‘ਉੱਚਾ ਦਰ ਬਾਬੇ ਨਾਨਕ ਦਾ’ ਦਾ ਮਾਲਕ ਕੌਣ ਹੈ?
Published : Apr 11, 2021, 7:12 am IST
Updated : Apr 11, 2021, 9:55 am IST
SHARE ARTICLE
Ucha Dar Baba Nanak Da
Ucha Dar Baba Nanak Da

ਮਾਲਕ ਤਾਂ ਫਿਰ ਮੈਂਬਰ ਹੀ ਸਾਬਤ ਹੋਏ। ਸੋ ਮੈਂਬਰਾਂ ਨੂੰ ਸਿਰਫ਼ ਫ਼ਾਇਦੇ ਲੈਣ ਲਈ ਹੀ ਮੈਂਬਰੀ ਦਾ ਕਾਰਡ ਨਹੀਂ ਕੱਢ ਵਿਖਾਣਾ ਚਾਹੀਦਾ

ਬਹੁਤੇ ਪਾਠਕ ਇਸ ਸਵਾਲ ਦਾ ਜਵਾਬ ਇਹੀ ਦੇਣਗੇ ਕਿ ‘ਰੋਜ਼ਾਨਾ ਸਪੋਕਸਮੈਨ’ ਇਸ ਦਾ ਮਾਲਕ ਹੈ ਕਿਉਂਕਿ ਉੱਚਾ ਦਰ ਉਤੇ ਆਏ ਖ਼ਰਚੇ ਦਾ 80% ਭਾਗ ਸਪੋਕਸਮੈਨ ਨੂੰ ਹੀ ਅਪਣੇ ਮੋਢਿਆਂ ਤੇ ਚੁਕਣਾ ਪਿਆ। ਨਹੀਂ, ਇਹ ਜਵਾਬ ਠੀਕ ਨਹੀਂ। ਮਾਲਕ ਉਹ ਹੁੰਦਾ ਹੈ ਜਿਸ ਨੂੰ ਉਸ ਜਾਇਦਾਦ ਦਾ ਮੁਨਾਫ਼ਾ ਮਿਲਦਾ ਹੋਵੇ ਜਾਂ ਮਿਲਣਾ ਹੋਵੇ। ਜਿਨ੍ਹਾਂ ਨੇ ਇਸ ਦੀ ਉਸਾਰੀ ਵੇਲੇ ਦਾ ਵੱਡਾ ਭਾਰ ਅਪਣੇ ਮੋਢਿਆਂ ਉਤੇ ਚੁਕਿਆ, ਉਹ ਤਾਂ ਇਕ ਪੈਸਾ ਵੀ ਵਾਪਸ ਨਹੀਂ ਲੈਣਾ ਚਾਹੁੰਦੇ ਤੇ ਨਾ ਕੋਈ ਹੋਰ ਲਾਭ ਹੀ ਲੈਣਾ ਚਾਹੁੰਦੇ ਹਨ। ਉਹ ਤਾਂ ਚਾਹੁੰਦੇ ਹਨ ਕਿ ਉਹ ਆਪ ਜਦ ‘ਉੱਚਾ ਦਰ’ ਵੇਖਣ ਜਾਣ ਤਾਂ ਟਿਕਟ ਖ਼ਰੀਦ ਕੇ ਅੰਦਰ ਜਾਣ ਅਤੇ ਅੰਦਰ ਜਾ ਕੇ ਚਾਹ ਦਾ ਕੱਪ ਵੀ ਪੀਣ ਤਾਂ ਪੈਸੇ ਪਲਿਉਂ ਖ਼ਰਚ ਕੇ ਪੀਣ ਤਾਕਿ ਉਨ੍ਹਾਂ ਦੇ ਦਿਲ ਵਿਚ ਵੀ ਇਹ ਗੱਲ ਕਦੇ ਨਾ ਆਵੇ ਕਿ ਇਹ ਅਜੂਬਾ ਉਨ੍ਹਾਂ ਦਾ ਬਣਾਇਆ ਹੋਇਆ ਹੈ।

Ucha Dar Baba Nanak DaUcha Dar Baba Nanak Da

ਉੱਚਾ ਦਰ ਦਾ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਪੁੱਛੋ ਤਾਂ ਉਨ੍ਹਾਂ ਦਾ ਕਹਿਣਾ ਹੈ (ਮੈਂ ਆਪ ਉਨ੍ਹਾਂ ਵਿਚ ਸ਼ਾਮਲ ਹਾਂ) ਕਿ ਉਨ੍ਹਾਂ ਨੇ ਇਹ ਤੁਛ ਭੇਟਾ ਬਾਬੇ ਨਾਨਕ ਦਾ ਕਰਜ਼ਾ ਲਾਹੁਣ ਲਈ ਕੀਤੀ ਹੈ। ਬਾਬਾ ਨਾਨਕ, ਦੁਨੀਆਂ ਦਾ ਸੱਭ ਤੋਂ ਅਮੀਰ ਫ਼ਲਸਫ਼ਾ ਦੇ ਕੇ, ਸਾਨੂੰ ਦੁਨੀਆਂ ਦੀ ਸੱਭ ਤੋਂ ਅਮੀਰ ਕੌਮ ਬਣਾ ਗਿਆ ਪਰ ਆਲੇ ਦੁਆਲੇ ਦੇ ਅਸਰ ਹੇਠ, ਅਸੀ ਮਾਨਵ ਜਾਤੀ ਲਈ ਦਿਤੇ ਇਸ ਸੱਭ ਤੋਂ ਕੀਮਤੀ ਇਨਕਲਾਬੀ ਸੰਦੇਸ਼ ਨੂੰ ਵੀ ‘ਕਰਮ-ਕਾਂਡ’ ਦਾ ਰੂਪ ਦੇ ਦਿਤਾ। ਪੁਰਾਤਨ ਭਾਰਤੀ ਰਵਾਇਤ ਮੁਤਾਬਕ, ਅਸੀ ਇਹੀ ਸਮਝ ਛਡਿਆ ਕਿ ਦਿਨ ਵਿਚ ਦੋ ਤਿੰਨ ਵਾਰ ਮੱਥਾ ਟੇਕ ਲਉ, ਧੂੜ ਮੱਥੇ ਤੇ ਲਾ ਲਉ, ਇਕ ਰੁਮਾਲਾ ਜਾਂ ਫੁੱਲਾਂ ਦਾ ਹਾਰ ਤੇ ਥੋੜੇ ਜਹੇ ਨਕਦ ਪੈਸੇ ਭੇਂਟ ਕਰ ਆਉ, ਬਸ ਹੋ ਗਿਆ ਧਰਮ-ਕਰਮ ਪੂਰਾ। ਥੋੜੀ ਜਹੀ ਹੋਰ ਮਿਹਨਤ ਕਰ ਕੇ ਵੇਸ-ਭੂਸ਼ਾ ਵੀ ਗਿਆਨੀਆਂ ਵਾਲੀ ਧਾਰ ਲਉ ਤਾਂ ਫਿਰ ਹੋਰ ਕੁੱਝ ਕਰਨ ਦੀ ਲੋੜ ਹੀ ਨਹੀਂ ਰਹਿੰਦੀ - ਦਿਨ ਵਿਚ ਕੀਤੇ ਹਜ਼ਾਰ ਪਾਪ ਮਾਫ਼, ਬਿਲਕੁਲ ਮਾਫ਼। ਤੁਕ ਪੜ੍ਹ ਛੱਡੋ...... ਸਤਿਗੁਰ ਮੇਰਾ ਸਦ ਬਖ਼ਸ਼ਿੰਦ। ਲੱਗ ਗਈ ਮੋਹਰ!

Ucha Dar Baba Nanak DaUcha Dar Baba Nanak Da

ਬਾਬੇ ਨਾਨਕ ਦੀ ਸਿੱਖੀ ਇਹ ਨਹੀਂ ਸੀ। ਕਰਤਾਰਪੁਰ ਵਿਚ ਅਖ਼ੀਰਲੇ 20 ਕੁ ਸਾਲ ਜੋ ਉਨ੍ਹਾਂ ਨੇ ਬਿਤਾਏ, ਉਦੋਂ ਉਨ੍ਹਾਂ ਦਾ ਲਿਬਾਸ ਕੀ ਹੁੰਦਾ ਸੀ? ਇਕ ਗ਼ਰੀਬੜੇ ਕਿਸਾਨ ਵਾਲਾ। ਕੋਈ ਬੰਦਾ ਉਨ੍ਹਾਂ ਨੂੰ ਸੜਕ ਤੋਂ ਲੰਘਦਾ ਪਛਾਣ ਵੀ ਨਹੀਂ ਸੀ ਸਕਦਾ ਕਿ ਇਹੀ ਉਹ ਨਾਨਕ ਹੈ ਜਿਸ ਦੀਆਂ ਧੁੰਮਾਂ ਸਾਰੇ ਜਗਤ ਵਿਚ ਪਈਆਂ ਹੋਈਆਂ ਹਨ। ਪਰ ਜਦ ਉਸ ਨਾਲ ਗੱਲ ਕੀਤੀ ਜਾਂਦੀ ਤਾਂ ਲਗਦਾ, ਦੀਨ ਦੁਨੀਆਂ ਦੇ ਸਾਰੇ ਗਿਆਨ ਦਾ ਸਮੁੰਦਰ ਉਹਦੇ ਅੰਦਰ ਡਕਿਆ ਹੋਇਆ ਹੈ। ਕਰਮ-ਕਾਂਡੀ ਕਥਾ ਕਹਾਣੀਆਂ (ਜਨਮ-ਸਾਖੀਆਂ) ਵਿਚ ਲਿਬੇੜ ਦਿਤੇ ਨਾਨਕ ਦਾ ਅਸਲ ਰੂਪ, ਦੁਨੀਆਂ ਨੂੰ ਵਿਖਾਉਣ ਲਈ ਹੀ ‘ਉੱਚਾ ਦਰ’ ਉਸਾਰਿਆ ਗਿਆ ਸੀ ਤੇ ਇਹ ਸੋਚ ਕੇ ਉਸਾਰਿਆ ਗਿਆ ਹੈ ਕਿ ਇਥੋਂ ਅਮਲੀ ਰੂਪ ਵਿਚ ਅਸਲ ‘ਬਾਬੇ ਨਾਨਕ’ ਦੇ ਸਾਖਿਆਤ ਦਰਸ਼ਨ ਕਰਵਾਉਣੇ ਹਨ (ਬਾਣੀ ਵਿਚੋਂ, ਗੱਲਾਂ ਵਿਚੋਂ ਨਹੀਂ) ਅਤੇ ਕੁੱਝ ਲੈਣ ਦੀ ਇੱਛਾ ਤੋਂ ਮੁਕਤ ਹੋ ਕੇ ਉਸਾਰਨਾ ਹੈ।

Ucha Dar Babe Nanak DaUcha Dar Babe Nanak Da

ਨਾ ਗੋਲਕ ਰਖਣੀ ਹੈ, ਨਾ ਮੱਥੇ ਟਿਕਵਾਉਣੇ ਹਨ, ਬੱਸ ਬਾਬੇ ਨਾਨਕ ਦੇ ਅਸਲ ਸੰਦੇਸ਼ ਨਾਲ ਹਰ ਪ੍ਰਾਣੀ ਮਾਤਰ (ਹਿੰਦੂ, ਸਿੱਖ ਮੁਸਲਮਾਨ, ਈਸਾਈ, ਬੋਧੀ, ਜੈਨੀ, ਯਹੂਦੀ ਕੋਈ ਵੀ ਹੋਵੇ) ਦੀ ਸਾਂਝ ਪੈਦਾ ਕਰਨੀ ਹੈ ਤੇ ਇਸ ਦਾ 100 ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਤੇ ਲੋੜਵੰਦਾਂ ਲਈ ਰਾਖਵਾਂ ਕਰ ਦੇਣਾ ਹੈ, ਜਿਵੇਂ ਬਾਬਾ ਨਾਨਕ ਆਪ ਹਰ ਰੋਜ਼ ਕਰਿਆ ਕਰਦੇ ਸਨ। ਕੋਈ ਵੱਡਾ ਸਬੂਤ ਚਾਹੀਦਾ ਹੋਵੇ ਤਾਂ ਵੇਖੋ, ਰਾਏ ਬੁਲਾਰ ਵਲੋਂ ਬਾਬੇ ਨਾਨਕ ਨੂੰ ਦਿਤੀ 75 ਏਕੜ ਜ਼ਮੀਨ ਆਪ ਨੇ, ਇਕ ਦਿਨ ਲਈ ਵੀ ਨਾ ਵਾਹੀ ਤੇ ਲੋੜਵੰਦਾਂ ਨੂੰ ਵਾਜ ਮਾਰੀ ਕਿ ‘‘ਜਿਸ ਨੂੰ ਚਾਹੀਦੀ ਹੋਵੇ, ਵਾਹ ਲਵੇ ਤੇ ਖਾ ਲਵੇ। ਨਾਨਕ ਮੁਫ਼ਤ ਦੀ ਜ਼ਮੀਨ ਨਹੀਂ ਵਾਹੇਗਾ।’’.... ਅੱਜ ਵੀ ਭਾਵੇਂ ਜ਼ਮੀਨ ਦਾ ਮਾਲਕ, ਸਰਕਾਰੀ ਰੀਕਾਰਡ ਵਿਚ ‘ਨਾਨਕ’ ਹੀ ਹੈ ਪਰ ਵਾਹੁੰਦੇ ਉਹੀ ਹਨ ਜਿਨ੍ਹਾਂ ਨੂੰ ਧਰਤੀ ਦੀ ਲੋੜ ਸੀ। ਬਾਬੇ ਨਾਨਕ ਨੇ ਆਪ ਅਪਣੇ ਜੋੜੇ ਪੈਸਿਆਂ ਨਾਲ ਸਸਤੀ ਜ਼ਮੀਨ ਕਰਤਾਰਪੁਰ ਵਿਖੇ ਲੈ ਕੇ ਹੀ ਵਾਹੀ, ਨਨਕਾਣੇ ਵਿਚ ਮੁਫ਼ਤ ਵਿਚ ਮਿਲੀ ਜ਼ਮੀਨ ਨਹੀਂ।

