ਬਾਬੇ ਨਾਨਕ ਦੀ ਨਿਮਰਤਾ ਤੇ ਮਿਠਾਸ ਤੋਂ ਸਾਡੀ ਪੁਜਾਰੀ ਸ਼਼੍ਰੇਣੀ ਵਿਰਵੀ ਕਿਉਂ ਹੁੰਦੀ ਜਾ ਰਹੀ ਹੈ?
Published : May 7, 2023, 7:07 am IST
Updated : May 7, 2023, 9:08 am IST
SHARE ARTICLE
photo
photo

ਜੇ ਅੱਜ ਸਿੱਖ ਵੀ ਚੁੱਪ ਰਹੇ ਤਾਂ ਪੁਜਾਰੀਵਾਦ ਸਿੱਖੀ ਨੂੰ ਨਵੇਂ ਯੁਗ ਦਾ ਧਰਮ ਨਹੀਂ ਰਹਿਣ ਦੇਵੇਗਾ।

 

ਮੈਂ ਉਦੋਂ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਜਦ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲੱਗੇ ਦੋ ਨਿਸ਼ਾਨ ਸਾਹਿਬ ਵੇਖ ਕੇ ਮੇਰੇ ਮਨ ਵਿਚ ਉਤਸੁਕਤਾ ਪੈਦਾ ਹੋਈ ਕਿ ਪੁੱਛਾਂ, ਸਾਰੇ ਗੁਰਦਵਾਰਿਆਂ ਵਿਚ ਇਕ ਨਿਸ਼ਾਨ ਸਾਹਿਬ ਹੀ ਲਹਿਰਾਉਂਦਾ ਵੇਖਿਆ ਹੈ, ਇਥੇ ਦੋ ਕਿਉਂ ਨੇ? ਮੈਂ ਭੋਲੇ ਭਾਅ ਇਹੀ ਸਵਾਲ ਉਥੇ ਖੜੇ ਬਰਛਾਧਾਰੀ ਸਿੰਘ ਸਾਹਿਬ ਨੂੰ ਪੁਛ ਲਿਆ ਜੋ ਕੇਸਰੀ ਬਾਣੇ ਵਿਚ ਬੜੇ ਪ੍ਰਭਾਵਸ਼ਾਲੀ ਲੱਗ ਰਹੇ ਸਨ। ਉਨ੍ਹਾਂ ਨੇ ਝੱਟ ਉੱਤਰ ਦਿਤਾ, ‘‘ਤੇਰੇ ਢਿਡ ਵਿਚ ਪੀੜ ਹੁੰਦੀ ਏ ਦੋ ਨਿਸ਼ਾਨ ਸਾਹਿਬ ਵੇਖ ਕੇ?’’ ਮੈਂ ਬੜਾ ਅਪਮਾਨਤ ਮਹਿਸੂਸ ਕੀਤਾ ਤੇ ਚੁਪਚਾਪ, ਪ੍ਰਕਰਮਾ ਕੀਤੇ ਬਿਨਾ, ਬਾਹਰ ਚਲਾ ਆਇਆ।

ਕੁੱਝ ਸਾਲ ਪਹਿਲਾਂ ਜੰਮੂ ਦੇ ਇਕ ਸੱਜਣ ਨੇ ਮੈਨੂੰ ਦਸਿਆ ਕਿ ਉਹ ਪ੍ਰਵਾਰ ਸਮੇਤ ਦਰਬਾਰ ਸਾਹਿਬ ਗਏ ਤਾਂ ਨਾ ਉਨ੍ਹਾਂ ਨੂੰ ਠਹਿਰਨ ਲਈ ਕਮਰਾ ਦਿਤਾ ਗਿਆ, ਨਾ ਸਿੱਧੇ ਮੂੰਹ ਕੋਈ ਗੱਲ ਹੀ ਕਰਨ ਵਾਲਾ ਮਿਲਿਆ। ਉਥੇ ਮੌਜੂਦ ਕਿਸੇ ਦੂਜੇ ਸੱਜਣ ਨੇ ਉਨ੍ਹਾਂ ਨੂੰ ਦਸਿਆ ਕਿ ਜੇ ਪ੍ਰਵਾਰ ਨੂੰ ਖੱਜਲ ਖੁਆਰੀ ਤੋਂ ਬਚਾਣਾ ਹੈ ਤਾਂ ਬਿਆਸ ਵਾਲੇ ਡੇਰੇ ’ਤੇ ਚਲੇ ਜਾਉ। ਉਸ ਸੱਜਣ ਦੀ ਗੱਲ ਮੰਨ ਕੇ ਉਹ ਬਿਆਸ ਵਾਲੇ ਡੇਰੇ ’ਤੇ ਚਲੇ ਗਏ ਜਿਥੇ ਉਨ੍ਹਾਂ ਨੂੰ ਰਿਹਾਇਸ਼ ਲਈ ਕਮਰਾ ਵੀ ਤੁਰਤ ਮਿਲ ਗਿਆ, ਮਾਣ ਸਤਿਕਾਰ ਵੀ ਪੂਰਾ ਦਿਤਾ ਗਿਆ ਤੇ ਭੋਜਨ ਵੀ ਮਨ ਭਾਉਂਦਾ ਮਿਲ ਗਿਆ। ਸਾਲ ਬਾਅਦ ਉਹ ਫਿਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਤਾਂ ਉਥੇ ਦਫ਼ਤਰ ਵਿਚ ਜਾ ਕੇ ਸ਼੍ਰੋਮਣੀ ਕਮੇਟੀ ਦੇ ਉੱਚ ਪ੍ਰਬੰਧਕਾਂ ਨੂੰ ਬਿਆਸ ਵਿਚ ਅਪਣੇ ਤਜਰਬੇ ਦੀ ਗੱਲ ਸੁਣਾ ਦਿਤੀ ਤਾਕਿ ਇਥੇ (ਦਰਬਾਰ ਸਾਹਿਬ ਵਿਚ) ਵੀ ਯਾਤਰੀਆਂ ਨੂੰ ਉਹੋ ਜਿਹਾ ਮਾਣ ਸਤਿਕਾਰ ਹੀ ਦੇਣ ਦਾ ਨਿਰਣਾ ਲੈਣ।   ਪਰ ਗੱਲ ਅਜੇ ਉਨ੍ਹਾਂ ਦੇ ਮੂੰਹ ਵਿਚ ਹੀ ਸੀ ਕਿ ਪ੍ਰਬੰਧਕ ਸਾਹਿਬ ਗਰਜ ਕੇ ਬੋਲੇ, ‘‘ਸਰਦਾਰ ਸਾਹਿਬ ਜੇ ਤੁਸੀ ਘਰੋਂ ਸੁਖ ਸਹੂਲਤਾਂ ਲੈਣ ਹੀ ਆਏ ਹੋ ਤੇ ਉਹ ਤੁਹਾਨੂੰ ਇਥੇ ਨਹੀਂ ਮਿਲਦੀਆਂ ਤਾਂ ਤੁਹਾਨੂੰ ਬਿਆਸਾ ਵਾਲਿਆਂ ਕੋਲ ਚਲੇ ਜਾਣਾ ਚਾਹੀਦੈ। ਅਸੀ ਤਾਂ ਤੁਹਾਨੂੰ ਬਿਲਕੁਲ ਨਹੀਂ ਰੋਕਿਆ।’’

ਜੰਮੂ ਵਾਲੇ ਸੱਜਣ ਵੀ ਗਰਮ ਹੋ ਗਏ ਤੇ ਬੋਲੇ, ‘‘ਜੇ ਤਾਂ ਤੁਹਾਨੂੰ ਅਪਣੀ ਨਿਜੀ ਕਮਾਈ ’ਚੋਂ ਯਾਤਰੀਆਂ ਨੂੰ ਸੁੱਖ ਸਹੂਲਤਾਂ ਦੇਣੀਆਂ ਪੈਣ, ਫਿਰ ਤਾਂ ਤੁਸੀ ਉਸ ਭਾਸ਼ਾ ਵਿਚ ਗੱਲ ਕਰੋ ਜਿਸ ਭਾਸ਼ਾ ਤੇ ਅੰਦਾਜ਼ ਵਿਚ ਤੁਸੀ ਮੈਨੂੰ ਜਵਾਬ ਦਿਤਾ ਹੈ ਪਰ ਜੇ ਸੰਗਤਾਂ ਵਲੋਂ ਭੇਂਟ ਕੀਤੀ ਗੁਰੂ-ਨਮਿਤ ਕਰੋੜਾਂ ਦੀ ਮਾਇਆ ’ਚੋਂ ਯਾਤਰੀ ਕੁੱਝ ਮਾਣ-ਸਤਿਕਾਰ ਤੇ ਸੁੱਖ ਸਹੂਲਤਾਂ ਮੰਗ ਲੈਣ ਤਾਂ ਕੀ ਤੁਹਾਡਾ ਫ਼ਰਜ਼ ਨਹੀਂ ਬਣ ਜਾਂਦਾ ਕਿ ਬਿਆਸਾ ਵਾਲਿਆਂ ਵਾਂਗ ਤੁਸੀ ਵੀ ਗੋਲਕ ਦੀ ਸਹੀ ਵਰਤੋਂ ਕਰ ਕੇ ਯਾਤਰੀਆਂ ਨੂੰ ਉਹੀ ਮਾਣ ਸਤਿਕਾਰ ਤੇ ਸੁੱਖ ਸਹੂਲਤਾਂ ਦਿਉ ਜੋ ਅਣਮਤੀਏ ਡੇਰੇਦਾਰ ਦੇਂਦੇ ਹਨ?’’

ਬੱਸ ਏਨਾ ਕਹਿਣ ਦੀ ਦੇਰ ਸੀ ਕਿ ਦਫ਼ਤਰ ਵਿਚ ਬੈਠੇ ਸਾਰੇ ‘ਜਥੇਦਾਰ’ ਉਨ੍ਹਾਂ ਉਤੇ ਝਪਟ ਕੇ ਪੈ ਗਏ ਕਿ ‘‘ਸਾਨੂੰ ਮੱਤਾਂ ਨਾ ਦਿਉ ਤੇ ਇਹ ਨਾ ਸਿਖਾਉ ਕਿ ਸਾਡਾ ਕੀ ਫ਼ਰਜ਼ ਬਣਦਾ ਹੈ। ਸ਼ਰਧਾ ਨਾਲ ਆਉ ਤੇ ਜੋ ਗੁਰੂ ਦੇਵੇ, ਖ਼ੁਸ਼ੀ ਨਾਲ ਪ੍ਰਵਾਨ ਕਰੋ ਤੇ ਹੁਣ ਸਾਡਾ ਟਾਈਮ ਨਾ ਖ਼ਰਾਬ ਕਰੋ, ਅਸੀ ਹੋਰ ਵੀ ਕੰਮ ਕਰਨੇ ਹੁੰਦੇ ਨੇ।’’
ਹੁਣ ਵੀ ਉਹ ਸਰਦਾਰ ਸਾਹਿਬ, ਸਾਲ ਵਿਚ ਇਕ ਵਾਰ ਦਰਬਾਰ ਸਾਹਿਬ ਜ਼ਰੂਰ ਜਾਂਦੇ ਨੇ, ਪਰ ਮੱਥਾ ਟੇਕ ਕੇ ਹੀ ਵਾਪਸ ਪਰਤ ਆਉਂਦੇ ਨੇ। ਕਿਸੇ ਡੇਰੇ ਵਿਚ ਜਾਣ ਨੂੰ ਉਨ੍ਹਾਂ ਦਾ ਮਨ ਨਹੀਂ ਕਰਦਾ ਪਰ ਬੱਚੇ ਚੰਗੀ ਰਿਹਾਇਸ਼ ਤੇ ਚੰਗੇ ਭੋਜਨ ਖ਼ਾਤਰ ਬਿਆਸ ਚਲੇ ਜਾਂਦੇ ਨੇ।

ਅਸਲ ਵਿਚ ਜਦ ਮੈਂ ਦੁਨੀਆਂ ਦੇ ਸਾਰੇ ਧਰਮਾਂ ਦੀ ਪੁਜਾਰੀ ਸ਼੍ਰੇਣੀ ਦਾ ਇਤਿਹਾਸ ਪੜ੍ਹਦਾ ਹਾਂ ਤਾਂ ਉਹ ਹੰਕਾਰ ਨਾਲ ਭਰੀ ਹੋਈ ਤੇ ਨਿਰਦਈ ਰੂਪ ਵਿਚ ਹੀ ਮਿਲਦੀ ਹੈ। ਕਿਸੇ ਇਕ ਵੀ ਧਰਮ ਵਿਚ ਪੁਜਾਰੀ ਸ਼੍ਰੇਣੀ (ਧਰਮ ਦੁਆਰਿਆਂ ਅੰਦਰ ਰਹਿਣ ਵਾਲੇ, ਸਾਰੇ ਹੀ, ਹੌਲੀ ਹੌਲੀ ਇਸ ਸ਼ੇ੍ਰਣੀ ਦਾ ਭਾਗ ਬਣ ਜਾਂਦੇ ਹਨ) ਸਹਿਜਤਾ, ਹਲੀਮੀ ਤੇ ਪਿਆਰ ਨਾਲ ਪੇਸ਼ ਨਹੀਂ ਆਉਂਦੀ, ਬੱਸ ਅਪਣੇ ਆਪ ਨੂੰ ‘ਸੱਭ ਤੋਂ ਉਪਰ’ ਦਸਣ ਦੇ ਆਹਰ ਵਿਚ ਹੀ ਲੱਗੀ ਰਹਿੰਦੀ ਹੈ। ਜ਼ਰਾ ਅੰਦਾਜ਼ਾ ਲਾਉ ਕਿ ਅਪਣਾ ਧਰਮ ਛੱਡ ਕੇ ਹਾਕਮਾਂ ਦਾ ਧਰਮ ਅਪਨਾਉਣ ਤੋਂ ਨਾਂਹ ਕਰਨ ਸਦਕਾ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦੇਣ ਦਾ ਫ਼ਤਵਾ ਦੇਣ ਵਾਲੇ ਪੁਜਾਰੀ ਕਿੰਨੇ ਜ਼ਾਲਮ ਹੋਣਗੇ। ਕਿਸੇ ਜ਼ਾਲਮ ਹਾਕਮ ਨੇ ਵੀ ਨਿੱਕੀਆਂ ਨਿੱਕੀਆਂ ਜਿੰਦਾਂ ਪ੍ਰਤੀ ਏਨਾ ਨਿਰਦੈਤਾ ਵਾਲਾ ਫ਼ਰਮਾਨ ਨਹੀਂ ਜਾਰੀ ਕੀਤਾ ਹੋਵੇਗਾ (ਫ਼ਰਜ਼ੀ ਤੇ ਮਿਥਿਹਾਸਕ ਕਹਾਣੀਆਂ ਨੂੰ ਛੱਡ ਕੇ) ਪਰ ਪੁਜਾਰੀ ਸ਼੍ਰੇਣੀ ਅਜਿਹੇ ਨਿਰਦੈਤਾ ਵਾਲੇ ਹੁਕਮ ਆਮ ਦੇਂਦੀ ਰਹਿੰਦੀ ਹੈ ਤੇ ਉਹਨੂੰ ਅਪਣੇ ਨਿਰਦਈਪੁਣੇ ਉਤੇ ਕਦੇ ਸ਼ਰਮ ਮਹਿਸੂਸ ਨਹੀਂ ਹੁੰਦੀ। ਹਾਕਮ ਤਾਂ ਪਛਤਾਵਾ ਵੀ ਕਰਦੇ ਵੇਖੇ ਹਨ ਪਰ ਪੁਜਾਰੀ ਸ਼੍ਰੇਣੀ ਨੂੰ ਕਦੇ ਅਪਣੀ ਗ਼ਲਤੀ ਮੰਨਦਿਆਂ ਨਹੀਂ ਵੇਖਿਆ।

ਸੁਕਰਾਤ ਨੇ ਅਪਣੇ ਇਕ ਮਿੱਤਰ ਨੂੰ ਕੇਵਲ ਏਨਾ ਹੀ ਕਿਹਾ ਸੀ, ‘‘ਯਾਰ ਵੈਸੇ ਇਹ ਦੇਵਤੇ ਕੋਈ ਹੋਏ ਵੀ ਨੇ ਜਾਂ ਐਵੇਂ ਹੀ ਲੋਕ ਉਨ੍ਹਾਂ ਨੂੰ ਪੂਜਦੇ ਫਿਰਦੇ ਨੇ?’’ ਨਿਜੀ ਗੱਲਬਾਤ ਵਿਚ ਵਿਦਵਾਨ ਲੋਕ ਅਕਸਰ ਅਪਣੇ ਮਨ ਦੇ ਸ਼ੰਕੇ, ਦੂਜੇ ਵਿਦਵਾਨਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ ਤਾਕਿ ਪੂਰਾ ਸੱਚ ਲਭਿਆ ਜਾ ਸਕੇ। ਸੁਕਰਾਤ ਦੇ ਮਿੱਤਰ ਨੇ ਸੁਕਰਾਤ ਦਾ ਇਹੀ ਕਥਨ, ਪੁਜਾਰੀ ਸ਼੍ਰੇਣੀ ਤਕ ਪਹੁੰਚਾ ਦਿਤਾ। ਉਸ ਉਤੇ ਮੁਕੱਦਮਾ ਚਲਿਆ ਤੇ ਅਖ਼ੀਰ ਉਸ ਨੂੰ ਜ਼ਹਿਰ ਦਾ ਪਿਆਲਾ ਪਿਆ ਕੇ ਉਸ ਦੀ ਜਾਨ ਲੈ ਲਈ ਗਈ ਹਾਲਾਂਕਿ ਕਾਰਵਾਈ ਦੌਰਾਨ ਉਹ ਵਾਰ-ਵਾਰ ਚੀਕਦਾ ਰਿਹਾ, ‘‘ਮੈਨੂੰ ਦੱਸੋ ਤਾਂ ਸਹੀ ਮੈਂ ਗ਼ਲਤੀ ਕੀ ਕਰ ਦਿਤੀ ਹੈ?’’ ਪੁਜਾਰੀ ਸ਼੍ਰੇਣੀ ਤਰਸ ਕਰਨਾ ਨਹੀਂ ਜਾਣਦੀ, ਨਾ ਜਵਾਬ ਦੇਣਾ ਹੀ ਜ਼ਰੂਰੀ ਸਮਝਦੀ ਹੈ। ਹਾਕਮਾਂ ਦੀ ਗ਼ੁਲਾਮੀ ’ਚੋਂ ਬਾਹਰ ਨਹੀਂ ਨਿਕਲਦੀ ਪਰ ਆਮ ਸ਼ਰਧਾਲੂਆਂ ਪ੍ਰਤੀ ਨਿਰਦੈਤਾ ਵਿਖਾਣ ਵਿਚ ਕੋਈ ਕਸਰ ਵੀ ਨਹੀਂ ਛਡਦੀ। 

ਸਾਡੇ ਧਰਮ ਵਿਚ ਵੀ ਪੁਜਾਰੀ ਸ਼੍ਰੇਣੀ ਨੇ ਘੱਟ ਨਹੀਂ ਕੀਤੀ। ਸਿੱਖ ਰਾਜ ਦੀ ਨੀਂਹ ਰੱਖਣ ਵਾਲਾ ਪਹਿਲਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਸ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਿਆਂ ਕੋਲੋਂ ਬਦਲਾ ਲੈਣ ਦੀ ਅਪਣੀ ਸਹੁੰ ਹੀ ਪੂਰੀ ਨਾ ਕਰ ਵਿਖਾਈ ਸਗੋਂ ਮੁਗ਼ਲਾਂ ਵਲੋਂ ਫੜੇ ਜਾਣ ’ਤੇ, ਉਸ ਨੇ ਤੇ ਉਸ ਦੇ 700 ਸਾਥੀਆਂ ’ਚੋਂ ਕਿਸੇ ਇਕ ਨੇ ਵੀ ਹਾਕਮ ਦਾ ਧਰਮ ਅਪਨਾਉਣ ਦੀ ਗੱਲ ਨਾ ਮੰਨੀ ਤਾਂ ਬੇਰਹਿਮ ਪੁਜਾਰੀਆਂ ਨੇ ਬੰਦਾ ਸਿੰਘ ਦੇ ਮੂੰਹ ਵਿਚ ਉਸ ਦੇ ਛੋਟੇ ਬੱਚੇ ਦਾ ਕਲੇਜਾ ਕੱਢ ਕੇ ਤੁੰਨਿਆ ਤੇ ਬੰਦ ਬੰਦ ਕਟ ਕੇ ਜ਼ੁਲਮ ਦੀ ਇੰਤਹਾ ਕਰ ਦਿਤੀ ਪਰ 700 ’ਚੋਂ ਕੋਈ ਇਕ ਵੀ ਨਾ ਡੋਲਿਆ ਤੇ ਉਨ੍ਹਾਂ ਨੇ ਸਾਬਤ ਕਰ ਦਿਤਾ ਕਿ ਉਨ੍ਹਾਂ ਤੋਂ ਪੱਕਾ ਸਿੱਖ ਕੋਈ ਨਹੀਂ ਸੀ। 

ਸਿੱਖ ਪੁਜਾਰੀ ਸ਼੍ਰੇਣੀ ਨੇ ਹਾਕਮ ਦੇ ਜ਼ੁਲਮ ਵਿਰੁਧ ਆਵਾਜ਼ ਤਾਂ ਕੀ ਚੁਕਣੀ ਸੀ, ਉਸ ਦੇ ਤੇ ਉਸ ਦੇ 700 ਸਿੱਖ ਸਾਥੀਆਂ ਲਈ ਅਰਦਾਸ ਵੀ ਨਾ ਕੀਤੀ ਤੇ ਅੰਤਿਮ ਰਸਮਾਂ ਵੀ ਨਾ ਕੀਤੀਆਂ। ਕਾਰਨ ਕੀ ਸੀ? ਕੇਵਲ ਇਹ ਕਿ ਪੁਜਾਰੀ ਸ਼੍ਰੇਣੀ ਉਨ੍ਹਾਂ ਵਿਰੁਧ ਹਾਸੋਹੀਣੀਆਂ ਊਜਾਂ ਲਾ ਚੁੱਕੀ ਸੀ ਕਿ ਬੰਦਾ ਪੱਕਾ ਸਿੱਖ ਨਹੀਂ, ਉਹ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ’ ਗਜਾਉਣ ਦੀ ਬਜਾਏ, ‘ਫ਼ਤਿਹ ਦਰਸ਼ਨ’ ਕਹਿ ਕੇ ਮਿਲਦਾ ਹੈ ਤੇ ਉਸ ਨੇ ਕੇਵਲ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਸ਼ਾਹੀ ਮੋਹਰ ਜਾਰੀ ਕਰ ਕੇ ਤੇ ਗੁਰੂ ਗੋਬਿੰਦ ਸਿੰਘ ਦਾ ਉਸ ਵਿਚ ਨਾਂ ਨਾ ਲਿਖ ਕੇ ਘੋਰ ਪਾਪ ਕੀਤਾ ਸੀ ਤੇ ਇਸ ਜੁਰਮ ਕਾਰਨ ਉਹ ਸਿੱਖ ਹੀ ਨਹੀਂ ਰਿਹਾ। ਬੰਦਾ ਸਿੰਘ ਨੇ ਪੱਕਾ ਸਿੱਖ ਹੋਣ ਦਾ ਸਬੂਤ ਜਾਨ ਦੇ ਕੇ ਵੀ ਦੇ ਦਿਤਾ ਤੇ ਮੋਹਰ ਨੂੰ ਬਦਲ ਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੋਹਾਂ ਦਾ ਨਾਂ ਲਿਖਵਾ ਦਿਤਾ ਪਰ ਸਾਡੀ ਪੁਜਾਰੀ ਸ਼੍ਰੇਣੀ ਨਾ ਪਸੀਜੀ। ਅਪਣੇ ਮਹਾਨ ਜਰਨੈਲ ਪ੍ਰਤੀ ਪੁਜਾਰੀ ਸ਼੍ਰੇਣੀ ਦੀ ਏਨੀ ਬੇਤਰਸੀ ਤੇ ਨਿਰਦੈਤਾ ਦੁਨੀਆਂ ਦੇ ਕਿਸੇ ਵੀ ਹੋਰ ਧਰਮ ਵਿਚ ਨਹੀਂ ਵੇਖੀ ਜਾ ਸਕਦੀ। ਸ਼ੁਕਰ ਹੈ ਕਿ ਸਿੱਖ ਅੱਜ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀਆਂ ਨੂੰ ਤਾਂ ਹਰ ਸਾਲ ਯਾਦ ਕਰਦੇ ਹਨ ਪਰ ਉਨ੍ਹਾਂ ਦਾ ਕਦੇ ਨਾਂ ਵੀ ਨਹੀਂ ਲੈਂਦੇ ਜਿਨ੍ਹਾਂ ਅਪਣੇ ਸਿੱਖੀ ਸਿਦਕ ਖ਼ਾਤਰ ਦੁਸ਼ਮਣ ਹਾਕਮਾਂ ਹੱਥੋਂ ਏਨਾ ਵੱਡਾ ਜ਼ੁਲਮ ਪਿੰਡਿਆਂ ਤੇ ਸਹਿ ਵਿਖਾਉਣ ਵਾਲਿਆਂ ਵਾਸਤੇ ਅੰਤਮ ਅਰਦਾਸ ਤਕ ਵੀ ਕਰਨੀ ਪ੍ਰਵਾਨ ਨਾ ਕੀਤੀ।
ਬਾਬੇ ਨਾਨਕ ਨੇ ਜੋ ਹਲੀਮੀ ਤੇ ਮਿਠਾਸ ਇਸ ਧਰਮ ਨੂੰ ਮੰਨਣ ਵਾਲੇ ਲੋਕਾਂ ਅੰਦਰ ਭਰੀ ਸੀ, ਇਸ ਦੀ ਪੁਜਾਰੀ ਸ਼੍ਰੇਣੀ ਨੇ, ਦੂਜੇ ਪੁਰਾਤਨ ਧਰਮਾਂ ਦੀਆਂ ਪੁਜਾਰੀ ਸ਼ੇ੍ਰਣੀਆਂ ਦੀ ਨਕਲ ਕਰ ਕੇ, ਖ਼ਤਮ ਕਰ ਦਿਤੀ ਹੈ ਸਗੋਂ ਉਨ੍ਹਾਂ ਤੋਂ ਵੀ ਅੱਗੇ ਲੰਘ ਵਿਖਾਇਆ ਹੈ। ਇਸ ਧਰਮ ਵਿਚ ਹੰਕਾਰ ਬਿਲਕੁਲ ਨਹੀਂ ਜਚਦਾ। ਈਸਾਈ ਧਰਮ ਦਾ ਇਤਿਹਾਸ ਪੜ੍ਹੀਏ ਤਾਂ ਸੈਂਕੜੇ ਜਾਗਰੂਕ ਈਸਾਈ ਸ਼ਰਧਾਲੂਆਂ ਨੇ ਪੋਪ ਤੇ ਉਸ ਦੇ ਸਾਥੀ ਪੁਜਾਰੀਆਂ ’ਚੋਂ ਹੰਕਾਰ ਕੱਢ ਦੇਣ ਲਈ ਸੰਗਰਾਮ ਕੀਤਾ ਤੇ ਸ਼ਹੀਦੀਆਂ ਵੀ ਦਿਤੀਆਂ ਤਾਕਿ ਪੁਜਾਰੀ ਸ਼੍ਰੇਣੀ ਦਾ ਹੰਕਾਰ ਈਸਾਈਅਤ ਨੂੰ ਜ਼ਾਲਮ ਧਰਮ ਦਾ ਦਰਜਾ ਨਾ ਦਿਵਾ ਦੇਵੇ। ਸਾਡੇ ਇਥੇ ‘ਜਥੇਦਾਰ’ ਵਲੋਂ ਬਾਦਲ ਅਕਾਲੀ ਦਲ ਨੂੰ ਹਰਾ ਦੇਣ ਵਾਲੇ ਵੋਟਰਾਂ ਨੂੰ ‘ਬਦ-ਤਮੀਜ਼’ ਤਕ ਕਹਿ ਜਾਂਦਾ ਹੈ ਤੇ ਕੋਈ ਉਸ ਨੂੰ ਏਨੇ ਘਟੀਆ ਸ਼ਬਦ ਵਾਪਸ ਲੈਣ ਲਈ ਵੀ ਨਹੀਂ ਕਹਿੰਦਾ।

ਇਸੇ ਸੰਦਰਭ ਵਿਚ ਮੋਰਿੰਡੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਇਕ ਸਿਰਫਿਰੇ ਸਿੱਖ ਜਸਵੀਰ ਦਾ ਅਪਰਾਧ ਭਾਵੇਂ ਬਹੁਤ ਵੱਡਾ ਤੇ ਘਿਨਾਉਣਾ ਸੀ ਅਤੇ ਮੈਂ ਉਥੇ ਹੁੰਦਾ ਤੇ ਮੇਰੇ ਕੋਲ ਬੰਦੂਕ ਹੁੰਦੀ ਤਾਂ ਮੈਂ ਵੀ ਸ਼ਾਇਦ ਉਸ ਨੂੰ ਗੋਲੀ ਮਾਰਨ ਲਈ ਤਿਆਰ ਹੋ ਜਾਂਦਾ। ਪਰ ਇਕ ਤਖ਼ਤ ਦੇ ਜਥੇਦਾਰ ਵਲੋਂ ਇਹ ਬਿਆਨ ਦੇਣਾ ਕਿ ਕੋਈ ਸਿੱਖ ਉਸ ਦੇ ਸ੍ਰੀਰ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਨਾ ਹੋਵੇ, ਕੋਈ ਰਾਗੀ ਕੀਰਤਨ ਨਾ ਕਰੇ ਤੇ ਮੋਰਿੰਡੇ ਵਿਚ ਉਸ ਦਾ ਅੰਤਮ ਸੰਸਕਾਰ ਨਾ ਹੋਣ ਦਿਤਾ ਜਾਵੇ, ਇਹ ਪੁਜਾਰੀਵਾਦੀ ਹੈਂਕੜ ਲਗਦੀ ਹੈ ਮੈਨੂੰ। ਜਦ ਦੋਸ਼ੀ ਨੂੰ ਪ੍ਰਮਾਤਮਾ ਦੇ ਦਰਬਾਰ ਵਿਚ ਭੇਜ ਦਿਤਾ ਗਿਆ ਹੈ ਤਾਂ ਉਸ ਦੇ ਸ੍ਰੀਰ ਨੂੰ ਮਿੱਟੀ ਵਿਚ ਮਿਲਾ ਦੇਣ ਦੀਆਂ ਧਾਰਮਕ ਰਸਮਾਂ ਨਾਲ ਪੁਜਾਰੀ ਸ਼੍ਰੇਣੀ ਦੇ ਫ਼ਤਵਿਆਂ ਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਉਸ ਨੂੰ ‘ਦੁਸ਼ਮਣ’ ਮੰਨ ਕੇ ਵੀ ਉਸ ਦੇ ਮੁਰਦਾ ਸ੍ਰੀਰ ਨਾਲ ਉਹੀ ਸਲੂਕ ਕਰਨਾ ਚਾਹੀਦਾ ਹੈ ਜਿਸ ਦੀ ਸਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਦਿਤੀ ਸੀ। ਅਜਿਹੇ ਬਿਆਨ ਧਰਮ ਨੂੰ ਬਦਨਾਮੀ ਦਿਵਾਉਣ ਦਾ ਕਾਰਨ ਬਣਦੇ ਹਨ। ਇਸ ਨਾਲ ਸਿੱਖੀ ਦਾ ਅਕਸ ਦੂਜੀਆਂ ਕੌਮਾਂ ਵਿਚ ਵਿਗੜਦਾ ਹੈ। ਬੇਅਦਬੀ ਕਰਨ ਵਾਲਾ ਜ਼ਿੰਦਾ ਰਹਿੰਦਾ ਤਾਂ ਉਸ ਨੂੰ ਫਾਂਸੀ ਦੇ ਫੰਦੇ ਤਕ ਪਹੁੰਚਾਣਾ ਹਰ ਧਰਮੀ ਪੁਰਸ਼ ਦਾ ਫ਼ਰਜ਼ ਬਣ ਜਾਂਦਾ ਸੀ ਪਰ ਮਰ ਜਾਣ ਮਗਰੋਂ ਉਸ ਦੇ ਸ੍ਰੀਰ ਬਾਰੇ ਕਿਸੇ ਧਰਮ ਦੁਆਰੇ ਵਿਚ ਬੈਠੇ ਪਦ-ਅਧਿਕਾਰੀ ਵਲੋਂ ਅਜਿਹਾ ਬਿਆਨ ਦੇਣਾ ਰੱਬ ਨਾਲ ਵੀ ਜ਼ਿਆਦਤੀ ਮੰਨੀ ਜਾਏਗੀ।

ਈਸਾਈਆਂ ਵਾਂਗ, ਸਮਝਦਾਰ ਸਿੱਖਾਂ ਨੂੰ ਵੀ ਪੁਜਾਰੀ ਸ਼੍ਰੇਣੀ ਦੀਆਂ ਹੱਦਾਂ ਮੁਕਰਰ ਕਰ ਦੇਣੀਆਂ ਚਾਹੀਦੀਆਂ ਹਨ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦਾ ਹਵਾਲਾ ਦਿਤੇ ਬਿਨਾ ਅਪਣੀ ਜਾਂ ਅਪਣੇ ਮਾਲਕਾਂ ਦੀ ਮਰਜ਼ੀ ਅਨੁਸਾਰ, ਕੁੱਝ ਵੀ ਕਹਿ ਦੇਣ ਵਿਚ ਆਜ਼ਾਦ ਨਹੀਂ ਹੋਣੇ ਚਾਹੀਦੇ। ਸਿੱਖੀ ਨੂੰ ਨਵੇਂ ਯੁਗ ਦਾ ਧਰਮ ਬਣਾਈ ਰੱਖਣ ਲਈ ਪੁਜਾਰੀ ਸ਼੍ਰੇਣੀ ਦੀਆਂ ਵਾਗਾਂ, ਈਸਾਈਆਂ ਵਾਂਗ, ਪੰਥ ਦੇ ਹੱਥਾਂ ਵਿਚ ਰੱਖਣ ਲਈ ਹਜ਼ਾਰ ਕੋਸ਼ਿਸ਼ਾਂ ਤੇ ਕੁਰਬਾਨੀਆਂ ਵੀ ਕਰਨੀਆਂ ਪੈਣ ਤਾਂ ਨਹੀਂ ਝਿਜਕਣਾ ਚਾਹੀਦਾ। ਫ਼ਲੋਰੈਂਸ ਵਰਗੇ ਕਈ ਜਾਗ੍ਰਿਤ ਈਸਾਈਆਂ ਨੂੰ ਜ਼ਿੰਦਾ ਵੀ ਸਾੜ ਦਿਤਾ ਗਿਆ ਕਿਉਂਕਿ ਉਹ ਪੁਜਾਰੀ ਸ਼੍ਰੇਣੀ ਦੀਆਂ ਲਗਾਮਾਂ ਖੁਲ੍ਹੀਆਂ ਛੱਡ ਦੇਣ ਵਿਰੁਧ ਜ਼ੋਰਦਾਰ ਆਵਾਜ਼ ਚੁਕ ਰਹੇ ਸਨ। ਜੇ ਉਹ ਕੁਰਬਾਨੀ ਨਾ ਦੇਂਦੇ ਤਾਂ ਈਸਾਈ ਧਰਮ ਖ਼ਤਰੇ ਵਿਚ ਪੈ ਜਾਣਾ ਸੀ। ਜੇ ਅੱਜ ਸਿੱਖ ਵੀ ਚੁੱਪ ਰਹੇ ਤਾਂ ਪੁਜਾਰੀਵਾਦ ਸਿੱਖੀ ਨੂੰ ਨਵੇਂ ਯੁਗ ਦਾ ਧਰਮ ਨਹੀਂ ਰਹਿਣ ਦੇਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement