Nijji Diary De Panne: ਸਮਾਂ, ਸਿੱਖ ਧਰਮ ਕੋਲੋਂ, ਇਸ ਦੇ ਵਿਕਾਸ ਲਈ, ਕੀਮਤ ਵਜੋਂ, ਕੁਝ ਗੰਭੀਰ ਸਵਾਲਾਂ ਦੇ ਜਵਾਬ ਮੰਗਦਾ ਹੈ...
Published : Jul 13, 2025, 10:32 am IST
Updated : Jul 13, 2025, 10:32 am IST
SHARE ARTICLE
Nijji Diary De Panne today joginder Singh
Nijji Diary De Panne today joginder Singh

ਅਕਾਲ ਤਖ਼ਤ ਦੇ ਨਾਂ ਤੇ, ‘ਜਥੇਦਾਰੀ’ ਦਾ ਹਥੌੜਾ, ਹਰ ਮਾਮਲੇ ਵਿਚ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਜਿਵੇਂ ਗੁਰੂ ਨੇ ਸਿੱਖਾਂ ਨੂੰ ਪ੍ਰੇਮ ਨਾਲ ਕੋਈ ਮਸਲਾ ਹੱਲ.....

Nijji Diary De Panne today joginder Singh : ਦਰਬਾਰ ਸਾਹਿਬ ਅੰਦਰ ਬੈਠੇ ਸਿਆਸੀ ‘ਰੱਬਾਂ’ ਵਲੋਂ ਬੋਲਣ ਵਾਲਿਆਂ ਵਿਚੋਂ ਮੈਨੂੰ ਇਕ ਵੀ ਭਲਾ ਬੰਦਾ ਜਾਂ ‘ਧਰਮੀ ਜੱਥਾ’ ਅਜਿਹਾ ਨਹੀਂ ਲੱਭਾ ਜਿਸ ਦੇ ਮਨ ਵਿਚ ਇਹ ਗੱਲ ਕਦੇ ਆਈ ਹੋਵੇ ਕਿ ਅਪਣੇ ਰੁੱਸਿਆਂ ਨੂੰ ਵਾਪਸ ਪੰਥ ਵਿਚ ਲਿਆ ਕੇ ਰਹਿਣਾ ਹੈ, ਭਾਵੇਂ ਇਨ੍ਹਾਂ ਦੇ ਪੈਰ ਵੀ ਕਿਉਂ ਨਾ ਧੋਣੇ ਪੈਣ! ਦਲੀਲ ਦੀ ਥਾਂ ਹੈਂਕੜ, ਡਰਾਵਾ, ਦਾਬਾ, ਧਮਕੀਆਂ ਤੇ ਦੂਜੀ ਧਿਰ ਨੂੰ ‘ਪਾਪੀ’ ਕਹਿਣ ਦਾ ਹੀ ਜਜ਼ਬਾ ਭਾਰੂ ਰਹਿੰਦਾ ਹੈ ਉਨ੍ਹਾਂ ਦੀਆਂ ਲਿਖਤਾਂ ਤੇ ਬੋਲਾਂ ਵਿਚ। ਅਕਾਲ ਤਖ਼ਤ ਦੇ ਨਾਂ ਤੇ, ‘ਜਥੇਦਾਰੀ’ ਦਾ ਹਥੌੜਾ, ਹਰ ਮਾਮਲੇ ਵਿਚ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਜਿਵੇਂ ਗੁਰੂ ਨੇ ਸਿੱਖਾਂ ਨੂੰ ਪ੍ਰੇਮ ਨਾਲ ਕੋਈ ਮਸਲਾ ਹੱਲ ਕਰਨ ਦੀ ਪੱਕੀ ਮਨਾਹੀ ਕੀਤੀ ਹੋਈ ਹੋਵੇ।

ਠੀਕ ਉਸ ਤਰ੍ਹਾਂ ਦੀ ਹੀ ਹਾਲਤ ਲਗਦੀ ਹੈ ਜਿਵੇਂ ਘੱਟ ਸਿਆਣੇ ਮਾਪੇ, ਅਪਣੇ ਵਿਗੜ ਰਹੇ ਬੱਚੇ ਨੂੰ ਪਿਆਰ ਨਾਲ ਸਮਝਾਉਣ ਦੀ ਥਾਂ, ਉਸ ਨੂੰ ਏਨਾ ਬੁਰਾ ਭਲਾ ਕਹਿ ਦੇਂਦੇ ਹਨ ਕਿ ਉਹ ਸਦਾ ਲਈ ਘਰ ਛੱਡ ਜਾਂਦਾ ਹੈ, ਬੁਰੀ ਸੰਗਤ ਵਿਚ ਪੈ ਜਾਂਦਾ ਹੈ ਤੇ ਵਸਦਾ ਰਸਦਾ ਘਰ ਉਜੜ ਜਾਂਦਾ ਹੈ। ਸ਼੍ਰੋਮਣੀ ਕਮੇਟੀ ਬਣਾਈ ਇਸ ਖ਼ਿਆਲ ਨਾਲ ਗਈ ਸੀ ਕਿ ਇਹ ਪੰਥ ਨੂੰ ਇਕੱਠਿਆਂ ਰੱਖਣ ਦਾ ਕੰਮ ਕਰੇਗੀ ਤੇ ਹਰ ਸਿੱਖ ਦੀ ਮਦਦ ਕਰੇਗੀ ਪਰ ਇਹ ਤਾਂ ਗੁਰਦਵਾਰਾ ਗੋਲਕਾਂ ਨੂੰ ਇਕ ਥਾਂ ਜੋੜਨ ਤੋਂ ਅੱਗੇ ਨਹੀਂ ਸੋਚ ਸਕੀ ਤੇ ਉਸ ਉਪ੍ਰੰਤ ਅਪਣੇ ਜਾਂ ਅਪਣੇ ਸਿਆਸੀ ਮਾਲਕਾਂ ਦੇ ਸਾਜੇ ‘ਜਥੇਦਾਰਾਂ’ ਦੀਆਂ ਕ੍ਰਿਪਾਨਾਂ ਲਿਸ਼ਕਾ ਕੇ ਤੇ ਅਪਣੇ ਆਪ ਨੂੰ ਪੰਥ ਦੀ ‘ਸਿਰਮੌਰ’ ਸਰਬ-ਸ਼ਕਤੀਮਾਨ (ਲਗਭਗ ਡਿਕਟੇਟਰ) ਜਥੇਬੰਦੀ ਦਸ ਕੇ, ਪਹਿਲੇ ਦਿਨ ਤੋਂ ਹੀ ਅਜਿਹਾ ਮਾਹੌਲ ਬਣਾ ਦੇਂਦੀ ਰਹੀ ਹੈ ਕਿ ਅਗਲਾ ਵਾਪਸ ਆਉਣਾ ਚਾਹੇ, ਤਾਂ ਵੀ ਕਦੇ ਨਾ ਆ ਸਕੇ ਸਗੋਂ ਅਪਣਾ ਨਵਾਂ ਡੇਰਾ ਸਥਾਪਤ ਕਰਨ ਦੀਆਂ ਵਿਉਂਤਾਂ ਘੜਨ ਵਿਚ ਹੀ ਭਲਾ ਸਮਝਣ ਲੱਗ ਜਾਵੇ। 

ਸਾਡਾ ਅਲਬੇਲਾ ਕਵੀ ਪ੍ਰੋ. ਪੂਰਨ ਸਿੰਘ, ਸਿੱਖੀ ਤੋਂ ਬਾਗ਼ੀ ਹੋ ਕੇ ‘ਬੋਧੀ’ ਬਣ ਗਿਆ ਸੀ। ਉਸ ਨੂੰ ਕਿਸ ਨੇ ਵਾਪਸ ਸਿੱਖੀ ਵਿਚ ਲਿਆਂਦਾ? ਸ਼੍ਰੋਮਣੀ ਕਮੇਟੀ ਜਾਂ ‘ਜਥੇਦਾਰਾਂ’ ਨੇ? ਨਹੀਂ (ਇਹ ਤਾਂ ਚੰਗੇ ਭਲੇ ਸਿੱਖਾਂ ਨੂੰ ਵੀ ਸਿੱਖੀ ਨਾਲੋਂ ਤੋੜ ਸਕਦੇ ਹਨ, ਜੋੜ ਨਹੀਂ ਸਕਦੇ) ਸਗੋਂ ਭਾਈ ਵੀਰ ਸਿੰਘ ਨੇ। ਕਿਵੇਂ? ਧਮਕੀਆਂ ਤੇ ਨਿੰਦਿਆ ਨਾਲ? ਨਹੀਂ, ਪ੍ਰੇਮ ਨਾਲ। ਮੈਂ ਕਦੇ ਵੀ ਨਿਰੰਕਾਰੀਆਂ ਜਾਂ ਰਾਧਾ ਸਵਾਮੀਆਂ ਦੇ ਹੱਕ ਵਿਚ ਇਕ ਅੱਖਰ ਨਹੀਂ ਲਿਖਿਆ, ਨਾ ਬੋਲਿਆ ਹੈ, ਪਰ ਮੈਂ ਜਾਣਦਾ ਹਾਂ ਕਿ ਨਿਰੰਕਾਰੀ ਲਹਿਰ ਦਾ ਬਾਨੀ ਬਾਬਾ ਦਿਆਲ ਉਹ ਸਹਿਜਧਾਰੀ ਸੱਜਣ ਸੀ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਵਲੋਂ ਸਿੱਖੀ ਉਤੇ ਬ੍ਰਾਹਮਣਵਾਦ ਦਾ ਜੂਲਾ ਪਾ ਦੇਣ ਵਿਰੁਧ ਪਹਿਲਾ ਜ਼ੋਰਦਾਰ ਜੈਕਾਰਾ ਛਡਿਆ ਸੀ ਤੇ ਕਿਹਾ ਸੀ ਕਿ ਸਿੱਖ ਨਿਰੰਕਾਰ (ਪ੍ਰਭੂ) ਦਾ ਸਿੱਖ ਹੈ, ਇਹ ਕਿਸੇ ਦੇਹਧਾਰੀ ਦਾ ਸਿੱਖ ਨਹੀਂ ਹੋ ਸਕਦਾ। ਉਸ ਦਾ ਨਾਹਰਾ ਸੀ- ‘ਆਖੋ ਧਨ ਨਿਰੰਕਾਰ (ਪ੍ਰਮਾਤਮਾ)- ਜੋ ਦੇਹਧਾਰੀ ਸੋੋ ਖਵਾਰ’।

ਇਹ ਪੂਰੀ ਤਰ੍ਹਾਂ ਗੁਰਮਤਿ ਦੇ ਸੰਕਲਪ ਦਾ ਬਿਆਨ ਕਰਨ ਵਾਲਾ ਜੈਕਾਰਾ ਸੀ। ਫਿਰ ਵੀ ਕੱਟੜਵਾਦੀਆਂ ਨੇ ਉਸ ਨੂੰ ਬਰਾਦਰੀ ਵਿਚੋਂ ਛੇਕ ਦਿਤਾ, ਗੁਰਦਵਾਰੇ ਵਿਚ ਵਿਆਹ ਕਰਨ ਦੀ ਆਗਿਆ ਨਾ ਦਿਤੀ ਤੇ ਸ਼ਮਸ਼ਾਨ ਘਾਟ ਵਿਚ ਉਸ ਦੀ ਦੇਹ ਦਾ ਅੰਤਮ ਸੰਸਕਾਰ ਵੀ ਨਾ ਕਰਨ ਦਿਤਾ। ਸਿੱਖ ਧਰਮ ਵਿਚ, ਦੇਹਧਾਰੀ ਗੁਰੂ ਦੀ ਵਿਰੋਧਤਾ ਦਾ ਇਹ ਪਹਿਲਾ ਵੱਡਾ ਯਤਨ ਸੀ ਪਰ ਇਸ ਨੂੰ ਵੀ ਕੋਈ ਮਦਦ ਨਾ ਦਿਤੀ ਗਈ ਕਿਉਂਕਿ ਉਸ ਦੀ 100 ਫ਼ੀ ਸਦੀ ਗੁਰਮਤਿ-ਅਨੁਸਾਰੀ ਸੋਚ ਵਿਚ ਕੁੱਝ ਗੱਲਾਂ ਅਜਿਹੀਆਂ ਵੀ ਸਨ ਜੋ ਪੁਰਾਤਨਵਾਦੀਆਂ ਨੂੰ ਪਸੰਦ ਨਹੀਂ ਸਨ ਆਉਂਦੀਆਂ।

ਇਹ ਗੱਲ ਵਖਰੀ ਹੈ ਕਿ ਮਗਰੋਂ ਇਸੇ ਨਿਰੰਕਾਰੀ ਅੰਦੋਲਨ ਦੇ ਇਕ ਰਾਗੀ ਬੂਟਾ ਸਿੰਘ ਨੂੰ, ਸ਼ਰਾਬ ਪੀਣ ਕਰ ਕੇ ਜਦੋਂ ‘ਨਿਰੰਕਾਰੀ ਦਰਬਾਰ’ ਵਿਚੋਂ ਕੱਢ ਦਿਤਾ ਗਿਆ ਤਾਂ ਉਸ ਨੇ ਵਖਰਾ ਜਥਾ ਖੜਾ ਕਰ ਲਿਆ ਤੇ ਅੰਤ ਗ਼ੈਰਾਂ ਦੀ ਮਦਦ ਨਾਲ ‘ਦੇਹਧਾਰੀ ਗੁਰੂ’ ਵਾਲਾ ਬਣ ਕੇ ਅੱਜ ਵੀ ਚਲ ਰਿਹਾ ਹੈ ਤੇ ਸਿੱਖੀ ਨੂੰ ਚੁਨੌਤੀਆਂ ਦੇ ਰਿਹਾ ਹੈ।  ਇਸੇ ਤਰ੍ਹਾਂ ਦੀ ਹਾਲਤ ਰਾਧਾ-ਸਵਾਮੀਆਂ ਦੇ ਬਾਨੀ ਦੀ ਸੀ ਜੋ ਸਿੱਖੀ ਵਿਚ ਪ੍ਰਪੱਕ ਸੀ ਤੇ ਪਹਿਲੀ ਜ਼ਮੀਨ ਜੋ ਉਸ ਨੇ ਖ਼ਰੀਦੀ ਸੀ, ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਖ਼ਰੀਦੀ ਸੀ। ਮਤਭੇਦ ਉਸ ਦੇ ਇਸ ਗੱਲ ’ਤੇ ਹੀ ਸਨ ਕਿ ਸਿੱਖ ਧਰਮ ਵਿਚ, ਕੁੱਝ ਉਹ ਗੱਲਾਂ ਦਾਖ਼ਲ ਹੋ ਗਈਆਂ ਹਨ ਜਿਨ੍ਹਾਂ ਨੂੰ ਗੁਰਬਾਣੀ ਦੀ ਪ੍ਰਵਾਨਗੀ ਹਾਸਲ ਨਹੀਂ। ਉਸ ਦੀ ਗ਼ਲਤ ਢੰਗ ਨਾਲ ਏਨੀ ਵਿਰੋਧਤਾ ਕੀਤੀ ਗਈ ਕਿ ਨਿਰੰਕਾਰੀਆਂ ਵਾਂਗ, ਰਾਧਾ ਸਵਾਮੀ ਡੇਰਾ ਵੀ ‘ਗ਼ੈਰਾਂ’ ਦੀ ਮਦਦ ਨਾਲ, ਉਹ ਰੂਪ ਧਾਰਨ ਕਰ ਗਿਆ ਜੋ ਇਸ ਦੇ ਬਾਨੀ ਨੇ ਨਹੀਂ ਸੀ ਚਿਤਵਿਆ।

ਇਸ ਦੇ ਦੂਰ ਚਲੇ ਜਾਣ ਦਾ ਬਹੁਤਾ ਕਸੂਰ ਵੀ ਦਰਬਾਰ ਸਾਹਿਬ ਵਿਚ ਬੈਠੇ ‘ਹੈਂਕੜ ਮਾਰੇ’ ਲੋਕਾਂ ਦਾ ਹੈ ਜੋ ਕਿਸੇ ਵੀ ਸਵਾਲ ਦਾ ਦਲੀਲ ਨਾਲ ਉੱਤਰ ਦੇਣ ਦੀ ਸਮਰੱਥਾ ਤਾਂ ਨਹੀਂ ਰਖਦੇ, ਨਾ ਸਾਰੇ ਸਿੱਖਾਂ ਨੂੰ ਸਿੱਖੀ ਨਾਲ ਜੋੜੀ ਹੀ ਰੱਖ ਸਕਦੇ ਹਨ ਸਗੋਂ ਅਜਿਹੇ ਸਮੇਂ, ਅਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਕੇ ਅਪਣੇ ਆਪ ਨੂੰ ‘ਸਿੱਖਾਂ ਦੇ ਰੱਬ’ ਦੱਸਣ ਦੇ ਆਹਰ ਵਿਚ ਲੱਗ ਜਾਂਦੇ ਹਨ ਤੇ ਸਿੱਖੀ ਜਾਂ ਸਿੱਖ ਪੰਥ ਦੀ ਤਾਕਤ ਵਧਾਉਣ ਦੀ ਚਿੰਤਾ ਉਨ੍ਹਾਂ ਨੂੰ ਕਦੇ ਨਹੀਂ ਹੁੰਦੀ। ਸਿੰਘ ਸਭਾ ਲਹਿਰ ਦੇ ਬਾਨੀਆਂ ਨਾਲ ਅੰਮ੍ਰਿਤਸਰ ਵਿਚ ਬੈਠੇ ਮਹਾਂਪੁਰਸ਼ਾਂ ਨੇ ਕੀ ਸਲੂਕ ਕੀਤਾ? ਅਪਣੇ ਹੀ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨਾਲ ਕੀ ਸਲੂਕ ਕੀਤਾ? ਸਪੋਕਸਮੈਨ ਤੇ ਉਸ ਦੇ ਸੰਪਾਦਕ ਨਾਲ ਕਿਹੜੀ ਘੱਟ ਕੀਤੀ ਹਾਲਾਂਕਿ ਮਗਰੋਂ ‘ਜਥੇਦਾਰ’ ਨੇ ਆਪ ਟੈਲੀਫ਼ੋਨ ਕਰ ਕੇ ਮੰਨ ਵੀ ਲਿਆ ਕਿ ਸਪੋਕਸਮੈਨ ਦੇ ਸੰਪਾਦਕ ਨੇ ਕੋਈ ਭੁੱਲ ਨਹੀਂ ਸੀ ਕੀਤੀ ਤੇ ਵੇਦਾਂਤੀ ਨੇ, ਕਿੜ ਕੱਢਣ ਲਈ ਗ਼ਲਤ ਹੁਕਮਨਾਮਾ ਜਾਰੀ ਕਰ ਦਿਤਾ ਸੀ?

ਸ. ਪ੍ਰਕਾਸ਼ ਸਿੰਘ ਬਾਦਲ ਨੂੰ ਛੱਡ ਕੇ, ਹੋਰ ਕਿਹੜਾ ਵੱਡਾ ਅਕਾਲੀ ਲੀਡਰ ਹੈ ਜਿਹੜਾ ‘ਹੁਕਮਨਾਮੇ’ ਮਗਰੋਂ ਵੀ ਮੇਰੇ ਘਰ ਆ ਕੇ ਰੋਟੀ ਖਾ ਕੇ ਨਹੀਂ ਗਿਆ? ਪਰ ਹੈਂਕੜ ਤੇ ਗ਼ਲਤ ਰਵਈਆ ਪਹਿਲਾਂ ਵਾਲਾ ਹੀ ਹੈ। ਲੇਖਕਾਂ, ਵਿਦਵਾਨਾਂ ਨਾਲ ਤਾਂ ਇਨ੍ਹਾਂ ਨੇ ਉਹ ਮਾੜਾ ਸਲੂਕ ਕੀਤਾ ਕਿ ਚੰਗੇ ਵਿਦਵਾਨਾਂ ਨੇ ਇਸ ‘ਧਾਰਮਕ ਥਾਣੇਦਾਰੀ’ ਅੱਗੇ ਝੁਕਣ ਦੀ ਬਜਾਏ ਸਿੱਖਾਂ ਤੇ ਸਿੱਖੀ ਬਾਰੇ ਖੋਜ ਕਰਨੀ ਹੀ ਬੰਦ ਕਰ ਦਿਤੀ ਹੈ। ਨੁਕਸਾਨ ਇਨ੍ਹਾਂ ਦਾ ਨਹੀਂ ਹੋਇਆ, ਸਿੱਖੀ ਦਾ ਹੋਇਆ ਹੈ। 

ਇਹ ਲੋਕ ਜ਼ਰਾ ਦੱਸਣ ਤਾਂ ਸਹੀ ਕਿ ਪੈਸੇ ਲੈ ਕੇ ਅਖੰਡ ਪਾਠ ਕਰਨੇ ਤੇ ‘ਹੁਕਮਨਾਮੇ’ ਘਰ ਬੈਠਿਆਂ ਨੂੰ ਭੇਜ ਦੇਣੇ ਕਿਵੇਂ ਗੁਰਮਤਿ ਅਨੁਸਾਰੀ ਹੈ? ਸਮੁੱਚੇ ਪੰਥ ਕੋਲੋਂ ਪ੍ਰਵਾਨਗੀ ਲੈਣ ਮਗਰੋਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ ਵਲੋਂ ਅਕਾਲ ਤਖ਼ਤ ਤੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਬਦਲ ਦੇਣਾ (ਕੇਵਲ ਸੰਗਰਾਂਦਾਂ ਤੇ ਮੱਸਿਆਵਾਂ ਦੇ ਨਾਂ ਤੇ ਕਮਾਈ ਕਰਨ ਵਾਲਿਆਂ ਖ਼ਾਤਰ) ਕੀ ਗੁਰਮਤਿ ਅਨੁਸਾਰੀ ਸੀ? ‘ਗੁਰਬਿਲਾਸ ਪਾਤਸ਼ਾਹੀ-6’ ਤੇ ਹਿੰਦੀ ਵਿਚ ‘ਸਿੱਖ ਇਤਿਹਾਸ’ ਵਰਗੀਆਂ ਪੁਸਤਕਾਂ ਛਾਪਣੀਆਂ ਕਿਵੇਂ ਗੁਰਮਤਿ-ਅਨੁਸਾਰੀ ਹਨ? ਕਿਉਂ ਗੁਰਦਵਾਰਿਆਂ ਦੇ ਸਰੋਵਰਾਂ ਦੇ ਜਲ ਨੂੰ ‘ਅੰਮ੍ਰਿਤ’ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ? ਕੀ ਇਹ ਗੁਰਮਤਿ ਹੈ ਜਾਂ ਹਿੰਦੂ ਤੀਰਥਾਂ ਦੀ ਰੀਤ? ਕਿਉਂ ਦਰਬਾਰ ਸਾਹਿਬ ਵਿਚ ਗੁਰੂ ਰਾਮ ਦਾਸ ਜੀ ਨੂੰ ਸੰਬੋਧਨ ਹੋ ਕੇ ਅਰਦਾਸ ਕੀਤੀ ਜਾਂਦੀ ਹੈ (ਹੇ ਗੁਰੂ ਰਾਮ ਦਾਸ ਸੱਚੇ ਪਾਤਸ਼ਾਹ ਜੀ, ਕ੍ਰਿਪਾ ਕਰੋ....), ਦਿਲੀ ਗੁ. ਸੀਸ ਗੰਜ ਵਿਚ ਗੁਰੂ ਤੇਗ਼ ਬਹਾਦਰ ਜੀ ਨੂੰ ਸੰਬੋਧਨ ਕਰ ਕੇ ਇਹੀ ਅਰਦਾਸ ਕੀਤੀ ਜਾਂਦੀ ਹੈ, ਗੁੁ. ਬੰਗਲਾ ਸਾਹਿਬ ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੰਬੋਧਨ ਕਰ ਕੇ ਕੀਤੀ ਜਾਂਦੀ ਹੈ ਤੇ ਪਟਨਾ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰ ਕੇ ਕੀਤੀ ਜਾਂਦੀ ਹੈ? ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਕਿਥੇ ਅਰਦਾਸ ਕੀਤੀ ਜਾਂਦੀ ਹੈ?

ਕੀ ਇਹ ਗੁਰਮਤਿ ਅਨੁਸਾਰੀ ਮਰਿਆਦਾ ਹੈ? ਕੀ ਇਸ ਤਰ੍ਹਾਂ ਸਿੱਖੀ ਦੀ, ਕਦੇ ਵੀ ਇਕ ਸਰਬ-ਸਾਂਝੀ ਮਰਿਆਦਾ ਹੋਂਦ ਵਿਚ ਆ ਸਕੇਗੀ? ਸੂਚੀ ਬਹੁਤ ਲੰਮੀ ਹੈ। ਸੱਚੀ ਗੱਲ ਇਹ ਹੈ ਕਿ ਸਮਾਂ ਹਰ ਵਿਚਾਰਧਾਰਾ ਅੱਗੇ ਕਈ ਨਵੇਂ ਸਵਾਲ ਖੜੇ ਕਰਦਾ ਰਹਿੰਦਾ ਹੈ। ਪਿਛਾਂਹ ਖਿਚੂ ਤੇ ਪੁਰਾਤਨਵਾਦੀ ਲੋਕ ਇਨ੍ਹਾਂ ਸਵਾਲਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੁੰਦੇ ਤੇ ਜਿਹੜਾ ਕੋਈ ਇਨ੍ਹਾਂ ਸਵਾਲਾਂ ਦਾ ਜ਼ਿਕਰ ਵੀ ਕਰੇ, ਉਸ ਨੂੰ ਭੰਡਣ ਲੱਗ ਜਾਂਦੇ ਹਨ। ਸਾਰੇ ਧਰਮਾਂ ਦੇ, ਗੱਦੀਆਂ ਉਤੇ ਬੈਠੇ ਲੋਕ, ਇਸ ਤਰ੍ਹਾਂ ਹੀ ਕਰਦੇ ਹਨ ਪਰ ਇਤਿਹਾਸ ਦਾ ਨਿਰਣਾ ਇਹ ਹੈ ਕਿ ਜਿਹੜੀ ਵਿਚਾਰਧਾਰਾ ਦੇ ਹਮਾਇਤੀ, ਸਮੇਂ ਵਲੋਂ ਪੇਸ਼ ਕੀਤੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ, ਉਨ੍ਹਾਂ ਦੇ ਧਰਮ/ਵਿਚਾਰਧਾਰਾ ਦਾ ਵਿਕਾਸ ਰੁਕ ਜਾਂਦਾ ਹੈ।

ਸਿੱਖੀ ਦਾ ਵਿਕਾਸ ਵੀ ਰੁਕਿਆ ਹੋਇਆ ਹੈ ਕਿਉਂਕਿ ਜਿਹੜੇ ਆਪ ਸੱਭ ਤੋਂ ਵੱਧ ਗੁਰਮਤਿ ਦੀ ਉਲੰਘਣਾ ਕਰਨ ਵਾਲੇ ਹਨ, ਉਹੀ ਦੂਜਿਆਂ ਦੇ ਸਵਾਲਾਂ ਨੂੰ ਅਪਣੀਆਂ ਗੱਦੀਆਂ ਲਈ ਖ਼ਤਰਾ ਸਮਝ ਕੇ, ਸ਼ੋਰ ਮਚਾ ਰਹੇ ਹੁੰਦੇ ਹਨ ਕਿ ਇਹ ਗੁਰਮਤਿ-ਵਿਰੋਧੀ ਗੱਲਾਂ ਕਰ ਰਹੇ ਹਨ। ਉਨ੍ਹਾਂ ਨੂੰ ਕਹਿਣਾ ਚਾਹਾਂਗਾ, ਇਸ ਨੀਤੀ ਨਾਲ, ਕਈ ਭਲੇ ਲੋਕਾਂ ਦੀ ਅੰਨ੍ਹੀ ਵਿਰੋਧਤਾ ਕਰ ਕੇ, ਸਿੱਖੀ-ਵਿਰੋਧੀਆਂ ਦੀ ਫ਼ੌਜ ਤਾਂ ਤੁਸੀ ਖੜੀ ਕਰ ਦਿਤੀ ਹੈ, ਹੁਣ ਪੰਥ ਉਤੇ ਤਰਸ ਕਰੋ ਤੇ ਇਹ ਖੇਡ ਬੰਦ ਕਰ ਦਿਉ। ਸਾਰੇ ਪੰਥ ਨੂੰ ਜੋੜਨ ਦੀ ਸੋਚੋ, ਤੋੜਨ ਦੀ ਨਹੀਂ। ਜਿਹੜੇ ਤੁਹਾਡੇ ਮਤਭੇਦ ਹਨ, ਉਨ੍ਹਾਂ ਨੂੰ ਦਲੀਲ ਨਾਲ ਤੇ ਵਿਚਾਰ-ਵਟਾਂਦਰੇ ਨਾਲ ਹੱਲ ਕਰੋ, ਧੌਂਸ, ਆਕੜ ਤੇ ਧਮਕੀਆਂ ਨਾਲ ਨਹੀਂ, ਨਾ ਹੀ ਅਪਣੇ ਆਪ ਨੂੰ ਸਿੱਖੀ ਦੇ ‘ਰੱਬ’ ਦਸ ਕੇ ਤੇ ਨਾ ਅਪਣੇ ਗ਼ਲਤ ਕਥਨਾਂ ਨੂੰ ‘ਇਲਾਹੀ ਹੁਕਮ’ ਕਹਿ ਕੇ। ਗੁਰਮਤਿ ਤੁਹਾਨੂੰ ਅਜਿਹਾ ਡਿਕਟੇਟਰੀ ਰਵਈਆ ਧਾਰਨ ਕਰਨ ਦੀ ਆਗਿਆ ਨਹੀਂ ਦੇਂਦੀ।
(12 ਨਵੰਬਰ, 2017 ਦੇ ਪਰਚੇ ਵਿਚੋਂ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement