Nijji Diary De Panne : ਬਾਬੇ ਨਾਨਕ ਦੇ ‘ਉੱਚਾ ਦਰ’ ਦੀ ਇਮਾਰਤ ਤਾਂ ਬਣ ਗਈ ਹੈ ਪਰ ਆਉ ਹੁਣ ਇਸ ਦੀ ਲਾਹੇਵੰਦ ਵਰਤੋਂ ਕਰਨਾ ..
Published : May 12, 2024, 6:48 am IST
Updated : May 12, 2024, 11:37 am IST
SHARE ARTICLE
Ucha dar babe nanak da
Ucha dar babe nanak da

Nijji Diary De Panne : ਸਾਲ ਡੇਢ ਸਾਲ 'ਚ ਤੁਹਾਨੂੰ ਕੁੱਝ ਕਰ ਵਿਖਾਉਣਾ ਪਵੇਗਾ ਨਹੀਂ ਤਾਂ ਲੋਕ ਕਹਿਣਗੇ, ਇਹ ਵੀ ਗੱਪਾਂ ਮਾਰਨ ਵਾਲੇ ਹੀ ਨਿਕਲੇ..

Ucha dar babe nanak da : ‘ਉੱਚਾ ਦਰ ਬਾਬੇ ਨਾਨਕ ਦਾ’ ਕਿਸੇ ਇਕ ਵਿਅਕਤੀ, ਸੰਸਥਾ ਜਾਂ ਕੰਪਨੀ ਦੀ ਮਲਕੀਅਤ ਨਹੀਂ। ਇਸ ਦੇ ਮੈਂਬਰ ਹੀ ਇਸ ਦੇ ਮਾਲਕ ਹਨ ਤੇ ਇਸ ਦੇ ਮੈਂਬਰ ਹੀ, ਹੁਣ ਹਰ ਦੋ ਸਾਲ ਮਗਰੋਂ ਇਸ ਦੇ ਨਵੇਂ ਟਰੱਸਟੀ ਚੁਣਿਆ ਕਰਨਗੇ। ਮੈਂ ਆਪ ਇਸ ਦਾ ਮੈਂਬਰ ਵੀ ਨਹੀਂ ਬਣਿਆ, ਨਾ ਕੋਈ ਅਹੁਦਾ ਇਸ ਵਿਚ ਲਿਆ ਹੈ ਕਿਉਂਕਿ ਜਦ ਇਸ ਨੂੰ ਉਸਾਰਨ ਦਾ ਵਿਚਾਰ ਮੈਂ ਦਿਤਾ ਸੀ, ਕੁੱਝ ਈਰਖਾਲੂਆਂ ਨੇ ਉਦੋਂ ਆਖਿਆ ਸੀ ਕਿ ਇਹ ਵੀ ਅਪਣਾ ਡੇਰਾ ਬਣਾਉਣਾ ਚਾਹੁੰਦਾ ਹੈ ਜਿਸ ਵਿਚ ਡੇਰੇਦਾਰ ਬਣ ਕੇ ਬੈਠ ਜਾਏਗਾ।

ਮੈਂ ਉਦੋਂ ਹੀ ਐਲਾਨ ਕਰ ਦਿਤਾ ਸੀ ਕਿ ਇਸ ਦੀ ਉਸਾਰੀ ਵਿਚ ਵੱਧ ਤੋਂ ਵੱਧ ਯੋਗਦਾਨ ਮੈਂ ਅਪਣਾ ਤੇ ਰੋਜ਼ਾਨਾ ਸਪੋਕਸਮੈਨ ਦਾ ਪਾਵਾਂਗਾ ਪਰ ਇਸ ਦੇ ਪੈਸਿਆਂ ਨਾਲ ਮੈਂ ਚਾਹ ਦਾ ਇਕ ਕੱਪ ਵੀ ਕਦੇ ਨਹੀਂ ਪੀਆਂਗਾ ਤੇ ਨਾ ਕੋਈ ਅਹੁਦਾ ਜਾਂ ਕੁਰਸੀ ਹੀ ਇਸ ਵਿਚ ਲਵਾਂਗਾ। ਮੈਂ ਇਹ ਵੀ ਐਲਾਨ ਕੀਤਾ ਸੀ ਕਿ ਅਪਣੀ ਮਿਸਾਲ ਪੇਸ਼ ਕਰ ਕੇ, ਚਾਹਾਂਗਾ ਕਿ ਜਿਹੜੇ ਦੂਜੇ ਵੀ ਇਸ ਨੂੰ ਚਲਾਉਣ ਲਈ ਅੱਗੇ ਆਉਣ, ਉੁਹ ਵੀ ਨਿਸ਼ਕਾਮ ਰਹਿ ਕੇ ਸੇਵਾ ਕਰਨ ਲਈ ਇਸ ਵਿਚ ਸ਼ਮੂਲੀਅਤ ਕਰਨ। ਇਸ ਵੇਲੇ ਜਿੰਨੇ ਵੀ ਟਰੱਸਟੀ ਹਨ, ਮੈਂ ਉਨ੍ਹਾਂ ਬਾਰੇ ਸਹੁੰ ਖਾ ਕੇ ਕਹਿ ਸਕਦਾ ਹਾਂ ਕਿ ਇਹ ਸਾਰੇ 100% ਨਿਸ਼ਕਾਮ ਲੋਕ ਹਨ ਤੇ ਅਪਣੇ ਕੋਲੋਂ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਨੂੰ ਖ਼ੁਸ਼ੀ ਖ਼ੁਸ਼ੀ ਦੇਂਦੇ ਤਾਂ ਰਹਿੰਦੇ ਹਨ ਪਰ ਇਸ ਤੋਂ ਲੈਂਦੇ ਇਕ ਪੈਸਾ ਵੀ ਨਹੀਂ। ਮੈਂ ਚਾਹੁੰਦਾ ਹਾਂ, ਇਹ ਸਿਲਸਿਲਾ ਹਮੇਸ਼ਾ ਇਸੇ ਤਰ੍ਹਾਂ ਚਲਦਾ ਰਹੇ ਕਿਉਂਕਿ ਨਿਸ਼ਕਾਮ ਲੋਕ ਹੀ ਕਿਸੇ ਸੰਸਥਾ ਦੇ ਅਸਲ ‘ਸੇਵਕ’ ਹੁੰਦੇ ਹਨ ਤੇ ਜਿਨ੍ਹਾਂ ਨੂੰ ‘ਸੇਵਾ ਦਾ ਮੇਵਾ’ ਖਾਣ ਦੀ ਆਦਤ ਪੈ ਜਾਵੇ, ਉਨ੍ਹਾਂ ਦੀ ਭੁੱਖ ਏਨੀ ਵੱਧ ਜਾਂਦੀ ਹੈ ਕਿ ਸਾਰੀ ਸੰਸਥਾ ਨੂੰ ਖਾ ਕੇ ਵੀ ਉਨ੍ਹਾਂ ਦਾ ਢਿਡ ਨਹੀਂ ਭਰਦਾ। 

ਤੁਸੀ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਜਿੰਨੀਆਂ ਵੀ ਸੰਸਥਾਵਾਂ ਬਣਾਈਆਂ, ਉਨ੍ਹਾਂ ਵਿਚ ਰੱਖੀ ਗੋਲਕ ਦਾ ਪੈਸਾ ਤਾਂ ‘ਗ਼ਰੀਬ ਦਾ ਮੂੰਹ, ਗੁਰੂ ਦੀ ਗੋਲਕ’ ਅਨੁਸਾਰ ਕੇਵਲ ਗ਼ਰੀਬਾਂ ਦੀ ਬੇਹਤਰੀ ਲਈ ਹੀ ਖ਼ਰਚਿਆ ਜਾਣਾ ਗੁਰੂ ਵਲੋਂ ਨਿਸਚਿਤ ਹੋਇਆ ਸੀ ਪਰ ਸਿਆਸਤਦਾਨਾਂ, ਜਥੇਦਾਰਾਂ, ਧਾਕੜ ਪ੍ਰਬੰਧਕਾਂ ਤੇ ਹੋਰ ਲੋਕਾਂ ਨੇ ਗੋਲਕ ਨੂੰ ਅਪਣੀ ਜਗੀਰ ਬਣਾ ਲਿਆ ਹੈ ਤੇ ਹੁਣ ਗੋਲਕ ਦਾ ਇਕ ਫ਼ੀਸਦੀ ਪੈਸਾ ਵੀ ਗ਼ਰੀਬ ਨੂੰ ਨਹੀਂ ਦਿਤਾ ਜਾਂਦਾ, ਉਨ੍ਹਾਂ ਦੀਆਂ ਜੇਬਾਂ ਵਿਚ ਹੀ ਜਾਂਦਾ ਹੈ ਜਿਨ੍ਹਾਂ ਕੋਲ ਮਾਇਆ ਦੇ ਅੰਬਾਰ ਲੱਗੇ ਹੋਏ ਹਨ। ਮਾਇਆ ਦੇ ਅੰਬਾਰ ਤਾਂ ਲੱਗ ਗਏ ਪਰ ਭੁੱਖ ਤਾਂ ਸਗੋਂ ਹੋਰ ਵੀ ਵਧਦੀ ਗਈ।

‘ਉੱਚਾ ਦਰ’ ਵਿਚ ਇਸੇ ਲਈ ਗੋਲਕ ਹੀ ਨਹੀਂ ਰੱਖੀ ਗਈ ਤੇ ਗੁਰੂ ਦੇ ਨਾਂ ’ਤੇ ਮੰਗਣ ਉਤੇ ਵੀ ਮਨਾਹੀ ਕਰ ਦਿਤੀ ਗਈ ਹੈ। ਪਰ ਪੈਸੇ ਤੋਂ ਬਿਨਾਂ ਤਾਂ ਕੋਈ ਵੱਡਾ ਕੰਮ ਕੀਤਾ ਹੀ ਨਹੀਂ ਜਾ ਸਕਦਾ, ਇਸ ਲਈ ਪੈਸੇ ਦੀ ਲੋੜ ਤਾਂ ਇਥੇ ਵੀ ਰਹੇਗੀ ਹੀ। ਠੀਕ ਹੈ ਪਰ ਖੁਲ੍ਹ ਕੇ ਦੱਸੋ ਕਿ ਕਿਸ ਕੰਮ ਲਈ ਪੈਸਾ ਚਾਹੀਦਾ ਹੈ। ਕੰਮ ਲਈ ਪੈਸਾ ਮੰਗੋ ਤੇ ਪੈਸਾ ਦੇਣ ਵਾਲਿਆਂ ਨੂੰ ਉਸ ਦਾ ਪੈਸੇ ਪੈਸੇ ਦਾ ਹਿਸਾਬ ਦਿਉ। ਕੰਮ ਲਈ ਪੈਸਾ ਮੰਗੋ, ਗੁਰੂ ਲਈ ਨਾ ਮੰਗੋ। ਗੁਰੂ ਨੂੰ ਪੈਸੇ ਦੀ ਲੋੜ ਨਹੀਂ, ਸਾਡੇ ਕੰਮਾਂ ਲਈ ਸਾਨੂੰ ਲੋੜ ਹੈ। ਪਿਛਲਾ ਪੈਸਾ ਕਿਥੇ ਖ਼ਰਚਿਆ, ਉਸ ਦਾ ਪਤਾ ਹਰ ਮੈਂਬਰ ਨੂੰ ਹੋਵੇ ਤੇ ਸਾਹਮਣੇ ਦਿਸਦਾ ਹੋਵੇ ਤੇ ਪੁੱਛਣ ਦੀ ਲੋੜ ਹੀ ਨਾ ਪਵੇ। ਇਹੀ ਹਨ ਪੈਸੇ ਦੀ ਮਦਦ ਮੰਗਣ ਬਾਰੇ ‘ਉੱਚਾ ਦਰ’ ਦੇ ਕਾਨੂੰਨ। ਜੋ ਇਨ੍ਹਾਂ ਨਾਨਕੀ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ, ਉਸ ਨੂੰ ਇਕ ਪਲ ਲਈ ਵੀ ਬਰਦਾਸ਼ਤ ਨਾ ਕਰੋ ਤੇ ਫ਼ਤਿਹ ਬੁਲਾ ਦਿਉ।

ਸੋ ਹੁਣ ਜਦ ਇਮਾਰਤ ਤਿਆਰ ਹੋ ਚੁੱਕੀ ਹੈ ਤੇ ਉਥੇ ਆਉਣ ਵਾਲੇ ਹਰ ਯਾਤਰੀ ਨੂੰ ਗਿਆਨਵਾਨ ਬਣਾਉਣ ਦੀ ਕਾਬਲੀਅਤ ਵੀ ਰਖਦੀ ਹੈ ਤਾਂ ਵੀ ਇਸ ਮਹਿਲਾਂ ਵਰਗੀ ਇਮਾਰਤ ਦੇ ਅਪਣੇ ਖ਼ਰਚੇ (ਬਿਜਲੀ, ਪਾਣੀ, ਟੁੱਟ ਭੱਜ, ਮੁਰੰਮਤ, ਤਨਖ਼ਾਹਾਂ, ਟੈਕਸ ਵਗ਼ੈਰਾ ਵਗ਼ੈਰਾ’ ਉਤੇ ਵੀ ਹਰ ਸਾਲ ਕਰੋੜਾਂ ਰੁਪਏ ਲਗਣੇ ਕੁਦਰਤੀ ਹਨ। ਪੂਰੀ ਤਰ੍ਹਾਂ ਨਿਸ਼ਕਾਮ ਲੋਕ ਉਨ੍ਹਾਂ ਨੂੰ ਘਟਾ ਜਾਂ ਬਚਾ ਨਹੀਂ ਸਕਦੇ। ਇਸ ਤੋਂ ਇਲਾਵਾ ਜੇ ਤੁਸੀ ਬਾਬੇ ਨਾਨਕ ਦਾ ਸੰਦੇਸ਼ ਦੁਨੀਆਂ ਭਰ ਦੇ ਲੋਕਾਂ ਤਕ ਪਹੁੰਚਾਉਣਾ ਹੈ (ਪਹਿਲਾਂ ਅਪਣੇ ਲੋਕਾਂ ਤਕ ਜਿਥੇ ਬੱਚੇ ਗੁਰਪੁਰਬ ਮਨਾਉਂਦੇ ਹੋਏ ਵੀ ਇਹ ਨਹੀਂ ਦਸ ਸਕਦੇ ਕਿ ਜਿਸ ਗੁਰੂ ਦਾ ਪੁਰਬ ਮਨਾਇਆ ਜਾ ਰਿਹਾ ਹੈ, ਉਸ ਨੇ ਖ਼ਾਸ ਕੰਮ ਕੀ ਕੀਤੇ ਤੇ ਖ਼ਾਸ ਉਪਦੇਸ਼ ਕੀ ਦਿਤੇ) ਤੇ ਉਸ ਲਈ 24 ਘੰਟੇ ਚਲਣ ਵਾਲਾ ‘ਬਾਬਾ ਨਾਨਕ ਚੈਨਲ’ ਸ਼ੁਰੂ ਕਰਨਾ ਹੈ, ਸਾਰੀਆਂ ਮੁੱਖ ਭਾਸ਼ਾਵਾਂ ਵਿਚ ‘ਨਾਨਕਵਾਦ’ ਬਾਰੇ ਅੰਤਰ-ਰਾਸ਼ਟਰੀ ਪੱਧਰ ਦੀਆਂ ਕਿਤਾਬਾਂ ਤੇ ਫ਼ਿਲਮਾਂ ਤਿਆਰ ਕਰਵਾਉਣੀਆਂ ਹਨ, ਵਿਦੇਸ਼ਾਂ ਵਿਚ ਸਿੱਖ ਵਿਚਾਰ ਕੇਂਦਰ ਖੋਲ੍ਹਣੇ ਹਨ ਤੇ ਸਾਰਾ ਮੁਨਾਫ਼ਾ ਗ਼ਰੀਬਾਂ ਲਈ ਰਾਖਵਾਂ ਰਖਣਾ ਹੈ ਤਾਂ ਇਨ੍ਹਾਂ ਸਾਰੇ ਕੰਮਾਂ ਲਈ ਪੈਸਾ ਕਿਥੋਂ ਆਵੇਗਾ?

ਸਾਰੇ ਕੰਮ ਇਕੱਠੇ ਤੇ ਇਕਦੰਮ ਤਾਂ ਨਹੀਂ ਕੀਤੇ ਜਾ ਸਕਦੇ ਪਰ ਕੋਈ ਖ਼ਾਕਾ ਤਾਂ ਤਿਆਰ ਕਰਨਾ ਹੀ ਪਵੇਗਾ ਜਿਸ ਅਨੁਸਾਰ, ‘ਉੱਚਾ ਦਰ’ ਦੇ ਸਾਰੇ ਮੈਂਬਰ, ਅਪਣਾ ਹਿੱਸਾ (ਪੂਰੀ ਤਰ੍ਹਾਂ ਨਿਸ਼ਕਾਮ ਰਹਿ ਕੇ) ਪਾਉਂਦੇ ਰਹਿਣ ਦਾ ਪ੍ਰਣ ਲੈਣਗੇ ਤੇ ਅਪਣੀ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਹੀਂ ਹਟਣਗੇ। ਉੱਚਾ ਦਰ ਇਕ ਲਹਿਰ ਹੈ ਤੇ ਲਹਿਰ ਰੁਕਣੀ ਨਹੀਂ ਚਾਹੀਦੀ। ਬਾਬੇ ਨਾਨਕ ਦੀ ਸਿੱਖੀ ਦਾ ਬੁਰਾ ਹਾਲ ਕਰ ਕੇ, ਗੁਰਦਵਾਰਿਆਂ ਵਿਚ ਹੀ ਇਸ ਦਾ ਜੋ ‘ਬ੍ਰਾਹਮਣਵਾਦੀ’ ਰੂਪ ਚਾਲੂ ਕਰ ਦਿਤਾ ਗਿਆ ਹੈ, ਉਸ ਨੂੰ ਵੇਖ ਕੇ ਸਿੱਖੀ ਦੇ ਸੱਚੇ ਪ੍ਰਵਾਨੇ ਮੈਂ ਰੋਂਦੇ ਵੀ ਵੇਖੇ ਹਨ ਪਰ ਉਹ ਸ਼ਰਮਸਾਰ ਇਸ ਗੱਲੋਂ ਹਨ ਕਿ ਉਹ ਹਾਲਤ ਨੂੰ ਬਦਲਣ ਲਈ ਕਰ ਕੁੱਝ ਨਹੀਂ ਸਕਦੇ ਕਿਉਂਕਿ ਨਾ ਉਨ੍ਹਾਂ ਕੋਲ ਕੋਈ ਆਗੂ ਹੈ, ਨਾ ਸੰਸਥਾ, ਨਾ ਪਲੇਟਫ਼ਾਰਮ ਤੇ ਨਾ ਕੋਈ ਗੋਲਕ। ਉਹ ਅਕਸਰ ਮੈਂ ਝੂਰਦੇ ਹੀ ਵੇਖੇ ਹਨ।

ਹੁਣ ‘ਉੱਚਾ ਦਰ’ ਇਹ ਵੱਡਾ ਕੰਮ ਹੱਥਾਂ ਵਿਚ ਲੈ ਕੇ ਵੱਡੀ ‘ਨਾਨਕੀ ਫ਼ੌਜ’ ਤਿਆਰ ਕਰਨਾ ਚਾਹੁੰਦਾ ਹੈ ਤਾਕਿ ‘ਨਾਨਕੀ ਇਨਕਲਾਬ’ ਸਚਮੁਚ ਲਿਆਂਦਾ ਜਾ ਸਕੇ ਅਰਥਾਤ ਗੁਰਬਾਣੀ ਤੇ ਇਤਿਹਾਸ, ਦੁਹਾਂ ਦੇ ਅਸਲ ਰੂਪ ਨੂੰ ਬਚਾਇਆ ਜਾ ਸਕੇ ਤੇ ਬਾਹਰੋਂ ਲਿਆ ਕੇ ਇਸ ਦੇ ਵਿਹੜੇ ਵਿਚ ਸੁੱਟੇ ਦੰਭ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕੇ। ਜੇ ਹੁਣ ਵੀ ਅਸੀ ਕੇਵਲ ਝੂਰਦੇ ਹੀ ਰਹੇ ਤੇ ਅਪਣੀ ਜ਼ਿੰਮੇਵਾਰੀ ਪੂਰੀ ਨਾ ਕੀਤੀ ਤਾਂ ਦੁਸ਼ਮਣ ਤਾਂ ਤੁਹਾਡਾ ਕਿਲ੍ਹਾ ਲਗਭਗ ਢਾਹ ਹੀ ਚੁੱਕਾ ਹੈ। ਆਉ ਆਖ਼ਰੀ ਵੇਲੇ ਵੀ ਇਸ ਨੂੰ ਬਚਾਉਣ ਦਾ ਇਕ ਸਾਂਝਾ ਯਤਨ ਕਰ ਲਈਏ ਤਾਕਿ ਅਕਾਲ ਪੁਰਖ ਦੇ ਰੂਬਰੂ ਸੁਰਖ਼ਰੂ ਹੋ ਕੇ ਜਾ ਸਕੀਏ। 

ਯਾਦ ਰਹੇ, ਜੇ ਤੁਸੀ ਇਕ ਡੇਢ ਸਾਲ ਵਿਚ ਅਜਿਹਾ ਕੁੱਝ ਵੀ ਨਾ ਕਰ ਵਿਖਾਇਆ ਜੋ ਤੁਹਾਡੇ ਪਹਿਲੇ ਐਲਾਨਾਂ ਨੂੰ ਸੱਚਾ ਸਾਬਤ ਕਰ ਕੇ ਵਿਖਾ ਸਕੇ ਤਾਂ ਲੋਕਾਂ ਨੇ ਇਹੀ ਕਹਿਣਾ ਸ਼ੁਰੂ ਕਰ ਦੇਣਾ ਹੈ ਕਿ ਇਹ ਵੀ ਗੱਪਾਂ ਮਾਰਨ ਵਾਲੇ ਲੋਕ ਹੀ ਹਨ ਜੋ ਵੱਧ ਤੋਂ ਇਕ ਇਮਾਰਤ ਬਣਾ ਸਕਦੇ ਹਨ ਤੇ ਉਸ ਵਿਚ ਬੈਠ ਕੇ ਚੌਧਰ ਮਾਣ ਸਕਦੇ ਹਨ ਪਰ ਕੌਮ ਲਈ, ਮਨੁੱਖਤਾ ਲਈ ਜਾਂ ਸੱਚੇ ਧਰਮ ਲਈ ਮਾਇਆ ਦੀ ਕੁਰਬਾਨੀ ਕਰ ਕੇ ਕੁੱਝ ਕਰ ਵਿਖਾਣ ਦਾ ਜਜ਼ਬਾ ਇਨ੍ਹਾਂ ਵਿਚ ਵੀ ਕੋਈ ਨਹੀਂ। ਛਿੱਥੀ ਪਈ ਹੋਈ ਕੌਮ ਅੰਦਰ ਅਪਣੇ ਬਾਰੇ ਇਹ ਵਿਚਾਰ ਨਾ ਪੈਦਾ ਹੋਣ ਦਿਉ। ਉਸ ਨੇ ਤੁਹਾਡੀਆਂ ਗੱਲਾਂ ਸੁਣੀਆਂ ਹਨ ਤੇ ਉਸ ਨੂੰ ਅਜੇ ਵੀ ਤੁਹਾਡੇ ’ਤੇ ਪੂਰਾ ਵਿਸ਼ਵਾਸ ਹੈ ਕਿ ਸਿੱਖੀ ਨੂੰ ਖ਼ਤਮ ਕਰਨ ਦੇ ਇਸ ਦੇ ਅਪਣਿਆਂ ਦੇ ਹੀ ਯਤਨਾਂ ਨੂੰ ਤੁਸੀ ਪੱਠਾ ਗੇੜਾ ਦੇ ਸਕਦੇ ਹੋ। ਇਸ ਆਸ ਨੂੰ ਮਰਨ ਨਾ ਦੇਣਾ। ਉੱਚਾ ਦਰ ਦੀ ‘ਨਾਨਕੀ ਫ਼ੌਜ’ ਦੇ ਅਜਿੱਤ ਸ਼ਾਹ-ਸਵਾਰ ਬਣੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement