ਮੈਂ ਸਾਰੀ ਉਮਰ ਸੌਖੇ ਰਾਹਾਂ ਨੂੰ ਛੱਡ ਕੇ, ਔਖੇ ਤੇ ਕੰਡਿਆਲੇ ਰਾਹਾਂ 'ਤੇ ਚਲਣ ਦੇ ਫ਼ੈਸਲੇ ਹੀ ਕਿਉਂ ਕਰਦਾ ਰਿਹਾ? ਕੀ ਇਹ ਕੋਈ ਬੀਮਾਰੀ ਸੀ ਜਾਂ...?
Published : Aug 10, 2025, 8:13 am IST
Updated : Aug 10, 2025, 8:13 am IST
SHARE ARTICLE
Nijji Diary De Panne joginder Singh News
Nijji Diary De Panne joginder Singh News

ਮੈਂ ਹਰ ਵਾਰ ਔਖਾ ਰਾਹ ਚੁਣਨ ਦਾ ਫ਼ੈਸਲਾ ਹੀ ਕੀਤਾ ਤੇ ਪੈਸੇ, ਸ਼ੋਹਰਤ ਤੇ ਹਾਕਮ ਦੀ ਨੇੜਤਾ ਤੋਂ ਹਰ ਵਾਰ ਅਪਣੇ ਆਪ ਨੂੰ ਦੂਰ ਰਖਿਆ।

Nijji Diary De Panne joginder Singh News: ਪਿਛਲੀ ਕਿਸਤ ਵਿਚ ਮੈਂ ਅਪਣੇ ਆਪ ਤੋਂ ਇਸ ਸਵਾਲ ਦਾ ਜਵਾਬ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਦ ਪ੍ਰਮਾਤਮਾ ਨੇ ਜੀਵਨ ਦੇ ਹਰ ਪੜਾਅ ਤੇ ਮੈਨੂੰ ਖੁਲ੍ਹ ਦਿਤੀ ਹੋਈ ਸੀ ਕਿ ਮੈਂ ਚਾਹਾਂ ਤਾਂ ਕਰੋੜਾਂ ਲੈ ਲਵਾਂ, ਖ਼ੁਸ਼ਹਾਲ ਜੀਵਨ ਬਸਰ ਵੀ ਕਰਾਂ ਤੇ ਰਾਜ ਭਾਗ ਵਿਚ ਚੰਗਾ ਰੁਤਬਾ ਵੀ ਪ੍ਰਾਪਤ ਕਰਨਾ ਚਾਹਾਂ ਤਾਂ ਕਰ ਲਵਾਂ ਪਰ ਜੇ ਇਹ ਰਾਹ ਪਸੰਦ ਨਾ ਹੋਵੇ ਤਾਂ ਆਰਥਕ ਤੰਗੀ, ਔਕੜਾਂ, ਊਜਾਂ, ਹਾਕਮਾਂ ਦੀ ਵਿਰੋਧਤਾ ਤੇ ਸੰਘਰਸ਼ ਵਾਲਾ ਰਾਹ ਚੁਣ ਲਵਾਂ। ਮੈਂ ਹਰ ਵਾਰ ਔਖਾ ਰਾਹ ਚੁਣਨ ਦਾ ਫ਼ੈਸਲਾ ਹੀ ਕੀਤਾ ਤੇ ਪੈਸੇ, ਸ਼ੋਹਰਤ ਤੇ ਹਾਕਮ ਦੀ ਨੇੜਤਾ ਤੋਂ ਹਰ ਵਾਰ ਅਪਣੇ ਆਪ ਨੂੰ ਦੂਰ ਰਖਿਆ। (ੳ) ਪਹਿਲਾਂ ਪਿਤਾ ਨੇ ਜਾਪਾਨੀ ਪੁਰਜ਼ੇ ਤਿਆਰ ਕਰਨ ਵਾਲੀ ਫ਼ੈਕਟਰੀ ਮੇਰੇ ਲਈ ਖ਼ਰੀਦ ਲਈ ਪਰ ਮੈਂ ਉਸ ਨੂੰ ਛੱਡ ਛਡਾਅ ਕੇ, ਖ਼ਾਲੀ ਹੱਥ ਚੰਡੀਗੜ੍ਹ ਆਉਣਾ ਪਸੰਦ ਕੀਤਾ।

(ਅ) ਫਿਰ ਹਾਈ ਕੋਰਟ ਵਿਚ ਚੰਗਾ ਨਾਂ ਬਣ ਗਿਆ ਤਾਂ ਜਸਟਿਸ ਮੇਲਾ ਰਾਮ ਸ਼ਰਮਾ ਦੇ ਰੋਕਣ ਦੇ ਬਾਵਜੂਦ, ਮੈਂ ਇਕ ਪਲ ਵਿਚ ਕਾਲਾ ਕੋਟ ਲਾਹ ਕੇ, ਫਿਰ ਗ਼ਰੀਬੀ, ਕਰੜੀ ਮਿਹਨਤ ਤੇ ਸੰਘਰਸ਼ ਦਾ ਰਾਹ ਚੁਣ ਲਿਆ। (ੲ) ਫਿਰ ਗਿ: ਜ਼ੈਲ ਸਿੰਘ ਤੇ ਗਿ: ਗੁਰਮੁਖ ਸਿੰਘ ਮੁਸਾਫ਼ਰ ਮੇਰੀ ਲੇਖਣੀ ਦੇ ਪ੍ਰਸ਼ੰਸਕ ਬਣ ਗਏ ਤੇ ਉੁਨ੍ਹਾਂ ਇਸ਼ਤਿਹਾਰਾਂ ਰਾਹੀਂ ਮਦਦ ਕਰਨ ਦੀ ਪੇਸ਼ਕਸ਼ ਕੀਤੀ ਪਰ ਉੁਨ੍ਹਾਂ ਦੇ ਵਾਰ ਵਾਰ ਜ਼ੋਰ ਦੇਣ ’ਤੇ ਵੀ ਇਕ ਪੈਸੇ ਦਾ ਇਸ਼ਤਿਹਾਰ ਉੁਨ੍ਹਾਂ ਤੋਂ ਨਾ ਲਿਆ ਭਾਵੇਂ ਪਰਚਾ (ਪੰਜ ਪਾਣੀ) ਬੰਦ ਕਰਨਾ ਵੀ ਪੈ ਗਿਆ। (ਸ) ਫਿਰ ਸਪੋਕਸਮੈਨ ਸ਼ੁਰੂ ਕੀਤਾ ਤਾਂ ਪਹਿਲੇ ਪਰਚੇ ਤੋਂ ਹੀ ਐਲਾਨ ਕਰ ਦਿਤਾ ਕਿ ਸਰਕਾਰੀ ਇਸ਼ਤਿਹਾਰ ਉਦੋਂ ਤਕ ਨਹੀਂ ਲਏ ਜਾਣਗੇ ਜਦ ਤਕ ਸਪੋਕਸਮੈਨ ਰੋਜ਼ਾਨਾ ਅਖ਼ਬਾਰ ਨਹੀਂ ਬਣ ਜਾਂਦਾ। ਦੋ ਅਕਾਲੀ ਵਜ਼ੀਰ 40 ਸਫ਼ੇ ਇਸ਼ਤਿਹਾਰਾਂ ਦੇ ਲੈ ਕੇ ਵੀ ਆਏ ਪਰ ਮੈਂ ਹੱਥ ਜੋੜ ਦਿਤੇ।

ਉਸ ਤੋਂ ਅਗਲੀ ਕਹਾਣੀ ‘ਰੋਜ਼ਾਨਾ ਸਪੋਕਸਮੈਨ’ ਤੋਂ ਸ਼ੁਰੂ ਹੁੰਦੀ ਹੈ। ਔਖੇ ਰਾਹਾਂ ’ਤੇ ਚਲ ਕੇ ਵੀ ਅਸੀ ਪਰਚੇ ਨੂੰ ਰੋਜ਼ਾਨਾ ਅਖ਼ਬਾਰ ਬਣਾ ਹੀ ਲਿਆ। ਅਖ਼ਬਾਰ ਸ਼ੁਰੂ ਹੋਣ ਤੋਂ ਪਹਿਲਾਂ ਇਕ ‘ਦੁਰਘਟਨਾ’ ਇਹ ਘੱਟ ਗਈ ਕਿ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨਾਲ ਹੋਏ ਧੱਕੇ ਨੂੰ ਬਰਦਾਸ਼ਤ ਕਰਨਾ ਮੇਰੇ ਲਈ ਔਖਾ ਹੋ ਗਿਆ ਤੇ ਸਾਥੀਆਂ ਨੂੰ ਨਾਲ ਲੈ ਕੇ, ਅਸੀ ਵਰਲਡ ਸਿੱਖ ਕਨਵੈਨਸ਼ਨ ਸੱਦ ਲਈ ਜਿਸ ਨੇ ਅਕਾਲ ਤਖ਼ਤ ਉਤੇ ਕਾਬਜ਼ ਹੋ ਚੁੱਕੇ ‘ਪੁਜਾਰੀਵਾਦ’ ਵਿਰੁਧ ਸਰਬ-ਸੰਮਤੀ ਨਾਲ ਫ਼ੈਸਲਾ ਦੇ ਦਿਤਾ ਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਪੁਜਾਰੀਵਾਦ ਦੇ ਫ਼ੈਸਲਿਆਂ ਨੂੰ ਸੁਣਨ ਅਤੇ ਮੰਨਣ ਤੋਂ ਇਨਕਾਰ ਕਰ ਦੇਣ। ਇਸ ਵਿਚ ਸ਼ਾਮਲ ਹੋਣ ਵਾਲੇ 95 ਫ਼ੀਸਦੀ ਲੋਕ, ਸਪੋਕਸਮੈਨ ਦੇ ਪਾਠਕ ਹੀ ਸਨ, ਇਸ ਲਈ ‘ਪੁਜਾਰੀਵਾਦ’ ਦਾ ਨਜ਼ਲਾ ਮੇਰੇ ’ਤੇ ਹੀ ਡਿਗਿਆ ਤੇ ਉੁਨ੍ਹਾਂ ਨੇ ਮੈਨੂੰ ਅਪਣੇ ‘ਪੰਥ’ ’ਚੋਂ ਛੇਕ ਦਿਤਾ।

ਉੁਨ੍ਹਾਂ ਦਾ ਖ਼ਿਆਲ ਸੀ ਕਿ ਇਥੇ ਤਾਂ ਗਿ: ਜ਼ੈਲ ਸਿੰਘ ਤੇ ਬੂਟਾ ਸਿੰਘ ਵਰਗੇ ਵੀ ਬਹੁਤੇ ਦਿਨ ਅੜ ਨਹੀਂ ਸਨ ਸਕੇ ਤਾਂ ਮੈਂ ਕਿਸ ਖੇਤ ਦੀ ਮੁੂਲੀ ਹਾਂ? ਉਨ੍ਹਾਂ ਨੂੰ ਯਕੀਨ ਸੀ (ਜਿਵੇਂ ਮੈਨੂੰ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿ. ਭਗਵਾਨ ਸਿੰਘ ਨੇ ਆਪ ਦਸਿਆ) ਕਿ 10-15 ਦਿਨਾਂ ਵਿਚ ਹੀ ਜੋਗਿੰਦਰ ਸਿੰਘ ਭੱਜਾ ਹੋਇਆ ਆਵੇਗਾ ਤੇ ਉਸ ਨੂੰ ਇਕ ‘ਚੇਤਾਵਨੀ’ ਦੇ ਕੇ ਛੱਡ ਦਿਤਾ ਜਾਏਗਾ! ਇਕ ਤਖ਼ਤ ਦੇ ‘ਜਥੇਦਾਰ’ ਨੇ ਵੀ ਮੈਨੂੰ ਇਹੀ ਗੱਲ ਦੱਸੀ ਸੀ ਕਿ ਸਾਰੇ ਹੀ ਸਹਿਮਤ ਸਨ ਕਿ ਮੈਂ ਕੋਈ ‘ਭੁੱਲ’ ਤਾਂ ਕੀਤੀ ਕੋਈ ਨਹੀਂ ਸੀ, ਇਸ ਲਈ ਘੁਰਕੀ ਮਾਰ ਕੇ ਹੀ ਮਾਮਲਾ ਖ਼ਤਮ ਕਰ ਦਿਤਾ ਜਾਵੇਗਾ।

ਪਰ ਮੈਂ ਕਿਉਂਕਿ ਸੱਚੇ ਦਿਲੋਂ ਸਮਝਦਾ ਸੀ ਕਿ ਪੁਜਾਰੀਵਾਦ, ਬਾਬੇ ਨਾਨਕ ਦੀ ਸਿੱਖੀ ਲਈ ਬੜਾ ਮਾਰੂ ਸਿਧ ਹੋਵੇਗਾ ਤੇ ਇਕ ਆਧੁਨਿਕ ਯੁਗ ਦੇ ਤਰਕਵਾਦੀ ਧਰਮ ਨੂੰ ਪੱਥਰ ਯੁਗ ਦਾ ਧਰਮ ਬਣਾ ਦੇਵੇਗਾ, ਇਸ ਲਈ ਮੈਂ ਇਕ ਵਾਰ ਫਿਰ ਅਸੂਲ ਦੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਤੇ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨ ਦਾ ਐਲਾਨ ਕਰ ਕੇ ਖੱਖਰਾਂ ਨੂੰ ਛੇੜ ਲਿਆ। ਮੇਰੇ ਵਿਰੁਧ ਕਿਤਾਬਾਂ ਲਿਖਵਾਈਆਂ ਗਈਆਂ ਤੇ ਗੁਰਦਵਾਰਾ ਦੀਵਾਨਾਂ ਵਿਚ ਧੂੰਆਂਧਾਰ ਪ੍ਰਚਾਰ ਸ਼ੁਰੂ ਕਰ ਦਿਤਾ ਗਿਆ ਕਿ ਮੈਂ ਅਖ਼ਬਾਰ ਕਢਣੀ ਕੋਈ ਨਹੀਂ ਤੇ ਲੋਕਾਂ ਕੋਲੋਂ ਪੈਸਾ ਲੈ ਕੇ ਸਵਿਟਰਜ਼ਰਲੈਂਡ ਭੱਜ ਜਾਣਾ ਹੈ ਤੇ ਲੋਕਾਂ ਦੇ ਕਰੋੜਾਂ ਰੁਪਏ ਖਾ ਪੀ ਲੈਣੇ ਹਨ।

ਇਹ ਪ੍ਰਚਾਰ ਏਨੇ ਜ਼ੋਰਦਾਰ ਢੰਗ ਨਾਲ ਕੀਤਾ ਗਿਆ ਕਿ ਮੇਰੇ ਪੱਕੇ ਸਾਥੀ ਵੀ ਘਬਰਾ ਗਏ ਤੇ ਆ ਕੇ ਮੈਨੂੰ ਸਲਾਹਾਂ ਦੇਣ ਲੱਗੇ ਕਿ ਮੈਂ ਬੜੇ ਗ਼ਲਤ ਮੌਕੇ ’ਤੇ ਪੁਜਾਰੀਆਂ ਤੇ ਸਿਆਸੀ ਲੋਕਾਂ ਨਾਲ ਲੜਾਈ ਛੇੜ ਦਿਤੀ ਹੈ ਜਿਸ ਦਾ ਵੱਡਾ ਨੁਕਸਾਨ ਇਹ ਹੋਵੇਗਾ ਕਿ ਰੋਜ਼ਾਨਾ ਅਖ਼ਬਾਰ ਸ਼ੁਰੂ ਨਹੀਂ ਹੋ ਸਕੇਗਾ ਕਿਉਂਕਿ ਗੁਰਦੁਆਰਾ ਸਟੇਜਾਂ ਤੋਂ ਹੋ ਰਹੇ ਪ੍ਰਚਾਰ ਦਾ ਅਸਰ ਹੋਣ ਲੱਗ ਪਿਆ ਹੈ ਤੇ ਲੋਕ ਪਿੱਛੇ ਹਟਣ ਲੱਗ ਪਏ ਹਨ। ਉੁਨ੍ਹਾਂ ਨੂੰ ਮੇਰਾ ਜਵਾਬ ਇਹੀ ਸੀ ਕਿ ਹੁਣ ਮੇਰੇ ਹੱਥ ਵਿਚ ਕੁੱਝ ਨਹੀਂ ਰਿਹਾ ਤੇ ਗੋਡੇ ਟੇਕਣ ਦੀ ਜਾਚ ਮੈਨੂੰ ਸਿਖਾਈ ਨਹੀਂ ਗਈ। ਜੇ ਅਸੀ ਠੀਕ ਹਾਂ ਤਾਂ ਪ੍ਰਮਾਤਮਾ ਉਤੇ ਵਿਸ਼ਵਾਸ ਰੱਖੋ, ਉਹ ਸਾਡਾ ਸਾਥ ਜ਼ਰੂਰ ਦੇਵੇਗਾ।

ਪ੍ਰਮਾਤਮਾ ਨੇ ਸਾਥ ਦਿਤਾ ਤੇ ਅਖ਼ਬਾਰ ਸ਼ੁਰੂ ਹੋ ਗਿਆ। ਇਥੋਂ ਸ਼ੁਰੂ ਹੁੰਦੀ ਹੈ ਮੇਰੇ ਪੁਰਾਣੇ ਤੇ ਗੂੜ੍ਹੇ ਮਿੱਤਰ, ‘ਅਜੀਤ’ ਦੇ ਬਰਜਿੰਦਰ ਸਿੰਘ ਦੀ, ਘਬਰਾਹਟ ਵਿਚ ਕੀਤੀ ਮਿੱਤਰ-ਮਾਰ ਕਾਰਵਾਈ ਦੀ। ਬਰਜਿੰਦਰ ਨੂੰ ਲਿਖਣਾ ਨਹੀਂ ਆਉਂਦਾ ਤੇ ਖ਼ਬਰਾਂ ਦਾ ਵਿਸ਼ਲੇਸ਼ਣ ਕਰਨਾ ਤਾਂ ਉਸ ਲਈ ਮਾਊਂਟ ਐਵਰੈਸਟ ’ਤੇ ਚੜ੍ਹਨ ਵਰਗਾ ਔਖਾ ਕੰਮ ਹੈ। ਇਸ ਨਾਲ ਉਸ ਦੇ ਅੰਦਰ ‘ਅਹਿਸਾਸੇ ਕਮਤਰੀ’ (ਘਟੀਆਪਨ ਦਾ ਅਹਿਸਾਸ) ਪੈਦਾ ਹੋ ਗਿਆ ਹੈ ਤੇ ਡਰਿਆ ਡਰਿਆ ਰਹਿੰਦਾ ਹੈ ਕਿ ਕੋਈ ਹੋਰ ਪੰਜਾਬੀ ਅਖ਼ਬਾਰ ਉਸ ਲਈ ਖ਼ਤਰਾ ਨਾ ਬਣ ਜਾਏ। ਇਹ ਕਹਿ ਕੇ ਮੈਂ ਉਸ ਦੀ ਵਿਰੋਧਤਾ ਨਹੀਂ ਕਰ ਰਿਹਾ ਸਗੋਂ ਇਕ ਸੱਚ ਬਿਆਨ ਕਰ ਰਿਹਾ ਹਾਂ ਜੋ ਉਸ ਦੇ ਮੂੰਹ ’ਤੇ ਵੀ ਕਈ ਵਾਰ ਕਿਹਾ ਹੈ। ਇਸ ਦੇ ਬਾਵਜੂਦ, ਹਾਲਾਤ ਦਾ ਫ਼ਾਇਦਾ ਉਠਾ ਕੇ, ਉਹ ਪਿਤਾ ਵਲੋਂ ਚਲਾਏ ਸੱਭ ਤੋਂ ਵੱਡੇ ਪੰਜਾਬੀ ਅਖ਼ਬਾਰ ਦਾ ‘ਮਾਲਕ’ ਬਣ ਗਿਆ ਤੇ ਇਸ ਨਾਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੋਸਤੀ ਦਾ ਨਿੱਘ ਵੀ ਮਾਣਨ ਲੱਗ ਗਿਆ। ਹੁਣ ਅਹਿਸਾਸੇ ਕਮਤਰੀ ਸਦਕਾ, ਉਸ  ਦੀ ਇਕੋ ਇਕ ਇੱਛਾ ਇਹ ਬਣ ਗਈ ਕਿ ਪੰਜਾਬੀ ਦਾ ਕੋਈ ਹੋਰ ਚੰਗਾ ਅਖ਼ਬਾਰ, ਉਸ ਦੇ ਜੀਊਂਦੇ ਜੀਅ ਨਾ ਨਿਕਲ ਸਕੇ ਜੋ ਉਸ ਨੂੰ ਪਿੱਛੇ ਸੁੱਟ ਕੇ, ਉਸ ਦੀ ਮੁੱਖ ਮੰਤਰੀ ਨਾਲ ਬਣੀ ਨੇੜਤਾ ਵਿਚ ਹਿੱਸੇਦਾਰ ਬਣ ਜਾਏ।

