
ਪਿਛਲੀ ਚਰਚਾ ਦੌਰਾਨ ਇਕ ਪ੍ਰਸ਼ਨ ਉਠਿਆ ਸੀ ਕਿ ਗਿ. ਕਰਤਾਰ ਸਿੰਘ ਪ੍ਰਤੀ ਸ. ਕਪੂਰ ਸਿੰਘ ਵਲੋਂ ਧਾਰਨ ਕੀਤੇ ਗਏ ਬੇਦਰਦ ਵਤੀਰੇ ਦਾ ਕੋਈ ਖ਼ਾਸ ਕਾਰਨ ਵੀ ਸੀ?
ਪਿਛਲੀ ਚਰਚਾ ਦੌਰਾਨ ਇਕ ਪ੍ਰਸ਼ਨ ਉਠਿਆ ਸੀ ਕਿ ਗਿ. ਕਰਤਾਰ ਸਿੰਘ ਪ੍ਰਤੀ ਸ. ਕਪੂਰ ਸਿੰਘ ਵਲੋਂ ਧਾਰਨ ਕੀਤੇ ਗਏ ਬੇਦਰਦ ਵਤੀਰੇ ਦਾ ਕੋਈ ਖ਼ਾਸ ਕਾਰਨ ਵੀ ਸੀ? ਉਹ ਵਾਰ ਵਾਰ ਗਿ. ਕਰਤਾਰ ਸਿੰਘ ਨੂੰ ‘ਪੰਥ ਦਾ ਦਿਮਾਗ਼’ ਅਖਵਾਉਣ ਦਾ ਤਾਹਨਾ ਮਾਰ ਮਾਰ ਕੇ ਉਨ੍ਹਾਂ ਦਾ ਮਜ਼ਾਕ ਉਡਾਂਦੇ ਹਨ ਤੇ ਗਿ. ਜੀ ਨੂੰ ‘ਮੂਰਖ’ ਦੱਸਣ ਦਾ ਹੀ ਯਤਨ ਕਰਦੇ ਹਨ। ਕੀ ਕਾਰਨ ਸੀ ਇਸ ਈਰਖਾਲੂ ਰਵਈਏ ਦਾ?
ਅੰਗਰੇਜ਼ ਦੇ ਸਿੱਖ ਮਿੱਤਰ ਜੋ ਅਕਾਲੀਆਂ ਨੂੰ ਜਿਨਾਹ ਦੀ ਪੇਸ਼ਕਸ਼ ਪ੍ਰਵਾਨ ਕਰਵਾਉਣ ਲਈ ਚੁਣੇ ਗਏ ਹੁਣ ਤਕ ਇਹ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ
(ੳ) ਅੰਗਰੇਜ਼ ਨੇ ਸੁਭਾਸ਼ ਚੰਦਰ ਬੋਸ ਅਤੇ ਹੋਰ ਦੂਜੇ ਇਨਕਲਾਬੀਆਂ ਨੂੰ (ਜੋ ਗਾਂਧੀ, ਨਹਿਰੂ, ਪਟੇਲ ਦੇ ਹੱਥ ਆਜ਼ਾਦ ਭਾਰਤ ਦੀ ਸੱਤਾ ਸੌਂਪੀ ਜਾਣੀ ਪਸੰਦ ਨਹੀਂ ਸਨ ਕਰਦੇ) ਮਾਰ ਮੁਕਾਇਆ ਸੀ ਤੇ ਗਾਂਧੀ, ਨਹਿਰੂ, ਪਟੇਲ ‘ਤਿੰਨ ਯੱਕਿਆਂ’ ਦਾ ਰਾਹ ਸਾਫ਼ ਕਰ ਦਿਤਾ ਸੀ, ਇਸ ਲਈ ਕਾਂਗਰਸੀ ਲੀਡਰ ਅੰਗਰੇਜ਼ ਤੋਂ ਬਹੁਤ ਖ਼ੁਸ਼ ਸਨ ਤੇ ਹੋਰ ਕੁੱਝ ਨਹੀਂ ਸਨ ਚਾਹੁੰਦੇ।
Akalis
(ਅ) ਉਹ ਏਨੇ ਜ਼ਿਆਦਾ ਖ਼ੁਸ਼ ਸਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਨਹੀਂ ਸੀ ਜੇ ਸਾਰਾ ਪੰਜਾਬ (ਹਿਮਾਚਲ ਤੇ ਹਰਿਆਣੇ ਸਮੇਤ) ਹੀ ਪਾਕਿਸਤਾਨ ਨੂੰ ਦੇ ਦਿਤਾ ਜਾਂਦਾ। ਉਹ ਬਸ ਫ਼ਾਟਫ਼ਟ ਰਾਜਗੱਦੀ ਤੇ ਬੈਠਣਾ ਚਾਹੁੰਦੇ ਸਨ।
