
Nijji Diary De Panne:ਅਕਾਲੀ ਦਲ ਦਾ ਪੰਥਕ ਸਰੂਪ ਖ਼ਤਮ ਕਰ ਕੇ ਪਾਰਟੀ ਨੂੰ ‘ਪੰਜਾਬੀ’ ਪਾਰਟੀ ਬਣਾ ਦਿਤਾ ਤੇ ਹਰ ਉਹ ਕੰਮ ਕੀਤਾ ਜੋ ਪੰਥ-ਮਾਰੂ ਤੇ ਪੰਥ ਵਿਰੋਧੀ ਸੀ।
Akali brothers who made Akali Dal zero Nijji Diary De Panne news in punjabi : ਇਕ ਸੀ ਸ਼੍ਰੋਮਣੀ ਅਕਾਲੀ ਦਲ ਜੋ 100 ਸਾਲ ਪਹਿਲਾਂ ਪੰਥ ਨੇ ਅਕਾਲ ਤਖ਼ਤ ਤੇ ਜੁੜ ਕੇ ਬਣਾਇਆ ਸੀ ਤਾਕਿ ਜਿਥੇ ਸ਼੍ਰੋਮਣੀ ਕਮੇਟੀ, ਧਰਮ ਦੇ ਖੇਤਰ ਵਿਚ ਪੰਥ ਦੀ ਸੇਵਾ ਕਰੇ, ਉਥੇ ਪੰਥ ਦੇ ਸਿਪਾਹ ਸਾਲਾਰ ਵਜੋਂ, ਸ਼੍ਰੋਮਣੀ ਅਕਾਲੀ ਦਲ ਰਾਜਨੀਤਕ ਖੇਤਰ ਵਿਚ ਪੰਥ ਦਾ ਪ੍ਰਚਮ ਉੱਚਾ ਰੱਖੇ। ਦੋਹਾਂ ਲਈ ‘‘ਪੰਥ ਅੱਵਲ, ਪੰਥ ਦੋਇਮ ਤੇ ਪੰਥ ਆਖ਼ਰ’’ ਦਾ ਸਿਧਾਂਤ ਮਿਥਿਆ ਗਿਆ। ਸਾਰਾ ਪੰਥ ਰਲ ਮਿਲ ਕੇ ਫ਼ੈਸਲੇ ਲੈਂਦਾ ਰਿਹਾ। ਕੁੱਝ ਵਿਅਕਤੀਆਂ ਦੇ ਕਹਿਣ ਅਨੁਸਾਰ ਜੇ ਕੁੱਝ ਫ਼ੈਸਲੇ ਗ਼ਲਤ (ਮੇਰੀ ਨਜ਼ਰ ਵਿਚ ਉਹ ਸਾਰੇ ਠੀਕ ਸਨ) ਵੀ ਹੋਏ ਤਾਂ ਵੀ ਸਾਰੇ ਪੰਥ ਦੀ ਸਹਿਮਤੀ ਨਾਲ ਹੋਏ। ਕਾਂਗਰਸ ਵਿਚ ਬੈਠੇ ਸਿੱਖਾਂ ਤੇ ਸ. ਕਪੂਰ ਸਿੰਘ ਵਰਗੇ ਅੰਗਰੇਜ਼-ਪ੍ਰਸਤ ਸਿੱਖਾਂ ਦੀ ਗੱਲ ਵੀ ਪੂਰੇ ਧਿਆਨ ਨਾਲ ਸੁਣੀ ਗਈ ਤੇ ਉਸ ਬਾਰੇ ਪੂਰੀ ਵਿਚਾਰ ਕਰਨ ਮਗਰੋਂ ਸਾਰੇ ਪੰਥ ਨੇ ਸਰਬ-ਸਾਂਝਾ ਫ਼ੈਸਲਾ ਲਿਆ ਤੇ ਕੋਈ ਨਹੀਂ ਕਹਿ ਸਕਦਾ ਕਿ ਫ਼ਲਾਣੇ ਦੀ ਗੱਲ ਸੁਣੀ ਹੀ ਨਹੀਂ ਸੀ ਗਈ।
70 ਕੁ ਸਾਲ ਇਸੇ ਤਰ੍ਹਾਂ ਚਲਦਾ ਰਿਹਾ। ਫਿਰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਬਦਲ ਕੇ ‘ਬਾਦਲ ਅਕਾਲੀ ਦਲ’ ਰੱਖ ਦਿਤਾ ਗਿਆ। ਪੰਜਾਬੀ ਸੂਬੇ ਵਿਚ ਪਹਿਲੀ ਵਾਰ ਸਿੱਖਾਂ ਦੀ ਬਹੁਗਿਣਤੀ ਹੋ ਜਾਣ ਕਰ ਕੇ ਪੰਜਾਬ ਦਾ ਹਕੂਮਤੀ ਕਲਮਦਾਨ ਅਕਾਲੀ ਲੀਡਰਾਂ ਦੇ ਹੱਥ ਆ ਗਿਆ ਤਾਂ ਇਨ੍ਹਾਂ ਦਾ, ਦਿੱਲੀ ਨਾਲ ‘ਵਜ਼ੀਰਾਂ ਦਾ ਵਜ਼ੀਰਾਂ ਨਾਲ’ ਵਾਲਾ ਰਿਸ਼ਤਾ ਕਾਇਮ ਹੋ ਗਿਆ। ਅੰਤ ਨਤੀਜਾ ਇਹ ਨਿਕਲਿਆ ਕਿ ਅਕਾਲੀ ਦਲ ਦਾ ਮਤਲਬ ਇਹ ਬਣਾ ਦਿਤਾ ਗਿਆ ਕਿ ਇਕ ਪ੍ਰਵਾਰ ਦੀ ਸਰਦਾਰੀ ਮੰਨੋ, ਸਿੱਖਾਂ ਦਾ ਧਰਮ ਵੀ ਤੇ ਰਾਜਨੀਤੀ ਵੀ ਉਸ ਇਕ ਪ੍ਰਵਾਰ ਕੋਲ ਗਹਿਣੇ ਰੱਖ ਦਿਉ ਤੇ ਪ੍ਰਵਾਰ ਦੇ ਹਰ ਹੁਕਮ ਨੂੰ ਰੱਬੀ ਫ਼ੁਰਮਾਨ ਮੰਨੋ। ਜੋ ਨਾ ਮੰਨੇ, ਉਸ ਨੂੰ ਅਕਾਲੀ ਦਲ ਵਿਚ ਵੀ ਨਾ ਰਹਿਣ ਦਿਉ ਤੇ ਸ਼੍ਰੋਮਣੀ ਕਮੇਟੀ ਤੇ ਉਸ ਦੇ ਜਥੇਦਾਰਾਂ ਵਿਚੋਂ ਵੀ ਘਸੀਟ ਕੇ ਬਾਹਰ ਕੱਢ ਦਿਉ। ਅਕਾਲੀ ਦਲ ਦਾ ਪੰਥਕ ਸਰੂਪ ਖ਼ਤਮ ਕਰ ਕੇ ਪਾਰਟੀ ਨੂੰ ‘ਪੰਜਾਬੀ’ ਪਾਰਟੀ ਬਣਾ ਦਿਤਾ ਤੇ ਹਰ ਉਹ ਕੰਮ ਕੀਤਾ ਜੋ ਪੰਥ-ਮਾਰੂ ਤੇ ਪੰਥ ਵਿਰੋਧੀ ਸੀ।
ਪੰਥਕ ਮੀਡੀਆ ਨੂੰ ਖ਼ਤਮ ਕਰਨ ਲਈ ਤਾਂ ਮੁਗ਼ਲਾਂ ਦੇ ਜ਼ੁਲਮ ਨੂੰ ਵੀ ਮਾਤ ਪਾ ਦਿਤੀ। ਨਤੀਜੇ ਵਜੋਂ ਸਿੱਖ ਦੂਜੀਆਂ ਪਾਰਟੀਆਂ ਦੀ ਸ਼ਰਨ ਲੈਣ ਲੱਗੇ। ਇਹ ਇਕ ਦੂਜੇ ਨੂੰ ਭੰਡ ਕੇ ਅਪਣੇ ਆਪ ਨੂੰ ‘ਸੱਚੇ ਪੰਥਕ’ ਦੱਸਣ ਲੱਗੇ ਪਰ ਹੁਣ ਥੱਕ ਕੇ ਫਿਰ ਤੋਂ ਜੱਫੀਆਂ ਪਾਉਣਾ ਚਾਹੁੰਦੇ ਨੇ। ਪਰ ਸਾਰੀਆਂ ਜ਼ੀਰੋ ਇਕੱਠੀਆਂ ਹੋ ਕੇ ਵੀ ਜ਼ੀਰੋ ਹੀ ਰਹਿਣਗੀਆਂ ਜਦ ਤਕ ਇਹ ਪੰਥ ਕੋਲੋਂ ਭੁੱਲਾਂ ਨਹੀਂ ਬਖ਼ਸ਼ਾਂਦੇ (ਅਪਣੇ ਥਾਪੇ ਜਥੇਦਾਰਾਂ ਕੋਲੋਂ ਨਹੀਂ) ਤੇ ਜਿਨ੍ਹਾਂ ਨਾਲ ਜ਼ੁਲਮ ਕੀਤਾ, ਉਨ੍ਹਾਂ ਸਾਰਿਆਂ ਤੋਂ ਮਾਫ਼ੀ ਨਹੀਂ ਮੰਗਦੇ ਅਤੇ ਅਕਾਲੀ ਦਲ ਨੂੰ ਅੰਮ੍ਰਿਤਸਰ ਨਹੀਂ ਲਿਜਾਂਦੇ। ਜੇ ਨਹੀਂ ਕਰਦੇ ਤਾਂ ਸ਼੍ਰੋਮਣੀ ਕਮੇਟੀ ਵੀ ਇਨ੍ਹਾਂ ਕੋਲੋਂ ਗਈ ਕਿ ਗਈ ਸਮਝੋ।
ਨਤੀਜਾ ਇਹ ਕਿ ‘ਪੰਥ’ ਵੀ ਇਨ੍ਹਾਂ ਤੋਂ ਦੂਰ ਜਾਣ ਲੱਗ ਪਿਆ। ਅਜਿਹੀ ਹਾਲਤ ਵਿਚ ਇਨ੍ਹਾਂ ਕੋਲ ਇਕ ਹੀ ‘ਰਾਮ ਬਾਣ’ ਹੁੰਦਾ ਹੈ ਕਿ ਅਕਾਲ ਤਖ਼ਤ ਤੇ ਪੇਸ਼ ਹੋ ਜਾਉ, ਮਾਫ਼ੀ ਮੰਗਣ ਦਾ ਵਿਖਾਵਾ ਕਰੋ ਤੇ ਇਕ ਦਿਨ ਲਈ ਭਾਂਡੇ ਮਾਂਜਣ ਤੇ ਜੋੜੇ ਸਾਫ਼ ਕਰਨ ਦੀ ‘ਤਨਖ਼ਾਹ’ (ਸਜ਼ਾ) ਪੂਰੀ ਕਰ ਕੇ ‘ਦੋਸ਼ ਮੁਕਤ’ ਹੋਣ ਦਾ ਐਲਾਨ ਕਰ ਦਿਉ ਤੇ ਪਹਿਲਾਂ ਵਾਲੇ ਗ਼ਲਤ ਕਾਰੇ ਫਿਰ ਤੋਂ ਕਰਨ ਲੱਗ ਜਾਉ। ਅਕਾਲ ਤਖ਼ਤ ਦੇ ‘ਜਥੇਦਾਰਾਂ’ ਨੇ ਕਿਹੜਾ ਕੋਈ ਪੁਛ ਲੈਣਾ ਹੈ ਕਿ ਅਰਦਾਸ ਕੁੱਝ ਹੋਰ ਕਰ ਕੇ ਗਏ ਸਾਉ ਤੇ ਹੁਣ ਫਿਰ ਉਹੀ ਕੁੱਝ ਕਿਉਂ ਕਰਨ ਲੱਗ ਪਏ ਹੋ ਜਿਸ ਦੀ ਮਾਫ਼ੀ ਮੰਗ ਕੇ ਗਏ ਸੀ? ਨਹੀਂ ‘ਜਥੇਦਾਰ’ ਤਾਂ ਇਨ੍ਹਾਂ ਦੇ ਅਪਣੇ ਬੰਦੇ ਹਨ ਤੇ ਓਨਾ ਹੀ ਬੋਲਣਗੇ ਜਿੰਨਾ ਬੋਲਣ ਦੀ ਉਨ੍ਹਾਂ ਨੂੰ ਆਗਿਆ ਦਿਤੀ ਗਈ ਹੁੰਦੀ ਹੈ।
ਜਿਹੜਾ ਉਸ ਆਗਿਆ ਤੋਂ ਬਾਹਰ ਜਾ ਕੇ ਬੋਲੇ, ਉਸ ਨੂੰ ਤਾਂ ਟੌਹੜਾ ਸਾਹਿਬ ਨੇ ਇਸ਼ਨਾਨ ਕਰਨ ਲਈ ਗੁਸਲਖ਼ਾਨੇ ਵਿਚ ਵੜਦਿਆਂ ਰੋਕ ਲਿਆ ਸੀ ਤੇ ਕਿਹਾ ਸੀ, ‘‘ਇਸ਼ਨਾਨ ਮਗਰੋਂ ਕਰ ਲੈਣਾ, ਪਹਿਲਾਂ ਅਸਤੀਫ਼ਾ ਲਿਖ ਕੇ ਦੇ ਦਿਉ। ਉਹ ਜ਼ਿਆਦਾ ਜ਼ਰੂਰੀ ਹੈ।’’ ਬਾਕੀ ਜਥੇਦਾਰਾਂ ਨੂੰ ਕਿਵੇਂ ਕਢਿਆ ਗਿਆ ਤੇ ਕਿਵੇਂ ਰਖਿਆ ਗਿਆ, ਪਾਠਕਾਂ ਨੂੰ ਸੱਭ ਪਤਾ ਹੈ। ਜੋ ਦੁਰਦਰਸ਼ਾ ਸਿਆਸਤਦਾਨਾਂ ਹੱਥੋਂ ਉਨ੍ਹਾਂ ਦੀ ਹੁੰਦੀ ਰਹਿੰਦੀ ਹੈ, ਉਸ ਨੂੰ ਵੇਖ ਕੇ ਇਨ੍ਹਾਂ ਨੂੰ ‘ਜਥੇਦਾਰ’ ਕਹਿਣਾ ਵੀ ਠੀਕ ਨਹੀਂ ਤੇ ਇਨ੍ਹਾਂ ਵਲੋਂ ਅਪਣੇ ਆਪ ਨੂੰ ‘ਸਿੰਘ ਸਾਹਬ’ ਕਹਿਣਾ ਵੀ ਨਿਰਾ ਮਜ਼ਾਕ ਹੀ ਲਗਦਾ ਹੈ।
ਇਹ ਸੱਭ ਹੁੰਦਾ ਜਿਸ ਨੇ ਵੇਖਿਆ, ਉਸ ਦਾ ਜਥੇਦਾਰਾਂ ਪ੍ਰਤੀ ਵੀ ਤੇ ਅਕਾਲ ਤਖ਼ਤ ਪ੍ਰਤੀ ਵੀ ਵਿਸ਼ਵਾਸ ਕਮਜ਼ੋਰ ਪੈ ਗਿਆ। ਇਸੇ ਲਈ ਮੈਂ ਪਿਛਲੇ ਹਫ਼ਤੇ ਲਿਖਿਆ ਸੀ ਕਿ ‘ਮਾਫ਼ੀ ਮੰਗੂ’ ਕਾਰਵਾਈ ਨਾਲ ਕੁੱਝ ਨਹੀਂ ਫ਼ਰਕ ਪੈਣਾ। ਫ਼ਰਕ ਤਾਂ, ਤਾਂ ਹੀ ਪਵੇਗਾ ਜੇ ਅਕਾਲੀ ਲੀਡਰ ਮਾਫ਼ੀ ਮੰਗਣ ਲਈ ਆਉਣ ਤਾਂ ਅਕਾਲੀ ਫੂਲਾ ਸਿੰਘ ਵਰਗਾ ਕੋਈ ਜਥੇਦਾਰ ਪੰਥ ਅਤੇ ਪੰਜਾਬ ਨਾਲ ਦਗ਼ਾ ਕਰਨ ਵਾਲੇ ਅਕਾਲੀ ਲੀਡਰਾਂ ਨੂੰ ਉਨ੍ਹਾਂ ਦੇ ਪਾਪਾਂ ਦਾ ਹਿਸਾਬ ਕਰ ਕੇ ਆਖੋ ਕਿ 5 ਤੋਂ 10 ਸਾਲ ਤਕ ਹਰ ਅਹੁਦੇ ਤੋਂ ਹੱਟ ਜਾਉ ਤੇ ਆਮ ਪੰਥਕ ਵਰਕਰ ਵਾਂਗ ਸੇਵਾ ਕਰ ਵਿਖਾਉ ਤੇ ਉਸ ਸੇਵਾ ਦਾ ਮੁਲਾਂਕਣ, ਸਜ਼ਾ ਦਾ ਸਮਾਂ ਬੀਤਣ ਮਗਰੋਂ, ਸਾਰਾ ਪੰਥ ਰਲ ਕੇ ਕਰੇਗਾ ਤੇ ਫ਼ੈਸਲਾ ਕਰੇਗਾ ਕਿ ਹੁਣ ਇਸ ਲੀਡਰ ਨੂੰ ਪੰਥ ਦੀ ਕੋਈ ਜ਼ਿੰਮੇਵਾਰੀ ਦੇਣੀ ਠੀਕ ਰਹੇਗੀ ਜਾਂ ਨਹੀਂ। ਪੰਥ ਚੋਂ ਮੇਰੇ ਇਸ ਵਿਚਾਰ ਨੂੰ ਭਰਪੂਰ ਸਮਰਥਨ ਮਿਲਿਆ ਹੈ। ਅਖ਼ਬਾਰਾਂ ਵਿਚ ਇਕ ਬਿਆਨ ਬੀਬੀ ਰਾਜਿੰਦਰ ਕੌਰ ਭੱਠਲ ਦਾ ਵੀ ਛਪਿਆ ਹੈ ਜਿਸ ਵਿਚ ਉਨ੍ਹਾਂ ਇਸ ਵਿਚਾਰ ਦੀ ਹਮਾਇਤ ਕਰਦਿਆਂ ਸਾਰੇ ਅਕਾਲੀ ਲੀਡਰਾਂ ਨੂੰ 10 ਸਾਲ ਲਈ ਪੰਥ ਦੀ ਲੀਡਰੀ ਤੋਂ ਮੁਕਤ ਕਰਨ ਦੀ ਸਲਾਹ ਦਿਤੀ ਹੈ।
ਅੱਜ ‘ਮਾਫ਼ੀਨਾਮੇ’ ਵਾਲੇ ਅਕਾਲੀਆਂ ਨੂੰ ਵੀ ਮੈਂ ਆਖਾਂਗਾ ਕਿ ਤੁਸੀ ਕੌਣ ਹੁੰਦੇ ਹੋ ਅਕਾਲ ਤਖ਼ਤ ਦੇ ਸੇਵਾਦਾਰਾਂ ਨੂੰ ਇਹ ਦੱਸਣ ਵਾਲੇ ਕਿ ਤੁਸੀ ਕਿੰਨੀਆਂ ਭੁੱਲਾਂ ਜਾਂ ਪਾਪ ਕੀਤੇ ਹਨ? ਤੁਸੀ ਪੰਥ ਨੂੰ ਆਵਾਜ਼ ਮਾਰੋ ਕਿ ਸਾਰੇ ਅਕਾਲੀ ਲੀਡਰਾਂ ਦੇ ਪੰਥ ਵਿਰੋਧੀ ਕਾਰਨਾਮਿਆਂ ਦੀ ਸੂਚੀ ਫ਼ਲਾਣੀ ਤਰੀਕ ਤਕ ਅਖ਼ਬਾਰਾਂ ਵਿਚ ਛਪਵਾਉ। ਸਪੋਕਸਮੈਨ ਨੇ 13 ਗੰਭੀਰ ਦੋਸ਼ਾਂ ਦੀ ਸੂਚੀ ਛਾਪ ਦਿਤੀ ਹੈ। ਸਾਰੇ ਪੰਥ ਨੇ ਗੱਲ ਕੀਤੀ ਤਾਂ ਇਹ ਸੂਚੀ 31 ਤਕ ਆਸਾਨੀ ਨਾਲ ਪਹੁੰਚ ਜਾਏਗੀ। ਫਿਰ ਦੇਸ਼ ਵਿਦੇਸ਼ ਦੀਆਂ ਸਾਰੀਆਂ ਪੰਥਕ ਜਥੇਬੰਦੀਆਂ ਦਾ ਇਕ ਪ੍ਰਤੀਨਿਧ ਮੰਡਲ ਇਨ੍ਹਾਂ ਤੇ ਪੂਰੀ ਨਿਰਪਖਤਾ ਨਾਲ ਵਿਚਾਰ ਕਰੇ ਤੇ ਬਹੁਤੀ ਖ਼ਰਾਬ ਹਾਲਤ ਵਿਚ ਕਿਸੇ ਵੱਡੇ ਤੋਂ ਵੱਡੇ ਲੀਡਰ ਨੂੰ 5 ਤੋਂ 10 ਸਾਲ ਤਕ ਪੰਥ ਦੀ ਲੀਡਰੀ ਤੋਂ ਫ਼ਾਰਗ਼ ਕਰ ਦੇਵੇ ਤੇ ਫ਼ੈਸਲੇ ਦਾ ਐਲਾਨ ਮਾਤਰ ਹੀ ਪੰਥ ਵਲੋਂ ਅਕਾਲ ਤਖ਼ਤ ਤੋਂ ਕੀਤਾ ਜਾਵੇ।
ਜਿਥੇ ਤਕ ਅਕਾਲ ਤਖ਼ਤ ਦੇ ਗ਼੍ਰੰਥੀਆਂ ਨੂੰ ‘ਜਥੇਦਾਰ’ ਕਹਿ ਕੇ ਨਿਜੀ ਗ਼ਰਜ਼ਾਂ ਲਈ ਵਰਤਣ ਦੀ ਗੱਲ ਹੈ, ਜੇ ਇਹ ਜਾਰੀ ਰਹੀ ਤਾਂ ਅਕਾਲੀ ਦਲ ਵਾਂਗ ਹੀ, ਸਾਡੇ ‘ਮਾਫ਼ੀਆਂ ਮੰਗੂ’ ਲੀਡਰ ਅਕਾਲ ਤਖ਼ਤ ਨੂੰ ਵੀ ਜ਼ੀਰੋ ਬਣਾ ਕੇ ਛੱਡਣਗੇ। ਪੰਥ ਨੂੰ ਸਿਆਸਤਦਾਨਾਂ, ਹਾਕਮਾਂ ਤੇ ਬਾਬਾਵਾਦ ਦੇ ਹਮਾਇਤੀਆਂ ਕੋਲੋਂ ਸਿੱਖੀ ਦੀਆਂ ਵਾਗਾਂ ਖੋਹ ਕੇ ਗੁਰੂ-ਪੰਥ ਦੇ ਹਵਾਲੇ ਕਰ ਦੇਣੀਆਂ ਚਾਹੀਦੀਆਂ ਹਨ ਵਰਨਾ ਸਿੱਖੀ ਦਾ ਫਿਰ ਰੱਬ ਹੀ ਰਾਖਾ!! ਜੋਗਿੰਦਰ ਸਿੰਘ