ਜਦੋਂ ਵੀ ਕੋਈ ਚੰਗਾ ਅਖ਼ਬਾਰ ਨਿਕਲਣ ਲਗਦਾ, ਉਹ ਉਸ ਨੂੰ ਰੋਕਣ ਲਈ ਦੌੜ ਭੱਜ ਕਰਨ ਲਗਦਾ ਤੇ ਕਾਮਯਾਬ ਵੀ ਹੋ ਜਾਂਦਾ। ਮੇਰੇ ਬਾਰੇ ਉਸ ਨੂੰ ਪਤਾ ਸੀ ਕਿ ਮੈਂ ਅਖ਼ਬਾਰ ਨਾ ਕੱਢਣ (ਤੇ ਬਦਲੇ ਵਿਚ ਕੋਈ ਵੱਡੀ ਚੀਜ਼ ਲੈ ਲੈਣ) ਦੀ ਗੱਲ ਤਾਂ ਸੁਣਾਂਗਾ ਨਹੀਂ, ਜਿਵੇਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਸੁਣ ਲਈ ਸੀ--- ਇਸ ਲਈ ਉਸ ਨੇ ਸ. ਪ੍ਰਕਾਸ਼ ਸਿੰਘ ਬਾਦਲ ਅੱਗੇ ਤਰਲਾ ਮਾਰਿਆ ਕਿ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰਗਟ ਹੋਣ ਦੇ ਪਹਿਲੇ ਦਿਨ ਹੀ ਅਖ਼ਬਾਰ ਵਿਰੁਧ ਵੀ ‘ਹੁਕਮਨਾਮਾ’ ਜਾਰੀ ਕਰਵਾਇਆ ਜਾਵੇ। ਜਦ ਵੇਦਾਂਤੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿਤੀ ਤਾਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਕੋਲੋਂ ਹੀ ਅਕਾਲ ਤਖ਼ਤ ਦਾ ਨਾਂ ਵਰਤ ਕੇ, ਆਦੇਸ਼ ਜਾਰ ਕਰਵਾ ਲਿਆ ਗਿਆ ਕਿ ਪੰਥ ’ਚੋਂ ਛੇਕੇ ਹੋਏ ਜੋਗਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਅਖ਼ਬਾਰ ਨੂੰ ਨਾ ਕੋਈ ਪੜ੍ਹੇ, ਨਾ ਇਸ ਵਿਚ ਕੋਈ ਨੌਕਰੀ ਕਰੇ, ਨਾ ਇਸ ਨੂੰ ਇਸ਼ਤਿਹਾਰ ਦੇਵੇ ਤੇ ਨਾ ਕੋਈ ਹੋਰ ਸਹਿਯੋਗ ਦੇਵੇ।

ਮੈਨੂੰ ਸੁਝਾਅ ਦਿਤਾ ਗਿਆ ਕਿ ਪੁਰਾਣੇ ਮਿੱਤਰ ਨੂੰ ਜਾ ਕੇ ਸਮਝਾਵਾਂ ਕਿ ਜਿਥੇ ਏਨੀ ਗੂੜ੍ਹੀ ਦੋਸਤੀ ਰਹੀ ਹੋਵੇ, ਉਥੇ ਵਪਾਰ ਦੀ ਖ਼ਾਤਰ, ਏਨਾ ਨੀਵਾਂ ਨਹੀਂ ਡਿਗ ਜਾਈਦਾ। ਪਰ ਫਿਰ ਮਨ ਵਿਚ ਖ਼ਿਆਲ ਉਠਿਆ ਕਿ ਇਸ ਨੂੰ ਇਸ ਵੇਲੇ ਮੇਰੀ ਕਮਜ਼ੋਰੀ ਸਮਝਿਆ ਜਾਵੇਗਾ ਤੇ ‘ਡਰ ਗਿਆ’ ਹੀ ਕਿਹਾ ਜਾਵੇਗਾ। ਸੋ ਮੈਂ ਫ਼ੈਸਲਾ ਕੀਤਾ ਕਿ ਪਹਿਲਾਂ ਇਨ੍ਹਾਂ ਦੇ ਉਸ ਹੱਲੇ’ ਨੂੰ ਨਾਕਾਮ ਕਰ ਲਵਾਂ ਜਿਸ ਬਾਰੇ ਉੁਨ੍ਹਾਂ ਨੂੰ ਪੱਕਾ ਯਕੀਨ ਸੀ ਕਿ ‘‘ਹੁਣ ਤਾਂ ਸਪੋਕਸਮੈਨ 15 ਦਿਨ ਵੀ ਨਹੀਂ ਕੱਢ ਸਕੇਗਾ ਤੇ ਮਹੀਨਾ ਵੀ ਨਹੀਂ ਕੱਢ ਸਕੇਗਾ।’’ ਜਿਵੇਂ ਮੇਰੇ ਉਤੇ 5 ‘ਜਥੇਦਾਰਾਂ’ ਦੇ ‘ਹੁਕਮਨਾਮੇ’ ਦਾ ਕੋਈ ਅਸਰ ਨਹੀਂ ਸੀ ਹੋਇਆ, ਇਸੇ ਤਰ੍ਹਾਂ ਪਹਿਲੀ ਦਸੰਬਰ, 2005 ਵਾਲੇ ‘ਆਦੇਸ਼’ ਦਾ ਵੀ ਰੋਜ਼ਾਨਾ ਸਪੋਕਸਮੈਨ ਉਤੇ ਕੋਈ ਅਸਰ ਨਾ ਹੋਇਆ ਤੇ ਇਕ ਦੋ ਝਟਕੇ ਲੱਗਣ ਦੇ ਬਾਵਜੂਦ, ਇਹ ਅੱਗੇ ਤੋਂ ਅੱਗੇ ਹੀ ਨਿਕਲਦਾ ਗਿਆ।
ਅਕਾਲੀ ਲੀਡਰਾਂ ਨੇ ਵੀ ਸੱਚ ਮੰਨ ਲਿਆ

ਤਿੰਨ ਚਾਰ ਸਾਲ, ਅਖ਼ਬਾਰ ਉਤੇ ਚੰਗੀਆਂ ਸਖ਼ਤੀਆਂ ਕੀਤੀਆਂ ਗਈਆਂ। ਅਖ਼ਬਾਰ ਦੇ 7 ਦਫ਼ਤਰ ਇਕ ਦਿਨ ਵਿਚ ਤਬਾਹ ਕਰ ਦਿਤੇ ਗਏ। ਅਖ਼ਬਾਰ ਦੇ ਸਰਕਾਰੀ ਇਸ਼ਤਿਹਾਰ, ਪੂਰੀ ਤਰ੍ਹਾਂ ਬੰਦ ਕਰ ਦਿਤੇ ਗਏ। ਮੇਰੇ ਵਿਰੁਧ ਅਤੇ ਹੋਰ ਲੇਖਕਾਂ ਵਿਰੁਧ ਪੁਲਿਸ ਕੇਸ ਰਜਿਸਟਰ ਕੀਤੇ ਗਏ। ਅਸੈਂਬਲੀ ਵਿਚ ਮਤਾ ਪਾਸ ਕਰ ਕੇ ਧਾਰਾ 295-ਏ ਵਿਚ ਸਜ਼ਾ ਤਿੰਨ ਸਾਲ ਤੋਂ ਵਧਾ ਕੇ 10 ਸਾਲ ਦੀ ਕੈਦ ਕਰ ਦਿਤੀ ਗਈ। ਉਧਰ ਅਕਾਲੀ ਲੀਡਰਸ਼ਿਪ ਨੇ ਮਹਿਸੂਸ ਕਰ ਲਿਆ ਸੀ ਕਿ ਬਰਜਿੰਦਰ ਉੁਨ੍ਹਾਂ ਨੂੰ ਅਪਣੇ ਵਪਾਰਕ ਹਿਤਾਂ ਲਈ, ਲੋੜ ਤੋਂ ਜ਼ਿਆਦਾ ਵਰਤ ਰਿਹਾ ਹੈ ਤੇ ਸਪੋਕਸਮੈਨ ਨਾਲ ਦੁਸ਼ਮਣੀ ਵਾਲੀ ਹਾਲਤ, ਅਕਾਲੀਆਂ ਦੇ ਹੱਕ ਵਿਚ ਵੀ ਨਹੀਂ ਜਾਵੇਗੀ। ਸੋ ਉੁਨ੍ਹਾਂ ਨੇ ਮੇਰੇ ਕੋਲ ਆਉਣਾ ਸ਼ੁਰੂ ਕਰ ਦਿਤਾ ਤੇ ਮੇਰੇ ਵਲ ਦੋਸਤੀ ਦਾ ਹੱਥ ਵਧਾਇਆ।

ਪਹਿਲਾਂ ‘ਸੰਤ ਸਮਾਜ’ ਵਾਲੇ ਆਏ ਤੇ ਫਿਰ ਅਕਾਲੀ ਦਲ ਵਾਲੇ। ਹੇਠਲੇ ਪੱਧਰ ’ਤੇ ਨਹੀਂ, ਸੱਭ ਤੋਂ ਉਪਰਲੇ ਪੱਧਰ ’ਤੇ ਗੱਲਬਾਤ ਹੋਈ। ਸਪੋਕਸਮੈਨ ਬਾਰੇ ਉੁਨ੍ਹਾਂ ਦੇ ਵਿਚਾਰ ਸੁਣ ਕੇ ਜਿਥੇ ਖ਼ੁਸ਼ੀ ਹੋਈ, ਉਥੇ ਬਰਜਿੰਦਰ ਅਤੇ ‘ਅਜੀਤ’ ਬਾਰੇ ਉੁਨ੍ਹਾਂ ਦੇ ਵਿਚਾਰ ਸੁਣ ਕੇ ਮੈਨੂੰ ਹੈਰਾਨੀ ਵੀ ਹੋਈ ਕਿਉਂਕਿ ਮੈਂ ਤਾਂ ਕੁੱਝ ਹੋਰ ਹੀ ਸੋਚਦਾ ਸੀ। ਮੈਂ ਉੁਨ੍ਹਾਂ ਦੀਆਂ ਇਕ ਦੋ ਸ਼ਰਤਾਂ ਮੰਨ ਲੈਂਦਾ ਤਾਂ ਉਹ ‘ਅਜੀਤ’ ਅਤੇ ਬਰਜਿੰਦਰ ਦੇ ਮੁਕਾਬਲੇ, ‘ਸਪੋਕਸਮੈਨ’ ਨੂੰ ਕਿਤੇ ਉੱਚਾ ਰੁਤਬਾ ਦੇਣ ਨੂੰ ਤਿਆਰ ਸਨ। ਮੈਂ ਉਨ੍ਹਾਂ ਦੀਆਂ ‘ਸ਼ਰਤਾਂ’ ਮੰਨਣ ਲਈ ਤਿਆਰ ਨਹੀਂ ਸੀ, ਇਸ ਲਈ ਗੱਲ ਸਿਰੇ ਨਾ ਚੜ੍ਹ ਸਕੀ ਪਰ ਉਹ ਇਕ ਵਖਰੀ ਕਹਾਣੀ ਹੈ। ‘ਸਪੋਕਸਮੈਨ’ ਦੀ ਤਾਕਤ ਜਦ ਵੱਡੇ ਅਕਾਲੀ ਲੀਡਰਾਂ ਨੇ ਵੀ ਸਵੀਕਾਰ ਕਰ ਲਈ ਸੀ, ਉਦੋਂ ਮੈਂ ਜ਼ਿੱਦ ਵਿਚ ਆ ਕੇ ਪਹਿਲਾਂ ‘ਅਜੀਤ’ ਤੇ ਬਰਜਿੰਦਰ ਸਿੰਘ ਨੂੰ ਉੁਨ੍ਹਾਂ ਤੋਂ ਦੂਰ ਕਰਨ ਦਾ ਨਿਰਣਾ ਲੈ ਲੈਂਦਾ ਤਾਂ ਮੇਰੇ ਲਈ ਹੁਣ ਉਸ ਨੂੰ ਮਾਤ ਦੇਣਾ ਚੁਟਕੀ ਵਜਾਉਣ ਵਰਗੀ ਗੱਲ ਸੀ ਪਰ ਨਾ ਮੈਂ ਕਦੇ ਕਿਸੇ ਵਿਅਕਤੀ ਦਾ ਨੁਕਸਾਨ ਕਰਨ ਦੀ ਸੋਚੀ ਹੈ, ਨਾ ਕਿਸੇ ਪੰਜਾਬੀ ਅਖ਼ਬਾਰ ਦਾ ਨੁਕਸਾਨ ਕਰਨ ਦੀ ਗੱਲ ਮੇਰੇ ਮਨ ਵਿਚ ਆ ਹੀ ਸਕਦੀ ਹੈ।

ਮੈਂ ਅਕਾਲੀਆਂ ਅਤੇ ‘ਸੰਤ ਸਮਾਜ’ ਨੂੰ ਤਾਂ ‘ਅਸੂਲਾਂ ਦਾ ਮਤਭੇਦ’ ਕਹਿ ਕੇ ਹੱਥ ਜੋੜ ਦਿਤੇ ਪਰ ਫ਼ੈਸਲਾ ਕੀਤਾ ਕਿ ਬਰਜਿੰਦਰ ਨੂੰ ਮਿਲ ਕੇ ਇਕ ਵਾਰ ਸਮਝਾ ਤਾਂ ਦੇਵਾਂ ਕਿ ਉਹ ਤਾਂ ਮੇਰਾ ਨੁਕਸਾਨ ਕਰਨ ਲਈ ਹਰ ਹਥਿਆਰ ਵਰਤ ਚੁੱਕਾ ਹੈ ਪਰ ਮੈਂ ਉਸ ਦਾ ਨੁਕਸਾਨ ਕਰਨ ਲਈ ਕੁੱਝ ਵੀ ਨਾ ਕਰ ਕੇ, ਕੇਵਲ ਦੋ ਸ਼ਰਤਾਂ (ਅਕਾਲੀਆਂ ਦੀਆਂ) ਮੰਨ ਕੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਸਕਦਾ ਹਾਂ, ਭਾਵੇਂ ਨਾ ਮੈਂ ਅਜਿਹਾ ਕੀਤਾ ਹੈ, ਨਾ ਕਰਾਂਗਾ (ਕਿਉਂਕਿ ਬਰਜਿੰਦਰ ਨੂੰ ਨੀਵਾਂ ਵਿਖਾਣਾ ਮੇਰਾ ਆਦਰਸ਼ ਨਹੀਂ) ਤੇ ਉਸ ਨੂੰ ਵੀ ਇਹੀ ਕਹਾਂਗਾ ਕਿ ਪੱਤਰਕਾਰੀ ਦੇ ਇਤਿਹਾਸ ਦਾ ਕਾਲਾ ਸਿਆਹ ਧੱਬਾ ਅਪਣੇ ਮੱਥੇ ਉਤੇ ਲਵਾਉਣ ਵਾਲੀਆਂ ਕਾਰਵਾਈਆਂ ਬੰਦ ਕਰ ਦੇਵੇ ਤੇ ਸਪੋਕਸਮੈਨ ਤੋਂ ਡਰਨੋਂ ਹੱਟ ਜਾਵੇ ਕਿਉੁਂਕਿ ਉਹ ਤਾਂ ਇਸ ਦਾ ਕੁੱਝ ਨਹੀਂ ਵਿਗਾੜ ਸਕਦਾ ਪਰ ਅਸੀ ਆਪ ਹੀ ਕਿਉਂਕਿ ਹਰ ਵਾਰ ਔਖੇ ਰਾਹਾਂ ’ਤੇ ਚਲਣ ਦਾ ਫ਼ੈਸਲਾ ਜਾਣ ਬੁੱਝ ਕੇ ਕਰਦੇ ਹਾਂ ਤੇ ਪੈਸੇ, ਹਾਕਮ ਤੋਂ ਦੂਰ ਭੱਜਣ ਦਾ ਨਿਰਣਾ ਲੈਂਦੇ ਹਾਂ ਤਾਂ ਉਸ ਨੂੰ ਹੋਰ ਕੁੱਝ ਕਰਨ ਦੀ ਲੋੜ ਵੀ ਕੀ ਹੈ? ਮੇਰੇ ਮੈਨੇਜਰ ਨੇ ਟੈਲੀਫ਼ੋਨ ਕਰ ਕੇ ਮੁਲਾਕਾਤ ਦਾ ਸਮਾਂ ਨਿਸ਼ਚਿਤ ਕਰਨਾ ਚਾਹਿਆ ਤਾਂ ਉਸ ਨੇ ਮਿਲਣ ਤੋਂ ਹੀ ਇਨਕਾਰ ਕਰ ਦਿਤਾ।

ਅੱਜ ਮੈਂ ਬਰਜਿੰਦਰ ਵਿਰੁਧ ਕੁੱਝ ਲਿਖਣ ਲਈ ਕਲਮ ਨਹੀਂ ਚੁੱਕੀ (ਬਹੁਤੀਆਂ ਗੱਲਾਂ ਪਹਿਲਾਂ ਵੀ ਲਿਖ ਚੁੱਕਾ ਹਾਂ ਤੇ ਪਾਠਕਾਂ ਨੂੰ ਪਤਾ ਹਨ) ਸਗੋਂ ਅੱਜ ਦੇ ਲੇਖ ਦੇ ਪ੍ਰਥਾਏ, ਇਹ ਵੀ ਦਸਣਾ ਸੀ ਕਿ ਬਰਜਿੰਦਰ ਨੂੰ ਮੈਂ ਅਪਣੀਆਂ ਔਕੜਾਂ ਲਈ ਦੋਸ਼ੀ ਨਹੀਂ ਮੰਨਦਾ। ਇਹ ਸਾਡਾ ਅਪਣਾ ਫ਼ੈਸਲਾ ਹੀ ਸੀ ਜਿਸ ਕਰ ਕੇ ਇਕ ਵਾਰ ਹੀ ਨਹੀਂ, ਹਰ ਮੌਕੇ ਅਸੀ ਔਖੇ ਰਾਹਾਂ ’ਤੇ ਚਲਣ ਦਾ ਫ਼ੈਸਲਾ ਕੀਤਾ ਤੇ ਚੁਨੌਤੀਆਂ ਨੂੰ ਚੁਨੌਤੀ ਦੇਣ ਲਈ ਵੰਗਾਰਾਂ ਪਾਈਆਂ। ਉਸ ਨੂੰ ਅਪਣੇ ਮਨ ਵਿਚੋਂ ਇਹ ਵਿਚਾਰ ਕੱਢ ਦੇਣਾ ਚਾਹੀਦਾ ਹੈ ਕਿ ਉਸ ਨੇ ਸਾਡਾ ਕੋਈ ਨੁਕਸਾਨ ਕੀਤਾ ਹੈ। ਉਸ ਦਾ ਕੀਤਾ ਨੁਕਸਾਨ ਤਾਂ ਮੈਂ ਦੋ ਮਿੰਟਾਂ ਵਿਚ ਖ਼ਤਮ ਕਰ ਸਕਦਾ ਸੀ। ਪਰ ਅਸੂਲਾਂ ਅਤੇ ਸਿਧਾਂਤਾਂ ਖ਼ਾਤਰ ਅਸੀ ਜਿਹੜੀਆਂ ਔਕੜਾਂ ਝੇਲੀਆਂ, ਉਹ ਸਾਡੇ ਅਪਣੇ ਫ਼ੈਸਲਿਆਂ ਤੇ ਨਿਰਣਿਆਂ ਦਾ ਨਤੀਜਾ ਸਨ ਤੇ ਮੈਂ ਹਰ ਵਾਰ ਇਸ ਤਰ੍ਹਾਂ ਦੇ ਫ਼ੈਸਲੇ ਹੀ ਲਏ ਸਨ ਪਰ ਪਛਤਾਇਆ ਕਦੇ ਵੀ ਨਹੀਂ।

ਅੱਜ ਵੀ ਸਾਨੂੰ ‘ਉੱਚਾ ਦਰ ਬਾਬੇ ਨਾਨਕ ਦਾ’ ਅਤੇ ਟੀ.ਵੀ. ਚੈਨਲ ਲਈ ਕਰੋੜਾਂ ਰੁਪਏ ਚਾਹੀਦੇ ਹਨ ਤੇ ਅਸੀ ਮੰਗਦੇ ਫਿਰਦੇ ਹਾਂ ਪਰ ਜੇ ਮੈਂ ਚਾਹਾਂ ਤਾਂ ਅਪਣੇ ਅਸੂਲਾਂ ਦਾ ਥੋੜ੍ਹਾ ਜਿਹਾ ਤਿਆਗ ਕਰ ਕੇ, ਲੋੜੀਂਦਾ ਪੈਸਾ ਇਕ ਦਿਨ ਵਿਚ ਵੀ ਲੈ ਸਕਦਾ ਹਾਂ ਪਰ ਨਾ ਮੈਂ ਅਜਿਹਾ ਕੀਤਾ ਹੈ, ਨਾ ਕਰਾਂਗਾ ਤੇ ਹਮੇਸ਼ਾ ਵਾਂਗ, ਦਸਾਂ ਨਹੁੰਆਂ ਦੀ ਕਿਰਤ ਵਿਚੋਂ ਉਪਜਿਆ ਸੁੱਚਾ ਪੈਸਾ ਹੀ ਇਸ ਕੰਮ ਵਿਚ ਲਾਵਾਂਗਾ। ਬਾਬੇ ਨਾਨਕ ਦਾ ਨਾਂ ਲੈ ਕੇ ਕਹਿੰਦਾ ਹਾਂ, ਮੈਂ ਜਿਹੜੇ ਚਾਰ ‘ਤੋਹਫ਼ੇ’ ਦੇਣ ਦਾ ਯਤਨ ਕੀਤਾ ਹੈ, ਉੁਨ੍ਹਾਂ ਵਿਚ ਇਕ ਵੀ ਗ਼ਲਤ ਪੈਸਾ ਅੱਜ ਤਕ ਨਹੀਂ ਲੱਗਣ ਦਿਤਾ। ਸੁੱਚਾ ਪੈਸਾ ਲਾਉਣ ਲਈ ਅਸੀ ਕਰਜ਼ੇ ਚੁੱਕੇ ਤੇ ਕਰਜ਼ੇ ਲਾਹੇ ਵੀ ਪਰ ਖ਼ੂਨ ਪਸੀਨਾ ਇਕ ਕਰ ਕੇ ਹੀ ਪੈਸਾ ਕਮਾਇਆ ਤੇ ਅਖ਼ਬਾਰ ਉਤੇ ਲਾਇਆ, ‘ਉੱਚਾ ਦਰ’ ਦੀ ਜ਼ਮੀਨ ਉਤੇ ਲਾਇਆ। ਡਾਢੀ ਲੋੜ ਹੋਣ ਦੇ ਬਾਵਜੂਦ, ਮੁਫ਼ਤ ਦਾ ਪੈਸਾ ਤੇ ਗ਼ਲਤ ਪੈਸਾ ਅਸੀ ਇਕ ਵੀ ਨਹੀਂ ਲੱਗਣ ਦਿਤਾ। ਇਸੇ ਲਈ ਪ੍ਰਮਾਤਮਾ, ਹਰ ਕੰਮ ਵਿਚ ਬਰਕਤ ਪਾਉਂਦਾ ਆ ਰਿਹਾ ਹੈ।

ਤੇ ਕਹਾਣੀ ਦੇ ਅੰਤ ਤੇ, ਵਾਪਸ ਉਸ ਸਵਾਲ ਵਲ ਆਉਂਦਾ ਹਾਂ ਜਿਸ ਦਾ ਜਵਾਬ ਮੈਂ ਅਪਣੇ ਆਪ ਕੋਲੋਂ ਪੁੱਛ ਰਿਹਾ ਸੀ ਕਿ ਸੌਖਾ ਰਾਹ ਸਾਹਮਣੇ ਪਿਆ ਹੋਣ ਦੇ ਬਾਵਜੂਦ, ਮੈਂ ਹਰ ਵਾਰ ਔਖਾ ਰਾਹ ਕਿਉਂ ਚੁਣਦਾ ਸੀ? ਕੀ ਇਹ ਕੋਈ ਬੀਮਾਰੀ ਸੀ ਜਾਂ....? ਮੇਰੇ ਮਨ ਅੰਦਰੋਂ ਜੋ ਜਵਾਬ ਮੈਨੂੰ ਮਿਲਦਾ ਹੈ, ਉਹ ਇਹੀ ਹੈ ਕਿ ਜੇ ਮੈਂ ਸੌਖਾ ਰਾਹ ਚੁਣ ਕੇ ਟਿਕ ਜਾਂਦਾ ਤਾਂ ਬਾਕੀ ਦੀ ਦੁਨੀਆਂ ਵਾਂਗ ਉਥੇ ਹੀ ਖ਼ਤਮ ਹੋ ਕੇ ਰਹਿ ਜਾਂਦਾ ਤੇ ਚਾਰ ਦਿਨ ਦੇ ਦੁਨਿਆਵੀ ਸਵਾਦ ਮਾਣ ਕੇ ਮਰ ਮੁਕ ਜਾਂਦਾ। ਪਰ ਜਦ ਮੈਂ ਹਰ ਵਾਰ ਪੈਸੇ, ਰੁਤਬੇ ਤੇ ਹਾਕਮ ਵਲੋਂ ਮੂੰਹ ਮੋੜ ਕੇ ਔਖੇ ਰਾਹ ਦੀ ਚੋਣ ਕਰਦਾ ਤਾਂ ਮੇਰਾ ਰੱਬ ਮੈਨੂੰ ਹੋਰ ਵੱਡੇ ਵੱਡੇ ਕੰਮਾਂ ਲਈ ਚੁਣਦਾ ਜਾਂਦਾ। ਮੈਂ ਇਕ ਸਫ਼ਲ ਕਾਰਖ਼ਾਨੇਦਾਰ ਜਾਂ ਸਫ਼ਲ ਵਕੀਲ (ਜਾਂ ਜੱਜ) ਬਣ ਕੇ ਕੀ ਲੈ ਲੈਂਦਾ? ਕੀ ਹੋਰ ਸਫ਼ਲ ਕਾਰਖਾਨੇਦਾਰਾਂ ਤੇ ਵਕੀਲਾਂ, ਜੱਜਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ? ਮੇਰੀ ਵੀ ਗਿਣਤੀ ਲੱਖਾਂ ਕਰੋੜਾਂ ਵਿਚੋਂ ਇਕ ਦੀ ਹੋਣੀ ਸੀ ਤੇ ਬੱਸ। ਮੈਂ ਉਥੇ ਹੀ ਰੁਕ ਜਾਣਾ ਸੀ।

ਪਰ ਹੁਣ ਜਿਸ ਕੰਮ ਲਈ ਰੱਬ ਨੇ ਮੈਨੂੰ ਚੁਣਿਆ ਹੈ, ਇਹ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਵੇ--- ਉੱਚਾ ਦਰ ਬਾਬੇ ਨਾਨਕ ਦਾ ਜਿਥੋਂ ਮਨੁੱਖਤਾ ਨੂੰ ਉਹ ਸੰਦੇਸ਼ ਮਿਲੇਗਾ ਜਿਸ ਦੀ ਸਾਰੀ ਦੁਨੀਆਂ ਨੂੰ ਲੋੜ ਹੈ ਤੇ ਜਿਥੋਂ ਕਿਸੇ ਲੋੜਵੰਦ ਨੂੰ ਖ਼ਾਲੀ ਹੱਥ ਨਹੀਂ ਭੇਜਿਆ ਜਾਵੇਗਾ। ਮੈਨੂੰ ਇਥੋਂ ਕੁੱਝ ਨਹੀਂ ਮਿਲੇਗਾ, ਨਾ ਮੈਨੂੰ ਚਾਹੀਦਾ ਹੀ ਹੈ ਪਰ ਕਦੇ ਕਦਾਈਂ ਇਥੋਂ ਲੰਘਦਾ ਕੋਈ ਬੰਦਾ ਜਦ ਇਹ ਆਖਿਆ ਕਰੇਗਾ ਕਿ ‘‘ਇਹ ਕੀਮਤੀ ਚਾਨਣ-ਮੁਨਾਰਾ ਉਸ ਗ਼ਰੀਬ ਜੋੜੀ ਨੇ ਬਣਾਇਆ ਜੋ ਸਾਰੀ ਉਮਰ ਅਪਣਾ ਮਕਾਨ ਵੀ ਨਹੀਂ ਸੀ ਬਣਾ ਸਕੀ ਤੇ ਕਿਰਾਏ ਦੇ ਮਕਾਨ ਵਿਚ ਹੀ ਰਹਿੰਦੀ ਰਹੀ ਹੈ।’’ ਤਾਂ ਮੇਰੀ ਆਤਮਾ ਜਿਥੇ ਵੀ ਹੋਵੇਗੀ, ਉਸ ਨੂੰ ਠੰਢ ਪੈ ਜਾਵੇਗੀ ਤੇ ਬੜਾ ਸਕੂਨ ਮਿਲੇਗਾ। ਮੇਰੇ ਆਲੋਚਕ ਤੇ ਵਿਰੋਧੀ ਮੇਰੇ ਬਾਰੇ ਜੋ ਮਰਜ਼ੀ ਕਹਿੰਦੇ ਰਹਿਣ, ਮੈਂ ਜਾਣਦਾ ਹਾਂ, ਮੇਰੇ ਪ੍ਰਮਾਤਮਾ ਨੇ ਮੈਨੂੰ ਏਨੇ ਵੱਡੇ ਕੰਮ ਲਈ ਇਸ ਕਰ ਕੇ ਹੀ ਚੁਣਿਆ ਹੈ ਕਿਉਂਕਿ ਉਸ ਨੂੰ ਪਤਾ ਹੈ ਮੈਂ ਝੂਠ ਨਹੀਂ ਬੋਲਦਾ ਤੇ ਦੌਲਤ, ਰੁਤਬੇ ਤੇ ਹਕੂਮਤਾਂ ਨੂੰ ਸੱਚ ਦੇ ਸਾਹਮਣੇ ਕੁੱਝ ਨਹੀਂ ਸਮਝਦਾ ਤੇ ਮੇਰੇ ਲਈ, ਮੇਰੀ ਅਪਣੀ ਹਸਤੀ ਕੁੱਝ ਨਹੀਂ, ਪਰਮ ਸੱਚ ਹੀ ਸੱਭ ਕੁੱਝ ਹੈ ਤੇ ਮੈਂ ਜੋ ਕੁੱਝ ਵੀ ਕਰ ਰਿਹਾ ਹਾਂ, ਉਸ ਦੀ ਪਿਆਰ-ਜੱਫੀ ਪ੍ਰਾਪਤ ਕਰਨ ਲਈ ਹੀ ਕਰ ਰਿਹਾ ਹਾਂ। ਮੈਨੂੰ ਮੇਰੇ ਵਰਗੀ ਹੀ ਘਰ ਵਾਲੀ ਵੀ ਉਸ ਨੇ ਹੀ ਦਿਤੀ ਹੈ ਤੇ ਅਸੀ ਦੋਵੇਂ, ਜੀਅ ਜਾਨ ਨਾਲ ਚਾਹੁੰਦੇ ਹਾਂ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਛੇਤੀ ਤੋਂ ਛੇਤੀ ਅਪਣੀਆਂ ਚਾਨਣ-ਰਿਸ਼ਮਾਂ ਛੱਡਣ ਲੱਗ ਪਵੇ ਤੇ ਸੰਸਾਰ ਦਾ ਹਨੇਰਾ ਦੂਰ ਕਰ ਦੇਵੇ।
(20 ਮਈ, 2012 ਦੇ ਪਰਚੇ ਵਿਚੋਂ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement