Advertisement
  ਵਿਚਾਰ   ਮੇਰੇ ਨਿੱਜੀ ਡਾਇਰੀ ਦੇ ਪੰਨੇ  15 Mar 2020  ਤਖ਼ਤ ਕੋਈ ਵੀ ਹੋਵੇ

ਤਖ਼ਤ ਕੋਈ ਵੀ ਹੋਵੇ

ਸਪੋਕਸਮੈਨ ਸਮਾਚਾਰ ਸੇਵਾ
Published Mar 15, 2020, 8:59 am IST
Updated Apr 9, 2020, 8:38 pm IST
ਜੇ ਉਸ ਨੂੰ ਅਪਣੀ ਗ਼ਲਤੀ ਮੰਨਣੀ ਨਹੀਂ ਆਉਂਦੀ ਤਾਂ ਲੋਕ ਉਸ ਤੋਂ ਦੂਰ ਹੁੰਦੇ ਹੀ ਜਾਣਗੇ!
Photo
 Photo

ਅਕਾਲ ਤਖ਼ਤ ਦੇ ਮੌਜੂਦਾ ਐਕਟਿੰਗ ਜਥੇਦਾਰ ਗਿ: ਹਰਪ੍ਰੀਤ ਸਿੰਘ ਦਾ ਇਕ ਬਿਆਨ ਅਖ਼ਬਾਰਾਂ ਵਿਚ ਛਪਿਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਪੰਥ ਵਿਚੋਂ 'ਛੇਕਿਆ' ਗਿਆ ਹੈ, ਉਹ ਨਿਮਾਣੇ ਸਿੱਖਾਂ ਵਾਂਗ, ਸ਼ਰਧਾ ਭਾਵਨਾ ਨਾਲ ਅਕਾਲ ਤਖ਼ਤ ਤੇ ਪੇਸ਼ ਹੋ ਜਾਣ, 'ਅਕਾਲ ਤਖ਼ਤ' 'ਬਖ਼ਸ਼ਣਹਾਰ' ਹੈ!

ਬਾਬੇ ਨਾਨਕ ਨੇ ਜਿਹੜਾ ਮਤ ਪ੍ਰਗਟ ਕੀਤਾ ਸੀ, ਉਸ ਵਿਚ ਬਖ਼ਸ਼ਣਹਾਰ ਕੇਵਲ ਅਕਾਲ ਪੁਰਖ ਨੂੰ ਮੰਨਿਆ ਸੀ, ਹੋਰ ਕਿਸੇ ਨੂੰ ਨਹੀਂ ਤੇ ਫ਼ਰਮਾਇਆ ਸੀ ਕਿ ਮਨੁੱਖ ਨੇ ਬਖ਼ਸ਼ੇ ਜਾਣ ਲਈ ਬੇਨਤੀ ਕਰਨੀ ਹੈ ਤਾਂ ਉਹ ਕੇਵਲ ਅਕਾਲ ਪੁਰਖ ਨੂੰ ਕਰੇ ਅਤੇ ਅਪਣੇ ਤੇ ਅਕਾਲ ਪੁਰਖ ਵਿਚਕਾਰ ਕਿਸੇ ਹੋਰ ਨੂੰ ਵਿਚੋਲਾ ਨਾ ਮੰਨੇ।

ਹਿੰਦੂ ਧਰਮ ਵਿਚ ਇਕ ਅਕਾਲ ਪੁਰਖ ਨੂੰ ਵੀ ਮੰਨਿਆ ਗਿਆ ਹੈ ਤੇ ਵਿਚਕਾਰ ਵਿਚੋਲੇ ਵੀ ਏਨੇ ਜ਼ਿਆਦਾ ਮੰਨ ਲਏ ਗਏ ਹਨ ਕਿ ਉਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ--- ਦੇਵਤੇ, ਸਾਧ, ਬ੍ਰਾਹਮਣ, ਪੁਜਾਰੀ ਮੂਰਤੀਆਂ, ਆਸ਼ਰਮ, ਦਰਿਆ, ਪਹਾੜ, ਗੁੱਗਾ, ਸਰਪ (ਸੱਪ), ਗਰੁੜ, ਗਣੇਸ਼, ਗਊ, ਤਾਰੇ, ਗ੍ਰਹਿ (ਰਾਹੂ, ਕੇਤੂ) ਅਤੇ ਉਸ ਧਰਮ ਵਿਚ ਇਨ੍ਹਾਂ ਬਖ਼ਸ਼ਣਹਾਰਿਆਂ ਦਾ ਅੰਤ ਹੀ ਕੋਈ ਨਹੀਂ।

ਹੈ ਕੋਈ ਉਸ ੴ  ਤੋਂ ਵੱਡਾ ਬਖ਼ਸ਼ਣਹਾਰਾ? : ਬਾਬੇ ਨਾਨਕ ਨੇ ਉਪਰ ਵਰਣਤ ਸਾਰੇ 'ਬਖ਼ਸ਼ਣਹਾਰਿਆਂ' ਨੂੰ ਨਕਾਰ ਹੀ ਨਾ ਦਿਤਾ ਸਗੋਂ 'ੴ' ਵਿਚ '੧' ਦਾ ਹਿੰਦਸਾ ਵਰਤ ਕੇ, ਸਾਰੀ ਦਿਸਦੀ, ਅਣਦਿਸਦੀ ਸ੍ਰਿਸ਼ਟੀ ਦਾ ਮਾਲਕ ਤੇ ਬਖ਼ਸ਼ਣਹਾਰ ਇਕ ਹੀ ਨਿਸ਼ਚਿਤ ਕਰ ਦਿਤਾ। ਸਵੇਰੇ ਉਠਦੇ ਸਾਰ ਸੱਭ ਤੋਂ ਪਹਿਲਾ ਫ਼ਿਕਰਾ ਜੋ ਮੇਰੇ ਮੂੰਹ ਵਿਚੋਂ ਨਿਕਲਦਾ ਹੈ, ਉਹ ਇਹੀ ਹੁੰਦਾ ਹੈ, ''ਬਖ਼ਸ਼ ਲਈਂ ਮੇਰਿਆਂ ਮਾਲਕਾ। ਮੇਰੀਆਂ ਭੁੱਲਾਂ ਤੇ ਮੇਰੀਆਂ ਗ਼ਲਤੀਆਂ ਤਾਂ ਮੈਂ ਆਪ ਵੀ ਨਹੀਂ ਗਿਣ ਸਕਦਾ, ਕਿਹੜੀ-ਕਿਹੜੀ ਭੁੱਲ ਬਖ਼ਸ਼ਣ ਲਈ ਤੈਨੂੰ ਆਖਾਂ? ਬਸ ਤੂੰ ਆਪ ਹੀ ਮੇਰੀਆਂ ਭੁੱਲਾਂ ਨੂੰ ਅਣਜਾਣ ਸਮਝ ਕੇ ਬਖ਼ਸ਼ ਦਈਂ ਤੇ ਅੱਗੋਂ ਇਹ ਭੁੱਲਾਂ ਨਾ ਕਰ ਸਕਾਂ, ਇਹ ਵੀ ਆਪੇ ਵੇਖ ਲਈਂ।''

ਪੁਜਾਰੀ ਵੱਡੇ ਬਖ਼ਸ਼ਣਹਾਰੇ? : ਪਰ ਧਰਮ ਦਾ ਚੋਲਾ ਪਾਈ ਪੁਜਾਰੀ ਸ਼੍ਰੇਣੀ ਰੱਬ ਦੀ ਬਖ਼ਸ਼ਿਸ਼ ਨੂੰ ਛੋਟੀ ਸਮਝਦੀ ਹੈ ਤੇ ਮੰਗ ਕਰਦੀ ਹੈ ਕਿ ''ਪਹਿਲਾਂ ਮੇਰੇ ਕੋਲੋਂ ਭੁੱਲ ਬਖ਼ਸ਼ਵਾਏਂਗਾ, ਤਾਂ ਹੀ ਤੂੰ ਬਖ਼ਸ਼ਿਆ ਜਾਏਂਗਾ, ਨਿਰਾ ਰੱਬ ਤੋਂ ਭੁੱਲ ਬਖ਼ਸ਼ਵਾਣਾ ਕੰਮ ਨਹੀਂ ਆ ਸਕਦਾ।'' ਬਾਬਾ ਨਾਨਕ ਦਾ ਫ਼ਲਸਫ਼ਾ ਤਾਂ ਮੈਨੂੰ ਉਹੀ ਸਮਝ ਆਇਆ ਹੈ ਜੋ ਉਪਰ ਬਿਆਨ ਕੀਤਾ ਹੈ।

ਇਸੇ ਲਈ ਬਾਬੇ ਨਾਨਕ ਨੇ ਨਾ ਗੁਰਦਵਾਰਾ, ਮੱਠ ਜਾਂ ਆਸ਼ਰਮ ਹੀ ਬਣਾਇਆ ਤੇ ਨਾ ਹੀ ਪੁਜਾਰੀ ਤਬਕੇ ਨੂੰ ਇਸ ਧਰਮ ਵਿਚ ਕੋਈ ਮਾਨਤਾ ਹੀ ਦਿਤੀ। ਇਸ ਲਈ ਇਸ ਧਰਮ ਵਿਚ ਤਾਂ ਪੁਜਾਰੀਆਂ ਕੋਲੋਂ ਭੁੱਲ ਬਖ਼ਸ਼ਵਾਉਣ ਦੀ ਗੱਲ ਹੀ ਨਹੀਂ ਸੋਚੀ ਜਾ ਸਕਦੀ। ਪਰ ਪੁਜਾਰੀ ਸ਼੍ਰੇਣੀ, ਟਿੱਡੀ ਦਲ ਵਾਂਗ, ਹਰ ਨਵੇਂ ਧਰਮ ਦੀ ਹਰੀ ਭਰੀ ਫ਼ਸਲ ਨੂੰ ਚੱਟ ਕਰਨ ਲਈ ਨਵੇਂ-ਨਵੇਂ ਸਵਾਂਗ ਰਚ ਕੇ, ਨਵੀਂ-ਨਵੀਂ ਪੁਸ਼ਾਕ ਪਾ ਕੇ ਤੇ ਨਵੇਂ-ਨਵੇਂ ਨਾਂ ਰੱਖ ਕੇ, ਪਤਾ ਨਹੀਂ ਕਿਸ ਪਾਸਿਉਂ ਤੇ ਕਿਸ ਤਰ੍ਹਾਂ ਆ ਹੀ ਜਾਂਦੀ ਹੈ।

ਬਾਬੇ ਨਾਨਕ ਦੀ ਸਿੱਖੀ ਦੇ ਵਿਹੜੇ ਵਿਚ ਵੀ ਪੁਜਾਰੀ ਸ਼੍ਰੇਣੀ, ਇਸ ਦੇ ਫ਼ਲਸਫ਼ੇ ਵਿਚੋਂ ਨਿਕਲ ਕੇ ਨਹੀਂ ਆਈ ਸਗੋਂ ਪਿਛਲੇ ਦਰਵਾਜ਼ਿਉਂ ਟਿੱਡੀ ਦਲ ਵਾਂਗ ਹੀ ਆਈ ਤੇ ਸਿਆਸੀ ਲੋਕਾਂ ਦਾ ਪੱਲਾ ਫੜ ਕੇ ਤੇ ਉਨ੍ਹਾਂ ਦੇ ਹੁਕਮ ਮੰਨਦੇ ਰਹਿਣ ਦਾ ਵਾਅਦਾ ਕਰ ਕੇ, ਘਰ ਦੀ ਮਾਲਕਣ ਹੀ ਬਣ ਬੈਠੀ ਤੇ ਅੱਜ ਚੰਗੇ ਭਲੇ ਗੁਰਮੁਖ ਸਿੱਖਾਂ ਨੂੰ ਕਹਿੰਦੀ ਹੈ, ''ਜਦ ਤਕ ਅਸੀ ਤੈਨੂੰ ਨਹੀਂ ਬਖ਼ਸ਼ਾਂਗੇ, ਤੂੰ ਸਿੱਖੀ ਤੋਂ ਬਾਹਰ ਹੀ ਸਮਝਿਆ ਜਾਵੇਂਗਾ।''

ਚਲਾਕੀ! ਚਲਾਕੀ! ਚਲਾਕੀ!!!
'ਅੰਧੀ ਰਈਅਤ' ਨੇ ਸਦੀਆਂ ਤੋਂ ਪੁਜਾਰੀ ਸ਼੍ਰੇਣੀ ਦੇ ਇਸ ਝੂਠੇ ਦਾਅਵੇ ਅੱਗੇ ਸਿਰ ਝੁਕਾਈ ਰਖਿਆ ਹੈ। ਬਾਬੇ ਨਾਨਕ ਨੇ ਇਸ 'ਅੰਧੀ ਰਈਅਤ' ਦਾ ਸਿਰ ਉਪਰ ਚੁਕਿਆ ਤੇ ਆਖਿਆ, ''ਤੂੰ ਅਕਾਲ ਪੁਰਖ (ਰੱਬ) ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਣਾ ਤੇ ਕਿਸੇ ਹੋਰ ਕੋਲੋਂ ਭੁੱਲ ਨਹੀਂ ਬਖ਼ਸ਼ਵਾਉਣੀ ਕਿਉਂਕਿ ਹੋਰ ਸਾਰੇ ਤਾਂ ਆਪ ਵੀ 'ਭੁੱਲਣਹਾਰ' ਹਨ (ਭੁਲਣਹਾਰ ਸੱਭ ਕੋ, ਅਭੁਲ 'ਗੁਰੂ ਕਰਤਾਰ')।

ਪੁਜਾਰੀ ਸ਼੍ਰੇਣੀ ਇਥੇ ਆ ਕੇ ਦਲੀਲ ਤਾਂ ਕੋਈ ਦੇ ਨਹੀਂ ਸਕਦੀ ਪਰ ਅਕਾਲ ਤਖ਼ਤ ਨੂੰ ਅੱਗੇ ਕਰ ਦਿੰਦੀ ਹੈ ਤੇ ਕਹਿੰਦੀ ਹੈ, ''ਅਸੀ ਇਹ ਤਾਂ ਨਹੀਂ ਕਹਿੰਦੇ, ਸਾਡੇ ਕੋਲੋਂ ਭੁੱਲ ਬਖ਼ਸ਼ਵਾ। ਅਸੀ ਤਾਂ ਕਹਿੰਦੇ ਹਾਂ, ਅਕਾਲ ਤਖ਼ਤ ਕੋਲੋਂ ਭੁੱਲ ਬਖ਼ਸ਼ਵਾ।'' ਚਲਾਕੀ! ਚਲਾਕੀ!! ਚਲਾਕੀ!!! ਚਲੋ 'ਜਥੇਦਾਰ' ਗੁਰਬਾਣੀ ਦੀ ਇਕ ਤੁਕ ਹੀ ਦਸ ਦੇਣ ਜੋ ਕਹਿੰਦੀ ਹੋਵੇ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਵੀ 'ਬਖ਼ਸ਼ਣਹਾਰ' ਸੰਸਾਰ ਤੇ ਹੈ ਅਤੇ ਧਰਤੀ ਦੇ ਕਿਸੇ 'ਤਖ਼ਤ' ਉਤੇ ਨੌਕਰੀ ਜਾਂ ਸੇਵਾ ਕਰਨ ਵਾਲੇ ਵੀ ਮਨੁੱਖਾਂ ਦੀਆਂ ਧਾਰਮਕ ਅਵੱਗਿਆਵਾਂ ਨੂੰ ਬਖ਼ਸ਼ ਸਕਦੇ ਹਨ। 'ਅਭੁੱਲ ਗੁਰੂ ਕਰਤਾਰ' ਤੋਂ ਹੋਰ ਵੱਡਾ ਕੌਣ ਹੋ ਸਕਦਾ ਹੈ?

ਅਕਾਲ ਤਖ਼ਤ ਦੇ ਨਾਂ ਤੇ ਫ਼ੈਸਲੇ ਤਾਂ ਪੁਜਾਰੀ ਹੀ ਕਰਦਾ ਹੈ ਤੇ ਹਾਕਮਾਂ, ਸਿਆਸਤਦਾਨਾਂ ਦਾ ਕਿਹਾ ਮੰਨ ਕੇ ਫ਼ੈਸਲੇ ਕਰਦਾ ਹੈ। ਨਾਂ ਅਕਾਲ ਤਖ਼ਤ ਦਾ ਵਰਤ ਲੈਂਦਾ ਹੈ। ਇਹ ਤਾਂ ਬ੍ਰਾਹਮਣ ਪੁਜਾਰੀ ਸਦੀਆਂ ਤੋਂ ਕਰਦਾ ਆਇਆ ਹੈ ਜੋ ਬਾਬੇ ਨਾਨਕ ਨੇ ਪ੍ਰਵਾਨ ਨਹੀਂ ਸੀ ਕੀਤਾ। ਚਲੋ ਏਨਾ ਹੀ ਕਹਿ ਦੇਣ ਕਿ ਅਕਾਲ ਤਖ਼ਤ 'ਤੇ ਬੈਠ ਕੇ ਅਸੀਂ ਚੁੱਪ ਰਹਾਂਗੇ ਤੇ ਅਕਾਲ ਤਖ਼ਤ ਆਪੇ ਗੱਲ ਕਰੇਗਾ।

ਅਕਾਲ ਤਖਤ ਨੂੰ ਢਾਹ ਕੌਣ ਲਾ ਰਿਹਾ ਹੈ?

ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਹਨ ਸਰਕਾਰਾਂ ਹਮੇਸ਼ਾ ਹੀ ਅਕਾਲ ਤਖ਼ਤ ਵਿਰੁਧ ਸਾਜ਼ਸ਼ਾਂ ਘੜਦੀਆਂ ਰਹਿੰਦੀਆਂ ਹਨ ਤੇ ਸਿੱਖਾਂ ਨੂੰ ਇਸ ਤੋਂ ਦੂਰ ਲਿਜਾਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਜੀ, ਬਿਲਕੁਲ ਠੀਕ ਹੈ। ਪਰ ਅੱਜ ਤਾਂ ਮੰਨੇ ਪ੍ਰਮੰਨੇ ਅਕਾਲੀ ਲੀਡਰ ਤੇ ਸਿੱਖ ਵਿਦਵਾਨ ਵੀ ਇਹ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਸਿਆਸੀ ਲੀਡਰਸ਼ਿਪ ਤੇ ਉਸ ਵਲੋਂ ਥਾਪੇ ਹੋਏ 'ਜਥੇਦਾਰ' ਹੀ ਰਲ ਕੇ ਅਕਾਲ ਤਖ਼ਤ ਨੂੰ ਖ਼ਤਮ ਕਰ ਰਹੇ ਹਨ ਤੇ ਸਮਝਦਾਰ ਸਿੱਖਾਂ ਨੂੰ ਇਸ ਤੋਂ ਦੂਰ ਕਰ ਰਹੇ ਹਨ।

ਹਰ ਇਲਜ਼ਾਮ ਹਰ ਵਕਤ, ਇਕ-ਪਾਸੜ ਹੋ ਕੇ ਨਹੀਂ ਢੁਕਦਾ। ਵਕਤ ਨਾਲ ਦੋਸ਼ੀ ਵੀ ਬਦਲ ਜਾਂਦੇ ਹਨ ਤੇ ਤੱਥ ਵੀ ਬਦਲ ਜਾਂਦੇ ਹਨ। ਸਾਹਮਣੇ ਨਜ਼ਰ ਆ ਰਿਹਾ ਸੱਚ ਵੀ ਕੋਈ ਨਾ ਵੇਖਣਾ ਚਾਹੇ ਤਾਂ ਕੀ ਕੀਤਾ ਜਾ ਸਕਦਾ ਹੈ? ਪਰ ਕੀ ਅਕਾਲ ਤਖ਼ਤ ਦਾ, ਅੱਜ ਦੇ ਯੁੱਗ ਵਿਚ ਕੋਈ ਰੋਲ ਨਹੀਂ? ਹੈ ਤੇ ਇਹ ਬਹੁਤ ਮਹੱਤਵਪੂਰਨ ਰੋਲ ਨਿਭਾ ਸਕਦਾ ਹੈ। ਇਸ ਬਾਰੇ ਵੀ ਅਗਲੇ ਹਫ਼ਤੇ ਵਿਚਾਰ ਕਰਾਂਗੇ।

 ਬਖ਼ਸ਼ਣਹਾਰਿਉ! 'ਛੇਕਿਆਂ' ਨੂੰ ਵਾਜਾਂ ਮਾਰਨ ਤੋਂ ਪਹਿਲਾਂ ਉਨ੍ਹਾਂ ਨੂੰ ਯਕੀਨ ਤਾਂ ਕਰਾਉ ਕਿ ਤੁਸੀ ਇਨਸਾਫ਼ ਕਰਨਾ ਵੀ ਜਾਣਦੇ ਹੋ!
ਯਕੀਨ ਤਾਂ ਹੀ ਬਣੇਗਾ ਜੇ ਤੁਸੀ ਅਕਾਲ ਤਖ਼ਤ ਨੂੰ ਬਦਨਾਮੀ ਖੱਟ ਕੇ ਦੇਣ ਵਾਲੇ 'ਜਥੇਦਾਰਾਂ' ਨੂੰ ਤਲਬ ਕਰ ਕੇ, ਅਪਣਾ ਵਿਹੜਾ ਸਾਫ਼ ਸੁਥਰਾ ਕਰਨ ਮਗਰੋਂ ਹੀ ਉਥੇ ਕਿਸੇ ਦੂਜੇ ਨੂੰ ਬੁਲਾਉਗੇ।

ਰਾਜੇ ਦੇ ਚਾਕਰਾਂ ਦਾ ਕੋਤਵਾਲਾਂ ਅੱਗੇ ਪੇਸ਼ ਹੋਣਾ: ਮੌਜੂਦਾ 'ਜਥੇਦਾਰ' ਬਾਰੇ ਦਸਿਆ ਗਿਆ ਹੈ ਕਿ ਉਹ ਯੂਨੀਵਰਸਟੀ ਦੀ ਪੜ੍ਹਾਈ ਪਾਸ ਕਰ ਚੁਕੇ ਹਨ, ਅਰਥਾਤ ਸੱਭ ਕੁੱਝ ਸਮਝ ਸਕਦੇ ਹਨ। ਫਿਰ ਉਨ੍ਹਾਂ ਲਈ ਸਮਝਣਾ ਔਖਾ ਨਹੀਂ ਹੋਣਾ ਚਾਹੀਦਾ ਕਿ ਰਾਜੇ ਦੇ ਨਿਜੀ ਚਾਕਰਾਂ ਨੂੰ ਕੋਤਵਾਲ ਅੱਗੇ ਪੇਸ਼ ਹੋਣ ਲਈ ਨਹੀਂ ਕਿਹਾ ਜਾ ਸਕਦਾ। ਬਾਬੇ ਨਾਨਕ ਨੇ ਸਿੱਖ ਨੂੰ ਰਾਜਿਆਂ ਦੇ ਰਾਜੇ (ਪ੍ਰਮਾਤਮਾ) ਦੇ ਨਿਜੀ ਚਾਕਰ ਬਣਾਇਆ ਹੈ, ਹੁਣ ਕੋਈ ਕਿਸੇ ਵੀ ਨਾਂ ਨਾਲ ਉਸ ਦਾ ਸੀਸ 'ਰਾਜੇ' ਤੋਂ ਬਿਨਾਂ ਕਿਸੇ ਹੋਰ ਅੱਗੇ ਨਿਵਾਉਣਾ ਚਾਹੇ ਤਾਂ ਬਾਬੇ ਨਾਨਕ ਨੂੰ ਪ੍ਰਵਾਨ ਨਹੀਂ ਹੋਵੇਗਾ।

ਅਕਾਲ ਤਖ਼ਤ ਦੀ ਦੁਰਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਤੇ ਇਸ ਦਾ ਨਾਂ ਲੈ ਕੇ, ਲੋਕਾਂ ਨੂੰ ਕਿਵੇਂ ਅੰਧ-ਵਿਸ਼ਵਾਸੀ ਬਣਾਇਆ ਜਾ ਰਿਹਾ ਹੈ, ਇਸ ਬਾਰੇ ਦੋ ਚਾਰ ਸੱਚੀਆਂ ਗੱਲਾਂ ਹੀ ਕੀਤੀਆਂ ਤਾਂ ਕੋਈ ਜਵਾਬ ਨਾ ਦੇ ਸਕਣ ਕਾਰਨ, ਇਨ੍ਹਾਂ ਦੇ ਲੱਠਮਾਰ ਦਸਤੇ ਆਪੇ ਤੋਂ ਬਾਹਰ ਹੋ ਜਾਣਗੇ ਤੇ ਵਬਾਲ ਖੜਾ ਕਰ ਦੇਣਗੇ। ਇਸ ਲਈ ਹਾਲ ਦੀ ਘੜੀ, ਦਲੀਲ ਵਜੋਂ ਮੰਨ ਲੈਂਦੇ ਹਾਂ ਕਿ ਅਕਾਲ ਤਖ਼ਤ 'ਤੇ ਬੈਠਣ ਕਰ ਕੇ ਹੀ ਇਹ ਸਰਬ ਸ਼ਕਤੀਮਾਨ ਵੀ ਹਨ ਤੇ ਬਖ਼ਸ਼ਣਹਾਰੇ ਵੀ ਤੇ ਜਿਨ੍ਹਾਂ ਨੂੰ ਇਨ੍ਹਾਂ ਨੇ ਨਾ ਬਖ਼ਸ਼ਿਆ, ਰੱਬ, ਚਾਹ ਕੇ ਵੀ ਉਨ੍ਹਾਂ ਨੂੰ ਨਹੀਂ ਬਖ਼ਸ਼ ਸਕੇਗਾ ਤੇ ਆਖੇਗਾ ਕਿ 'ਜਾਉ ਪਹਿਲਾਂ ਤਖ਼ਤ ਵਾਲਿਆਂ ਕੋਲੋਂ ਭੁੱਲ ਬਖ਼ਸ਼ਵਾ ਕੇ ਮੇਰੇ ਕੋਲ ਆਇਉ, ਮੈਂ ਉਨ੍ਹਾਂ ਦੀ ਮਰਜ਼ੀ ਬਿਨਾਂ ਕੁੱਝ ਨਹੀਂ ਕਰ ਸਕਦਾ।' ਚਲੋ ਹੁਣ ਤਾਂ ਇਹ ਖ਼ੁਸ਼ ਹੋ ਜਾਣੇ ਚਾਹੀਦੇ ਹਨ।

ਪਰ ਜਿਨ੍ਹਾਂ ਨੂੰ ਇਹ ਭੁੱਲਾਂ ਬਖ਼ਸ਼ਵਾ ਲੈਣ ਦੇ, ਥੋਕ ਵਿਚ ਸੱਦੇ ਦੇ ਰਹੇ ਹਨ (ਕਿਸੇ ਵੇਲੇ ਪੋਪ ਵੀ ਇਸੇ ਤਰ੍ਹਾਂ ਕਰਦਾ ਸੀ, ਹੁਣ ਤਾਂ ਉਸ ਦੀਆਂ ਤਾਕਤਾਂ ਹੀ ਖੋਹ ਲਈਆਂ ਗਈਆਂ ਹਨ), ਉਨ੍ਹਾਂ ਦੇ ਕੁੱਝ ਸਵਾਲ ਅਜਿਹੇ ਹਨ ਜਿਨ੍ਹਾਂ ਦਾ ਜਵਾਬ ਹਰ ਉਸ 'ਤਖ਼ਤ' ਲਈ ਦੇਣਾ ਲਾਜ਼ਮੀ ਹੁੰਦਾ ਹੈ ਜੋ ਕਿਸੇ ਦੂਜੇ ਬਾਰੇ ਅਪਣਾ ਫ਼ੈਸਲਾ ਦੇਣਾ ਚਾਹੁੰਦਾ ਹੈ ਜਾਂ ਦੂਜੇ ਕਿਸੇ ਨੂੰ ਸਜ਼ਾ ਦੇਣੀ ਚਾਹੁੰਦਾ ਹੈ।

ਦੁਨੀਆਂ ਦਾ ਵੱਡੇ ਤੋਂ ਵੱਡਾ 'ਤਖ਼ਤ', ਧਰਮ ਦਾ ਨਾਂ ਲੈ ਕੇ ਵੀ ਇਹ ਨਹੀਂ ਕਹਿ ਸਕਦਾ ਕਿ ਉਸ ਨੂੰ ਅਪਣੀ ਨਿਰਪੱਖਤਾ ਬਾਰੇ ਜਵਾਬ ਦੇਣ ਲਈ, ਕੋਈ ਸਵਾਲ ਨਹੀਂ ਪੁਛਿਆ ਜਾ ਸਕਦਾ। ਝੂਠਾ ਸੱਚਾ ਜਵਾਬ ਤਾਂ ਹਰ 'ਤਖ਼ਤ' ਨੂੰ ਦੇਣਾ ਹੀ ਪੈਂਦਾ ਹੈ। ਜਿਨ੍ਹਾਂ ਨੂੰ ਹੁਣ ਜਥੇਦਾਰ ਜੀ ਵਾਜਾਂ ਮਾਰ ਰਹੇ ਹਨ, ਉਨ੍ਹਾਂ ਦੇ ਸੰਖੇਪ ਵਿਚ ਸਵਾਲ ਇਹ ਹਨ :

  • ਕਿਉਂ ਆਈਏ ਉਸ ਤਖ਼ਤ ਕੋਲ ਜੋ ਆਪ ਵੀ ਨਿਰਪੱਖ ਨਹੀਂ ਤੇ ਸਿਆਸਤਦਾਨਾਂ ਕੋਲੋਂ ਹਦਾਇਤਾਂ ਲੈ ਕੇ ਉਨ੍ਹਾਂ ਦੀ ਕੋਠੀ ਵਿਚ ਪੇਸ਼ ਹੋਣ ਮਗਰੋਂ ਹੁਕਮਨਾਮੇ ਜਾਰੀ ਕਰਦਾ ਹੈ?
  • ਕਿਉਂ ਆਈਏ ਉਸ 'ਤਖ਼ਤ' ਕੋਲ ਜਿਥੇ ਪੈਸੇ ਲੈ ਕੇ ਛੋਟੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਬਖ਼ਸ਼ ਦਿਤਾ ਜਾਂਦਾ ਹੈ ਭਾਵੇਂ ਮਗਰੋਂ ਅਦਾਲਤ ਉਸ ਬਾਬੇ ਨੂੰ 10 ਸਾਲ ਕੈਦ ਦੀ ਸਜ਼ਾ ਦੇ ਦੇਂਦੀ ਹੈ?
  • ਕਿਉਂ ਆਈਏ ਉਸ ਤਖ਼ਤ ਕੋਲ ਜੋ ਦਸਦਾ ਵੀ ਨਹੀਂ ਕਿ ਅਸੀ ਭੁੱਲ ਕੀ ਕੀਤੀ ਸੀ ਤੇ ਸਿਆਸੀ ਮਾਲਕਾਂ ਦੇ ਕਹਿਣ ਤੇ ਹੀ ਸਜ਼ਾ  ਦੇ ਦੇਂਦਾ ਹੈ?
  • ਕਿਉਂ ਆਈਏ ਉਸ ਤਖ਼ਤ ਕੋਲ ਜਿਥੇ ਡਾ. ਪਿਆਰ ਸਿੰਘ ਨੂੰ ਇਹ ਦਸਣ ਲਈ ਕਮੇਟੀ ਤਾਂ ਬਣਾ ਦਿਤੀ ਗਈ ਕਿ ਉਸ ਨੇ ਗ਼ਲਤੀ ਕੀ ਕੀਤੀ ਸੀ ਪਰ ਅੱਜ ਤਕ ਕਮੇਟੀ ਦੀ ਇਕ ਮੀਟਿੰਗ ਵੀ ਨਹੀਂ ਹੋਈ ਤੇ ਕੁੱਝ ਨਹੀਂ ਦਸਿਆ ਗਿਆ ਕਿ ਡਾ. ਪਿਆਰ ਸਿੰਘ ਨੇ ਭੁੱਲ ਕੀ ਕੀਤੀ ਸੀ ਜਦਕਿ ਉਸ ਦੀਆਂ ਪੇਸ਼ੀਆਂ ਕਰਵਾ ਕੇ ਉਸ ਨੂੰ ਰੱਜ ਕੇ ਜ਼ਲੀਲ ਪਹਿਲਾਂ ਕਰ ਲਿਆ?
  •  ਕਿਉਂ ਆਈਏ ਉਸ 'ਤਖ਼ਤ' ਕੋਲ ਜਿਥੇ ਪ੍ਰੋ. ਦਰਸ਼ਨ ਸਿੰਘ ਦੇ ਅਕਾਲ ਤਖ਼ਤ ਉਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਇਕ ਘੰਟਾ ਬੈਠਣ ਨੂੰ ਅਕਾਲ ਤਖ਼ਤ ਅੱਗੇ ਪੇਸ਼ ਹੋਣਾ ਨਹੀਂ ਮੰਨਿਆ ਜਾਂਦਾ ਤੇ ਜਥੇਦਾਰਾਂ ਦੇ ਕਮਰੇ ਵਿਚ ਪੇਸ਼ ਹੋਣ ਨੂੰ ਹੀ ਅਕਾਲ ਤਖ਼ਤ ਤੇ ਪੇਸ਼ ਹੋਣਾ ਮੰਨਿਆ ਜਾਂਦਾ ਹੈ?
  •  ਕਿਉਂ ਆਈਏ ਉਸ 'ਤਖ਼ਤ' ਕੋਲ ਜਿਥੇ 'ਸੌਦਾ ਸਾਧ' ਨੂੰ ਬਿਨਾਂ ਪੇਸ਼ ਹੋਏ ਮਾਫ਼ ਕਰ ਦਿਤਾ ਜਾਂਦਾ ਹੈ ਤੇ ਜਿਨ੍ਹਾਂ ਨੇ ਪੰਥ ਦੀ ਸੱਚੀ ਸੇਵਾ ਕੀਤੀ ਹੁੰਦੀ ਹੈ, ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ?
  •  ਕਿਉਂ ਆਈਏ ਉਸ 'ਤਖ਼ਤ' ਕੋਲ ਜਿਥੇ ਬੀਬੀ ਜਗੀਰ ਕੌਰ (ਇਕ ਸਿਆਸਤਦਾਨ) ਵਿਰੁਧ ਗ਼ਲਤ ਹੁਕਮਨਾਮਾ ਜਾਰੀ ਕਰਨ ਵਾਲੇ ਨੂੰ ਤਾਂ ਬਰਖ਼ਾਸਤ ਕਰ ਦਿਤਾ ਜਾਂਦਾ ਹੈ ਪਰ ਵਿਦਵਾਨਾਂ ਵਿਰੁਧ ਗ਼ਲਤ ਹੁਕਮਨਾਮੇ ਜਾਰੀ ਕਰਨ ਵਾਲੇ ਨੂੰ ਕੁੱਝ ਨਹੀਂ ਕਿਹਾ ਜਾਂਦਾ? ਅਜਿਹਾ ਵਿਤਕਰਾ ਕਰਨ ਵਾਲਾ 'ਤਖ਼ਤ' ਕੀ 'ਨਿਰਪੱਖ ਤਖ਼ਤ' ਅਖਵਾ ਸਕਦਾ ਹੈ?
  •  ਕਿਉਂ ਆਈਏ ਉਸ 'ਤਖ਼ਤ' ਕੋਲ ਜਿਸ ਦਾ ਇਕ 'ਜਥੇਦਾਰ' ਆਪ ਫ਼ੋਨ ਕਰ ਕੇ ਮੰਨਦਾ ਹੈ ਕਿ 'ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਕਹਿ ਰਿਹਾ ਹਾਂ ਕਿ ਤੁਸੀਂ ਕੋਈ ਭੁੱਲ ਨਹੀਂ ਸੀ ਕੀਤੀ, ਭੁੱਲ ਵੇਦਾਂਤੀ ਨੇ ਕੀਤੀ ਸੀ ਜਿਸ ਨੇ ਨਿਜੀ ਕਿੜ ਕੱਢਣ ਲਈ ਗ਼ਲਤ ਹੁਕਮਨਾਮਾ ਜਾਰੀ ਕੀਤਾ ਸੀ।' ਅਪਣੇ ਜਥੇਦਾਰ ਦੇ ਇਸ ਬਿਆਨ ਮਗਰੋਂ ਵੀ ਜਿਹੜਾ ਤਖ਼ਤ ਭੁੱਲ ਬਖ਼ਸ਼ਵਾਉਣ ਦੀ 'ਝੂਠੀ ਅਰਦਾਸ' ਕਰਨ ਲਈ ਆਖੇ ਤੇ ਜ਼ਿੱਦ ਕਰੇ ਪਰ ਭੁੱਲ ਕਰਨ ਵਾਲੇ ਜਥੇਦਾਰ ਨੂੰ ਪੇਸ਼ੀ ਲਈ ਨਾ ਬੁਲਾਵੇ, ਕੀ ਉਸ 'ਤਖ਼ਤ' ਵਾਲੇ, ਰੱਬ ਦੀ ਕਚਹਿਰੀ ਵਿਚ ਆਪ ਵੀ ਸੁਰਖ਼ਰੂ ਹੋ ਸਕਣਗੇ?

 ਭੁੱਲਾਂ ਕਰਨ ਵਾਲੇ ਤੇ ਗ਼ਲਤ 'ਹੁਕਮਨਾਮੇ' ਜਾਰੀ ਕਰਨ ਵਾਲੇ 'ਜਥੇਦਾਰਾਂ' ਵਿਰੁਧ ਜਿਹੜਾ ਤਖ਼ਤ ਕਾਰਵਾਈ ਕਰਨ ਦੀ ਹਿੰਮਤ ਨਾ ਵਿਖਾ ਸਕੇ, ਤੇ ਸਗੋਂ ਨਿਰਦੋਸ਼ਾਂ ਨੂੰ ਹੀ ਜ਼ਲੀਲ ਕਰਨ ਦੀ ਅੜੀ ਇਹ ਕਹਿ ਕੇ ਕਰੇ ਕਿ 'ਮਰਿਆਦਾ ਇਹੀ ਕਹਿੰਦੀ ਹੈ' ਉਸ ਅੱਗੇ ਪੇਸ਼ ਹੋਣਾ ਕੀ ਬਾਬੇ ਨਾਨਕ ਵਿਰੁਧ ਬਗ਼ਾਵਤ ਕਰਨਾ ਨਹੀਂ ਹੋਵੇਗਾ? ਯਾਦ ਰਹੇ, ਬਾਬਾ ਨਾਨਕ 'ਮਰਿਆਦਾ ਪ੍ਰਸ਼ੋਤਮ' ਨਹੀਂ ਸੀ, ਮਰਿਆਦਾ ਤੋੜਕ ਮਹਾਂਪੁਰਸ਼ ਸੀ।

ਸੋ 'ਛੇਕਿਆਂ' ਨੂੰ ਵਾਜਾਂ ਮਾਰਨ ਦੀ ਬਜਾਏ ਗਿ. ਹਰਪ੍ਰੀਤ ਸਿੰਘ ਪਹਿਲਾਂ ਅਪਣੇ 'ਤਖ਼ਤ' ਦੀ ਨਿਰਪੱਖਤਾ ਸਾਬਤ ਕਰਨ ਲਈ ਕੁੱਝ ਕਰਨ ਤੇ ਇਹ ਵੀ ਯਕੀਨੀ ਬਣਾਉਣ ਕਿ ਅਕਾਲ ਤਖ਼ਤ ਨੂੰ ਬਦਨਾਮੀ ਦਿਵਾਉਣ ਵਾਲੇ ਦੋਸ਼ੀ 'ਜਥੇਦਾਰ' ਅਥਵਾ ਭੁੱਲਾਂ ਕਰਨ ਵਾਲੇ 'ਜਥੇਦਾਰ' ਵੀ, ਅਪਣੇ ਚੋਲੇ ਕਰ ਕੇ ਹੀ ਬਚ ਨਿਕਲਣ ਵਿਚ ਕਾਮਯਾਬ ਨਹੀਂ ਹੋ ਸਕਣਗੇ ਤੇ ਉਨ੍ਹਾਂ ਨੂੰ ਸਜ਼ਾ ਸਗੋਂ ਉਸ ਤਰ੍ਹਾਂ ਦੀ ਹੀ ਮਿਲੇਗੀ ਜਿਹੋ ਜਹੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਮੇਂ ਦੇ ਦੋਸ਼ੀ ਮਸੰਦਾਂ ਨੂੰ ਦਿਤੀ ਸੀ।

 

ਅੱਜ ਤਾਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵੀ ਉਸ ਕਾਨੂੰਨ (ਲੋਕਪਾਲ) ਅੱਗੇ ਜਵਾਬਦੇਹ ਬਣਾ ਦਿਤੇ ਗਏ ਹਨ ਜੋ ਪਹਿਲਾਂ ਜਨਤਾ ਦਾ ਧਨ ਲੁੱਟਣ ਵਾਲੇ ਦੂਜੇ ਵੱਡਿਆਂ 'ਤੇ ਹੀ ਲਾਗੂ ਹੁੰਦਾ ਸੀ ਪਰ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਕੇ ਨਿਰਦੋਸ਼ਾਂ ਨੂੰ ਜ਼ਲੀਲ ਕਰਨ ਤੇ ਪਾਪੀਆਂ ਕੋਲੋਂ ਪੈਸੇ ਲੈ ਕੇ ਜਾਂ ਹਾਕਮਾਂ ਦਾ ਹੁਕਮ ਮੰਨ ਕੇ ਉਨ੍ਹਾਂ ਨੂੰ ਸਾਫ਼ ਬਰੀ ਕਰਨ ਵਾਲੇ 'ਜਥੇਦਾਰ' ਜਦ ਤਕ ਅਕਾਲ ਤਖ਼ਤ ਤੇ ਭੁੱਲ ਬਖ਼ਸ਼ਵਾਉਣ ਲਈ ਪੇਸ਼ੀ 'ਤੇ ਨਹੀਂ ਸੱਦੇ ਜਾਂਦੇ, ਦੂਜਿਆਂ ਅਤੇ ਖ਼ਾਸ ਤੌਰ 'ਤੇ ਪੰਥ ਦਾ ਭਲਾ ਸੋਚਣ ਵਾਲੇ ਨਿਰਦੋਸ਼ਾਂ ਨੂੰ ਖ਼ਾਹਮਖ਼ਾਹ ਵਾਜਾਂ ਨਹੀਂ ਮਾਰੀਆਂ ਜਾਣੀਆਂ ਚਾਹੀਦੀਆਂ। ਉਨ੍ਹਾਂ ਕੋਲ ਉਨ੍ਹਾਂ ਦਾ ਵੱਡਾ ਬਖ਼ਸ਼ਣਹਾਰ ਰੱਬ ਹੈ ਜਿਸ ਨੂੰ ਕੋਈ ਤਖ਼ਤ ਨਹੀਂ ਖੋਹ ਸਕਦਾ ਤੇ ਉਸ ਕੋਲੋਂ ਭੁੱਲਾਂ ਬਖ਼ਸ਼ਵਾ ਕੇ ਹੀ ਉਹ ਖ਼ੁਸ਼ ਹਨ।

ਨੋਟ : ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਹਨ ਸਰਕਾਰਾਂ ਹਮੇਸ਼ਾ ਹੀ ਅਕਾਲ ਤਖ਼ਤ ਵਿਰੁਧ ਸਾਜ਼ਸ਼ਾਂ ਘੜਦੀਆਂ ਰਹਿੰਦੀਆਂ ਹਨ ਤੇ ਸਿੱਖਾਂ ਨੂੰ ਇਸ ਤੋਂ ਦੂਰ ਲਿਜਾਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਜੀ, ਬਿਲਕੁਲ ਠੀਕ ਹੈ। ਪਰ ਅੱਜ ਤਾਂ ਮੰਨੇ ਪ੍ਰਮੰਨੇ ਅਕਾਲੀ ਲੀਡਰ ਤੇ ਸਿੱਖ ਵਿਦਵਾਨ ਇਹ ਕਹਿ ਰਹੇ ਹਨ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਸਿਆਸੀ ਲੀਡਰਸ਼ਿਪ ਤੇ ਉਸ ਵਲੋਂ ਥਾਪੇ ਹੋਏ 'ਜਥੇਦਾਰ' ਹੀ ਰਲ ਕੇ ਅਕਾਲ ਤਖ਼ਤ ਨੂੰ ਖ਼ਤਮ ਕਰ ਰਹੇ ਹਨ ਤੇ ਸਮਝਦਾਰ ਸਿੱਖਾਂ ਨੂੰ ਇਸ ਤੋਂ ਦੂਰ ਕਰ ਰਹੇ ਹਨ।

ਹਰ ਇਲਜ਼ਾਮ ਹਰ ਵਕਤ ਲਈ ਇਕੋ ਜਿਹਾ ਨਹੀਂ ਹੁੰਦਾ। ਵਕਤ ਨਾਲ ਦੋਸ਼ੀ ਵੀ ਬਦਲ ਜਾਂਦੇ ਹਨ ਤੇ ਤੱਥ ਵੀ ਬਦਲ ਜਾਂਦੇ ਹਨ। ਸਾਹਮਣੇ ਨਜ਼ਰ ਆ ਰਿਹਾ ਸੱਚ ਵੀ ਕੋਈ ਨਾ ਵੇਖਣਾ ਚਾਹੇ ਤਾਂ ਕੀ ਕੀਤਾ ਜਾ ਸਕਦਾ ਹੈ? ਪਰ ਕੀ ਅਕਾਲ ਤਖ਼ਤ ਦਾ, ਅੱਜ ਦੇ ਯੁੱਗ ਵਿਚ ਕੋਈ ਰੋਲ ਨਹੀਂ? ਹੈ ਤੇ ਅਕਾਲ ਤਖ਼ਤ ਬਹੁਤ ਮਹੱਤਵਪੂਰਨ ਤੇ ਸ਼ਾਨਦਾਰ ਰੋਲ ਅੱਜ ਵੀ ਨਿਭਾ ਸਕਦਾ ਹੈ। ਇਸ ਬਾਰੇ ਚਰਚਾ ਕਰਾਂਗੇ ਅਗਲੇ ਐਤਵਾਰ। 

ਮੇਰੀ ਨਿਜੀ ਡਾਇਰੀ ਦੇ ਪੰਨੇ
-ਜੋਗਿੰਦਰ ਸਿੰਘ

Advertisement
Advertisement

 

Advertisement