Ucha Dar Babe Nanak DaUcha Dar Babe Nanak Da

ਸੋ ਫਿਰ ‘ਮਾਲਕ’ ਕੌਣ ਹੋਇਆ ‘ਉੱਚਾ ਦਰ’ ਦਾ? ਉਹ ਤਾਂ ਹੋ ਨਹੀਂ ਸਕਦਾ ਜਿਸ ਨੇ ਚਾਹ ਦਾ ਕੱਪ ਵੀ ਉਥੋਂ ਪੈਸੇ ਦੇ ਕੇ ਲੈਣਾ ਹੈ। ਮਕਾਨ ਦਾ ਮਾਲਕ ਉਹ ਤਾਂ ਨਹੀਂ ਹੁੰਦਾ ਜਿਹੜਾ ਕਿਰਾਇਆ ਦੇ ਕੇ ਉਥੇ ਰਹਿ ਸਕਦਾ ਹੋਵੇ। ਮਕਾਨ ਮਾਲਕ ਤਾਂ ਉਹੀ ਹੁੰਦਾ ਹੈ ਜਿਹੜਾ ਆਪ ਵੀ ਰਹਿਣਾ ਚਾਹੇ ਤਾਂ ਉਸ ਨੂੰ ਦੇਣਾ ਕੁੱਝ ਨਾ ਪਵੇ ਤੇ ਕਿਸੇ ਦੂਜੇ ਨੂੰ ਰਹਿਣ ਦੀ ਆਗਿਆ ਦੇਵੇ ਤਾਂ ਕਿਰਾਇਆ ਲੈ ਸਕੇ। ਇਸ ਹਿਸਾਬ ਨਾਲ ਤਾਂ ਮੈਂਬਰ ਹੀ ਮਾਲਕ ਹੋਏ ਜੋ ਇਥੇ ਮੁਫ਼ਤ ਰਿਹਾਇਸ਼ ਵੀ ਰੱਖ ਸਕਣਗੇ, ਟਿਕਟ ਲਏ ਬਿਨਾਂ ਅੰਦਰ ਵੀ ਜਾ ਸਕਣਗੇ (ਸਾਰੀ ਉਮਰ ਲਈ) ਤੇ ਟਰੱਸਟੀ ਥਾਪਣ ਵਿਚ ਵੀ ਉਨ੍ਹਾਂ ਦਾ ਹਿੱਸਾ ਹੋਵੇਗਾ। ਹੁਣ ਮੈਂ ਅਪਣੀ ਅਸਲ ਗੱਲ ਵਲ ਆਵਾਂ। ਮੈਂਬਰ ਹੀ ਇਸ ਦੇ ਅਸਲ ‘ਮਾਲਕ’ ਹੋਣਗੇ। ਹੋਰ ਕਿਸੇ ਨੂੰ ਉਹ ਤਾਕਤ ਦਿਤੀ ਹੀ ਨਹੀਂ ਗਈ ਜੋ ਮੈਂਬਰਾਂ ਨੂੰ ਇਸ ਦੇ ਸੰਵਿਧਾਨ ਨੇ ਦਿਤੀ ਹੈ। ਰੋਜ਼ਾਨਾ ਸਪੋਕਸਮੈਨ ਕੋਲ ਤਾਂ ਕੇਵਲ ਏਨੀ ਹੀ ਤਾਕਤ ਜਾਂ ਜ਼ੁੰਮੇਵਾਰੀ ਹੋਵੇਗੀ ਕਿ ਮੈਂਬਰ ਤੇ ਟਰੱਸਟੀ ਇਸ ਨੂੰ ਉਸੇ ਮਕਸਦ ਲਈ ਵਰਤਣ ਜਿਸ ਮਕਸਦ ਲਈ ਇਹ ਰਚਿਆ ਗਿਆ ਹੈ ਤੇ ਕੋਈ ਵੀ ਇਸ ਨੂੰ ਇਕ ਹੋਰ ‘ਗੁਰਦਵਾਰਾ’ ਜਾਂ ਡੇਰਾ ਨਾ ਬਣਾ ਸਕੇ।