(ੲ) ਅੰਗਰੇਜ਼ ਅਸਲ ਵਿਚ ਭਾਰਤ ਵਿਚੋਂ ਚਲੇ ਜਾਣ ਮਗਰੋਂ, ਸੱਤਾ ਅਪਣੇ ਇਤਬਾਰੀ ਲੀਡਰਾਂ ਦੇ ਹੱਥ ਸੌਂਪ ਕੇ ਜਾਣਾ ਚਾਹੁੰਦੇ ਸਨ ਤਾਕਿ ਮਗਰੋਂ ਅੰਗਰੇਜ਼ਾਂ ਦੇ ਹਿਤ ਸੁਰੱਖਿਅਤ ਰਹਿਣ।
(ਸ) ਇਹੀ ਕੁੱਝ ਉਹ ਪਾਕਿਸਤਾਨ ਵਿਚ ਵੀ ਕਰ ਰਹੇ ਸਨ। ਉਹ ਲੰਮੀ ਸੋਚ ਸੋਚਣ ਵਾਲੇ ਲੋਕ ਸਨ। ਉਹ ਭਾਰਤ ਨੂੰ ਭਵਿੱਖ ਵਿਚ, ਚੀਨ ਤੇ ਹਾਂਗਕਾਂਗ ਦੇ ਨਾਲ ਨਾਲ ਛੋਟੇ ਏਸ਼ੀਆਈ ਦੇਸ਼ਾਂ ਵਿਚ ਅਪਣਾ ਪ੍ਰਭਾਵ ਬਣਾਈ ਰੱਖਣ ਲਈ ‘ਬੇਸ’ ਵਜੋੋਂ ਵਰਤਣ ਦੀ ਸੋਚ ਰਹੇ ਸਨ ਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਲੀਡਰਾਂ ਨੂੰ ਸੰਤੁਸ਼ਟ ਕਰ ਕੇ, ਅਫ਼ਗ਼ਾਨਿਸਤਾਨ ਸਮੇਤ, ਅਰਬ ਦੇਸ਼ਾਂ ਤਕ ਅਪਣੀ ਪਹੁੰਚ ਬਣਾਈ ਰੱਖਣ ਲਈ ਪਾਕਿਸਤਾਨ ਨੂੰ ਵੀ ‘ਬੇਸ’ ਵਜੋਂ ਵਰਤਣਾ ਚਾਹੁੰਦੇ ਸਨ ਤੇ ਪਾਕਿਸਤਾਨੀ ਲੀਡਰਾਂ ਨੂੰ ਖ਼ੁਸ਼ ਕਰ ਕੇ ਜਾਣਾ ਚਾਹੁੰਦੇ ਸਨ ਪਰ ਸਿੱਖ ਉਨ੍ਹਾਂ ਦੀ ਭਵਿੱਖੀ ਯੋਜਨਾ ਵਿਚ ਕਿਧਰੇ ਵੀ ਫ਼ਿਟ ਨਹੀਂ ਸਨ ਬੈਠਦੇ, ਇਸ ਲਈ, ਸਿੱਖਾਂ ਬਾਰੇ ਉਨ੍ਹਾਂ ਨੇ ਸੋਚਣਾ ਹੀ ਛੱਡ ਦਿਤਾ ਸੀ।
Kapoor Singh
(ਹ) ਸ. ਕਪੂਰ ਸਿੰਘ ਨੇ ਇਕ ਵੀ ਅੰਗਰੇਜ਼ ਦਾ ਜ਼ਿਕਰ ਨਹੀਂ ਕੀਤਾ ਜਿਸ ਨੇ ਸਿੱਖਾਂ ਨੂੰ ਪਾਕਿਸਤਾਨ ਤੋਂ ਬਾਹਰ ਕੋਈ ਖ਼ਿੱਤਾ ਪੇਸ਼ ਕੀਤਾ ਹੋਵੇ। ਉਹ ਕੇਵਲ ਪਾਕਿਸਤਾਨ ਅੰਦਰ ‘ਸਿੱਖ ਸਟੇਟ’ ਦੀ ਗੱਲ ਕਰਦੇ ਸਨ ਜਿਸ ਦਾ ਹਾਲ ਅੰਤ ਉਹੀ ਹੋਣਾ ਸੀ ਜੋ 4-5 ਸੌ ਸਾਲ ਤੋਂ ਰਹਿੰਦੇ ਆ ਰਹੇ ਸਿੱਖਾਂ ਦਾ ਅਫ਼ਗ਼ਾਨਿਸਤਾਨ ਵਿਚ ਹੋਇਆ ਹੈ ਜਾਂ ਸਿੰਧੀ ਹਿੰਦੂਆਂ, ਪਖ਼ਤੂਨਾਂ ਤੇ ਬੰਗਾਲੀਆਂ ਦਾ ਪਾਕਿਸਤਾਨ ਵਿਚ ਹਇਆ ਹੈ ਜਾਂ ਸ਼ਾਇਦ ਉਨ੍ਹਾਂ ਤੋਂ ਵੀ ਮਾੜਾ। ਕਿਸੇ ਘੱਟ-ਗਿਣਤੀ ਨਾਲ ਬਰਾਬਰੀ ਦਾ ਸਲੂਕ ਕਰਨ ਦਾ ਮੁਜ਼ਾਹਰਾ, ਅਜ ਤਕ ਕਿਸੇ ਮੁਸਲਮਾਨ ਦੇਸ਼ ਦੇ ਹਾਕਮ ਨੇ ਨਹੀਂ ਕੀਤਾ। ਉਹ ਛੇਤੀ ਹੀ ਕਾਹਲੇ ਪੈ ਜਾਂਦੇ ਹਨ ਕਿ ਇਹ ਘੱਟ ਗਿਣਤੀ ਮੁਸਲਿਮ ‘ਸ਼ਰੀਆ’ (ਮਰਿਆਦਾ) ਨੂੰ ਕਿਉਂ ਨਹੀਂ ਮੰਨਦੀ ਤੇ ਇਸਲਾਮ ਵਰਗਾ ਚੰਗਾ ਧਰਮ ਕਿਉਂ ਨਹੀਂ ਅਪਣਾ ਲੈਂਦੀ? ਸ. ਕਪੂਰ ਸਿੰਘ ਤੇ ਸਰ ਜੋਗਿੰਦਰਾ ਸਿੰਘ, ਬੰਦ ਕਮਰੇ ਵਿਚ ਬੈਠ ਕੇ ਆਪ ਹੀ ਹਵਾਈ ਗੱਲਾਂ ਕਰਦੇ ਰਹਿੰਦੇ ਸਨ ਤੇ ਸੋਚਦੇ ਸਨ ਕਿ ਉਨ੍ਹਾਂ ਦੀਆਂ ਹਵਾਈ ਗੱਲਾਂ ਉਤੇ ਅੰਗਰੇਜ਼ ਅਮਲ ਕਰੇਗਾ ਹੀ ਕਰੇਗਾ।
Pakistan
(ਕ) ਪਾਕਿਸਤਾਨੀ ਲੀਡਰਾਂ ਦੀ ਅੰਗਰੇਜ਼ ਕੋਲੋਂ ਇਕ ਹੀ ਮੰਗ ਸੀ ਕਿ ਉਹ ਜਾਣ ਤੋਂ ਪਹਿਲਾਂ, ਪਾਕਿਸਤਾਨ ਦੀ ਹੱਦ ਗੁੜਗਾਉਂ ਤਕ ਲੈ ਜਾਣ ਕਿਉਂਕਿ ਰਾਵਲਪਿੰਡੀ ਤੋਂ ਗੁੜਗਾਉਂ ਤਕ ਮੁਸਲਮਾਨਾਂ ਦੀ ਆਬਾਦੀ 58 ਫ਼ੀ ਸਦੀ ਬਣਦੀ ਸੀ ਤੇ ਹਿੰਦੂ ਸਿੱਖ ਵਸੋਂ ਮਿਲਾ ਕੇ ਵੀ ਉਨ੍ਹਾਂ ਤੋਂ ਬਹੁਤ ਘੱਟ ਸੀ। ਅੰਗਰੇਜ਼ ਦੀ ਮੁਸ਼ਕਲ ਇਹ ਸੀ ਕਿ ਸਿੱਖ ਲੀਡਰਸ਼ਿਪ ਬਹੁਤ ਮਜ਼ਬੂਤ ਤੇ ਇਕਮੁਠ ਸੀ ਤੇ ਉਹ ਪਾਕਿਸਤਾਨ ਦੇ ਇਹ ਮਨਸੂਬੇ ਸਿਰੇ ਚੜ੍ਹਨ ਦੇ ਰਸਤੇ ਦੀ ਵੱਡੀ ਰੁਕਾਵਟ ਸੀ।
(ਖ) ਅੰਗਰੇਜ਼ ਨੇ ਅਪਣੇ ਸਿੱਖ ਮਿੱਤਰ ਚੁਣਨੇ ਸ਼ੁਰੂ ਕੀਤੇ ਜੋ ਅਕਾਲੀ ਲੀਡਰਾਂ ਨੂੰ ਸਮਝਾ ਸਕਣ ਕਿ ਸਿੱਖਾਂ ਦਾ ਭਲਾ ਪਾਕਿਸਤਾਨ ਵਿਚ ਟਿਕੇ ਰਹਿਣ ਵਿਚ ਹੈ, ਹਿੰਦੁਸਤਾਨ ਵਿਚ ਜਾ ਕੇ ਨਹੀਂ। ਕੇਵਲ ਤਿੰਨ ਸਿੱਖ ਹੀ ਉਨ੍ਹਾਂ ਨੂੰ ਲੱਭ ਸਕੇ- ਸ. ਕਪੂਰ ਸਿੰਘ ਆਈ.ਸੀ.ਐਸ, ਵਾਇਸਰਾਏ ਦੀ ਕੌਂਸਲ ਦੇ ਮੈਂਬਰ ਸਰ ਜੋਗਿੰਦਰਾ ਸਿੰਘ ਤੇ ਇੰਗਲੈਂਡ ਦੇ ਸ. ਸ਼ਿਵਦੇਵ ਸਿੰਘ ਉਬਰਾਏ। ਜਿਨਾਹ ਨੇ ਖ਼ਾਸ ਤੌਰ ਤੇ ਇਨ੍ਹਾਂ ਤਿੰਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਉਹ ਅਕਾਲੀ ਲੀਡਰਾਂ ਦੇ ਮਨ ਬਦਲਣ ਵਿਚ ਸਫ਼ਲ ਹੋ ਗਏ ਤਾਂ ਉਨ੍ਹਾਂ ਨੂੰ ਪਾਕਿਸਤਾਨ ਵਿਚ ਵਿਸ਼ੇਸ਼ ਸਨਮਾਨ ਦਿਤਾ ਜਾਏਗਾ।
Hindustan
ਸੋ ਉਹ ਪੂਰੇ ਜੋਸ਼ ਨਾਲ ਅਪਣੇ ਕੰਮ ਵਿਚ ਲੱਗੇ ਹੋਏ ਸਨ। ਅਕਾਲੀ ਦਲ ਨੇ ਵਕੀਲਾਂ, ਡਾਕਟਰਾਂ, ਪ੍ਰੋਫ਼ੈਸਰਾਂ, ਫ਼ੌਜੀਆਂ ਤੇ ਹੋਰਨਾਂ ਦੀਆਂ ਮੀਟਿੰਗਾਂ ਬੁਲਾ ਕੇ ਸਿੱਖਾਂ ਦੀ ਰਾਏ ਪੁੱਛੀ। 99 ਫ਼ੀ ਸਦੀ ਨਹੀਂ, 100 ਫ਼ੀ ਸਦੀ ਸਿੱਖਾਂ ਨੇ ਫ਼ੈਸਲਾ ਦਿਤਾ ਕਿ ਜੇ ਵੰਡ ਰੋਕਣੀ ਔਖੀ ਹੋ ਗਈ ਤਾਂ ਪਾਕਿਸਤਾਨ ਵਲ ਨਹੀਂ ਜਾਣਾ, ਹਿੰਦੁਸਤਾਨ ਵਾਲੇ ਪਾਸੇ ਹੀ ਜਾਣਾ ਹੈ ਕਿਉਂਕਿ ਵਾਅਦਿਆਂ ਤੋਂ ਮੁਕਰਨ ਦਾ ਖ਼ਤਰਾ ਤਾਂ ਭਾਵੇੇਂ ਦੋਵੇਂ ਪਾਸਿਆਂ ਤੋਂ ਸੀ ਪਰ ਬੀਤੇ ਸਮੇਂ ਦੇ ਇਤਿਹਾਸ ਵਲ ਵੇਖੀਏ ਤਾਂ ਮੁਸਲਮਾਨਾਂ ਵਲੋਂ ਖ਼ਤਰਾ ਜ਼ਿਆਦਾ ਤੇ ਖ਼ੂਨੀ ਕਿਸਮ ਦਾ ਹੋਵੇਗਾ ਜਦਕਿ ਹਿੰਦੂਆਂ ਵਿਚੋਂ ਕਾਫ਼ੀ ਮਦਦਗਾਰ ਤੇ ਨਿਰਪੱਖ ਲੋਕ ਵੀ ਨਿੱਤਰ ਸਕਦੇ ਹਨ, ਪਰ ਪਾਕਿਸਤਾਨ ਵਿਚ ਰਹਿ ਗਏ ਤਾਂ ਕਿਸੇ ਨੇ ਨਹੀਂ ਨਿਤਰਨਾ।
Giani Kartar Singh
ਸਰ ਜੋਗਿੰਦਰਾ ਸਿੰਘ ਤੇ ਸ. ਕਪੂਰ ਸਿੰਘ ਆਈ.ਸੀ.ਐਸ. ਦੀ ਮਾ. ਤਾਰਾ ਸਿੰਘ ਨਾਲ ਵੀ ਨੇੜਤਾ ਸੀ ਤੇ ਗਿਆਨੀ ਕਰਤਾਰ ਸਿੰਘ ਨੂੰ ਡਰ ਲੱਗਾ ਰਹਿੰਦਾ ਸੀ ਕਿ ਉਹ ਮਾ. ਤਾਰਾ ਸਿੰਘ ਉਤੇ ਪ੍ਰਭਾਵ ਪਾਉਣ ਵਿਚ ਸਫ਼ਲ ਹੀ ਨਾ ਹੋ ਜਾਣ। ਉਹ ਇਨ੍ਹਾਂ ਦੁਹਾਂ ਵਲੋਂ ਬੜੇ ਸੁਚੇਤ ਹੋ ਕੇ ਰਹਿੰਦੇ ਸਨ। ਸ. ਕਪੂਰ ਸਿੰਘ ਨੇ ਆਪ ਹੀ ਜੋ ਜਾਣਕਾਰੀ ਅਪਣੀ ਪੁਸਤਕ ਵਿਚ ਦਿਤੀ ਹੈ, ਉਹ ਇਸ ਪ੍ਰਕਾਰ ਹੈ:
(1) ਕਮਿਊਨਲ ਐਵਾਰਡ.......... ਬਾਰੇ ਫ਼ੈਸਲੇ ਦੀ ਗੱਲ ਜਦ ਗਿ. ਕਰਤਾਰ ਸਿੰਘ ਨੂੰ ਕਹੀ ਗਈ ਤਾਂ ‘‘ਪੰਥ ਦੇ ਇਸ ਦਿਮਾਗ਼’’ ਦਾ ਉੱਤਰ ਸੀ, ‘‘ਇਹ ਸਰਦਾਰ ਕਪੂਰ ਸਿੰਘ ਸਿੱਖਾਂ ਦੇ ਜੂੰਡੇ (ਜੂੜੇ) ਪੁਟਵਾ ਕੇ ਹੀ ਸਾਹ ਲਵੇਗਾ। ਮਾਸਟਰ ਜੀ ਨੂੰ ਉਸ ਦੇ ਨੇੜੇ ਨਾ ਜਾਣ ਦਿਆ ਕਰੋ।’’
(2) ਸ. ਕਪੂਰ ਸਿੰਘ ਦਸਦੇ ਹਨ ਕਿ ਸਰ ਜੋਗਿੰਦਰਾ ਸਿੰਘ ਨੇ ਉਨ੍ਹਾਂ ਨੂੰ ਦਸਿਆ ਕਿ ਅਜੇ ਤਕ ਸਿੱਖਾਂ ਨੂੰ ਕੁੱਝ ਦੇਣ ਬਾਰੇ ਅੰਗਰੇਜ਼ ਨੇ ਕੁੱਝ ਨਹੀਂ ਦਸਿਆ ਪਰ ਕੈਬਨਿਟ ਮਿਸ਼ਨ ਨੂੰ ਉਹ ਖਾਣੇ ਤੇ ਘਰ ਬੁਲਾ ਰਹੇ ਹਨ ਜਿਥੇ ਗੱਲਬਾਤ ਦੀ ਨੀਂਹ ਬੱਝ ਜਾਵੇਗੀ।...... ਉਧਰ ਗਿ. ਕਰਤਾਰ ਸਿੰਘ ਨੂੰ ਪਤਾ ਲੱਗ ਗਿਆ ਕਿ ਸਰ ਜੋਗਿੰਦਰਾ ਸਿੰਘ, ਸਮੁੱਚੇ ਪੰਥ ਦੇ ਨਿਰਣੇ ਦੇ ਉਲਟ ਕੋਈ ਹੱਲ ਕੈਬਨਿਟ ਮਿਸ਼ਨ ਨੂੰ ਦੇਣ ਵਾਲੇ ਹਨ। ਸੋ ਗਿਆਨੀ ਕਰਤਾਰ ਸਿੰਘ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਹੇਠ ਲਿਖੀ ਤਾਰ ਭੇਜ ਦਿਤੀ: ‘‘you not authorised to talk with 3abinet Mission by Panth. 9f you talk, 1kali 4al will expose you.’’
(ਤੁਹਾਨੂੰ ਪੰਥ ਨੇ ਕੈਬਨਿਟ ਮਿਸ਼ਨ ਨਾਲ ਗੱਲਬਾਤ ਕਰਨ ਦਾ ਕੋਈ ਅਧਿਕਾਰ ਨਹੀਂ ਦਿਤਾ। ਜੇ ਗੱਲਬਾਤ ਕੀਤੀ ਤਾਂ ਪਰਦਾਫ਼ਾਸ਼ ਕਰ ਦਿਆਂਗੇ)।
Kapoor Singh
ਸੋ ਸ. ਕਪੂਰ ਸਿੰਘ ਦਾ ਤੇ ਸਰ ਜੋਗਿੰਦਰਾ ਸਿੰਘ ਦਾ ਕਹਿਣਾ ਹੈ ਕਿ ਗਿ. ਕਰਤਾਰ ਸਿੰਘ ਇਸ ਤਰ੍ਹਾਂ ਤਾਰ ਭੇਜ ਕੇ ਨਾ ਟੋਕਦੇ ਤਾਂ ਅੰਗਰੇਜ਼ ਨੇ ਸਿੱਖਾਂ ਨੂੰ ਕੁੱਝ ਦੇ ਦੇਣਾ ਸੀ। ਹਵਾਈ ਕਿਲ੍ਹੇ ਉਸਾਰਨ ਤੋਂ ਕੌਣ ਕਿਸੇ ਨੂੰ ਰੋਕ ਸਕਦਾ ਹੈ? ਸਰ ਜੋਗਿੰਦਰਾ ਸਿੰਘ ਨੇ ਖਾਣੇ ਦੀ ਦਾਵਅਤ ਵੀ ਦਿਤੀ ਤੇ ਕੈਬਨਿਟ ਮਿਸ਼ਨ ਨਾਲ ਵਿਚਾਰਾਂ ਵੀ ਕੀਤੀਆਂ ਪਰ ਮਿਲਿਆ ਕੁੱਝ ਵੀ ਨਾ। ਉਨ੍ਹਾਂ ਕੋਲ ਸਿੱਖਾਂ ਨੂੰ ਦੇਣ ਲਈ ਕੁੱਝ ਹੁੰਦਾ, ਤਾਂ ਹੀ ਦੇਂਦੇ। ਅੰਗਰੇਜ਼ ਤਾਂ ਸਿੱਖਾਂ ਕੋਲੋਂ, ਅਖ਼ੀਰ ਤਕ ਪਾਕਿਸਤਾਨ ਨੂੰ ਗੁੜਗਾਉਂ ਤਕ ਲਿਜਾਣ ਦੀ ਮੰਗ ਕਰਦੇ ਰਹੇ ਸਨ, ਜੋ ਮੁਸਲਿਮ ਲੀਗ ਦੀ ਸ਼ੁਰੂ ਤੋਂ ਮੰਗ ਰਹੀ ਹੈ।
ਸ. ਕਪੂਰ ਸਿੰਘ ਤੇ ਉਨ੍ਹਾਂ ਦੇ ਅੰਗਰੇਜ਼ ਪੱਖੀ ਸਾਥੀ (ਸਰ ਜੋਗਿੰਦਰਾ ਸਿੰਘ) ਨੂੰ ਗਿਆਨੀ ਕਰਤਾਰ ਸਿੰਘ ਵਲੋਂ ਪਾਈ ਗਈ ਉਪ੍ਰੋਕਤ ‘ਝਾੜ’ ਉਨ੍ਹਾਂ ਨੂੰ ਜੀਵਨ ਭਰ ਨਾ ਭੁੱਲੀ ਤੇ ‘ਸਾਚੀ ਸਾਖੀ’ ਲਿਖਣ ਲਗਿਆਂ ਸ. ਕਪੂਰ ਸਿੰਘ ਨੇ ਗਿਆਨੀ ਜੀ ਵਿਰੁਧ ਖ਼ੂਬ ਭੜਾਸ ਕੱਢੀ ਜੋ ਕਈ ਵਾਰ ਸ਼ਾਲੀਨਤਾ, ਸਾਊਪੁਣੇ ਤੇ ਵਿਦਵਤਾ ਦੇ ਮੂੰਹ ਤੇ ਥੱਪੜ ਮਾਰਨ ਵਰਗੀ ਵੀ ਲਗਦੀ ਹੈ...... ਖਾਸ ਤੌਰ ਉਤੇ ਉਦੋਂ ਜਦੋਂ ਗਿਆਨੀ ਜੀ ਵਿਰੁਧ ਸਬੂਤ ਇਕ ਵੀ ਪੇਸ਼ ਨਾ ਕੀਤਾ ਗਿਆ ਹੋਵੇ। ਜ਼ਰਾ ਇਹ ਨਮੂਨਾ ਵੇਖੋ ਜੋ ਮੈਨੂੰ ਤਾਂ ਇਥੇ ਦਰਜ ਕਰਦਿਆਂ ਵੀ ਸ਼ਰਮ ਆ ਰਹੀ ਹੈ ਪਰ ਕਿਉਂਕਿ ਸ. ਕਪੂਰ ਸਿੰਘ ਨੇ ਅਪਣੀ ਪੁਸਤਕ ਵਿਚ ਗਿ. ਕਰਤਾਰ ਸਿੰਘ ਨੂੰ ‘ਮੂਰਖ’ ਦੱਸਣ ਲਈ ਦਰਜ ਕੀਤਾ ਹੈ, ਇਸ ਲਈ ਮਜਬੂਰੀ ਵਸ ਇਥੇ ਦੇਣਾ ਪੈ ਰਿਹਾ ਹੈ। ਸ. ਕਪੂਰ ਸਿੰਘ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚੋਂ ਲੈ ਕੇ ਗਿ. ਕਰਤਾਰ ਸਿੰਘ ਸਿੰਘ ਨੂੰ ਘਟੀਆ ਮਨੁੱਖ ਸਾਬਤ ਕਰਨ ਲਈ ਕਵਿਤਾ ਦੀ ਇਹ ਟੁਕੜੀ ਦਿਤੀ ਹੈ:
Master Tara Singh
‘ਕਬਹੂੰ ਨਾ ਗਾਂਡੂ ਰਣ ਚੜ੍ਹੈ, ਕਬਹੂੰ ਨਾ ਬਾਜੈ ਬੰਬ।
ਸਕਲ ਸਭਾ ਕੋ ਰਾਮ ਰਾਮ, ਬਿਦਾ ਹੋਤ ਹੈ ਗੰਗ।
ਇਹ ਨਹੀਂ ਕਿ ਗਿ. ਕਰਤਾਰ ਸਿੰਘ ਜਾਂ ਮਾ. ਤਾਰਾ ਸਿੰਘ ਸਿੱਖ ਸਟੇਟ ਨਹੀਂ ਚਾਹੁੰਦੇ ਸੀ। ਗਿ. ਕਰਤਾਰ ਸਿੰਘ ਅਪਣੇ ਇਕ ਦੋ ਸਾਥੀਆਂ ਨਾਲ ਲਾਰਡ ਵੇਵਲ ਕੋਲ ਗਏ ਤੇ ਇਹ ਮੰਗ ਰੱਖੀ। ਲਾਡਰ ਵੇਵਲ ਨੇ ਇਕ ਮਿੰਟ ਵਿਚ ਗੱੱਲ ਮੁਕਾਈ, ‘‘ਸਾਹਮਣੇ ਪੰਜਾਬ ਦੇ ਨਕਸ਼ੇ ਉਤੇ ਕਿਸੇ ਇਕ ਜ਼ਿਲ੍ਹੇ ਉੇਤ ਨਿਸ਼ਾਨ ਲਾ ਦਿਉ ਜਿਥੇ ਸਿੱਖਾਂ ਦੀ ਬਹੁਗਿਣਤੀ ਹੋਵੇ। ਜੇ ਨਹੀਂ ਹੈ ਤਾਂ ਸਿੱਖ ਸਟੇਟ ਬਾਰੇ ਗੱਲ ਕਰਨੀ, ਸਮਾਂ ਬਰਬਾਦ ਕਰਨ ਵਾਲੀ ਗੱਲ ਹੋਵੇਗੀ।’’ ਗਿ. ਕਰਤਾਰ ਸਿੰਘ ਚੁੱਪ ਕਰ ਕੇ ਬਾਹਰ ਆ ਗਏ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਿਚ ਵੀ ਸ. ਸਵਰਨ ਸਿੰਘ ਨੇ ‘ਸਿੱਖ ਸਟੇਟ’ ਦਾ ਮਤਾ ਪੇਸ਼ ਕੀਤਾ। ਮਾ. ਤਾਰਾ ਸਿੰਘ ਦੀ ਰਜ਼ਾਮੰਦੀ ਬਿਨਾਂ ਤਾਂ ਅਜਿਹਾ ਕੋਈ ਨਹੀਂ ਸੀ ਕਰ ਸਕਦਾ।
Pakistan
ਪਰ ਅਕਾਲੀ ਲੀਡਰ ‘ਆਜ਼ਾਦ ਖ਼ਾਲਿਸਤਾਨ’ ਚਾਹੁੰਦੇ ਸਨ, ਪਾਕਿਸਤਾਨ ਦੇ ਭਾਗ ਵਜੋਂ ਨਹੀਂ। ਉਸ ਦਾ ਬਦਲ ਮਾ. ਤਾਰਾ ਸਿੰਘ ਪਹਿਲਾਂ ਹੀ ‘ਆਜ਼ਾਦ ਪੰਜਾਬ’ ਦੀ ਮੰਗ ਰੱਖ ਕੇ ਦੇ ਚੁਕੇ ਸਨ ਜਿਸ ਵਿਚ ਜ਼ਿਲ੍ਹਿਆਂ ਦੀ ਹਦਬੰਦੀ ਬਦਲ ਕੇ ਇਕ ਇਹੋ ਜਿਹਾ ਪੰਜਾਬ ਮੰਗਿਆ ਗਿਆ ਸੀ ਜਿਸ ਵਿਚ ਤਿੰਨੇ ਕੌਮਾਂ ਦੀ ਗਿਣਤੀ ਬਰਾਬਰ ਹੋਵੇ। ਜਿਹੜੀ ਮੁਸਲਿਮ ਲੀਗ ਮਗਰੋਂ ਸ. ਕਪੂਰ ਸਿੰਘ ਅਨੁਸਾਰ, ਪਾਕਿਸਤਾਨ ਵਿਚ ਸਿੱਖ ਸਟੇਟ ਦੇਂਦੀ ਸੀ, ਉਹ ਆਜ਼ਾਦ ਪੰਜਾਬ ਦੀ ਮੰਗ ਮੰਨ ਕੇ ਪੰਜਾਬ ਦੀ ਵੰਡ ਰੋਕਣ ਲਈ ਕਿਉਂ ਨਾ ਤਿਆਰ ਹੋਈ? ਉਨ੍ਹਾਂ ਦੀ ਮਨਸ਼ਾਂ ਸਿੱਖਾਂ ਨੂੰ ਪਾਕਿਸਤਾਨ ਵਿਚ ਨਜ਼ਰਬੰਦ ਕਰਨਾ ਤੇ ਫਿਰ ਉਨ੍ਹਾਂ ਨਾਲ ਹਿਸਾਬ ਚੁਕਾਣਾ ਹੀ ਸੀ। ਸ. ਕਪੂਰ ਸਿੰਘ ਤੇ ਸਰ ਜੋਗਿੰਦਰਾ ਸਿੰਘ ਤੋਂ ਬਿਨਾਂ ਕੋਈ ਇਸ ਚਾਲ ਵਿਚ ਨਾ ਫਸਿਆ। ਇਸੇ ਗੱਲ ਨੂੰ ਲੈ ਕੇ ਸ. ਕਪੂਰ ਸਿੰਘ ਸਾਰੀ ਉਮਰ ਦੁਖੀ ਰਹੇ। ਖ਼ੈਰ, ਉਸ ਬਾਰੇ ਮਗਰੋਂ ਗੱਲ ਕਰਾਂਗੇ, ਪਹਿਲਾਂ ਸ. ਕਪੂਰ ਸਿੰਘ ਦੀ ਨਫ਼ਰਤ ਦੇ ਤੀਜੇ ਸ਼ਿਕਾਰ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦਾ ਮਾਮਲਾ ਲੈ ਲੈਂਦੇ ਹਾਂ। ਬਾਕੀ ਅਗਲੇ ਹਫ਼ਤੇ। (ਚਲਦਾ)