
ਸਾਨੂੰ ਉਹ ਕੁੱਝ ਦਿਉ ਜਿਸ ਨਾਲ ਅਸੀ ਜੀਵਨ ਤਾਂ ਜਾਨਵਰਾਂ ਵਾਂਗ ਬਿਤਾਉਣ ਲਈ ਮਜਬੂਰ ਨਾ ਹੋਈਏ!
ਚੋਣਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਕਿਸੇ ਇਕ ਪਾਰਟੀ ਦੀ ਗੱਲ ਨਹੀਂ, ਸਾਰੀਆਂ ਪਾਰਟੀਆਂ ਦੇ ਨੇਤਾ ਆਪ ਮੁਫ਼ਤ ਬਿਜਲੀ, ਮੁਫ਼ਤ ਕੋਠੀ, ਮੁਫ਼ਤ ਫ਼ੋਨ, ਮੁਫ਼ਤ ਟਰਾਂਸਪੋਰਟ ਤੇ ਹੋਰ ਬਹੁਤ ਕੁੱਝ ਮੁਫ਼ਤ ਮਾਣਦੇ ਹੋਏ ਹੁਣ ਜਨਤਾ ਨੂੰ ਕਹਿ ਰਹੇ ਹਨ, ‘‘ਇਸ ਵਾਰ ਵੋਟ ਸਾਨੂੰ ਦੇ ਦਿਉ, ਜਿਹੜੀਆਂ ਮੁਫ਼ਤੀਆਂ ਅਸੀ ਮਾਣ ਰਹੇ ਹਾਂ, ਉਨ੍ਹਾਂ ’ਚੋਂ ਇਕ ਮੁਫ਼ਤੀ (ਬਿਜਲੀ) ਤੁਹਾਨੂੰ ਮੁਫ਼ਤ ਦੇ ਦਿਆਂਗੇ।’’ ਕਮਾਲ ਹੈ, ਮੁਫ਼ਤੀਆਂ ਛਕਣ ਵਾਲੇ ਹੀ ਅੱਜ ਚੋਣਾਂ ਵੇਲੇ ਮੁਫ਼ਤੀਆਂ ਵੰਡਣ ਵਾਲੇ ਦਾਨੀ ਮਹਾਂਪੁਰਸ਼ ਬਣਨ ਦੀ ਕੋਸ਼ਿਸ਼ ਕਰ ਰਹੇ ਹਨ!!
Electricity
ਅਜਕਲ ਜਿਧਰ ਵੀ ਵੇਖੋ, ਲੋਕ ਵੀ ਅਪਣੀਆਂ ਮੰਗਾਂ ਲੈ ਕੇ ਟੈਂਕੀਆਂ ਤੇ ਚੜ੍ਹੇ ਹੋਏ ਹਨ, ਧਰਨੇ ਮਾਰ ਰਹੇ ਹਨ, ਭੁੱਖ ਹੜਤਾਲਾਂ ਕਰ ਰਹੇ ਹਨ ਤੇ ਮੁਫ਼ਤੀਆਂ ਛਕਣ ਵਾਲੇ ਲੀਡਰ ਉਨ੍ਹਾਂ ਨੂੰ ਪੁਚਕਾਰਦੇ ਹੋਏ ਕਹਿ ਰਹੇ ਹੁੰਦੇ ਹਨ ਕਿ ‘‘ਫ਼ਿਕਰ ਕਿਉਂ ਕਰਦੇ ਹੋ, ਵੋਟਾਂ ਸਾਨੂੰ ਪਾ ਦੇਣਾ ਤੇ ਸਰਕਾਰ ਸਾਡੀ ਬਣਾ ਦੇਣਾ, ਫਿਰ ਤੁਹਾਨੂੰ ਕੋਈ ਚੀਜ਼ ਮੰਗਣ ਦੀ ਲੋੜ ਹੀ ਨਹੀਂ ਰਹਿ ਜਾਏਗੀ। ਹਰ ਚੀਜ਼ ਲੈ ਕੇ ਸਾਡੀ ਸਰਕਾਰ ਆਪ ਤੁਹਾਡੇ ਦੁਆਰ ਤੇ ਪੁੱਜੇਗੀ।’’
Manmohan Singh
ਤੁਹਾਡੇ ’ਚੋਂ ‘ਦੇਸ਼ ਧ੍ਰੋਹੀ’ ਬੜਬੋਲੇ ਲੋਕ ਖੜੇ ਹੋ ਕੇ ਕਹਿ ਦਿੰਦੇ ਹਨ ਕਿ ‘‘ਪਿਛਲੀ ਸਰਕਾਰ ਨੇ ਵੀ ਸਾਡੇ ਨਾਲ ਇਹੋ ਜਹੇ ਵਾਅਦੇ ਕਰ ਕੇ ਹੀ ਸਾਡੀਆਂ ਵੋਟਾਂ ਲੈ ਲਈਆਂ ਸਨ ਤੇ ਮੁੜ ਕੇ ਸਾਨੂੰ ਪੰਜ ਸਾਲ ਪੁਛਿਆ ਵੀ ਨਹੀਂ ਸੀ।’’ ਸਟੇਜ ਤੋਂ ਝੱਟ ਜਵਾਬ ਆ ਜਾਂਦਾ ਹੈ, ‘‘ਸਾਡੀ ਨੀਅਤ ਉਤੇ ਸ਼ੱਕ ਕਰਨ ਵਾਲੇ ਅਤੇ ਸਾਨੂੰ ਪਿਛਲੀ ਸਰਕਾਰ ਵਰਗੀ ਕਹਿਣ ਵਾਲੇ ਲੋਕਾਂ ਨੂੰ ਅਸੀ ਜਾਣਦੇ ਹਾਂ, ਉਹ ਲੋਕਾਂ ਵਿਚ ਸਾਡੇ ਵਿਰੁਧ ਭਰਮ ਪੈਦਾ ਕਰ ਕੇ ਮਾਹੌਲ ਨੂੰ ਵਿਗਾੜਨ ਲਈ ਇਹੋ ਜਹੀਆਂ ਗੱਲਾਂ ਕਰ ਰਹੇ ਹਨ ਜਦਕਿ ਹਰ ਕੋਈ ਜਾਣਦਾ ਹੈ ਕਿ ਪਿਛਲੀ ਸਰਕਾਰ ਤਾਂ ਚੋਰਾਂ, ਬਲੈਕੀਆਂ ਤੇ ਘਪਲੇਬਾਜ਼ਾਂ ਦੀ ਸਰਕਾਰ ਸੀ ਤੇ ਉਸ ਨਾਲ ਸਾਡੀ ਤੁਲਨਾ ਕਰਨਾ ਹੀ ਦੇਸ਼ ਨਾਲ ਧ੍ਰੋਹ ਕਮਾਣਾ ਹੈ।’’
Farmers Protest
ਵਿਚਾਰੇ ਕਿਸਾਨ ਵੀ ਜੰਗਲ ਬੀਆਬਾਨ ਵਰਗੀ ਥਾਂ ਤੇ ਬਨਵਾਸ ਭੋਗਦੇ ਹੋਏ ਡਾਹਢੇ ਨਿਰਾਸ਼ ਹੋ ਚੁਕੇ ਹਨ ਪਰ ਇਕ ਆਸ ਦੀ ਕਿਰਨ ਉਨ੍ਹਾਂ ਅੰਦਰ ਵੀ ਕਦ-ਕਦੇ ਜਾਗ ਪੈਂਦੀ ਹੈ ਕਿ ਮੋਦੀ ਦੀ ਪਾਰਟੀ ਯੂ.ਪੀ. ਵਿਚ ਹਾਰ ਗਈ ਤਾਂ ਸ਼ਾਇਦ ਸਾਡੇ ਪ੍ਰਤੀ ਉਸ ਦਾ ਰਵਈਆ ਕੁੱਝ ਸੁਧਰ ਹੀ ਜਾਏ ਤੇ ਜਾਂ ਫਿਰ 2024 ਦੀਆਂ ਪਾਰਲੀਮੈਂਟਰੀ ਚੋਣਾਂ ਵਿਚ ਹਾਰ ਹੁੰਦੀ ਵੇਖ ਕੇ ਕਿਸਾਨਾਂ ਨਾਲ ਧੱਕਾ ਕਰਨ ਤੋਂ ਬਾਜ਼ ਆ ਹੀ ਜਾਏ...। ਸੋ ਵਿਚਾਰੇ 2024 ਤਕ ਬਨਵਾਸ ਕੱਟਣ ਦੀਆਂ ਤਿਆਰੀਆਂ ਕਰਨ ਲੱਗ ਪੈਂਦੇ ਹਨ। ਅੰਦੋਲਨ ਤਾਂ ਮੈਂ ਵੀ ਬੜੇ ਵੇਖੇ ਹਨ ਪਰ ਏਨਾ ਸਬਰ, ਜ਼ਬਤ ਅਤੇ ਦ੍ਰਿੜ ਇਰਾਦੇ ਨਾਲ ਚਲਾਇਆ ਜਾ ਰਿਹਾ ਪੁਰ ਅਮਨ ਅੰਦੋਲਨ ਮੈਂ ਤਾਂ ਕੀ ਵੇਖਣਾ ਸੀ, ਦੁਨੀਆਂ ਵਿਚ ਵੀ ਕਿਸੇ ਨੇ ਨਹੀਂ ਵੇਖਿਆ ਹੋਣਾ। ਉਨ੍ਹਾਂ ਨੂੰ ਵੀ ਕਿਹਾ ਜਾ ਰਿਹਾ ਹੈ, ‘‘ਸਾਨੂੰ ਜਿਤਾ ਦਿਉ, ਤਿੰਨੇ ਕਾਨੂੰਨ ਰੱਦ ਕਰ ਦਿਆਂਗੇ।’’
Electricity
ਕਿਸਾਨ ਵੋਟਰੋ! ਵੱਡੀਆਂ-ਵੱਡੀਆਂ ‘ਮੁਫ਼ਤੀਆਂ’ ਦੇਣ ਦੇ ਵਾਅਦੇ ਕਰਨ ਵਾਲਿਆਂ ਨੂੰ ਇਕੋ ਗੱਲ ਹੀ ਆਖੋ, ‘‘ਯਾਰੋ ਮੁਫ਼ਤੀਆਂ ਅਸੀ ਤੁਹਾਨੂੰ ਦਿਤੀਆਂ ਹੀ ਹੋਈਆਂ ਨੇ, ਸਰਕਾਰੀ ਬੰਗਲੇ ਤੁਹਾਨੂੰ ਮਿਲੇ ਹੀ ਹੋਏ ਨੇ, ਉਥੇ ਜਿੰਨੀ ਮਰਜ਼ੀ ਬਿਜਲੀ ਬਾਲੋ। ਤੁਹਾਨੂੰ ਬਿਲਕੁਲ ਮੁਫ਼ਤ ਹੈ। ਬਿਲ ਖ਼ਜ਼ਾਨੇ ਵਿਚੋਂ ਭਰਿਆ ਜਾਏਗਾ ਤੇ ਖ਼ਜ਼ਾਨਾ ਸਾਡੇ ਵਲੋਂ ਦਿਤੇ ਟੈਕਸਾਂ ਦਾ ਹੀ ਤਾਂ ਦੂਜਾ ਨਾਂ ਹੈ। ਸੋ ਮੁਫ਼ਤੀਆਂ ਅੱਗੋਂ ਵੀ ਅਸੀ ਤੁਹਾਨੂੰ ਦੇਣੀਆਂ ਜਾਰੀ ਰੱਖਾਂਗੇ, ਤੁਸੀ ਸਾਡੀ ਫ਼ਿਕਰ ਨਾ ਕਰੋ। ਤੁਸੀ ਬਸ ਏਨਾ ਕੁ ਵਾਅਦਾ ਤਾਂ ਕਰ ਦਿਉ ਕਿ ਕਿਸੇ ਭਾਰਤ-ਵਾਸੀ ਦੀ ਘੱਟੋ ਘੱਟ ਆਮਦਨ, ਸਰਕਾਰੀ ਚਪੜਾਸੀ ਦੀ ਤਨਖ਼ਾਹ (ਆਮਦਨ) ਨਾਲੋਂ ਘੱਟ ਨਹੀਂ ਹੋਵੇਗੀ।
Labor
ਸਾਡੀ ਖੇਤੀ ਆਮਦਨ 20 ਹਜ਼ਾਰ ਮਹੀਨਾ ਕਰ ਦਿਉ, ਅਸੀ ਬਿਜਲੀ ਅਪਣੇ ਪੈਸਿਆਂ ਨਾਲ ਲੈ ਲਵਾਂਗੇ। ਇਸ ਵੇਲੇ ਪੰਜਾਬ ਦੇ ਕਿਸਾਨ ਦੀ ਮਾਸਕ ਆਮਦਨ, ਸਰਕਾਰੀ ਅੰਕੜਿਆਂ ਮੁਤਾਬਕ 4500 ਰੁਪਏ ਮਹੀਨਾ ਬਣਦੀ ਹੈ ਜਦਕਿ ਇਕ ਚਪੜਾਸੀ ਵੀ 15 ਹਜ਼ਾਰ ਤੋਂ ਘੱਟ ਤਨਖ਼ਾਹ ਨਹੀਂ ਲੈਂਦਾ। ਤੁਸੀ ਹਰ ਕਿਸਾਨ ਤੇ ਮਜ਼ਦੂਰ ਦੀ ਆਮਦਨ 20 ਹਜ਼ਾਰ ਰੁਪਏ ਮਹੀਨਾ ਕਰਨ ਦਾ ਐਲਾਨ ਕਰ ਦਿਉ। ਅਪਣੀ ਬਿਜਲੀ ਦਾ ਬਿਲ ਉਹ ਆਪੇ ਦੇ ਲਵੇਗਾ ਤੇ ਸਾਰੇ ਗ਼ਰੀਬ ਵਜ਼ੀਰਾਂ ਨੂੰ ਮੁਫ਼ਤ ਬਿਜਲੀ ਦੇ ਨਾਲ-ਨਾਲ 5 ਕਿਲੋ ਕਣਕ, ਚਾਵਲ ਤੇ ਦਾਲਾਂ ਵੀ ਮੁਫ਼ਤ ਦੇਂਦਾ ਰਹੇਗਾ। ਇਸੇ ਤਰ੍ਹਾਂ ਇਹ ਵਾਅਦਾ ਵੀ ਕਰੋ ਕਿ ਇਕ ਲੱਖ ਤੋਂ ਘੱਟ ਆਮਦਨ ਵਾਲੇ ਕਰਮਚਾਰੀਆਂ ਦੀ ਆਮਦਨ ਪੰਜ ਸਾਲਾਂ ਵਿਚ ਦੁਗਣੀ ਕਰ ਦਿਉਗੇ। ਤੁਹਾਡੀ ਇਨਕਮ ਟੈਕਸ ਦੀ ਉਗਰਾਹੀ ਵੀ ਆਪੇ ਦੁਗਣੀ ਹੋ ਜਾਏਗੀ। ਹੈ ਮਨਜ਼ੂਰ?