
ਸਿੱਖੀ ਕਿਸੇ ਇਕ ਥਾਂ ਨੂੰ ਤੇ ਕਿਸੇ ਵਿਅਕਤੀ ਜਾਂ ਜੱਥੇ ਨੂੰ ਪੰਥ ਨਾਲੋਂ ਵੱਡਾ ਨਹੀਂ ਮੰਨਦੀ
ਸਿੱਖੀ ਕਿਸੇ ਇਕ ਥਾਂ ਨੂੰ ਤੇ ਕਿਸੇ ਵਿਅਕਤੀ ਜਾਂ ਜੱਥੇ ਨੂੰ ਪੰਥ ਨਾਲੋਂ ਵੱਡਾ ਨਹੀਂ ਮੰਨਦੀ। ਅਕਾਲ ਤਖ਼ਤ ਵੀ ਉਦੋਂ ਤਕ ਹੀ ਮਹਾਨ ਹੈ ਜਦ ਇਹ ਸਾਰੇ ਪੰਥ ਦੀ ਭਾਵਨਾ ਨੂੰ ਵਿਅਕਤ ਕਰਦਾ ਹੋਵੇ, ਨਿਰਾ ਪੁਰਾ ਹਾਕਮ ਧਿਰ ਨੂੰ ਹੀ ਨਹੀਂ। ਗੁਰੂ ਨੇ ਸਾਰੀ ਵਡਿਆਈ ਪੰਥ ਨੂੰ ਸੌਂਪ ਦਿਤੀ ਸੀ। ਭਾਈ ਵੀਰ ਸਿੰਘ ਨੇ ‘ਸੁੰਦਰੀ’ ਨਾਵਲ ਵਿਚ ਸਾਰਾ ਬ੍ਰਿਤਾਂਤ ਦਰਜ ਕੀਤਾ ਹੈ ਕਿ ਕੋਈ ਸਮੱਸਿਆ ਜਾਂ ਭੀੜ ਆਉਣ ’ਤੇ ਸਿੱਖਾਂ ਦੇ ਸਾਰੇ ਧੜਿਆਂ ਨੇ ਕਿਸੇ ਇਕ ਥਾਂ (ਜ਼ਰੂਰੀ ਨਹੀਂ, ਅਕਾਲ ਤਖ਼ਤ ’ਤੇ ਹੀ) ਜੁੜ ਕੇ, ਗੁਪਤ ਬੋਲੇ ਨੂੰ ਵਰਤ ਕੇ, ਵਿਚਾਰ ਵਾਰਤਾ ਵਿਚ ਸ਼ਾਮਲ ਹੋਣਾ ਹੈ ਤੇ ਅਪਣੇ ਵਿਚੋਂ ਹੀ ਇਕ ਸਾਂਝਾ ਮਾਂਜਾ ‘ਜਥੇਦਾਰ’ ਚੁਣਨਾ ਹੈ ਜੋ ਸਾਰਿਆਂ ਨੂੰ ਇਕ ਸਾਂਝੇ ਹੱਲ ਲਈ ਤਿਆਰ ਕਰ ਕੇ, ਸਰਬ ਸੰਮਤੀ ਵਾਲਾ ‘ਗੁਰਮਤਾ’ ਕਰਵਾ ਕੇ, ਉਸ ਦਾ ਐਲਾਨ ਕਰ ਦੇਵੇ। ਇਹ ਢੰਗ, ਸਿੱਖਾਂ ਵਲੋਂ ਇਹ ਪੁੱਛਣ ਤੇ ਕਿ ਆਪ ਤੋਂ ਬਾਅਦ ਸਿੱਖਾਂ ਦੀ ਅਗਵਾਈ ਕੌਣ ਕਰੇਗਾ, ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਿੱਖਾਂ ਨੂੰ ਦਸਿਆ ਸੀ।
