੱਤਰ ਕਮਿਸ਼ਨ ਨੂੰ ਦਿਤਾ, ਉਹ ਵਿਚ ਲਿਖਿਆ ਕਿ ‘‘ਪੰਜਾਬੀ ਸੂਬਾ ਨਾ ਬਣਾਇਆ ਜਾਏ ਕਿਉਂਕਿ ਜੇ ਇਥੇ ਸਿੱਖਾਂ ਦੀ ਬਹੁਗਿਣਤੀ ਹੋ ਗਈ ਤਾਂ ਉਹ ਸਾਨੂੰ ਸਿਗਰਟ ਬੀੜੀ ਨਹੀਂ ਪੀਣ ਦੇਣਗੇ।’’ ਦਿੱਲੀ ਦੇ ਕੇਂਦਰੀ ਆਗੂ ਇਸ ਤਰ੍ਹਾਂ ਹਿੰਦੂਆਂ ਨੂੰ ਅੱਗੇ ਕਰ ਕੇ ਪੰਜਾਬ ਨੂੰ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਨੋਂ ਰੋਕਣ ਲਈ ਬਜ਼ਿੱਦ ਰਹੇ।

ਇਸ ਦੌਰਾਨ ਭਾਵੇਂ ਗੁਰਦਵਾਰਿਆਂ ਵਿਚ ਸਰਕਾਰੀ ਦਖ਼ਲ ਰੋਕਣ ਵਾਲਾ ਨਹਿਰੂ-ਤਾਰਾ ਸਿੰਘ ਪੈਕਟ ਵੀ ਹੋਇਆ ਤੇ ਰੀਜਨਲ ਫ਼ਾਰਮੂਲਾ ਵੀ ਬਣਿਆ ਪਰ ਪੰਜਾਬੀ ਸੂਬੇ ਵਿਰੁਧ ਲੜਾਈ ਉਦੋਂ ਤੇਜ਼ ਹੋ ਗਈ ਜਦ ਪ੍ਰਤਾਪ ਸਿੰਘ ਕੈਰੋਂ ਨੇ ਪੇਸ਼ਕਸ਼ ਕਰ ਦਿਤੀ ਕਿ ਜੇ ਉਸ ਨੂੰ ਸਾਰੇ ਅਧਿਕਾਰ ਦੇ ਦਿਤੇ ਜਾਣ ਤਾਂ ਉਹ ਅਕਾਲੀ ਦਲ ਨੂੰ ਤੇ ਮਾ: ਤਾਰਾ ਸਿੰਘ ਨੂੰ ਹੀ ਖ਼ਤਮ ਕਰ ਕੇ ਵਿਖਾ ਸਕਦਾ ਹੈ ਜੋ ਪੰਜਾਬੀ ਸੂਬੇ ਦੀ ਮੰਗ ਦੀਆਂ ਅਸਲ ਜੜ੍ਹਾਂ ਸਨ। ‘‘ਤੁਸੀ ਪੱਤੇ ਕਟ ਕੇ ਇਸ ਮੰਗ ਨੂੰ ਖ਼ਤਮ ਨਹੀਂ ਕਰ ਸਕਦੇ, ਮੈਂ ਜੜ੍ਹ ਕੱਟ ਕੇ ਇਸ ਦਾ ਭੋਗ ਪਾ ਸਕਦਾ ਹਾਂ।’’ਕੇਂਦਰ ਨੇ ਇਹ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਨਾਲ ਹੀ ਇਹ ਮੰਗ ਵੀ ਕਿ ਜੇ ਕੈਰੋਂ ਕਾਮਯਾਬ ਹੋ ਕੇ ਵਿਖਾ ਦੇਵੇ ਤਾਂ ਉਸ ਨੂੰ ਦੇਸ਼ ਦਾ ਡੀਫ਼ੈਂਸ ਮਨਿਸਟਰ ਬਣਾ ਦਿਤਾ ਜਾਏਗਾ। ਉਸ ਮਗਰੋਂ ਜੋ ਕੁੱਝ ਵੀ ਪੰਜਾਬੀ ਸੂਬਾ ਲਹਿਰ ਨੂੰ ਖ਼ਤਮ ਕਰਨ ਲਈ ਹੋਇਆ, ਉਹ ਪ੍ਰਤਾਪ ਸਿੰਘ ਕੈਰੋਂ ਰਾਹੀਂ ਹੀ ਕੀਤਾ ਗਿਆ। ਉਸ ਨੇ ਹੀ ਵਰਤਾਂ ਦੀ ਰਾਜਨੀਤੀ ਸ਼ੁਰੂ ਕਰਵਾਈ ਜੋ ਅਕਾਲ ਤਖ਼ਤ ਉਤੇ ਅਗਨ ਕੁੰਡ ਬਣਾ ਕੇ ਸੜ ਮਰਨ ਵਰਗੇ ਸ਼ਰਮਨਾਕ ‘ਨਾਟਕਾਂ’ ਦੇ ਰੂਪ ਵਿਚ ਵੀ ਸਾਹਮਣੇ ਆਈ ਤੇ ਅਖ਼ੀਰ ਅਕਾਲੀ ਦਲ ਦਾ ਪ੍ਰਧਾਨ ਉਸ ਬੰਦੇ ਨੂੰ ਬਣਾ ਦਿਤਾ ਗਿਆ ਜਿਸ ਨੂੰ ਕੈਰੋਂ ਨੇ, ਮੰਦ ਇਰਾਦੇ ਨਾਲ ਚੁਣਿਆ ਸੀ।

ਪਾਕਿਸਤਾਨ ਨਾਲ ਜੰਗ ਦੇ ਨਤੀਜੇ ਵਜੋਂ, ਰਾਸ਼ਟਰਪਤੀ ਡਾ: ਰਾਧਾ ਕ੍ਰਿਸ਼ਨਨ ਅਤੇ ਸ: ਹੁਕਮ ਸਿੰਘ ਦੇ ਅਸੂਲ ਖ਼ਾਤਰ ਡੱਟ ਜਾਣ ਕਾਰਨ ਅਖ਼ੀਰ 1966 ਵਿਚ ਪੰਜਾਬੀ ਸੂਬਾ ਬਣ ਤਾਂ ਗਿਆ ਪਰ ਪੰਜਾਬੀ ਸੂਬੇ ਦਾ ਅਸਲ ਮਨੋਰਥ ਜੋ ਇਹ ਸੀ ਕਿ ‘ਉੱਤਰ ਵਿਚ ਇਕ ਅਜਿਹਾ ਖ਼ਿੱਤਾ ਦਿਤਾ ਜਾਵੇਗਾ ਤੇ ਦੇਸ਼-ਕਾਲ ਪੜਿਆ ਜਾਏਗਾ (ਸੰਵਿਧਾਨ ਦਾ ਆਰਟੀਕਲ 370) ਜਿਸ ਵਿਚ ਸਿੱਖ ਵੀ ਆਜ਼ਾਦੀ ਦਾ ਨਿਘ ਮਾਣ ਸਕਣਗੇ, ਉਸ ਨੂੰ ਭੁਲਾ ਹੀ ਦਿਤਾ ਗਿਆ। ਅੱਧੀ ਸਦੀ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ, ਨਾ ਪੰਜਾਬ ਕੋਲ ਅਪਣੀ ਰਾਜਧਾਨੀ ਹੈ, ਨਾ ਪੰਜਾਬੀ ਨੂੰ ਇਥੇ ਉਹ ਦਰਜਾ ਪ੍ਰਾਪਤ ਹੈ ਜੋ ਮਹਾਰਾਸ਼ਟਰ ਵਿਚ ਮਰਾਠੀ ਨੂੰ ਤੇ ਬੰਗਾਲੀ ਨੂੰ ਬੰਗਾਲ ਵਿਚ ਪ੍ਰਾਪਤ ਹੈ। ਸਿੱਖ ਲੀਡਰਸ਼ਿਪ ਵਜ਼ੀਰੀਆਂ, ਅਹੁਦਿਆਂ ਤੇ ‘ਕਾਲੇ ਧਨ’ ਖ਼ਾਤਰ ਡਿਗਦੀ ਡਿਗਦੀ ਅਖ਼ੀਰ ‘ਬੀਜੇਪੀ ਦੀ ਪਤਨੀ’ ਬਣ ਕੇ ਰਹਿ ਗਈ ਤੇ ਪੰਜਾਬ ਲਈ ਪ੍ਰਾਪਤੀਆਂ ਦਾ ਖਾਤਾ ਹੀ ਬੰਦ ਹੋ ਗਿਆ। ਪੰਜਾਬ ਦੇ ਕਿਸਾਨ ਕਦੇ ਕਰਜ਼ਾਈ ਨਾ ਬਣਦੇ, ਨਾ ਅੱਜ ਸੜਕਾਂ ਉਤੇ ਰੁਲ ਰਹੇ ਹੁੰਦੇ ਜੇ ਕੈਰੋਂ ਨੂੰ ਭਰੋਸੇ ਵਿਚ ਲੈ ਕੇ, ਕੇਂਦਰ ਨੇ ਪੰਜਾਬ ਦੇ ਪਾਣੀਆਂ ਨੂੰ ਲੁਟ ਕੇ, ਮੁਫ਼ਤ ਵਿਚ ਵੰਡ ਨਾ ਦਿਤਾ ਹੁੰਦਾ। ਕੈਰੋਂ ਉਦੋਂ ਵਿਰੋਧ ਕਰ ਦੇਂਦਾ ਤਾਂ ਪੰਜਾਬ ਦੇ ਕਿਸਾਨ ਨੂੰ ਕਿਸੇ ਗੱਲ ਦੀ ਤੋਟ ਆਉਣੀ ਹੀ ਨਹੀਂ ਸੀ।

ਮੈਂ 1947 ਤੋਂ ਮਗਰੋਂ ਦੇ ਸਿੱਖ ਸੰਘਰਸ਼ ਦੀ ਮੋਟੀ ਜਹੀ ਝਲਕ ਵਿਖਾਣੀ ਇਸ ਲਈ ਜ਼ਰੂਰੀ ਸਮਝੀ ਹੈ ਕਿ ਕੇਂਦਰ ਨਾਲ ਗੱਲਬਾਤ ਕਰਨ ਸਮੇਂ ਸੁਚੇਤ ਰਹਿਣਾ ਸਿਖ ਲਈਏ ਕਿ ਬੀਤੇ ਵਿਚ ਇਸ ਨੇ ਹਰ ਗੱਲਬਾਤ ਨੂੰ ਨਾਕਾਮ ਕਰਨ ਲਈ ਪਰਦੇ ਪਿਛੇ ਰਹਿ ਕੇ ਕੀ ਕੀਤਾ, ਖ਼ੁਫ਼ੀਆ ਏਜੰਸੀਆਂ ਰਾਹੀਂ ਕਿਵੇਂ ਝੂਠ ਫੈਲਾਇਆ, ਸਾਡੇ ਅੰਦਰੋਂ ਹੀ ‘ਗ਼ਦਾਰ’ ਪੈਦਾ ਕੀਤੇ, ਬੇਗ਼ਰਜ਼ ਲੀਡਰਾਂ ਨੂੰ ਬਦਨਾਮ ਕਰ ਕੇ ਤੇ ਪਿਛੇ ਸੁਟ ਕੇ ਅਪਣੇ ਬੰਦੇ ਅੱਗੇ ਲਿਆ ਬਿਠਾਏ ਤੇ ਲਿਖਤੀ ਸਮਝੌਤੇ ਕਰ ਕੇ ਵੀ ਪਿਛੋਂ ਮੁਕਰ ਕਿਵੇਂ ਗਈ ਪਰ ਦਿਤਾ ਕੁੱਝ ਵੀ ਨਾ। ਪ੍ਰਾਪਤੀਆਂ ਦਾ ਖਾਤਾ ਅੱਜ ਤਕ ਬੰਦ ਦਾ ਬੰਦ ਪਿਆ ਹੈ। ਜਿਸ ਨੂੰ ਕੁੱਝ ਨਾ ਦੇਣਾ ਹੋਵੇ, ਉਸ ਉਤੇ ਕਈ ਪਾਸਿਆਂ ਤੋਂ ਹਮਲਾ ਕਰ ਕੇ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿੱਖਾਂ ਨੂੰ ਤਾਂ ਪਤਾ ਵੀ ਨਹੀਂ ਲੱਗਣ ਦਿਤਾ ਜਾਂਦਾ ਕਿ ਕੇਂਦਰ ਨੇ ਕਿਹੜੀ ਚਾਲ ਚਲ ਕੇ ਉਨ੍ਹਾਂ ਦੇ ਘਰ ਵਿਚ ਅਪਣੇ ਬੰਦੇ ਬਿਠਾ ਦਿਤੇ ਨੇ ਜੋ ਸਿੱਖਾਂ ਦੇ ਲੀਡਰ ਬਣ ਕੇ, ਪੰਜਾਬ ਤੇ ਸਿੱਖਾਂ ਦੇ ਹਿਤਾਂ ਦੀ ਰਖਿਆ ਲਈ ਕੰਮ ਨਹੀਂ ਕਰਦੇ ਸਗੋਂ ਅਪਣੀ ਦਾਲ ਸਬਜ਼ੀ ਹੀ ਨਹੀਂ, ਮੱਖਣ ਪਨੀਰ ਲਈ ਵੀ ਸੱਭ ਕੁੱਝ ਕਰ ਰਹੇ ਹੁੰਦੇ ਹਨ ਅਤੇ ਧੋਖਾ ਵੀ ਅਪਣਿਆਂ ਨੂੰ ਹੀ ਦੇ ਰਹੇ ਹੁੰਦੇ ਹਨ। ਬੱਚ ਕੇ ਰਹਿਣਾ ਬਈ ਪੰਜਾਬ ਵਾਲਿਉ!

ਰਾਜੀਵ-ਲੌਂਗੋਵਾਲ ਸਮਝੌਤੇ ਦਾ ਮੈਂ ਇਕੱਲੇ ਨੇ ਹੀ ਵਿਰੋਧ ਕੀਤਾ ਸੀ ਤੇ ਉਸ ਬਾਰੇ ਲਿਖ ਵੀ ਚੁਕਿਆ ਹਾਂ ਕਿਉਂਕਿ ਮੈਂ ਚਾਹੁੰਦਾ ਸੀ ਕਿ ਨਕਦ ਨੌਂ ਵੀ ਮਿਲਦਾ ਜੇ ਤਾਂ ਉਹੀ ਪ੍ਰਾਪਤੀ ਸਮਝ ਲਉ ਪਰ ਫੋਕੇ ਵਾਅਦਿਆਂ ਦੇ ਤੇਰਾਂ ਤੋਂ ਕੁੱਝ ਨਹੀਂ ਜੇ ਪ੍ਰਾਪਤ ਹੋਣਾ।                               ਜੋਗਿੰਦਰ ਸਿੰਘ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement