
ਬਲਿਹਾਰੇ ਜਾਈਏ, ਇਹੋ ਜਹੇ ਅਫ਼ਸਰਾਂ ਦੇ ਜਿਨ੍ਹਾਂ ਕੋਲ ਕੇਸ ਆਉਣ ਉਤੇ ਸਪੱਸ਼ਟ ਆਖ ਦਿੰਦੇ ਹਨ ਕਿ ਮੇਰੇ ਕੋਲ ਕੋਈ ਸਿਫ਼ਾਰਸ਼ੀ ਜਾਂ ਰਿਸ਼ਵਤ ਵਾਲਾ ਨਾ ਆਵੇ..............
ਬਲਿਹਾਰੇ ਜਾਈਏ, ਇਹੋ ਜਹੇ ਅਫ਼ਸਰਾਂ ਦੇ ਜਿਨ੍ਹਾਂ ਕੋਲ ਕੇਸ ਆਉਣ ਉਤੇ ਸਪੱਸ਼ਟ ਆਖ ਦਿੰਦੇ ਹਨ ਕਿ ਮੇਰੇ ਕੋਲ ਕੋਈ ਸਿਫ਼ਾਰਸ਼ੀ ਜਾਂ ਰਿਸ਼ਵਤ ਵਾਲਾ ਨਾ ਆਵੇ। ਜੇਕਰ ਕੋਈ ਆਇਆ ਤਾਂ ਮੈਂ ਉਸ ਦਾ ਕੇਸ ਰੱਦ ਕਰ ਦੇਵਾਂਗਾ। ਇਹੋ ਜਹੇ ਅਫ਼ਸਰ ਵਿਰਲੇ ਹੀ ਹੁੰਦੇ ਹਨ। ਇਹੋ ਜਹੇ ਅਫ਼ਸਰਾਂ ਨੂੰ ਲੋਕ ਦੁਆਵਾਂ ਦਿੰਦੇ ਹਨ। ਲੋਕ ਉਨ੍ਹਾਂ ਦੀਆਂ ਗੱਲਾਂ ਕਰਦੇ ਨਹੀਂ ਥਕਦੇ। ਲੁਧਿਆਣੇ ਜ਼ਿਲ੍ਹੇ ਦੇ ਰਹਿ ਚੁੱਕੇ ਡੀ.ਸੀ. ਤਿਵਾੜੀ ਸਾਹਬ, ਡੀ.ਸੀ. ਪੁਰੀ ਸਾਹਬ ਅਤੇ ਡੀ.ਸੀ. ਮੁਹੰਮਦ ਸਾਹਬ ਜੀ ਦੀਆਂ ਜਦੋਂ ਗੱਲਾਂ ਸੁਣਦੇ ਹਾਂ, ਮਨ ਕਰਦਾ ਹੈ ਕਿ ਅਸਲੀ ਸਾਹਬ ਤਾਂ ਸਿਰਫ਼ ਇਹੀ ਹਨ।
ਸੁਣਦੇ ਹਾਂ ਕਿ ਇਹ ਅਫ਼ਸਰ ਕਿਸੇ ਵੀ ਸਿਆਸਤਦਾਨ ਦੀ ਪ੍ਰਵਾਹ ਨਹੀਂ ਸੀ ਕਰਦੇ ਸਗੋਂ ਇਹੀ ਕਹਿੰਦੇ ਸਨ ਕਿ ਸਿਆਸਤਦਾਨ ਸਾਡਾ ਕੁੱਝ ਨਹੀਂ ਵਿਗਾੜ ਸਕਦੇ, ਇਹ ਸਿਆਸਤਦਾਨ, ਸਾਡੀ ਬਦਲੀ ਕਰਵਾਉਣ ਤਕ ਹੀ ਸੀਮਤ ਹਨ। ਸਾਡੀ ਜਿਥੇ ਵੀ ਬਦਲੀ ਹੋਊ ਉਥੇ ਵੀ ਅਸੀ ਡੀ.ਸੀ. ਲਗਣਾ ਹੈ ਅਤੇ ਇਮਾਨਦਾਰੀ ਦੀ ਖ਼ੁਸਬੂ ਫੈਲਾਉਣੀ ਹੈ। ਸਿਆਸਤਦਾਨ ਇਹੋ ਜਹੇ ਅਫ਼ਸਰਾਂ ਤੋਂ ਕੰਨੀ ਕਤਰਾਉਂਦੇ ਹਨ। ਸਿਆਸਤਦਾਨ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਇਹ ਤਾਂ ਯਾਰ ਕੱਬਾ ਅਫ਼ਸਰ ਹੈ, ਕਿਸੇ ਦੀ ਨਹੀਂ ਸੁਣਦਾ। ਲੋਕ ਇਹੋ ਜਹੇ ਅਫ਼ਸਰ ਦੇ ਗੁਣ ਗਾਉਂਦੇ ਹਨ।
ਮੇਰੇ ਨਾਲ ਵੀ ਇਕ ਇਹੋ ਜਹੀ ਘਟਨਾ ਘਟੀ। ਸਾਡੇ ਪਿੰਡ ਵਿਚ ਇਕ ਨੰਬਰਦਾਰੀ ਦੀ ਅਸਾਮੀ ਖ਼ਾਲੀ ਪਈ ਸੀ। ਮੈਂ ਸਾਬਕਾ ਫੌਜੀ, ਬੀ.ਏ. ਪਾਸ, ਪੈਨਸ਼ਨ ਹੋਲਡਰ ਹੋਣ ਕਾਰਨ ਨੰਬਰਦਾਰੀ ਦੇ ਕਾਗ਼ਜ਼ ਭਰ ਦਿਤੇ। ਅਰਜ਼ੀ ਦਾਖ਼ਲ ਕਰਨ ਦਾ ਸਮਾਂ ਸਰਕਾਰ ਨੇ ਇਕ ਮਹੀਨਾ ਰਖਿਆ। ਦੋ ਬੰਦਿਆਂ ਨੇ ਹੋਰ ਅਰਜ਼ੀਆਂ ਦੇ ਦਿਤੀਆਂ। ਦੋਹਾਂ ਵਿਚ ਇਕ ਨੇ ਅਰਜ਼ੀ ਲੇਟ ਦਿਤੀ। ਅਸੀ ਦੋ ਰਹਿ ਗਏ। ਮੇਰੀ ਕਾਬਲੀਅਤ ਨੂੰ ਵੇਖਦੇ ਹੋਏ, ਸਾਡੇ ਤਹਿਸੀਲਦਾਰ ਬੈਨੀਪਾਲ ਨੇ ਮੈਨੂੰ ਮਾਰਕ ਕਰ ਦਿਤਾ। ਦੂਜਾ ਉਮੀਦਵਾਰ ਅਕਾਲੀਆਂ ਦਾ ਸੀ, ਉਹ ਦਸਵੀਂ ਫ਼ੇਲ੍ਹ ਸੀ, ਵਿਹਲਾ ਸੀ। ਉਹ ਉਮੀਦਵਾਰ ਸਾਡੇ ਜ਼ਿਲ੍ਹੇ ਦੇ ਰਹਿ ਚੁੱਕੇ ਮੇਅਰ ਹਾਕਮ ਸਿੰਘ ਦਾ ਖ਼ਾਸਮ ਖ਼ਾਸ ਸੀ।
ਉਸ ਨੂੰ ਜਦੋਂ ਪਤਾ ਲਗਿਆ ਕਿ ਤਹਿਸੀਲਦਾਰ ਨੇ ਫ਼ੌਜੀ ਨੂੰ ਮਾਰਕ ਕਰ ਦਿਤਾ ਹੈ ਤਾਂ ਉਸ ਨੇ ਤੁਰਤ ਮੇਅਰ ਸਾਹਬ ਨੂੰ ਫ਼ੋਨ ਕੀਤਾ। ਮੇਅਰ ਸਾਹਬ ਨੇ ਇਲਾਕੇ ਦੇ ਲੋਕਾਂ ਵਲੋਂ ਨਕਾਰੇ ਤੇ ਫਿਟਕਾਰੇ ਜਥੇਦਾਰ ਨੂੰ ਫ਼ੋਨ ਕੀਤਾ ਕਿ ਗੱਲ ਵਿਗੜ ਗਈ ਹੈ, ਤਹਿਸੀਲਦਾਰ ਨੇ ਫ਼ੌਜੀ ਨੂੰ ਮਾਰਕ ਕਰ ਦਿਤਾ ਹੈ। ਜਥੇਦਾਰ ਨੇ ਤੁਰਤ ਗੱਡੀ ਚੁਕੀ ਤੇ ਤਹਿਸੀਲਦਾਰ ਕੋਲ ਚਲਾ ਗਿਆ। ਜਥੇਦਾਰ ਕਹਿਣ ਲੱਗਾ ਕਿ ''ਤਹਿਸੀਲਦਾਰ ਸਾਹਬ, ਇਹ ਤੁਸੀ ਕੀ ਕੀਤਾ? ਇਹ ਫ਼ੌਜੀ ਤਾਂ ਬੈਂਸ (ਬੈਂਸ ਭਰਾਵਾਂ) ਦਾ ਬੰਦਾ ਹੈ, ਤੁਸੀ ਗ਼ਲਤ ਕਰ ਰਹੇ ਹੋ।''
ਤਹਿਸੀਲਦਾਰ ਨੇ ਜਥੇਦਾਰ ਦੀ ਗੱਲ ਉਤੇ ਯਕੀਨ ਕਰ ਲਿਆ ਅਤੇ ਮੇਰੇ ਕਾਗ਼ਜ਼ ਰੱਦ ਕਰ ਕੇ, ਦੂਜੇ ਬੰਦੇ ਨੂੰ ਮਾਰਕ ਕਰ ਦਿਤਾ। ਇਹ ਗੱਲ ਮੈਨੂੰ ਤਹਿਸੀਲਦਾਰ ਦੇ ਰੀਡਰ ਨੇ ਦਸੀ ਤੇ ਮੈਂ ਵੀ ਇਕ ਅਕਾਲੀਆਂ ਦਾ ਚੋਟੀ ਦਾ ਬੰਦਾ ਫੜਿਆ ਹੋਇਆ ਸੀ। ਉਹ ਬੰਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਲਾਹਕਾਰ ਸੀ। ਮੈਂ ਉਸ ਨੂੰ ਸਾਰੀ ਗੱਲ ਦਸੀ, ਉਸ ਨੇ ਮੈਨੂੰ ਦੂਜੇ ਦਿਨ ਪਤਾ ਕਰਨ ਲਈ ਕਹਿ ਦਿਤਾ। ਮੈਂ ਦੂਜੇ ਦਿਨ ਦਿਤੇ ਸਮੇਂ ਤੇ ਸਲਾਹਕਾਰ ਕੋਲ ਪਹੁੰਚ ਗਿਆ।
ਜਦੋਂ ਮੇਰੀ ਵਾਰੀ ਆਈ ਤਾਂ ਸਲਾਹਕਾਰ ਕਹਿਣ ਲਗਿਆ ਕਿ ਮਾਰਕ ਤਾਂ ਤਹਿਸੀਲਦਾਰ ਨੇ ਤੁਹਾਨੂੰ ਕਰ ਦਿਤਾ ਸੀ, ਆਹ ਜਥੇਦਾਰ ਨੇ ਇਹ ਕਹਿ ਕੇ ਤੇਰੇ ਕਾਗ਼ਜ਼ ਰੱਦ ਕਰਵਾ ਦਿਤੇ ਹਨ ਕਿ ਫ਼ੌਜੀ ਤਾਂ ਬੈਂਸਾਂ ਦਾ ਬੰਦਾ ਹੈ। ਸਾਰਾ ਪੰਜਾਬ ਹੀ ਨਹੀਂ, ਮੁਲਕ ਜਾਣਦਾ ਹੈ ਕਿ ਬੈਂਸ ਭਰਾਵਾਂ ਦਾ ਬੈਨੀਪਾਲ ਤਹਿਸੀਲਦਾਰ ਨਾਲ ਝਗੜਾ ਚਲ ਰਿਹਾ ਸੀ। ਜਥੇਦਾਰ ਨੇ ਝੂਠ ਬੋਲ ਕੇ ਅਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ। ਜਥੇਦਾਰ ਇਹ ਨਹੀਂ ਜਾਣਦਾ ਕਿ ਬੈਂਸ ਭਰਾਵਾਂ ਦਾ ਇਕ ਬੰਦਾ ਨਹੀਂ ਹਜ਼ਾਰਾਂ ਬੰਦੇ ਹਨ, ਕਦੋਂ ਤਕ ਝੂਠ ਦੀ ਪੰਡ ਚੁੱਕੀ ਰਖੋਗੇ? ਮੈਂ ਤਾਂ ਹੈਰਾਨ ਸਾਂ ਕਿ ਤਹਿਸੀਲਦਾਰ ਨੇ ਉਸ ਦੀ ਗੱਲ ਉਤੇ ਯਕੀਨ ਕਿਵੇਂ ਕਰ ਲਿਆ।
ਖ਼ੈਰ ਤਹਿਸੀਲਦਾਰ ਨੇ ਉਸ ਬੰਦੇ ਨੂੰ ਮਾਰਕ ਕਰ ਕੇ ਐਸਡੀਐਮ ਕੋਲ ਕਾਗ਼ਜ਼ ਭੇਜ ਦਿਤੇ। ਐਸਡੀਐਮ ਦੇ ਦੋ ਤਿੰਨ-ਤਰੀਕਾਂ ਪਈਆਂ। ਐਸਡੀਐਮ ਨੇ ਵੀ ਬਿਨਾਂ ਪੜ੍ਹੇ, ਉਸੇ ਤਰ੍ਹਾਂ ਹੀ ਘੁੱਗੀ ਮਾਰ ਕੇ ਕੇਸ ਅੱਗੇ ਤੋਰ ਦਿਤਾ। ਫਿਰ ਕੇਸ ਡੀ.ਸੀ. ਰਜਿਤ ਅਗਰਵਾਲ ਜੀ ਕੋਲ ਚਲਾ ਗਿਆ। ਉਥੇ ਵੀ 5, 6 ਤਰੀਕਾਂ ਪਈਆਂ। ਸਾਨੂੰ ਕੀ ਪਤਾ ਸੀ ਕਿ ਸਰਕਾਰ ਤਾਂ ਅਕਾਲੀਆਂ ਦੀ ਹੈ। ਜਿਸ ਦੀ ਸਰਕਾਰ, ਉਸੇ ਦਾ ਜੋਰੂ। ਇਕ ਦਿਨ ਹੈਰਾਨੀ ਦੀ ਹੱਦ ਟੱਪ ਗਈ ਕਿ ਡੀ.ਸੀ. ਦੇ ਸੇਵਾਦਾਰ ਨੇ ਸਾਨੂੰ 13 ਤਰੀਕ ਆਪੋ ਅਪਣੇ ਵਕੀਲ ਲਿਆਉਣ ਲਈ ਕਹਿ ਦਿਤਾ। ਮੈਂ 13 ਤਰੀਕ ਨੂੰ 10 ਵਜੇ ਹੀ ਅਪਣੇ ਵਕੀਲ ਨੂੰ ਨਾਲ ਲੈ ਗਿਆ।
ਤਕਰੀਬਨ ਸਾਢੇ ਤਿੰਨ ਵਜੇ, ਡੀ.ਸੀ. ਦਾ ਸੇਵਾਦਾਰ ਕਹਿਣ ਲੱਗਾ, ਕਿ 19 ਤਰੀਕ ਪਾਈ ਗਈ ਹੈ। 19 ਤਰੀਕ ਨੂੰ ਆਪੋ ਅਪਣੇ ਵਕੀਲ ਲੈ ਕੇ ਆਇਉ। ਮੈਂ 19 ਤਰੀਕ ਨੂੰ ਵਕੀਲ ਨੂੰ ਲੈ ਗਿਆ। ਪ੍ਰੰਤੂ ਅਕਾਲੀਆਂ ਦਾ ਬੰਦਾ ਵਕੀਲ ਨਾ ਲਿਆਇਆ। ਉਸ ਨੂੰ ਪਤਾ ਸੀ ਕਿ ਸਰਕਾਰ ਤਾਂ ਅਕਾਲੀਆਂ ਦੀ ਹੈ, ਮੈਂ ਤਾਂ ਬਣਿਆ ਪਿਆ ਹਾਂ। ਸਾਨੂੰ ਹਾਕ ਪਈ। ਡੇਢ ਵਜੇ, ਸੇਵਾਦਾਰ ਆਇਆ ਕਿ ਦਲੀਪ ਸਿੰਘ ਨੂੰ ਡੀ.ਸੀ ਨੇ 13 ਤਰੀਕ ਨੂੰ ਮਾਰਕ ਕਰ ਦਿਤਾ ਸੀ, ਦਲੀਪ ਸਿੰਘ ਨੂੰ ਪਿੰਡ ਦਾ ਨੰਬਰਦਾਰ ਐਲਾਨ ਕੀਤਾ ਜਾਂਦਾ ਹੈ। ਮੈਂ ਸੇਵਾਦਾਰ ਨੂੰ ਕਿਹਾ, ''ਫਿਰ ਸਾਨੂੰ 19 ਤਰੀਕ ਨੂੰ ਕਿਉਂ ਬੁਲਾਇਆ?''
ਸੇਵਾਦਾਰ ਦਾ ਜਵਾਬ ਸੀ ਕਿ ''ਡੀ.ਸੀ. ਸਾਹਬ ਨੂੰ ਪੁੱਛ ਲਉ।'' ''ਓ ਭਲਿਆ ਮਾਣਸਾ ਤੂੰ ਤਾਂ ਸੇਵਾਦਾਰ ਹੈ, ਆਰਡਰ ਤਾਂ ਡੀ.ਸੀ. ਕਰਦਾ ਹੁੰਦੈ। ਡੀ.ਸੀ. ਨੇ ਤਾਂ ਸਾਨੂੰ ਆਰਡਰ ਕੀਤੇ ਹੀ ਨਹੀਂ।'' ਖ਼ੈਰ ਮੈਂ ਉਸੇ ਸਮੇਂ ਡੀ.ਸੀ. ਕੋਲ ਗਿਆ ਤੇ ਕਿਹਾ, ''ਸਾਹਿਬ ਇਹ ਤਾਂ ਨਿਰਾ ਧੱਕਾ ਹੈ। ਮੈਂ ਸਾਬਕਾ ਫ਼ੌਜੀ ਤੇ ਬੀ.ਏ ਪਾਸ, ਤੁਸੀ ਦਸਵੀਂ ਫ਼ੇਲ੍ਹ ਨੂੰ ਨੰਬਰਦਾਰ ਬਣਾ ਦਿਤਾ।'' ਅੱਗੋਂ ਡੀ.ਸੀ. ਦਾ ਜਵਾਬ ਸੀ, ''ਮੈਨੂੰ ਤਾਂ ਪਤਾ ਹੀ ਨਹੀਂ ਸੀ, ਹਾਂ ਤੁਸੀ ਇਕ ਕੰਮ ਕਰੋ, ਪਟਿਆਲੇ ਕਮਿਸ਼ਨਰ ਕੋਲ ਅਪੀਲ ਕਰੋ।'' ਮੈਂ ਕਿਹਾ ਕਿ ''ਉਥੇ ਵੀ ਤਾਂ ਤੁਹਾਡੇ ਵਰਗਾ ਹੀ ਅਫ਼ਸਰ ਬੈਠਾ ਨੇ।''
ਜਦੋਂ ਮੈਨੂੰ ਡੀ.ਸੀ. ਦੇ ਸੁਰੱਖਿਆ ਕਰਮਚਾਰੀ ਨੇ ਤਲਖ਼ੀ ਵਿਚ ਵੇਖਿਆ ਤਾਂ ਬਾਹੋਂ ਫੜ ਕੇ ਬਾਹਰ ਕੱਢ ਦਿਤਾ। ਫਿਰ ਕੀ ਸੀ, ਮੈਂ 15 ਦਿਨ ਦੇ ਅੰਦਰ-ਅੰਦਰ ਸਟੇਅ ਲੈ ਲਿਆ। ਉਥੇ ਵੀ 7,8 ਤਰੀਕਾਂ ਪਈਆਂ, ਸਰਕਾਰ ਅਕਾਲੀਆਂ ਦੀ ਸੀ। 31 ਮਈ 2016 ਨੂੰ ਸਾਡੀ ਆਖ਼ਰੀ ਤਰੀਕ ਸੀ। ਸਾਨੂੰ ਹਾਕ ਪਈ, ਕਮਿਸ਼ਨਰ ਸਾਹਬ ਨੇ, ਸਰਕਾਰ ਦੀ ਪ੍ਰਵਾਹ ਨਾ ਕਰਦੇ ਹੋਏ, ਪੇਪਰ ਪੜ੍ਹੇ, ਝੱਟ ਮੇਰੇ ਹੱਕ ਵਿਚ ਫ਼ੈਸਲਾ ਸੁਣਾ ਦਿਤਾ ਤੇ ਮੈਨੂੰ ਪਿੰਡ ਦਾ ਨੰਬਰਦਾਰ ਐਲਾਨ ਦਿਤਾ। ਜਦੋਂ ਦਲੀਪ ਸਿੰਘ ਨੂੰ ਪਤਾ ਚਲਿਆ ਤਾਂ ਉਸ ਨੇ ਤੁਰਤ ਫ਼ੋਨ ਘੁਮਾਏ।
ਜਥੇਦਾਰ ਨੂੰ ਜਦੋਂ ਪਤਾ ਲਗਿਆ ਕਿ ਮੇਰਾ ਝੂਠ ਤਾਂ ਦਬ ਗਿਆ ਹੈ ਤਾਂ ਉਸ ਨੇ ਫਟਾ ਫਟ ਪਟਿਆਲਾ ਕਮਿਸ਼ਨਰ ਨੂੰ ਫ਼ੋਨ ਕੀਤਾ। ਕਹਿਣ ਲੱਗਾ, ''ਕਮਿਸ਼ਨਰ ਸਾਹਬ ਸਰਕਾਰ ਹੋਵੇ ਸਾਡੀ ਤੇ ਤੁਸੀ ਨੰਬਰਦਾਰੀ ਕਿਸੇ ਹੋਰ ਨੂੰ ਦੇਵੋ, ਚੰਗੀ ਗੱਲ ਨਹੀਂ।'' ਕਮਿਸ਼ਨਰ ਕਹਿਣ ਲੱਗੇ, ''ਤੁਸੀ ਬੋਲ ਕੌਣ ਰਹੇ ਹੋ?'' ''ਮੈਂ ਅਕਾਲੀਆਂ ਦਾ ਜਥੇਦਾਰ ਬੋਲ ਰਿਹਾ ਹਾਂ।'' ਕਮਿਸ਼ਨਰ ਸਾਹਿਬ ਕਹਿਣ ਲੱਗੇ ''ਜੋ ਬੰਦਾ ਕਾਬਲ ਸੀ, ਮੈਂ ਮਾਰਕ ਕਰ ਦਿਤਾ।''
ਜਥੇਦਾਰ ਕਹਿਣ ਲੱਗਾ, ''ਰਾਜੇ (ਕੈਪਟਨ ਅਮਰਿੰਦਰ ਸਿੰਘ) ਦੀ ਸਿਫ਼ਾਰਸ਼ ਲਗਦੀ ਹੈ।'' ਇਹ ਕਹਿ ਕੇ ਫ਼ੋਨ ਕੱਟ ਦਿਤਾ। ਇਹ ਗੱਲ ਮੈਨੂੰ ਕਮਿਸ਼ਨਰ ਸਾਹਬ ਨੇ ਖ਼ੁਦ ਦਸੀ। ਨੰਬਰਦਾਰ ਬਣਨ ਤੋਂ ਬਾਅਦ 6 ਮਹੀਨੇ ਮੈਨੂੰ ਇਨ੍ਹਾਂ ਨੇ ਆਈ ਕਾਰਡ ਨਾ ਦਿਤਾ, ਮੈਂ ਬੜਾ ਫਿਰਿਆ ਪਰ ਇਹ ਸੱਪ ਵਾਂਗ ਵਿਸ ਘੋਲਦੇ ਰਹੇ। ਜਦੋਂ ਕੈਪਟਨ ਸਾਹਬ ਦੀ ਸਰਕਾਰ ਆਈ, ਮੈਨੂੰ ਫਟਾ ਫਟ ਫ਼ੋਨ ਆਉਣ ਲੱਗ ਪਏ, ਨੰਬਰਦਾਰ ਸਾਹਬ ਅਪਣਾ ਆਈ ਕਾਰਡ ਲੈ ਜਾਉ।
ਸੰਪਰਕ : 94643-74801