ਇਤਿਹਾਸਕ ਕਾਰਨਾਂ ਕਰ ਕੇ ਅੱਜ ਦਾ ਅਕਾਲ ਤਖ਼ਤ, ਉਹ ਸਥਾਨ ਬਣ ਗਿਆ ਹੈ ਜਿਸ ਦੇ ਵਿਹੜੇ ਵਿਚ ਬੈਠ ਕੇ ਸਿੱਖ ਅਪਣੇ ਫ਼ੈਸਲੇ ਲੈਂਦੇ ਰਹੇ ਹਨ ਤੇ ਸਰਬ ਸੰਮਤੀ ਬਣਾਉਂਦੇ ਰਹੇ ਹਨ। ਪਰ ਕਲ ਜੇ ਦੁਸ਼ਮਣ ਇਸ ਥਾਂ ’ਤੇ ਕਾਬਜ਼ ਹੋ ਜਾਏ (ਆਰ.ਐਸ.ਐਸ ਸਮੇਤ) ਤਾਂ ਸਿਧਾਂਤ ਤਾਂ ਉਪਰ ਵਰਣਤ ਹੀ ਰਹੇਗਾ ਪਰ ਸਥਾਨ ਬਦਲਿਆ ਵੀ ਜਾ ਸਕਦਾ ਹੈ। ਪਹਿਲਾਂ ਵੀ, ਆਜ਼ਾਦੀ ਮਗਰੋਂ ਦੋ ਕਾਂਗਰਸੀ ਅਕਾਲ ਤਖ਼ਤ ਦੇ ‘ਜਥੇਦਾਰ’ ਬਣੇ ਸਨ- ਜਥੇਦਾਰ ਮੋਹਨ ਸਿੰਘ ਨਾਗੋਕੇ ਅਤੇ ਗਿ: ਗੁਰਮੁਖ ਸਿੰਘ ਮੁਸਾਫ਼ਰ। ਉਦੋਂ ਅਕਾਲੀਆਂ ਨੇ ਮਾ: ਤਾਰਾ ਸਿੰਘ ਦੀ ਅਗਵਾਈ ਵਿਚ ਇਕ ਪਾਸੇ ਇਹ ਅੰਦੋਲਨ ਚਲਾਇਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਕੇਵਲ ਪੰਥਕ ਹੱਥਾਂ ਵਿਚ ਰਹਿਣੀ ਚਾਹੀਦੀ ਹੈ ਤੇ ਨਾਲ ਹੀ ਨਹਿਰੂ-ਤਾਰਾ ਸਿੰਘ ਸਮਝੌਤੇ ਰਾਹੀਂ ਇਹ ਯਕੀਨੀ ਬਣਾਇਆ ਕਿ ਸਰਕਾਰ ਕਿਸੇ ਵੀ ਹਾਲਤ ’ਚ ਗੁਰਦਵਾਰਾ ਪ੍ਰਬੰਧ ਵਿਚ ਦਖ਼ਲ ਨਹੀਂ ਦੇਵੇਗੀ।
ਸੋ ਮੈਂ ਤਾਂ ਪੰਥ ਨੂੰ ਸੱਭ ਤੋਂ ਵੱਡਾ ਸਮਝਦਾ ਹੋਇਆ ਪਸ਼ਚਾਤਾਪ ਸਾਰੇ ਪੰਥ ਵਲੋਂ ਇਕ ਦਿਨ ਮਿਥ ਕੇ, ਕਰਨ ਨੂੰ ਹੀ ਅਸਲ ‘ਕੌਮੀ ਪਸ਼ਚਾਤਾਪ’ ਸਮਝਦਾ ਹਾਂ। ਇਹ ਜਿਹੜਾ ਨਿਰਾ ਪੁਰਾ ਅਕਾਲ ਤਖ਼ਤ ਉਤੇ ਕੁੱਝ ਬੰਦਿਆਂ ਵਲੋਂ ‘ਪਸ਼ਚਾਤਾਪ’ ਕੀਤਾ ਜਾ ਰਿਹਾ ਹੈ, ਇਸ ਦੇ ਪਿੱਛੇ ਅਸਲ ਮਕਸਦ ਪਸ਼ਚਾਤਾਪ ਕਰਨਾ ਨਹੀਂ ਸਗੋਂ ਅਪਣੇ ਲਈ ਮਸ਼ਹੂਰੀ ਪ੍ਰਾਪਤ ਕਰਨਾ ਹੈ ਜਾਂ ਕੋਈ ਹੋਰ ਲੁਪਤ ਮਕਸਦ ਹੋ ਸਕਦਾ ਹੈ ਜਿਸ ਦਾ ਪਤਾ, ਬਹੁਤੀ ਵਾਰੀ ਤੁਰਤ ਨਹੀਂ ਲਗਦਾ, ਬਾਅਦ ਵਿਚ ਲਗਦਾ ਹੈ। ‘ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਬਖ਼ਸ਼ੋ ਜੀ’ ਦੀ ਅਰਦਾਸ ਕੇਵਲ ਅਕਾਲ ਤਖ਼ਤ ਤੋਂ ਨਹੀਂ ਸੀ ਕੀਤੀ ਗਈ ਬਲਕਿ ਸਾਰੇ ਪੰਥ ਨੇ ਹਰ ਗੁਰਦਵਾਰੇ ਵਿਚ ਇਕੋ ਸਮੇਂ ਕੀਤੀ ਸੀ। ਮੌਜੂਦਾ ਪਸ਼ਚਾਤਾਪ ਵੀ ਸਾਰੇ ਪੰਥ ਨੂੰ, ਸੰਸਾਰ ਦੇ ਹਰ ਗੁਰਦਵਾਰੇ ’ਚ ਅਰਦਾਸ ਕਰ ਕੇ ਕਰਨਾ ਚਾਹੀਦਾ ਹੈ।
ਇਕੱਲੇ ਅਕਾਲ ਤਖ਼ਤ ਤੋਂ ਕੀਤਾ ਜਾਣ ਵਾਲਾ ‘ਪਸ਼ਚਾਤਾਪ’, ਸੱਭ ਤੋਂ ਪਹਿਲਾਂ ਅਕਾਲ ਤਖ਼ਤ ਦੇ ਸੇਵਾਦਾਰਾਂ/ਜਥੇਦਾਰਾਂ/ਪੁਜਾਰੀਆਂ ਵਲੋਂ ਕੀਤੀਆਂ ਉਨ੍ਹਾਂ ਬਜਰ ਭੁੱਲਾਂ ਤੇ ਕੁਤਾਹੀਆਂ ਲਈ ਭੁੱਲ ਬਖ਼ਸ਼ਵਾਉਣਾ ਹੀ ਹੋ ਸਕਦਾ ਹੈ ਜਿਸ ਨਾਲ ਅਕਾਲ ਤਖ਼ਤ ਨੂੰ ਬਦਨਾਮੀ ਮਿਲੀ, ਭਾਰੀ ਨਮੋਸ਼ੀ ਸਹਿਣੀ ਪਈ ਤੇ ਸਿੱਖਾਂ ਨੂੰ ਦੁਫਾੜ ਹੁੰਦੇ ਵੇਖਣਾ ਪਿਆ ਜਿਵੇਂ ਕਿ :
J ਇਥੋਂ ਪੁਜਾਰੀਆਂ ਨੇ ਦੇਸ਼-ਭਗਤਾਂ ਤੇ ਗ਼ਦਰੀਆਂ ਵਿਰੁਧ ਸਿੱਖ ਨਾ ਹੋਣ ਦਾ ਫ਼ਤਵਾ ਜਾਰੀ ਕੀਤਾ ਸੀ ਜੋ ਉਨ੍ਹਾਂ ਅਨੁਸਾਰ, ਅੰਗਰੇਜ਼ੀ ਹਕੂਮਤ ਵਿਰੁਧ ਖ਼ਾਹਮਖ਼ਾਹ ਲੜ ਰਹੇ ਸਨ।
J ਇਥੋਂ ਪੁਜਾਰੀਆਂ ਨੇ ਜਲਿਆਂਵਾਲੇ ਬਾਗ਼ ਦੇ ਹਤਿਆਰੇ ਜਨਰਲ ਡਾਇਰ ਨੂੰ ਸਿਰੋਪਾ ਦਿਤਾ ਸੀ ਤੇ ‘ਚੰਗਾ ਸਿੱਖ’ ਹੋਣ ਦਾ ਸਰਟੀਫ਼ੀਕੇਟ ਦਿਤਾ ਸੀ।
J ਇਥੋਂ ਪੁਜਾਰੀਆਂ ਨੇ ਸਿੰਘ ਸਭਾ ਲਹਿਰ ਦੇ ਬਾਨੀਆਂ, ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿਤ ਸਿੰਘ ਨੂੰ ਛੇਕਿਆ ਸੀ ਕਿਉਂਕਿ ਉਹ ਦਰਬਾਰ ਸਾਹਿਬ ਵਿਚ ਹੁੰਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਨੂੰ ਰੋਕਣ ਲਈ ਆਵਾਜ਼ ਉੱਚੀ ਕਰ ਰਹੇ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ 100 ਸਾਲ ਬਾਅਦ ਇਸ ਅਖੌਤੀ ‘ਹੁਕਮਨਾਮੇ’ ਨੂੰ ਰੱਦ ਕਰਵਾਇਆ ਸੀ।
J ਇਥੋਂ ਗਿ. ਭਾਗ ਸਿੰਘ ਨੂੰ ਛੇਕਿਆ ਗਿਆ ਸੀ ਜਿਨ੍ਹਾਂ ਨੇ ‘ਬਚਿੱਤਰ ਨਾਟਕ’ ਬਾਰੇ ਪਹਿਲਾ ਵੱਡਾ ਸੱਚ ਬੋਲਿਆ ਸੀ।
J ਇਥੋਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਛੇਕਿਆ ਗਿਆ ਸੀ ਜਿਸ ਨੇ ਅਪਣੀ ਹਰ ਕਿਤਾਬ, ਪ੍ਰਕਾਸ਼ਤ ਕਰਵਾਉਣ ਤੋਂ ਪਹਿਲਾਂ, ਅਕਾਲ ਤਖ਼ਤ ਸਮੇਤ 10-15 ਵਿਦਵਾਨਾਂ ਨੂੰ ਭੇਜ ਕੇ ਉਨ੍ਹਾਂ ਤੋਂ ਇਹ ਪੁੱਛਣ ਦੀ ਰੀਤ ਸ਼ੁਰੂ ਕੀਤੀ ਸੀ ਕਿ ਉਨ੍ਹਾਂ ਨੂੰ ਖਰੜੇ ਦੇ ਕਿਸੇ ਲਫ਼ਜ਼ ’ਤੇ ਇਤਰਾਜ਼ ਤਾਂ ਨਹੀਂ? ਕਾਲਾ ਅਫ਼ਗ਼ਾਨਾ ਹੀ ਪਹਿਲਾ ਵਿਦਵਾਨ ਸੀ ਜਿਸ ਨੇ ਅਪਣਾ ਕੋਈ ਨਵਾਂ ਵਿਚਾਰ ਦੇਣ ਤੋਂ ਪਹਿਲਾਂ ਪੰਜ ਗੁਰਬਾਣੀ ਸ਼ਬਦਾਂ ਦਾ ਹਵਾਲਾ ਦੇਣ ਦੀ ਪਿਰਤ ਸ਼ੁਰੂ ਕੀਤੀ ਸੀ। ਉਸ ਦਾ ਕਸੂਰ ਕੇਵਲ ਇਹ ਸੀ ਕਿ ਉਸ ਨੇ ਇਕ ‘ਜਥੇਦਾਰ’ ਦੀ ਪੁਸਤਕ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਦੇ ਬਖੀਏ ਉਧੇੜ ਕੇ ਰੱਖ ਦਿਤੇ ਸਨ।
J ਇਥੋਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੂੰ ਛੇਕਿਆ ਗਿਆ ਕਿਉਂਕਿ ਉਨ੍ਹਾਂ ਵੀ ‘ਬਚਿੱਤਰ ਨਾਟਕ’ ਬਾਰੇ ਸੱਚ ਬੋਲਿਆ ਸੀ ਜਦਕਿ ਪਿਛਲੇ ਸੌ ਦੋ ਸੌ ਸਾਲ ਵਿਚ ਤਾਂ ਉਨ੍ਹਾਂ ਵਰਗਾ, ਕੀਰਤਨ ਰਾਹੀਂ ਗੁਰਮਤਿ ਦੀ ਸਹੀ ਅਤੇ ਅੱਜ ਦੇ ਹਾਲਾਤ ਨਾਲ ਜੋੜ ਕੇ ਵਿਆਖਿਆ ਪੇਸ਼ ਕਰਨ ਵਾਲਾ ਕੋਈ ਰਾਗੀ ਪੈਦਾ ਹੀ ਨਹੀਂ ਹੋਇਆ ਤੇ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਮਗਰੋਂ ਕੀਰਤਨ ਰਾਹੀਂ ਕੌਮ ਨੂੰ ਢਹਿੰਦੀਆਂ ਕਲਾਂ ਵਿਚ ਜਾਣੋਂ ਬਚਾਈ ਵੀ ਰਖਿਆ ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਵਿਚ ਵੀ ਸੁਟ ਦਿਤਾ ਗਿਆ।
J ਇਥੋਂ ਹੀ ਕਾਲਾ ਅਫ਼ਗ਼ਾਨਾ ਦੇ ਹੱਕ ਵਿਚ ਆਵਾਜ਼ ਉੱਚੀ ਕਰਨ ਬਦਲੇ ‘ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੂੰ ਛੇਕ ਕੇ ਅਖ਼ਬਾਰ ਦੇ ਪ੍ਰਕਾਸ਼ਤ ਹੋਣ ਦੇ ਪਹਿਲੇ ਦਿਨ ਹੀ ਸਿੱਖਾਂ ਨੂੰ ਸੰਦੇਸ਼ ਦਿਤਾ ਗਿਆ ਕਿ ਇਸ ਨੂੰ ਕੋਈ ਨਾ ਪੜ੍ਹੇ, ਕੋਈ ਇਸ਼ਤਿਹਾਰ ਨਾ ਦੇਵੇ, ਕੋਈ ਇਸ ਵਿਚ ਨੌਕਰੀ ਨਾ ਕਰੇ ਆਦਿ ਆਦਿ ਤੇ ਪੁਜਾਰੀਆਂ ਦੇ ਹੁਕਮਨਾਮੇ ਅਨੁਸਾਰ ਬਾਦਲ ਸਰਕਾਰ ਨੇ ਪੂਰੇ 10 ਸਾਲ ਇਸ ਨੂੰ ਇਕ ਪੈਸੇ ਦਾ ਇਸ਼ਤਿਹਾਰ ਨਾ ਦਿਤਾ (ਕੁਲ 150 ਕਰੋੜ ਦਾ) ਤੇ ਇਸ ਨੂੰ ਬੰਦ ਕਰਵਾ ਦੇਣ ਦੇ ਦਮਗਜੇ ਹਰ ਰੋਜ਼ ਗੁਰਦਵਾਰਾ ਸਟੇਜਾਂ ਤੋਂ ਗੂੰਜਦੇ ਰਹੇ। ਤੇਜਾ ਸਿੰਘ ਸਮੁੰਦਰੀ ਹਾਲ ’ਚੋਂ ਹੋਕਾ ਦਿਤਾ ਗਿਆ ਕਿ ਇਸ ਦੇ ਸੰਪਾਦਕ ਦਾ ‘ਕੰਡਾ ਕੋਈ ਫੇਹ ਦੇਵੇ’ ਅਰਥਾਤ ਕਤਲ ਕਰ ਦੇਵੇ।
ਇਸ ਦੇ ਬਾਵਜੂਦ, ਸਿੱਖ ਪੰਥ ਨੇ ਇਸ ਅਖ਼ਬਾਰ ਨੂੰ ਪੰਥ ਦਾ ਸਰਬੋਤਮ ਅਖ਼ਬਾਰ ਬਣਾ ਦਿਤਾ ਜਦ ਅੰਤਰ-ਰਾਸ਼ਟਰੀ ਸਰਵੇਖਣ ਵਿਚ ਆਨਲਾਈਨ ਪੜ੍ਹਨ ਵਾਲਿਆਂ ਵਿਚ ਇਹ ਪੰਜਾਬੀ ਦਾ ਇਕੋ ਇਕ ਅਖ਼ਬਾਰ ਬਣ ਗਿਆ ਜੋ ਭਾਰਤ ਦੇ ਸਾਰੇ ਅੰਗਰੇਜ਼ੀ ਹਿੰਦੀ ਅਖ਼ਬਾਰਾਂ ਸਮੇਤ, ਸੱਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਅਖ਼ਬਾਰ ਘੋਸ਼ਤ ਕਰ ਦਿਤਾ ਗਿਆ (ਅਲੈਕਸਾ ਕੰਪਨੀ ਦੀ ਰੀਪੋਰਟ) ਉਸ ਮਗਰੋਂ ‘ਜਥੇਦਾਰ’ ਨੇ ਆਪ ਵੀ ਟੈਲੀਫ਼ੋਨ ਕਰ ਕੇ ਮੁੱਖ ਸੰਪਾਦਕ ਕੋਲ ਮੰਨਿਆ ਕਿ ਉਨ੍ਹਾਂ ਵਿਰੁਧ ਹੁਕਮਨਾਮਾ ਗ਼ਲਤ ਜਾਰੀ ਹੋਇਆ ਸੀ ਤੇ ਉਨ੍ਹਾਂ ਕੋਈ ਭੁੱਲ ਨਹੀਂ ਸੀ ਕੀਤੀ। ਇਸ ਨਾਲ ਉਹ ਇਤਿਹਾਸ ਦਾ ਪਹਿਲਾ ਸਿੱਖ ਬਣ ਗਿਆ ਜਿਸ ਵਿਰੁਧ ਜਾਰੀ ਹੋਏ ਹੁਕਮਨਾਮੇ ਨੂੰ ਅਗਲੇ ‘ਜਥੇਦਾਰ’ ਨੇ ਗ਼ਲਤ ਕਹਿ ਤਾਂ ਦਿਤਾ ਪਰ ਪਸ਼ਚਾਤਾਪ ਅਜੇ ਤਕ ਨਹੀਂ ਕੀਤਾ। ਅੱਜ ਤਕ ਵੀ ਇਹ ਇਕੋ ਇਕ ਪੰਜਾਬੀ ਅਖ਼ਬਾਰ ਹੈ ਜਿਸ ਨੇ ਪੁਜਾਰੀ ਹੁਕਮਨਾਮਿਆਂ ਦੇ ਬਾਵਜੂਦ 100 ਕਰੋੜੀ ‘ਉੱਚਾ ਦਰ ਬਾਬੇ ਨਾਨਕ ਦਾ’ ਬਣਾ ਦਿਤਾ ਹੈ ਭਾਵੇਂ ਅਪਣੀ ਕੋਈ ਜ਼ਮੀਨ ਜਾਇਦਾਦ ਨਹੀਂ ਬਣਾਈ।
J ਇਥੋਂ ਹੀ ਦਿੱਲੀ ਦੀਆਂ ਸਿੱਖ ਵਿਧਵਾਵਾਂ ਨੂੰ ‘ਖੇਖਣਹਾਰੀਆਂ’ ਕਹਿ ਕੇ ਜਥੇਦਾਰ-ਪੁਜਾਰੀ ਨੇ ਉਨ੍ਹਾਂ ਦਾ ਅਪਮਾਨ ਕੀਤਾ।
J ਇਥੋਂ ਹੀ ਬਲਾਤਕਾਰੀ ਬਾਬੇ ਨੂੰ ‘ਦੁਧ ਧੋਤਾ’ ਕਹਿ ਦਿਤਾ ਗਿਆ ਜਦਕਿ ਮਗਰੋਂ ਅਦਾਲਤ ਨੇ ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ।
J ਇਥੇ ਹੀ ਇਲਜ਼ਾਮ ਲਗਦੇ ਰਹੇ ਕਿ ਹੁਕਮਨਾਮੇ ਪੈਸੇ ਲੈ ਕੇ ਜਾਰੀ ਕੀਤੇ ਜਾਂਦੇ ਹਨ ਤੇ ਪੈਸੇ ਲੈ ਕੇ ਬੰਦੇ ਪਿਛਲੇ ਦਰਵਾਜ਼ਿਉਂ ਹੀ ਦੋਸ਼-ਮੁਕਤ ਕਰ ਕੇ ਵਾਪਸ ਭੇਜ ਦਿਤੇ ਜਾਂਦੇ ਹਨ।
J ਇਥੇ ਹੀ ਦੋਸ਼ ਲੱਗਾ ਕਿ ਜਥੇਦਾਰ, ਹਾਕਮਾਂ ਦੀ ਕੋਠੀ ਵਿਚ ਪੇਸ਼ ਹੋ ਕੇ ‘ਹੁਕਮ’ ਪ੍ਰਾਪਤ ਕਰਦੇ ਹਨ ਤੇ ਉਸੇ ਅਨੁਸਾਰ ਚਲਦੇ ਹਨ। ਇਥੇ ਹੀ ਸੌਦਾ ਸਾਧ ਨੂੰ ਮਾਫ਼ ਕਰਨ ਦਾ ਨਾਟਕ ਰਚਿਆ ਗਿਆ ਤੇ ਸ਼੍ਰੋਮਣੀ ਕਮੇਟੀ ਕੋਲੋਂ 95 ਲੱਖ ਦੇ ਇਸ਼ਤਿਹਾਰ ਛਪਵਾ ਕੇ, ਉਸ ਨੂੰ ਜਾਇਜ਼ ਦੱਸਣ ਦਾ ਕੋਝਾ ਯਤਨ ਕੀਤਾ ਗਿਆ।
J ਇਥੇ ਹੀ ਉਹ ਨਾਟਕ ਵੀ ਹੋਇਆ ਜਦੋਂ ਆਰ ਐਸ ਐਸ ਦੇ ਹੈੱਡਕੁਆਰਟਰ ਨਾਗਪੁਰ ਬੈਠ ਕੇ ‘ਜਥੇਦਾਰ-ਪੁਜਾਰੀ’ ਨੇ ‘ਜਥੇਦਾਰਾਂ’ ਸਮੇਤ ਕਈਆਂ ਨੂੰ ਛੇਕ ਦਿਤਾ।
ਕਦੇ ਵੀ ਅਕਾਲ ਤਖ਼ਤ ਤੇ ਬੈਠੇ ਜਥੇਦਾਰਾਂ-ਪੁਜਾਰੀਆਂ ਨੇ ਅਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਪਸ਼ਚਾਤਾਪ ਕਰਨ ਦੀ ਨਹੀਂ ਸੋਚੀ। ਜਦ ਉਹ ਅਪਣੀਆਂ ‘ਭੁੱਲਾਂ’ ਲਈ ਪਸ਼ਚਾਤਾਪ ਕਰਨ ਦੀ ਹਿੰਮਤ ਨਹੀਂ ਜੁਟਾ ਸਕਦੇ ਤਾਂ ਉਨ੍ਹਾਂ ਵਲੋਂ ਦੂਜਿਆਂ ਦੀਆਂ ਭੁੱਲਾਂ ਦਾ ‘ਪਸ਼ਚਾਤਾਪ’ ਬਹੁਤੇ ਲੋਕਾਂ ਲਈ ਹਜ਼ਮ ਕਰਨਾ ਸੌਖਾ ਨਹੀਂ ਹੋਵੇਗਾ ਤੇ ਉਹ ਇਸ ਨੂੰ ‘ਨਾਟਕ’ ਹੀ ਕਹਿਣਗੇ। ਜੋਗਿੰਦਰ ਸਿੰਘ