Nijji Diary De Panne: ਬਰਤਾਨੀਆਂ ਦੇ ਇਕ ਪਿੰਡ ਦੀ ਦੀਵਾਲੀ! ਤੇ ਸਾਡੀ ਘਰ-ਘਰ ਦੀ ਦੀਵਾਲੀ!!
Published : Oct 19, 2025, 9:14 am IST
Updated : Oct 21, 2025, 10:45 am IST
SHARE ARTICLE
Diwali in a British village! And Diwali in our homes Nijji Diary De Panne
Diwali in a British village! And Diwali in our homes Nijji Diary De Panne

Nijji Diary De Panne: ਦੀਵਾਲੀ ਦਾ ਤਿਉਹਾਰ ਆਪਸੀ ਮੋਹ, ਪਿਆਰ ਤੇ ਭਾਈਚਾਰੇ ਦਾ ਪ੍ਰਤੀਕ ਹੈ

Diwali in a British village! And Diwali in our homes Nijji Diary De Panne: ਕੀ ਦਰਬਾਰ ਸਾਹਿਬ ਵਿਚ ਆਤਿਸ਼ਬਾਜ਼ੀ ਕਰਨੀ ਪੂਰੀ ਤਰ੍ਹਾਂ ਗ਼ਲਤ ਹੈ ਜਾਂ ਕੀ ਪਟਾਕੇ ਚਲਾਣੇ ਪੂਰੀ ਤਰ੍ਹਾਂ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨਾਲ ਹਵਾ ਵਿਚ ਪ੍ਰਦੂਸ਼ਨ ਬਹੁਤ ਫੈਲਦਾ ਹੈ ਤੇ ਹਵਾ ਗੰਦੀ ਹੋ ਜਾਂਦੀ ਹੈ? ‘ਸਪੋਕਸਮੈਨ’ ਵਿਚ ਤੁਸੀ ਹਰ ਸਾਲ ਲੇਖ ਪੜ੍ਹਦੇ ਹੋ ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਸ ਗੱਲੋਂ ਆਲੋਚਨਾ ਕੀਤੀ ਗਈ ਹੁੰਦੀ ਹੈ ਕਿ ਉਹ ਦਰਬਾਰ ਸਾਹਿਬ ਵਿਚ, ਦੀਵਾਲੀ ਵਾਲੇ ਦਿਨ ਆਤਿਸ਼ਬਾਜ਼ੀ ਕਿਉਂ ਕਰਦੀ ਹੈ? ਇਨ੍ਹਾਂ ਲੇਖਾਂ ਵਿਚ ਬਹੁਤ ਸਾਰੀਆਂ ਚੰਗੀਆਂ ਦਲੀਲਾਂ ਵੀ ਦਿਤੀਆਂ ਗਈਆਂ ਹੁੰਦੀਆਂ ਹਨ ਪਰ ਮੈਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਕਦੇ ਵੀ ਸਹਿਮਤ ਨਹੀਂ ਹੋਇਆ। ਕੁੱਝ ਲੋਕ, ਖ਼ੁਸ਼ੀ ਮਨਾਉਣ ਦੇ ਹਰ ਢੰਗ ਦੀ ਵਿਰੋਧਤਾ ਕਰ ਕੇ, ਜੀਵਨ ਨੂੰ ਨੀਰਸ ਜਾਂ ਬੇਸੁਆਦਾ ਬਣਾ ਦੇਣਾ ਚਾਹੁੰਦੇ ਹਨ ਸ਼ਾਇਦ। ਉਹ ਕਿਸੇ ਪ੍ਰਕਾਰ ਦੀ ਖ਼ੁਸ਼ੀ ਦੀ ਵੀ ਆਮ ਲੋਕਾਂ ਲਈ ਸਿਫ਼ਾਰਸ਼ ਨਹੀਂ ਕਰਦੇ ਭਾਵੇਂ ਕਿ ਗੁਰਬਾਣੀ ਵਿਚ ਹਸਣਾ ਖੇਡਣਾ ਤੇ ਨਚਣਾ ਕੁਦਣਾ ‘ਮਨ ਕਾ ਚਾਉ’ ਦੱਸੇ ਗਏ ਹਨ।

ਠੀਕ ਹੈ, ਅੰਦਰ ਦੀ ਖ਼ੁਸ਼ੀ ‘ਪਰਮ ਆਨੰਦ’ ਹੁੰਦੀ ਹੈ ਪਰ ਜੀਵਨ ਨੂੰ ਹਲਕੀਆਂ ਫੁਲਕੀਆਂ ਤੇ ਵਕਤੀ ਕਿਸਮ ਦੀਆਂ ਖ਼ੁਸ਼ੀਆਂ ਦੀ ਵੀ ਤਾਂ ਲੋੜ ਹੁੰਦੀ ਹੀ ਹੈ। ਗੁਰਬਾਣੀ ਇਨ੍ਹਾਂ ਤੋਂ ਰੋਕਦੀ ਨਹੀਂ----ਹਾਂ, ਇਹ ਜ਼ਰੂਰ ਸਿਖਿਆ ਦੇਂਦੀ ਹੈ ਕਿ ਬੰਦਿਆ, ਪਰਮ ਅਨੰਦ ਦੇਣ ਵਾਲੀ ਖ਼ੁਸ਼ੀ, ਇਨ੍ਹਾਂ ਛੋਟੀਆਂ ਖ਼ੁਸ਼ੀਆਂ ਪਿਛੇ ਭੁਲਾ ਨਾ ਦੇਵੀਂ। ਪਰਮ ਅਨੰਦ ਵਾਲੀ ਖ਼ੁਸ਼ੀ, ਸ੍ਰਿਸ਼ਟੀ ਦੇ ਰਚੇਤਾ ਦੀ ਤਰ੍ਹਾਂ ਹੀ ਉਸ ਦੇ ਅਦ੍ਰਿਸ਼ਟ ‘ਸ਼ਬਦ’ ਨਾਲ ਜੁੜਿਆਂ ਹੀ ਮਿਲ ਸਕਦੀ ਹੈ। ਮਨੁੱਖ ਨੇ ਜੀਵਨ ਨੂੰ ਸੌਖਾ ਬਣਾਉਣ ਲਈ ‘ਪਰਮ ਅਨੰਦ’ ਦੇ ਨਾਲ-ਨਾਲ ਛੋਟੀਆਂ ਛੋਟੀਆਂ ਖ਼ੁਸ਼ੀਆਂ ਵੀ ਜੋੜੀਆਂ ਹੋਈਆਂ ਹਨ। ਤੁਹਾਡਾ ਬੱਚਾ ਜਾਂ ਬੱਚੀ ਪੜ੍ਹਾਈ ਜਾਂ ਖੇਡਾਂ ਵਿਚ ਇਨਾਮ ਜਿੱਤ ਕੇ ਆਉਂਦਾ ਹੈ ਤਾਂ ਤੁਸੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਵੱਡੀ ਖ਼ੁਸ਼ੀ ਦੇ ਨਾਲ ਨਾਲ, ਲੱਡੂ ਵੰਡਣ ਤੇ ਪਾਰਟੀ ਕਰਨ ਦੀ ਛੋਟੀ ਖ਼ੁਸ਼ੀ ਦਾ ਤਿਆਗ ਕਰ ਦੇਂਦੇ ਹੋ ਜਾਂ ਕਰ ਸਕਦੇ ਹੋ? ਨਹੀਂ ਕਰ ਸਕਦੇ ਕਿਉਂਕਿ ਜੀਵਨ ਦੇ ਨੀਰਸ ਤੇ ਬੇਸੁਆਦੀ ਸਫ਼ਰ ਨੂੰ ਥੋੜਾ ਜਿਹਾ ‘ਰਸਦਾਇਕ’ ਬਣਾਉਣ ਲਈ, ਛੋਟੀਆਂ ਤੇ ਥੋੜ੍ਹ-ਚਿਰੀ ਖ਼ੁਸ਼ੀਆਂ ਦਾ ਸਹਾਰਾ ਵੀ ਲੈਣਾ ਹੀ ਪੈਂਦਾ ਹੈ।

ਤੇ ਵਾਪਸ ਆਈਏ ਦੀਵਾਲੀ ਦੀ ਆਤਿਸ਼ਬਾਜ਼ੀ ਵਲ। ਕੀ ਇਹ ਪੂਰੀ ਤਰ੍ਹਾਂ ਬੰਦ ਕਰ ਦਿਤੀ ਜਾਣੀ ਚਾਹੀਦੀ ਹੈ? ਮੈਂ ਵੀ ਇਹੀ ਸੋਚਦਾ ਹੁੰਦਾ ਸੀ। ਪਰ ਇੰਗਲੈਂਡ ਯਾਤਰਾ ਦੌਰਾਨ ਮੈਨੂੰ ਇਸ ਦਾ ਸਹੀ ਜਵਾਬ ਮਿਲਿਆ। ਮੈਂ ਪਹਿਲੀ ਵਾਰ ਇੰਗਲੈਂਡ ਗਿਆ ਸੀ ਤੇ ਮੇਰੇ ਕੋਲ ਪੈਸੇ ਬਹੁਤ ਹੀ ਥੋੜੇ ਸਨ। ਲੰਡਨ ਤੋਂ ਬਰਮਿੰਘਮ ਜਾਣ ਲਈ ਇਕ ਵਧੀਆ ਡੀਲਕਸ ਬਸ ਚਲਦੀ ਸੀ ਜਿਸ ਵਿਚ ਬਾਹਰੋਂ ਗਏ ਸਾਰੇ ਯਾਤਰੀ ਸਵਾਰੀ ਕਰਿਆ ਕਰਦੇ ਸਨ ਪਰ ਇਕ ਲੋਕਲ ਬੱਸ, ਸਸਤੇ ਕਿਰਾਏ ਵਾਲੀ ਵੀ ਚਲਦੀ ਸੀ। ਮੈਂ ਸਸਤੇ ਕਿਰਾਏ ਵਾਲੀ ਬੱਸ ਦਾ ਟਿਕਟ ਲੈ ਕੇ ਬੈਠ ਗਿਆ। ਪਰ ਉਸ ਸਸਤੀ ਬੱਸ ਵਿਚ ਬੈਠਣ ਦਾ ਮੈਨੂੰ ਫ਼ਾਇਦਾ ਬਹੁਤ ਹੋਇਆ। ਉਸ ਵਿਚ ਸਾਦ-ਮੁਰਾਦੇ, ਪਿੰਡਾਂ ਵਿਚ ਰਹਿਣ ਵਾਲੇ ਤੇ ਘੱਟ ਪੜ੍ਹੇ ਲਿਖੇ ਅੰਗਰੇਜ਼ ਹੀ ਬੈਠੇ ਹੋਏ ਸਨ ਜੋ ਪਿੰਡਾਂ ਵਾਲਿਆਂ ਵਾਂਗ ਹੀ ਉੱਚਾ ਉੱਚਾ ਹਸਦੇ, ਉੱਚੀ ਉੱਚੀ ਗੱਲਾਂ ਕਰਦੇ ਤੇ ਦੇਹਾਤੀ ਰੰਗ ਵਾਲੀ ਭਾਸ਼ਾ ਹੀ ਬੋਲਦੇ ਸਨ। ਮੈਂ ਅੰਗਰੇਜ਼ਾਂ ਦਾ ਗੰਭੀਰ, ਪੜ੍ਹੇ ਲਿਖੇ ਤੇ ‘ਜੰਟਲਮੈਨੀ’ ਵਾਲਾ ਜਾਂ ਅਫ਼ਸਰੀ ਰੂਪ ਹੀ ਵੇਖਿਆ ਹੋਇਆ ਸੀ ਪਰ ਇਸ ਬੱਸ ਵਿਚ ਬੈਠ ਕੇ ਮੈਂ ਉਨ੍ਹਾਂ ਦਾ ਅਸਲ ਰੂਪ ਵੀ ਪਹਿਲੀ ਵਾਰ ਵੇਖਿਆ ਜੋ ਪਿੰਡਾਂ ਵਿਚ ਹੀ ਵੇਖਣ ਨੂੰ ਮਿਲਦਾ ਹੈ, ਸ਼ਹਿਰਾਂ ਵਿਚ ਨਹੀਂ।

ਸ਼ਾਮ ਦਾ ਸਮਾਂ ਸੀ। ਹਨੇਰਾ ਪਸਰ ਰਿਹਾ ਸੀ। ਮੈਂ ਵੇਖਿਆ, ਇਕ ਥਾਂ ’ਤੇ, ਸੜਕ ਦੇ ਕਿਨਾਰੇ ਤੰਬੂ ਲੱਗੇ ਹੋਏ ਸਨ ਤੇ ਮੈਦਾਨ ਵਿਚ ਜ਼ੋਰਦਾਰ ਆਤਿਸ਼ਬਾਜ਼ੀ ਚਲ ਰਹੀ ਸੀ। ਇਹ ਸੋਚ ਕੇ ਮੈਨੂੰ ਗੁੱਸਾ ਚੜ੍ਹ ਗਿਆ ਕਿ ਇਹ ਅੰਗਰੇਜ਼ੀ ਲੋਕ ਏਨੀ ਕੁ ਗੱਲ ਵੀ ਨਹੀਂ ਸਮਝਦੇ ਕਿ ਆਤਿਸ਼ਬਾਜ਼ੀ ਨਾਲ ਹਵਾ ਕਿੰਨੀ ਪਲੀਤ ਹੋ ਜਾਂਦੀ ਹੈ? ਸਾਨੂੰ ਤਾਂ ਮੱਤਾਂ ਦੇਂਦੇ ਹਨ ਕਿ ਅਸੀ ਦੀਵਾਲੀ ਸਮੇਂ, ਕਰੋੜਾਂ ਦੇ ਪਟਾਕੇ ਫੂਕ ਕੇ ਪ੍ਰਦੂਸ਼ਣ ਫੈਲਾਂਦੇ ਹਾਂ ਪਰ ਆਪ ਫਿਰ ਆਤਿਸ਼ਬਾਜ਼ੀ ਕਿਉਂ ਚਲਾਂਦੇ ਹਨ?
ਮੈਂ ਅੰਗਰੇਜ਼ ਬੱਸ ਕੰਡਕਟਰ ਨੂੰ ਬੜੀ ਹਲੀਮੀ ਨਾਲ ਕਿਹਾ, ‘‘ਮੈਂ ਹਿੰਦੁਸਤਾਨ ਤੋਂ ਆਇਆ ਹਾਂ ਤੇ ਤੁਹਾਡੇ ਦੇਸ਼ ਵਿਚ ਪਹਿਲੀ ਵਾਰ ਆਤਿਸ਼ਬਾਜ਼ੀ ਵੇਖ ਰਿਹਾ ਹਾਂ। ਜੇ ਤੁਸੀ ਪੰਜ ਮਿੰਟ ਬੱਸ ਇਥੇ ਰੋਕ ਸਕੋ ਤਾਂ ਸਾਰੇ ਯਾਤਰੀਆਂ ਨਾਲ ਮੈਂ ਵੀ ਇਸ ਨਜ਼ਾਰੇ ਨੂੰ, ਨੇੜਿਉਂ ਹੋ ਕੇ ਵੇਖਣਾ ਚਾਹਾਂਗਾ।’’

ਕੰਡਕਟਰ ਨੇ ਸਵਾਰੀਆਂ ਵਲ ਸਵਾਲੀਆ ਨਜ਼ਰਾਂ ਨਾਲ ਵੇਖਿਆ ਤੇ ਮੇਰੀ ਮੰਗ ਦੁਹਰਾਈ। ਕਿਸੇ ਨੇ ਵਿਰੋਧ ਨਾ ਕੀਤਾ ਕਿਉਂਕਿ ਡਰਾਈਵਰ ਨੇ ਵਿਸ਼ਵਾਸ ਦਿਵਾ ਦਿਤਾ ਕਿ ‘‘ਅਸੀ ਅਪਣੀ ਮੰਜ਼ਲ ’ਤੇ ਠੀਕ ਸਮੇਂ ਸਿਰ ਹੀ ਪੁੱਜਾਂਗੇ ਤੇ ਇਕ ਸਕਿੰਟ ਦੀ ਦੇਰੀ ਵੀ ਨਹੀਂ ਹੋਵੇਗੀ।’’ ਬੱਸ, ਉਸ ਆਤਿਸ਼ਬਾਜ਼ੀ ਵਾਲੇ ਸਮਾਗਮ ਦੇ ਗੇਟ ਦੇ ਐਨ ਸਾਹਮਣੇ ਰੁਕ ਗਈ। ਚੰਗੇ ਭਾਗਾਂ ਨੂੰ ਇਕ ਪ੍ਰਬੰਧਕ, ਗੇਟ ’ਤੇ ਹੀ ਮਿਲ ਗਿਆ। ਮੈਂ ਉਸ ਉਤੇ ਸਿੱਧਾ ਸਵਾਲ ਦੇ ਮਾਰਿਆ ਕਿ ਕੀ ਉਹ ਨਹੀਂ ਜਾਣਦੇ ਕਿ ਆਤਿਸ਼ਬਾਜ਼ੀ ਨਾਲ ਕਿੰਨਾ ਪ੍ਰਦੂਸ਼ਣ ਫੈਲਦਾ ਹੈ? ਉਸ ਅੰਗਰੇਜ਼ ਨੇ ‘ਸਤਿ ਸ੍ਰੀ ਅਕਾਲ’ ਬੁਲਾ ਕੇ ਮੈਨੂੰ ਹੈਰਾਨ ਕਰ ਦਿਤਾ ਤੇ ਫਿਰ ਬੋਲਿਆ, ‘‘ਮੈਂ ਹਿੰਦੁਸਤਾਨ ਵਿਚ ਢਾਈ ਸਾਲ ਫ਼ੌਜ ਵਿਚ ਰਿਹਾ ਹਾਂ ਤੇ ਮੇਰੇ ਦੋਸਤਾਂ ਵਿਚ ਸਿੱਖ, ਸੱਭ ਤੋਂ ਅੱਗੇ ਹੁੰਦੇ ਸਨ। ਤੁਹਾਡਾ ਨਾਂ ਜਾਣੇ ਬਗ਼ੈਰ, ਮਿਸਟਰ ਸਿੰਘ, ਮੈਂ ਤੁਹਾਡਾ ਤੇ ਤੁਹਾਡੇ ਸਵਾਲ ਦਾ ਸਵਾਗਤ ਕਰਦਾ ਹਾਂ। ਇਸ ਇਲਾਕੇ ਦੇ ਲੋਕ ਹਰ ਸਾਲ ਇਕ ਸਥਾਨਕ ਪਰ ਇਤਿਹਾਸਕ ਘਟਨਾ ਦੀ ਯਾਦ ਵਿਚ ਸਮਾਗਮ ਕਰਦੇ ਤੇ ਆਤਿਸ਼ਬਾਜ਼ੀ ਚਲਾਂਦੇ ਹਨ। ਮੈਂ ਤੁਹਾਡੀਆਂ ਦੀਵਾਲੀਆਂ ਵੀ ਵੇਖੀਆਂ ਹਨ। ਤੁਸੀ ਹਰ ਘਰ ਵਿਚ ਹਜ਼ਾਰਾਂ ਰੁਪਏ ਦੀ ਆਤਿਸ਼ਬਾਜ਼ੀ ਫੂਕਦੇ ਹੋ।

ਇਥੇ ਇਹ ਲੋਕ ਕੇਵਲ ਇਕ ਥਾਂ ਇਕੱਠੇ ਹੋ ਕੇ, ਘੰਟਾ ਭਰ ਆਤਿਸ਼ਬਾਜ਼ੀ ਚਲਾ ਲੈਂਦੇ ਹਨ। ਕੁੱਝ ਪ੍ਰਦੂਸ਼ਣ ਤਾਂ ਬਣਦਾ ਹੀ ਹੈ ਪਰ ਜਿੰਨਾ ਪ੍ਰਦੂਸ਼ਣ ਹਿੰਦੁਸਤਾਨ ਵਰਗੇ ਵੱਡੇ ਦੇਸ਼ ਦੇ ਚੱਪੇ ਚੱਪੇ ’ਤੇ, ਹਰ ਘਰ ਵਿਚ ਆਤਿਸ਼ਬਾਜ਼ੀ ਚਲਾ ਕੇ ਪੈਦਾ ਕੀਤਾ ਜਾਂਦਾ ਹੈ, ਉਸ ਦੇ ਮੁਕਾਬਲੇ, ਇਸ ਸਮਾਗਮ ਦਾ ਪ੍ਰਦੂਸ਼ਣ ਲੱਖਵਾਂ ਜਾਂ ਸ਼ਾਇਦ ਕਰੋੜਵਾਂ ਹਿੱਸਾ ਵੀ ਨਹੀਂ ਹੋਵੇਗਾ। ਤੁਸੀ ਵੀ ਜੇ ਇਕ ਸ਼ਹਿਰ ਦੀ ਆਤਿਸ਼ਬਾਜ਼ੀ, ਦੁਸ਼ਹਿਰੇ ਵਾਂਗ, ਇਕ ਥਾਂ ਤੇ ਚਲਾਉ ਤੇ ਸਾਰਾ ਸ਼ਹਿਰ ਉਸ ਨੂੰ ਵੇਖਣ ਲਈ ਉਸ ਇਕ ਥਾਂ ’ਤੇ ਇਕੱਤਰ ਹੋਵੇ ਤਾਂ ਪ੍ਰਦੂਸ਼ਣ ਦੀ ਕੋਈ ਸਮੱਸਿਆ ਪੈਦਾ ਹੀ ਨਹੀਂ ਹੋਵੇਗੀ। ਸਾਰੇ ਇੰਗਲੈਂਡ ਵਿਚ ਕਿਧਰੇ ਵੀ ਆਤਿਸ਼ਬਾਜ਼ੀ ਨਹੀਂ ਹੋ ਰਹੀ---ਸਿਵਾਏ ਇਸ ਇਕ ਪਿੰਡ ਦੇ। ਇਸ ਇਕ ਪਿੰਡ ਦੀ ਆਤਿਸ਼ਬਾਜ਼ੀ ਜੋ ਖ਼ੁਸ਼ੀ ਹਜ਼ਾਰਾਂ ਲੋਕਾਂ ਨੂੰ ਦੇ ਰਹੀ ਹੈ, ਉਹ ਪੈਦਾ ਹੁੰਦੇ ਪ੍ਰਦੂਸ਼ਨ ਦੇ ਮੁਕਾਬਲੇ ਬਹੁਤ ਵੱਡੀ ਹੈ ਤੇ ਨੁਕਸਾਨ ਇਕ ਚੁੱਲ੍ਹੇ ਦੇ ਪ੍ਰਦੂਸ਼ਨ ਜਿੰਨਾ ਵੀ ਨਹੀਂ ਹੋਵੇਗਾ।’’

ਉਸ ਬਜ਼ੁਰਗ ਅੰਗਰੇਜ਼ ਦੀਆਂ ਦਲੀਲਾਂ ਵਿਚ ਬੜਾ ਦੰਮ ਸੀ। ਕੰਡਕਟਰ ਨੇ ਇਸ਼ਾਰਾ ਕੀਤਾ ਤੇ ਸਵਾਰੀਆਂ ਬੱਸ ਵਲ ਭੱਜ ਪਈਆਂ। ਮੈਨੂੰ ਵੀ ਗੱਲਬਾਤ ਵਿਚੇ ਛੱਡ ਕੇ, ਬੱਸ ਵਲ ਦੌੜਨਾ ਪਿਆ। ਸਾਰਾ ਰਸਤਾ ਮੈਂ ਉਸ ਅੰਗਰੇਜ਼ ਵਲੋਂ ਕਹੀਆਂ ਗਈਆਂ ਗੱਲਾਂ ਨੂੰ ਯਾਦ ਕਰ ਕੇ ਸੋਚਦਾ ਰਿਹਾ। ਮੇਰੀ ਸੋਚ ਵਿਚ ਸਚਮੁਚ ਦੀ ਤਬਦੀਲੀ ਆ ਗਈ ਸੀ। ਧਰਮ ਦਾ ਕੰਮ, ਹਰ ਛੋਟੀ ਮੋਟੀ ਖ਼ੁਸ਼ੀ ਉਤੇ ਪਾਬੰਦੀ ਲਗਾਣਾ ਨਹੀਂ ਹੋਣਾ ਚਾਹੀਦਾ, ਸਗੋਂ ਖ਼ੁਸ਼ੀ ਮਨਾਉਣ ਦੇ ਢੰਗ ਨੂੰ ਬਦਲ ਦੇਣ ਨਾਲ ਵੀ ਟੀਚੇ ਦੀ ਪ੍ਰਾਪਤੀ ਹੋ ਸਕਦੀ ਹੈ। ਈਸਾਈਆਂ ਨੇ ਇਹੀ ਕੀਤਾ ਸੀ। 25 ਦਸੰਬਰ ਵਾਲਾ ਦਿਨ, ਉਨ੍ਹਾਂ ਦਾ ਕੋਈ ਧਾਰਮਕ ਦਿਨ ਨਹੀਂ ਸੀ। ਇਹ ਦਿਨ ਤਾਂ ਬੁਰੀਆਂ ਆਤਮਾਵਾਂ ਨੂੰ ਦੂਰ ਰੱਖਣ ਦੇ ਅੰਧ-ਵਿਸ਼ਵਾਸ ਨੂੰ ਲੈ ਕੇ, ਬੁਰੀਆਂ ਆਤਮਾਵਾਂ ਦੀ ਪੂਜਾ ਅਰਚਨਾ ਕਰਨ ਲਈ ਮਨਾਇਆ ਜਾਂਦਾ ਸੀ।

ਈਸਾਈ ਪ੍ਰਚਾਰਕਾਂ ਨੇ ਸੋਚਿਆ ਕਿ ਜੇ ਨਿਰੀ ਪੁਰੀ ਇਸ ਦੀ ਵਿਰੋਧਤਾ ਹੀ ਕਰਦੇ ਰਹੇ ਤਾਂ ਬਹੁਤੇ ਲੋਕਾਂ ਨੇ ਅਸਰ ਕਬੂਲ ਨਹੀਂ ਕਰਨਾ। ਸੋ, ਉਨ੍ਹਾਂ ਨੇ 25 ਦਸੰਬਰ ਨੂੰ ‘ਮੈਰੀ ਕ੍ਰਿਸਮਿਸ’ ਅਥਵਾ ਖ਼ੁਸ਼ੀਆਂ ਦੇ ਤਿਉਹਾਰ ਵਿਚ ਬਦਲ ਕੇ ਇਸ ਨੂੰ ਏਨੇ ਵੱਡੇ ਪੱਧਰ ’ਤੇ ਥੋੜ-ਚਿਰੀਆਂ ਅਥਵਾ ਦੁਨਿਆਵੀ ਖ਼ੁਸ਼ੀਆਂ ਦਾ ਤਿਉਹਾਰ ਬਣਾ ਦਿਤਾ ਕਿ ਲੋਕ ‘ਬੁਰੀਆਂ ਆਤਮਾਵਾਂ’ ਵਾਲੀ ਗੱਲ ਭੁਲਦੇ ਗਏ ਤੇ ਕ੍ਰਿਸਮਿਸ ਦੀਆਂ ਖ਼ੁਸ਼ੀਆਂ ਵਾਲੇ ਤਿਉਹਾਰ ਦੀਆਂ ਤਿਆਰੀਆਂ ਮਹੀਨਾ ਭਰ ਪਹਿਲਾਂ ਤੋਂ ਹੀ ਕਰਨ ਲੱਗ ਪਏ। ਹੁਣ ਬੁਰੀਆਂ ਆਤਮਾਵਾਂ ਦੀ ਗੱਲ ਤਾਂ ਭੁੱਲ ਭੁਲਾ ਚੁੱਕੇ ਹਾਂ ਤੇ ਕ੍ਰਿਸਮਿਸ ਦੀ ਖ਼ੁਸ਼ੀ ਦੀ ਗੱਲ, ਈਸਾਈਆਂ ਨੂੰ ਛੱਡ, ਗ਼ੈਰ ਈਸਾਈਆਂ ਨੂੰ ਵੀ, ਦੁਨੀਆਂ ਭਰ ਵਿਚ ਅਪਣੀ ਜਕੜ ਵਿਚ ਲੈ ਚੁੱਕੀ ਹੈ। ਤੁਸੀ ਖ਼ੁਸ਼ੀ ਮਨਾਉਗੇ ਤਾਂ ਸਾਰੀ ਦੁਨੀਆਂ ਦੇ ਲੋਕ, ਤੁਹਾਡੇ ਨਾਲ ਆ ਰਲਣਗੇ ਪਰ ਖ਼ੁਸ਼ੀਆਂ ਦੇ ਕਿਸੇ ਵੀ ਤਿਉਹਾਰ ਦੀ ਨਿਰੀ ਪੁਰੀ ਵਿਰੋਧਤਾ ਹੀ ਕਰਦੇ ਰਹੋਗੇ ਤਾਂ ਅਖ਼ੀਰ ਤੇ ਵੇਖੋਗੇ ਕਿ ਤੁਸੀ ਇਕੱਲੇ ਹੀ ਰਹਿ ਗਏ ਹੋ ਤੇ ਤੁਹਾਡੇ ਅਪਣੇ ਵੀ ਤੁਹਾਡੀ ਗੱਲ ਸੁਣਨੀ ਬੰਦ ਕਰ ਦੇਂਦੇ ਹਨ। ਜੇ ਚਾਹੁੰਦੇ ਹੋ ਕਿ ਉਹ ਅਪਣੀ ਪਹਿਲੀ ਖ਼ੁਸ਼ੀ ਵਿਰੁਧ ਤੁਹਾਡੀ ਗੱਲ ਸੁਣਨ ਤਾਂ ਤੁਹਾਨੂੰ ਇਕ ਬਦਲਵੀਂ ਖ਼ੁਸ਼ੀ ਉਨ੍ਹਾਂ ਨੂੰ ਜ਼ਰੂਰ ਦੇਣੀ ਪਵੇਗੀ---ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲੀ’ ਦੇ ਬਦਲ ਵਜੋਂ ‘ਹੋਲਾ’ ਦਿਤਾ ਸੀ।

ਇਹ ਵਖਰੀ ਗੱਲ ਹੈ ਕਿ ਸ਼ਕਤੀਸ਼ਾਲੀ ਨਿਹੰਗਾਂ ਨੇ ‘ਹੋਲੇ’ ਨੂੰ ਆਪ ਹੀ ਝੜੁੱਪ ਲਿਆ ਤੇ ਆਮ ਸਿੱਖਾਂ ਤਕ ਪਹੁੰਚਣ ਹੀ ਨਾ ਦਿਤਾ। ਹੁਣ ਨੌਜੁਆਨਾਂ ਵਲੋਂ ਕੁੱਝ ਕੋਸ਼ਿਸ਼ ਜ਼ਰੂਰ ਹੋ ਰਹੀ ਹੈ ਕਿ ‘ਹੋਲਾ’, ਮੁੜ ਤੋਂ ਸਾਰੇ ਲੋਕਾਂ ਦਾ ਤਿਉਹਾਰ ਬਣ ਜਾਏ। ਸੋ, ਦਰਬਾਰ ਸਾਹਿਬ ਵਿਚ ਇਕ ਦਿਨ ਥੋੜੀ ਜਹੀ ਆਤਿਸ਼ਬਾਜ਼ੀ ਕਰ ਲੈਣੀ ਜਾਇਜ਼ ਹੈ। ਹਾਂ ਬਿਲਕੁਲ ਜਾਇਜ਼ ਹੈ----ਬਸ਼ਰਤੇ ਕਿ ਉਸ ਦਿਨ ਸਾਰੇ ਅੰਮ੍ਰਿਤਸਰ ਵਿਚ, ਕਿਸੇ ਵੀ ਹੋਰ ਥਾਂ ਅਤੇ ਕਿਸੇ ਵੀ ਘਰ ਵਿਚ ਆਤਿਸ਼ਬਾਜ਼ੀ ਨਾ ਕੀਤੀ ਜਾਵੇ। ਜੇ ਅੰਮ੍ਰਿਤਸਰੀਆਂ ਨੇ ਘਰ ਘਰ ਵਿਚ ਵੀ ਆਤਿਸ਼ਬਾਜ਼ੀ ਚਲਾਈ ਜਾਣੀ ਜਾਰੀ ਰਖਣੀ ਹੈ ਤਾਂ ਫਿਰ ਦਰਬਾਰ ਸਾਹਿਬ ਵਿਚ ਆਤਿਸ਼ਬਾਜ਼ੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ।

ਮੈਨੂੰ ਨਹੀਂ ਪਤਾ, ਅੰਤ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ‘ਮਾਲਕ’ (ਇਸ ਦੇ ਲਾਈਫ਼, ਸਰਪ੍ਰਸਤ ਤੇ ਮੁੱਖ ਸਰਪ੍ਰਸਤ ਮੈਂਬਰ) ਕੀ ਫ਼ੈਸਲਾ ਕਰਦੇ ਹਨ ਪਰ ਜੇ ਮੇਰੀ ਗੱਲ ਉਨ੍ਹਾਂ ਨੇ ਸੁਣੀ ਤਾਂ ਸਾਲ ਵਿਚ ਇਕ ਦਿਨ ਉਥੇ ਏਨੀ ਜ਼ੋਰਦਾਰ ਆਤਿਸ਼ਬਾਜ਼ੀ ਕੀਤੀ ਜਾਣੀ ਚਾਹੀਦੀ ਹੈ ਕਿ ਦੂਰ ਦੂਰ ਤੋਂ  ਦੁਨੀਆਂ ਇਸ ਨੂੰ ਵੇਖਣ ਲਈ ਆਵੇ ਪਰ ਸ਼ਰਤ ਇਹ ਹੋਵੇ ਕਿ ਹੋਰ ਕਿਸੇ ਥਾਂ ਉਸ ਦਿਨ ਆਤਿਸ਼ਬਾਜ਼ੀ ਬਿਲਕੁਲ ਨਾ ਕੀਤੀ ਜਾਵੇ। ਹਾਂ, ਇਸ ਨਾਲ ਪ੍ਰਦੂਸ਼ਨ ਏਨਾ ਕੁ ਹੀ ਬਣੇਗਾ ਜਿੰਨਾ 100 ਚੁਲ੍ਹੇ ਜਾਂ 100 ਤੰਦੂਰ ਪੈਦਾ ਕਰਦੇ ਹਨ ਪਰ ਲੱਖਾਂ ਲੋਕਾਂ ਨੂੰ ਇਕ ਥਾਂ ਜੁੜ ਕੇ ਖ਼ੁਸ਼ੀ ਏਨੀ ਮਿਲੇਗੀ ਕਿ ਇਸ ਦੇ ਮੁਕਾਬਲੇ, ਪੈਦਾ ਹੁੰਦਾ ਪ੍ਰਦੂਸ਼ਣ ਬਿਲਕੁਲ ਨਿਗੂਣਾ ਜਿਹਾ ਲੱਗੇਗਾ ਤੇ ਗ਼ਰੀਬਾਂ, ਲੋੜਵੰਦਾਂ ਨੂੰ ਕਈ ਗੁਣਾਂ ਜ਼ਿਆਦਾ ਦਿਤਾ ਵੀ ਜਾ ਸਕੇਗਾ ਕਿਉਂਕਿ ਸਾਰਾ ਲਾਭ ਤਾਂ ਉਨ੍ਹਾਂ ਨੂੰ ਹੀ ਦਿਤਾ ਜਾਣਾ ਹੈ---ਹੋਰ ਕਿਸੇ ਨੂੰ ਨਹੀਂ। ਧਰਮ ਵਾਲੇ ਜਦ ਇਹੀ ਕਹਿੰਦੇ ਰਹਿੰਦੇ ਹਨ ਕਿ ਰਖੜੀ ਨਾ ਬੰਨ੍ਹੋ, ਹੋਲੀ ਨਾ ਖੇਡੋ, ਦੀਵਾਲੀ ਨਾ ਮਨਾਉ---ਪਰ ਬਦਲੇ ਵਿਚ ਥੋੜ੍ਹ-ਚਿਰੀ ਖ਼ੁਸ਼ੀ ਦਾ ਕੋਈ ਮੌਕਾ ਬਿਲਕੁਲ ਨਹੀਂ ਦੇਂਦੇ ਤਾਂ ਉਨ੍ਹਾਂ ਦੀ ਗੱਲ ਸੁਣੀ ਅਣਸੁਣੀ ਕਰ ਦਿਤੀ ਜਾਂਦੀ ਹੈ ਤੇ ਜਿੱਤ ਗ਼ਲਤ ਕਥਾਵਾਂ ਤੇ ਕਹਾਣੀਆਂ ਆਸਰੇ ਦਿਤੀ ਜਾ ਰਹੀ ਪੁਰਾਣੀ ਖ਼ੁਸ਼ੀ ਦੇਣ ਵਾਲਿਆਂ ਦੀ ਹੋ ਜਾਂਦੀ ਹੈ।

‘ਅਕਲੀਂ ਸਾਹਿਬ ਸੇਵੀਐ’ ਦਾ ਉਪਦੇਸ਼ ਦੇਣ ਵਾਲੇ ਬਾਬੇ ਨਾਨਕ ਦੇ ਸ਼ਰਧਾਲੂਆਂ ਨੇ ਅਗਰ ਪੁਰਾਤਨਤਾ ਤੇ ਰੂੜ੍ਹੀਵਾਦ ਨੂੰ ਜਿੱਤਣ ਨਹੀਂ ਦੇਣਾ ਤਾਂ ਉਨ੍ਹਾਂ ਨੂੰ ਲੋਕਾਂ ਕੋਲੋਂ ਛੋਟੀਆਂ ਛੋਟੀਆਂ ਖ਼ੁਸ਼ੀਆਂ ਖੋਂਹਦੇ ਰਹਿਣ ਦੀ ਬਜਾਏ, ਬਦਲ ਵਜੋਂ ਇਕ ਨਵੀਂ ਤੇ ਜ਼ਿਆਦਾ ਚਮਕਦਾਰ ਖ਼ੁਸ਼ੀ ਵੀ ਦੇਣੀ ਚਾਹੀਦੀ ਹੈ ਤੇ ਅਕਲ ਦੀ ਕਸੌਟੀ ’ਤੇ ਪਰਖ ਕੇ, ਪੁਰਾਣੀ ਗ਼ਲਤ ਪ੍ਰਥਾ ਨੂੰ ਨਿਰੇ ਪ੍ਰਚਾਰ ਰਾਹੀਂ ਲੋਕਾਂ ਦੇ ਜੀਵਨ ਵਿਚੋਂ ਕੱਢਣ ਦੀ ਕੋਸ਼ਿਸ਼ ਕਰਦੇ ਰਹਿਣ ਦੀ ਬਜਾਏ, ਉਸ ਦੇ ਬਦਲ ਵਜੋਂ ਵੱਡੀ ਖ਼ੁਸ਼ੀ ਦੀ ਨਵੀਂ ਨਕੋਰ ਤੇ ਵੱਡੀ ਲਕੀਰ ਖਿੱਚ ਦੇਣੀ ਚਾਹੀਦੀ ਹੈ---ਜਿਵੇਂ ਈਸਾਈਆਂ ਨੇ ਕਰ ਵਿਖਾਇਆ ਸੀ--ਪੁਰਾਣੀ ਤੇ ਛੋਟੀ ਲਕੀਰ ਆਪੇ ਮਿਟ ਜਾਏਗੀ। ਹਰ ਪੁਰਾਣੀ ਖ਼ੁਸ਼ੀ ਦੇ ਮਨਾਏ ਜਾਣ ਵਿਰੁਧ ਪ੍ਰਚਾਰ ਕਰਨਾ ਹੀ ਧਰਮ ਨਹੀਂ ਹੈ---ਨਵੀਂ ਤੇ ਬਿਹਤਰ ਖ਼ੁਸ਼ੀ ਦੇਣਾ, ਉਸ ਤੋਂ ਵੀ ਵੱਡਾ ਧਰਮ ਹੈ।        ਮਰਹੂਮ ਜੋਗਿੰਦਰ ਸਿੰਘ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement