Nijji Diary De Panne ਪਹਿਲੀ ਮਈ ਨੂੰ ਮੈਂ ਉਮਰ ਦੇ 83 ਸਾਲ ਪੂਰੇ ਕਰ ਕੇ, ਹੁਣ 84ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹਾਂ। ਇਸ ਉਮਰ ਵਿਚ ਹੱਡੀਆਂ ਤੇ ਪੱਠੇ ਬਹੁਤਾ ਕੰਮ ਨਹੀਂ ਕਰਨ ਦੇਂਦੇ
Ucha Dar babe nanak da Nijji Diary De Panne joginder singh spokesman today :ਪਿਛਲੇ ਐਤਵਾਰ ਦੀ ਡਾਇਰੀ ਵਿਚ ਮੈਂ ਉਨ੍ਹਾਂ 11 ਵੱਡੇ ਕੰਮਾਂ ਦਾ ਵੇਰਵਾ ਦਿਤਾ ਸੀ ਜੋ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਮੈਂਬਰਾਂ ਤੇ ਟਰੱਸਟੀਆਂ ਨੇ ਕਰਨੇ ਹਨ। ਪਹਿਲੀ ਮਈ ਨੂੰ ਮੈਂ ਉਮਰ ਦੇ 83 ਸਾਲ ਪੂਰੇ ਕਰ ਕੇ, ਹੁਣ 84ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹਾਂ। ਇਸ ਉਮਰ ਵਿਚ ਹੱਡੀਆਂ ਤੇ ਪੱਠੇ ਬਹੁਤਾ ਕੰਮ ਨਹੀਂ ਕਰਨ ਦੇਂਦੇ ਤੇ ਥੋੜਾ ਕੰਮ ਕਰ ਕੇ ਹੀ ਥੱਕ ਜਾਂਦੇ ਹਨ। ਜਿਵੇਂ ਅਸੀ ਸੋਚਿਆ ਸੀ, ਜੇ ਪਹਿਲੇ 4-5 ਸਾਲ ਵਿਚ ਹੀ ‘ਉੱਚਾ ਦਰ’ ਬਣ ਜਾਂਦਾ ਤਾਂ ਮੈਂ ਤੁਹਾਡੇ ਹੱਥੋਂ ਹੀ ਹੁਣ ਤਕ ਕਈ ‘ਚਮਤਕਾਰ’ ਕਰਵਾ ਦੇਣੇ ਸਨ ਪਰ ਜਿਥੇ ਸਾਡੇ ਵਿਰੋਧੀ ‘ਉੱਚਾ ਦਰ’ ਨੂੰ ਜਲਦੀ ਬਣਨੋਂ ਰੋਕਣ ਵਿਚ ਕਾਮਯਾਬ ਹੋ ਗਏ, ਉਥੇ ਸਾਡੇ ਹਮਾਇਤੀ ਵੀ ਇਸ ਦੇਰੀ ਲਈ ਘੱਟ ਜ਼ਿੰਮੇਵਾਰ ਨਹੀਂ। ਵਿਰੋਧੀਆਂ ਨੇ ਘਰ ਘਰ ‘ਬੇਨਾਮੀ’ ਚਿੱਠੀਆਂ ਭੇਜ ਕੇ ਇਹ ਗੱਪ ਉਡਾ ਦਿਤੀ ਕਿ ਇਨ੍ਹਾਂ ਨੇ ਉੱਚਾ ਦਰ ਬਣਾਉਣਾ ਕੋਈ ਨਹੀਂ ਤੇ ਤੁਹਾਡੇ ਪੈਸੇ ਲੈ ਕੇ ਵਿਦੇਸ਼ ਚਲੇ ਜਾਣਾ ਹੈ, ਇਸ ਲਈ ਇਨ੍ਹਾਂ ਨੂੰ ਹੋਰ ਪੈਸੇ ਨਾ ਦਿਉ ਤੇ ਪਿਛਲੇ ਵੀ ਵਾਪਸ ਮੰਗ ਲਉ।
ਜੇ ਸਾਡੇ ਹਮਾਇਤੀ ਇਸ ਗੱਪ ਉਤੇ ਵਿਸ਼ਵਾਸ ਨਾ ਕਰਦੇ ਤਾਂ ‘ਉੱਚਾ ਦਰ’ 5-6 ਸਾਲ ਪਹਿਲਾਂ ਬਣ ਜਾਣਾ ਸੀ ਤੇ ਹੁਣ ਤਕ ਇਸ ਨੇ ਕਈ ‘ਚਮਤਕਾਰ’ ਕਰ ਵਿਖਾਉਣੇ ਸਨ। ਪਰ ਚਲੋ ਉਹ ਤਾਂ ਹੁਣ ਬੀਤੇ ਦੀ ਗੱਲ ਬਣ ਗਈ ਹੈ। ਹੁਣ ਤਾਂ ਜਵਾਬ ਇਸ ਗੱਲ ਦਾ ਦੇਣਾ ਹੈ ਕਿ ਕਰੋੜਾਂ ਦੀ ਲਾਗਤ ਵਾਲੇ ਕੰਮ ਜੇ ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਨੇ ਕਰਨੇ ਹਨ ਤਾਂ ਇਹ ਕਰੋੜਾਂ ਆਉਣਗੇ ਕਿਥੋਂ? ਬਿਲਡਿੰਗ ਤਾਂ ਬਣ ਗਈ ਹੈ ਤੇ ਉਸ ਵਿਚ ਵਿਖਾਈਆਂ ਜਾਣ ਵਾਲੀਆਂ ਬੇਸ਼ਕੀਮਤੀ ਵਸਤਾਂ (ਫ਼ਿਲਮਾਂ, ਉਦਾਸੀਆਂ, ਨਨਕਾਣਾ ਬਾਜ਼ਾਰ, ਭਾਈ ਲਾਲੋ ਦੀ ਬਗ਼ੀਚੀ, ਨਾਨਕੀ ਸਰਾਵਾਂ, ਫੁਹਾਰੇ, ਖਾਣ ਪੀਣ ਲਈ ਰਸੋਈ, ਵਿਦੇਸ਼ੀ ਕੋਨਾ, ਬਾਬੇ ਨਾਨਕ ਦੀ ਬੈਠਕ ਤੇ ਘਰੇਲੂ ਖੇਡਾਂ ਸਮੇਤ ਬਹੁਤ ਕੁੱਝ) ਪਰ ਨਾਨਕੀ ਇਨਕਲਾਬ ਕੇਵਲ ਇਨ੍ਹਾਂ ਚੀਜ਼ਾਂ ਨਾਲ ਹੀ ਤਾਂ ਨਹੀਂ ਆ ਜਾਣਾ, ਇਹ ਸਾਰੇ ਪ੍ਰੋਗਰਾਮ ਤਾਂ ਲੋਕਾਂ ਦੇ ਕਪਾਟ ਹੀ ਖੋਲ੍ਹਣਗੇ ਜਿਹੜੇ ਪੁਜਾਰੀਵਾਦ ਤੇ ਬਾਬਾਵਾਦ ਨੇ ਬੰਦ ਕੀਤੇ ਹੋਏ ਹਨ। ਤੁਹਾਨੂੰ 11 ਵੱਡੇ ਪ੍ਰੋਗਰਾਮ ਵੀ ਚਾਲੂ ਕਰਨੇ ਹੀ ਪੈਣਗੇ ਜਿਨ੍ਹਾਂ ਉਤੇ ਕਰੋੜਾਂ ਤੇ ਅਰਬਾਂ ਰੁਪਏ ਲੱਗ ਜਾਣਗੇ।
ਤੁਹਾਡੇ ਕੋਲ ਗੋਲਕ ਨਹੀਂ, ਤੁਹਾਡੇ ਕੋਲ ਦੁਨੀਆਂ ਨੂੰ ਮੂਰਖ ਬਣਾ ਕੇ ਲੁੱਟਣ ਵਾਲੇ ‘ਚਮਤਕਾਰੀ ਜੁਮਲੇ’ ਨਹੀਂ ਤੇ ਸਿੱਖਾਂ ਨੂੰ ਚੰਗੇ ਕੰਮਾਂ ਲਈ ਵੱਡਾ ਪੈਸਾ ਦੇਣ ਦੀ ਆਦਤ ਵੀ ਨਹੀਂ। ਤੁਸੀ ਬੜੇ ਜੋਸ਼ ਨਾਲ ਖ਼ਾਲਸਾ ਸਕੂਲ ਤੇ ਕਾਲਜ ਖੋਲ੍ਹੇ। ਇਹ ਸੰਸਥਾਵਾਂ ਬਣਨ ਤੋਂ ਬਾਅਦ ਵੀ ਪੈਸਾ ਮੰਗਦੀਆਂ ਹਨ ਤੇ ਸਿੱਖਾਂ ਦਾ ਜੋਸ਼ ਬਹੁਤੀ ਦੇਰ ਕਾਇਮ ਨਹੀਂ ਰਹਿੰਦਾ। ਉਹ ਸ਼ਰਾਬ ਉਤੇ ਦੂਜੀਆਂ ਸਾਰੀਆਂ ਕੌਮਾਂ ਨਾਲੋਂ ਵੱਧ ਖ਼ਰਚ ਕਰਦੇ ਹਨ ਤੇ ਢੋਂਗੀ ਬਾਬਿਆਂ ਨੂੰ ਹਰ ਸਾਲ ਅਰਬਾਂ ਰੁਪਏ ਦੇ ਦੇਂਦੇ ਹਨ ਪਰ ਨਾਨਕੀ ਇਨਕਲਾਬ ਅਥਵਾ ਅਸਲ ਸਿੱਖੀ ਲਈ ਪੈਸਾ ਮੰਗ ਲਵੋ ਤਾਂ ਪਹਿਲਾ ਸਵਾਲ ਹੁੰਦਾ ਹੈ, ‘‘ਬਦਲੇ ਵਿਚ ਮੈਨੂੰ ਕੀ ਮਿਲੇਗਾ?’’ ਨਿਸ਼ਕਾਮ ਸੇਵਾ ਦੀ ਗੱਲ ਹੀ ਸਿੱਖਾਂ ਲਈ ਓਪਰੀ ਬਣ ਗਈ ਹੈ ਸ਼ਾਇਦ! ਸੋ ਖ਼ਾਲਸਾ ਸਕੂਲਾਂ ਤੇ ਕਾਲਜਾਂ ਦੇ ਪ੍ਰਬੰਧਕ ਸਰਕਾਰ ਨੂੰ ਲਿਖ ਕੇ ਦੇ ਰਹੇ ਹਨ ਕਿ ਉਨ੍ਹਾਂ ਦੇ ਸਕੂਲ, ਕਾਲਜ ਸਰਕਾਰ ਸੰਭਾਲ ਲਵੇ ਕਿਉਂਕਿ ਖ਼ਰਚੇ ਦਾ ਪ੍ਰਬੰਧ ਉਨ੍ਹਾਂ ਕੋਲੋਂ ਨਹੀਂ ਹੋ ਰਿਹਾ।
ਇਸੇ ਲਈ, ‘ਉੱਚਾ ਦਰ’ ਦਾ ਵਿਚਾਰ ਦੇਣ ਤੋਂ ਪਹਿਲਾਂ ਹੀ ਮੈਂ ਦੋ ਵਾਰ ਅਮਰੀਕਾ ਤੇ ਇੰਗਲੈਂਡ ਜਾ ਕੇ ਮਿਊਜ਼ੀਅਮਾਂ (ਅਜਾਇਬ ਘਰਾਂ) ਦੇ ਮਾਹਰਾਂ ਨਾਲ ਸਲਾਹ ਕੀਤੀ ਕਿ ਸਾਡੀਆਂ ਮਾੜੀਆਂ ਆਦਤਾਂ ਦੇ ਹੁੰਦਿਆਂ ਵੀ ਅਸੀ ਕੀ ਕਰੀਏ ਜਿਸ ਨਾਲ ‘ਉੱਚਾ ਦਰ’ ਨੂੰ ਮਦਦ ਲਈ ਕਿਸੇ ਵਲ ਨਾ ਵੇਖਣਾ ਪਵੇ? ਲੰਮੀ ਚੌੜੀ ਚਰਚਾ ਤੋਂ ਬਾਅਦ ਸੱਭ ਦਾ ਇਹੀ ਵਿਚਾਰ ਬਣਿਆ ਸੀ ਕਿ ‘ਉੱਚਾ ਦਰ’ ਦੇ 10 ਹਜ਼ਾਰ ਮੈਂਬਰ ਬਣਾ ਲਏ ਜਾਣ ਤੇ ਉਹ ਪੈਸਾ ਬੈਂਕ ਵਿਚ ਰੱਖ ਦਿਤਾ ਜਾਵੇ ਤਾਂ ਉਸ ਦੇ ਵਿਆਜ ਨਾਲ ‘ਉੱਚਾ ਦਰ’ ਦੇ ਸਾਰੇ ਕੰਮ ਅਪਣੇ ਆਪ ਹੋ ਜਾਣਗੇ ਤੇ 100 ਸਾਲ ਤਕ ਕੋਈ ਸਮੱਸਿਆ ਨਹੀਂ ਆਵੇਗੀ। ਅੱਜ ਵੀ ਗੱਲ ਉਥੋਂ ਹੀ ਸ਼ੁਰੂ ਕਰਨੀ ਪਵੇਗੀ। ਉਦੋਂ ਡੇਢ ਦੋ ਕੁ ਹਜ਼ਾਰ ਮੈਂਬਰ ਖ਼ੁਸ਼ੀ ਖ਼ੁਸ਼ੀ ਬਣੇ ਹੀ ਸਨ ਕਿ ਵਿਰੋਧੀਆਂ ਨੇ ਉੱਚਾ ਦਰ ਵਿਰੁਧ ਅੰਨ੍ਹਾ ਪ੍ਰਚਾਰ ਸ਼ੁਰੂ ਕਰ ਦਿਤਾ ਕਿ ਇਹ ਤਾਂ ਬਣਨਾ ਹੀ ਕੋਈ ਨਹੀਂ, ਇਨ੍ਹਾਂ ਨੇ ਤੁਹਾਡੇ ਪੈਸੇ ਲੈ ਕੇ ਵਿਦੇਸ਼ ਭੱਜ ਜਾਣਾ ਹੈ। ਸਾਡੇ ਅਪਣਿਆਂ ਨੂੰ ਵੀ ਡਰ ਲੱਗਣ ਲੱਗ ਪਿਆ। ਫਿਰ ਵੀ ਅਸੀ ਹਿੰਮਤ ਨਾ ਛੱਡੀ ਤੇ ਕਈ ਰਿਆਇਤਾਂ ਦੇ ਕੇ ਹਜ਼ਾਰ ਕੁ ਮੈਂਬਰ ਹੋਰ ਬਣਾ ਲਏ ਪਰ ਲਹਿਰ ਨਾ ਬਣ ਸਕੀ ਤੇ ਪੈਸੇ ਵੀ ਅੱਧੇ ਹੀ ਮਿਲੇ।
ਹੁਣ ਕਰੋੜਾਂ ਦੀ ਇਮਾਰਤ ਬਣ ਚੁੱਕੀ ਹੈ। ਮੈਂਬਰ ਹੀ ਇਸ ਦੇ ਮਾਲਕ ਹਨ। ਹੁਣ ਤਾਂ ਝੂਠ ਬੋਲ ਕੇ, ਕੋਈ ਵੀ ਤੁਹਾਨੂੰ ਨਹੀਂ ਡਰਾ ਸਕਦਾ। ਅਸੀ ਬਿਲਡਿੰਗ ਬਣਾ ਕੇ ਹੀ ਸੰਤੁਸ਼ਟ ਨਹੀਂ ਹੋ ਜਾਣਾ ਤੇ ਨਾਨਕੀ ਇਨਕਲਾਬ (ਸਮੁੱਚੀ ਮਾਨਵਤਾ ਦੇ ਭਲੇ ਲਈ) ਸਾਰੇ ਸੰਸਾਰ ਵਿਚ ਲਿਆਉਣ ਦੀ ਅਪਣੀ ਸਹੁੰ ਨੂੰ ਸੱਚ ਕਰ ਕੇ ਵਿਖਾਣਾ ਹੈ। ਜੇ ਅਜੇ ਵੀ ਉੱਚਾ ਦਰ ਦੇ ਪੱਕੇ ਸਮਰਥਕਾਂ ਨੇ, ਪੈਸੇ ਦੇਣ ਦੀ ਗੱਲ ਸ਼ੁਰੂ ਕਰਨ ਤੇ, ਪਹਿਲਾਂ ਵਾਲਾ ਰਵਈਆ ਹੀ ਧਾਰਨ ਕੀਤਾ ਤਾਂ ਅਸੀ ਕੁੱਝ ਨਹੀਂ ਕਰ ਸਕਾਂਗੇ। ਅੱਗੇ ਜਦੋਂ ਪਾਠਕਾਂ ਨੇ ਪੈਸੇ ਵਲੋਂ ਹੱਥ ਘੁੱਟ ਲਿਆ ਸੀ ਤਾਂ ਉਦੋਂ ਅਸੀ ਸਿਹਤ ਵਲੋਂ ‘ਜਵਾਨ’ ਹੀ ਸੀ, ਇਸ ਲਈ ਮੈਂ, ਮੇਰੀ ਪਤਨੀ ਤੇ ਮੇਰੀਆਂ ਬੇਟੀਆਂ ਨੇ ਫ਼ੈਸਲਾ ਕਰ ਲਿਆ ਕਿ ‘ਸਪੋਕਸਮੈਨ’ ਭਾਵੇਂ ਬੰਦ ਕਰਨਾ ਪੈ ਜਾਵੇ ਪਰ ‘ਉੱਚਾ ਦਰ’ ਦਾ ਕੰਮ ਬੰਦ ਨਹੀਂ ਹੋਣ ਦੇਣਾ। ਅਸੀ ਸਪੋਕਸਮੈਨ ਦੀ ਸਾਰੀ ਆਮਦਨ ‘ਉੱਚਾ ਦਰ’ ਵਲ ਭੇਜ ਦੇਂਦੇ ਰਹੇ। ਇਸ ਨਾਲ ‘ਸਪੋਕਸਮੈਨ’ ਕਮਜ਼ੋਰ ਪੈਂਦਾ ਗਿਆ ਪਰ ਉੱਚਾ ਦਰ ਤਾਂ ਹੋਂਦ ਵਿਚ ਆ ਹੀ ਗਿਆ।
ਇਕ ਵੇਲੇ ਜਦ ਪਾਠਕਾਂ ਨੇ ਪੈਸੇ ਮੰਗਣ ਦਾ ਦਬਾਅ ਵਧਾ ਦਿਤਾ ਤਾਂ ਅਸੀ ਅਖ਼ਬਾਰ ਦੀ ਬਿਲਡਿੰਗ ਗਿਰਵੀ ਰੱਖ ਕੇ ਵੀ, ਕਾਹਲੇ ਪਏ ਪਾਠਕਾਂ ਦੀ ਮੰਗ ਪੂਰੀ ਕਰ ਦਿਤੀ ਸੀ। ਹੁਣ 83-84 ਸਾਲ ਦੀ ਉਮਰ ਵਿਚ ਅਸੀ ਦੋਵੇਂ ਚਾਹ ਕੇ ਵੀ ਕੁੱਝ ਨਹੀਂ ਕਰ ਸਕਾਂਗੇ। ਤੁਹਾਨੂੰ ਸੱਭ ਨੂੰ ਆਪ ਚੁਨੌਤੀ ਕਬੂਲ ਕਰਨੀ ਪਵੇਗੀ ਤੇ ਦਸਣਾ ਪਵੇਗਾ ਕਿ ਬਾਬੇ ਨਾਨਕ ਦੇ ਸੱਚੇ ਸਿੱਖ ਅਪਣਾ ਫ਼ਰਜ਼ ਪਛਾਣਦੇ ਹਨ। ਤੁਹਾਨੂੰ ਨਾਨਕੀ ਇਨਕਲਾਬ ਲਿਆਉਣ ਦੇ ਵਿਚਾਰ ਨਾਲ ਦਿਲੋਂ ਮਨੋਂ ਪ੍ਰਣਾਏ 200-300 ਭਲੇ ਪੁਰਸ਼ਾਂ ਦੀ ਲੋੜ ਹੈ ਜੋ ਸਹੁੰ ਖਾ ਕੇ ਕਹਿ ਦੇਣ ਕਿ ‘‘ਅਸੀ 10-ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਤਿਨ ਮਹੀਨੇ ਵਿਚ ਸਰ ਕਰ ਵਿਖਾਵਾਂਗੇ।’’ ਪਰ ਇਹ ਨਿਸ਼ਕਾਮ ਲੋਕ ਹੋਣੇ ਚਾਹੀਦੇ ਹਨ, ਗੱਲਾਂ ਦਾ ਕੜਾਹ ਪ੍ਰਸ਼ਾਦ ਬਣਾ ਕੇ ਖਵਾਉਣ ਵਾਲੇ ਨਹੀਂ ਤੇ ਜਿਨ੍ਹਾਂ ਦੇ ਮੂੰਹ ’ਚੋਂ ਇਹ ਸਵਾਲ ਕਦੇ ਨਾ ਨਿਕਲੇ ਕਿ, ‘‘ਬਦਲੇ ਵਿਚ ਮੈਨੂੰ ਕੀ ਮਿਲੇਗਾ?’’
ਉੱਚਾ ਦਰ ਕੁਰਬਾਨੀ ਕਰਨ ਵਾਲਿਆਂ ਤੇ ਅਪਣੇ ਲਈ ਕੁੱਝ ਨਾ ਮੰਗਣ ਵਾਲੇ ਗ਼ਰੀਬਾਂ ਤੇ ਹੱਕ ਦੀ ਕਮਾਈ ਖਾਣ ਵਾਲਿਆਂ ਦਾ ਬਣਾਇਆ ਅਜੂਬਾ ਹੈ ਤੇ ਇਥੇ ਮਾਇਆ ਦੇ ਲਾਲਚੀ ਲੋਕਾਂ ਲਈ ਕੋਈ ਥਾਂ ਨਹੀਂ। ਜੇ ਕੋਈ ਫਿਰ ਵੀ ਮੈਨੂੰ ਪੁੱਛੇਗਾ ਕਿ ‘‘ਬਦਲੇ ਵਿਚ ਮੈਨੂੰ ਕੀ ਮਿਲੇਗਾ?’’ ਤਾਂ ਮੇਰਾ ਜਵਾਬ ਹੋਵੇਗਾ ਕਿ, ‘‘ਉਹੀ ਕੁੱਝ ਮਿਲੇਗਾ ਜੋ ਮੈਨੂੰ ਮਿਲਿਆ ਹੈ ਅਰਥਾਤ ਉੱਚਾ ਦਰ ਦੇ ਖਾਤੇ ’ਚੋਂ ਕਦੇ ਇਕ ਕੱਪ ਚਾਹ ਦਾ ਵੀ ਨਹੀਂ ਲਿਆ, ਕਿਰਾਏ ਦੇ ਮਕਾਨ ਤੋਂ ਅੱਗੇ ਕਦੇ ਕੁੱਝ ਸੋਚ ਵੀ ਨਹੀਂ ਸਕਿਆ ਪਰ ਵਿਰੋਧੀਆਂ ਨੇ ਕੋਈ ਇਲਜ਼ਾਮ ਅਜਿਹਾ ਨਹੀਂ ਛਡਿਆ ਜਿਸ ਨਾਲ ਮੈਨੂੰ ਨਾ ਨਿਵਾਜਿਆ ਹੋਵੇ ਤੇ ਮੈਨੂੰ ਸੈਂਕੜੇ ਕਰੋੜ ਇਕੱਠੇ ਕਰਨ ਵਾਲਾ ਬੰਦਾ ਨਾ ਆਖਿਆ ਹੋਵੇ। 84 ਸਾਲ ਦੀ ਉਮਰ ਵਿਚ ਵੀ ਮੇਰਾ ਬੈਂਕ ਖ਼ਾਲੀ ਹੈ ਤੇ ਕੋਈ ਜ਼ਮੀਨ ਜਾਇਦਾਦ ਨਹੀਂ ਬਣਾਈ ਪਰ ਏਨੇ ਵੱਡੇ ਸੱਚ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ। ਹਾਂ ਪਰ ਸੱਚਾ ਰੱਬ ਸਦਾ ਤੁਹਾਡੇ ਅੰਗ-ਸੰਗ ਜ਼ਰੂਰ ਰਹਿੰਦਾ ਹੈ ਤੇ ਔਕੜਾਂ ਸਾਹਮਣੇ ਤੁਹਾਨੂੰ ਢਹਿਣ ਨਹੀਂ ਦੇਂਦਾ ਵਰਨਾ ਸਾਡੇ ਗ਼ਰੀਬਾਂ ਲਈ ਏਨਾ ਵੱਡਾ ਅਜੂਬਾ ਉਸਾਰਨਾ ਜਾਂ ਉਸ ਬਾਰੇ ਸੋਚਣਾ ਵੀ ਸੰਭਵ ਨਹੀਂ ਸੀ ਹੋਣਾ। ਜੋਗਿੰਦਰ ਸਿੰਘ