Ucha Dar Babe Nanak DaUcha Dar Babe Nanak Da

ਬਾਕੀ ਪੈਸੇ ਸੰਭਾਲਣ ਦੀ, ਜ਼ਮੀਨ ਦੀ ਮਾਲਕੀ ਦੀ ਤੇ ਹਰ ਚੀਜ਼ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਮੈਂਬਰਾਂ ਰਾਹੀਂ ਟਰੱਸਟ ਕੋਲ ਹੀ ਹੋਵੇਗੀ। ਗੋਲਕ ਤਾਂ ਇਥੇ ਹੋਣੀ ਕੋਈ ਨਹੀਂ, ਇਸ ਲਈ ਸ਼ਾਇਦ ਝਗੜੇ ਝੇੜੇ ਵੀ ਘੱਟ ਹੀ ਹੋਣਗੇ। ਗੋਲਕ ਤਾਂ ਗੁੜ ਦੀ ਭੇਲੀ ਦੀ ਤਰ੍ਹਾਂ ਹੀ ਹੁੰਦੀ ਹੈ ਜਿਸ ਦੁਆਲੇ ਮੱਖੀਆਂ ਤੇ ਭੂੰਡਾਂ ਦਾ ਇਕੱਠ ਹੋਣਾ ਤੇ ਆਪਸ ਵਿਚ ਲੜਨਾ ਝਗੜਨਾ ਕੁਦਰਤੀ ਹੀ ਹੁੰਦਾ ਹੈ। ਪਰ ਮਾਲਕ ਨੂੰ ਸੱਭ ਤਾਕਤਾਂ ਜਿਥੇ ਅਪਣੇ ਆਪ ਮਿਲ ਜਾਂਦੀਆਂ ਹਨ, ਉਥੇ ਜੇ ਉਹ ਅਪਣੀਆਂ ਜ਼ਿੰਮੇਵਾਰੀਆਂ ਨਾ ਨਿਭਾਵੇ (ਅਰਥਾਤ ਮੁਰੰਮਤ, ਰੰਗ ਰੋਗ਼ਨ ਤੇ ਟੁੱਟ ਭੱਜ ਵਲ ਧਿਆਨ ਨਾ ਦੇਵੇ ਜਾਂ ਟੈਕਸ ਨਾ ਦੇਵੇ) ਤਾਂ ਉਸ ਦੀ ਮਾਲਕੀ ਵੀ ਖੁਸ ਜਾਂਦੀ ਹੈ। ਮਾਲਕੀ ਕਾਇਮ ਰੱਖਣ ਲਈ ਜ਼ਿੰਮੇਵਾਰੀਆਂ ਨਿਭਾਉਣ ਵਲ ਵੀ ਸਦਾ ਧਿਆਨ ਦੇਂਦੇ ਰਹਿਣਾ ਪੈਂਦਾ ਹੈ ਤੇ ਮਕਾਨ ਦੀ ਹਰ ਲੋੜ ਨੂੰ ਪੂਰਿਆਂ ਕਰਨ ਲਈ ਵੀ ਤਤਪਰ ਰਹਿਣਾ ਪੈਂਦਾ ਹੈ ਨਹੀਂ ਤਾਂ ਮਕਾਨ ਡਿਗ ਕੇ ਖੋਲਾ ਵੀ ਬਣ ਸਕਦਾ ਹੈ ਤੇ ‘ਮਾਲਕੀ’ ਵੀ  ਖੋਲੇ ਵਿਚ ਜਾ ਡਿਗਦੀ ਹੈ ਜਾਂ ਕੋਈ ਧੜਵੈਲ ਡੰਡੇ ਦੇ ਜ਼ੋਰ ਨਾਲ ਕਬਜ਼ਾ ਕਰ ਕੇ ਬੈਠ ਜਾਂਦਾ ਹੈ।

Ucha Dar Baba Nanak DaUcha Dar Baba Nanak Da

‘ਉੱਚਾ ਦਰ’ ਦੇ ‘ਮਾਲਕਾਂ’ (ਮੈਂਬਰਾਂ ਤੇ ਇਸ ਨੂੰ ਅਪਣਾ ਸਮਝਣ ਵਾਲਿਆਂ) ਸਾਹਮਣੇ ਵੀ ਪਹਿਲੀ ਜ਼ਿੰਮੇਵਾਰੀ ਆ ਖੜੀ ਹੋਈ ਹੈ। ਸ਼ੁਰੂ ਕਰਨ ਲਈ ਪ੍ਰਵਾਨਗੀ ਦੀਆਂ ਸਰਕਾਰੀ ਸ਼ਰਤਾਂ ਇਹ ਹਨ ਕਿ ਨਵੇਂ ਹਾਲਾਤ ਅਨੁਸਾਰ, ਯਾਤਰੀਆਂ ਦੀ ਸੁਰੱਖਿਆ, ਸਿਹਤ ਅਤੇ ਸੇਵਾ-ਸੰਭਾਲ ਯਕੀਨੀ ਬਣਾਉਣ ਲਈ 12 ਕੰਮ ਹੋਰ ਕਰੋ ਜਿਨ੍ਹਾਂ ਉਤੇ 4 ਤੋਂ 5 ਕਰੋੜ ਰੁਪਏ ਤਕ ਦਾ ਖ਼ਰਚਾ ਆਏਗਾ। ਜਦ ਤਕ ਨਹੀਂ ਕਰੋਗੇ, ਚਾਲੂ ਕਰਨ ਦੀ ਆਗਿਆ ਨਹੀਂ ਮਿਲੇਗੀ। ਬਹੁਤ ਵੱਡੀ ਰਕਮ ਹੈ? ਸਾਰੇ ਮੈਂਬਰ 50-50 ਹਜ਼ਾਰ ਉਧਾਰਾ ਹੀ ਦੇ ਦੇਣ ਤਾਂ ਪਲਾਂ ਵਿਚ ‘ਮਾਲਕੀ’ ਦਾ ਪਹਿਲਾ ਟੈਸਟ ਪਾਸ ਨਹੀਂ ਤਾਂ... ਕੁੱਝ ਵੀ ਹੋ ਸਕਦਾ ਹੈ। ਕੀ ਉੱਚਾ ਦਰ ਦੇ ਮੈਂਬਰ 50-50 ਹਜ਼ਾਰ ਰੁਪਏ ਵੀ ਕੇਵਲ 2 ਸਾਲ ਲਈ ਦੇਣ ਦੀ ਸਮਰੱਥਾ ਨਹੀਂ ਰਖਦੇ? ਨਹੀਂ ਬਾਬੇ ਦੀ ਫੁਲ ਕ੍ਰਿਪਾ ਹੈ ਪਰ ਮਨ ਹਰਾਮੀ ਤੇ ਹੁੱਜਤਾਂ ਦਾ ਢੇਰ। ਇਕ ਵਾਰੀ, ਬਸ ਇਕ ਵਾਰੀ ਮਨ ਨੂੰ ਸੋਧ ਲਉ ਤੇ ਉੱਚਾ ਦਰ ਨੂੰ ਚਾਲੂ ਕਰਵਾ ਕੇ ਪੁੰਨ ਖੱਟ ਲਉ। ਵਿਦੇਸ਼ਾਂ ਵਲ ਭੱਜੇ ਜਾ ਰਹੇ ਹਜ਼ਾਰਾਂ ਨੌਜਵਾਨਾਂ ਨੂੰ ਇਥੇ ਚੰਗਾ ਕੰਮ ਮਿਲ ਜਾਏਗਾ, ਗ਼ਰੀਬ ਨੂੰ ਬਾਬੇ ਨਾਨਕ ਦਾ ਪੱਕਾ ਟਿਕਾਣਾ ਤੇ ਆਸਰਾ ਮਿਲ ਜਾਏਗਾ। ਮੈਂਬਰੋ ਤੇ ਸਪੋਕਸਮੈਨ ਦੇ ਪਾਠਕੋ! ਇਕ ਵਾਰ ਤਾਂ ਵਿਖਾ ਦਿਉ ਕਿ ਤੁਸੀ ਦੂਜਿਆਂ ਨਾਲੋਂ ਬਿਹਤਰ ਇਨਸਾਨ ਹੋ ਤੇ ਬਾਬੇ ਨਾਨਕ ਦੇ ਅਸਲੀ ਸਿੱਖ ਹੋ ਅਤੇ ਉਸ ਤੋਂ ਵੀ ਜ਼ਿਆਦਾ ਤੁਸੀ ਕਿਸੇ ਲਾਲਚ ਨੂੰ ਪੂਰਾ ਕਰਨ ਲਈ ਮੈਂਬਰ ਨਹੀਂ ਸੀ ਬਣੇ ਸਗੋਂ ਸੇਵਾ ਲਈ ਅਤੇ ਨਾਨਕੀ ਇਨਕਲਾਬ ਦੇ ਸਿਰਲੱਥ ਯੋਧੇ ਬਣਨ ਤੇ ਕੁਰਬਾਨੀ ਕਰਨ ਲਈ ਬਣੇ ਸੀ।  ਜੋਗਿੰਦਰ ਸਿੰਘ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement